Story

ਅੰਨੀ ਸ਼ਰਧਾ..

ਲੇਖਕ: ਗੁਰਜੀਤ ਕੌਰ “ਮੋਗਾ”

ਲੋਹੜੀ ਦੇ ਦਿਨ ਚੱਲ ਰਹੇ ਸਨ। ਅੰਤਾਂ ਦੀ ਸਰਦੀ ਪੈ ਰਹੀ ਸੀ। ਬਾਹਰ ਥੋੜ੍ਹੀ ਬਹੁਤੀ ਕਿਣਮਿਣ ਹੋ ਰਹੀ ਸੀ ਪਿੰਡਾਂ ਦੇ ਬਾਹਰ ਸੰਤਾਂ ਦੇ ਡੇਰੇ ਤੇ ਵੀ ਮਾਘੀ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ । ਚਰਨੋ ਨੇ ਵੀ ਅੱਜ ਸੰਤਾਂ ਦੇ ਡੇਰੇ  ਲੰਗਰ ਬਣਾ ਕੇ ਲਿਜਾਣਾ ਸੀ।ਉਸ ਦੀ ਸੁੱਖਣਾ ਪੂਰੀ ਹੋਣ ਤੇ ਉਹ ਡਾਹਢੀ ਖੁਸ਼ ਸੀ। ਸੰਤਾਂ ਦੇ ਸੇਵਾਦਾਰਾਂ ਨੇ ਚਰਨੋਂ ਨੂੰ ਦੱਸ ਦਿੱਤਾ ਸੀ ਕਿ “ਬਾਬਾ ਜੀ  ਦੇਸੀ ਘਿਓ ਦਾ ਬਣਿਆ ਲੰਗਰ ਹੀ ਛਕਦੇ ਹਨ।” ਚਰਨੋ ਅੱਜ ਪੂਰੀ ਵਾਹ ਲਾ ਕੇ ਲੰਗਰ ਤਿਆਰ ਕਰਨ ਲੱਗੀ ਹੋਈ ਸੀ, ਤਰ੍ਹਾਂ- ਤਰ੍ਹਾਂ ਦੇ ਪਕਵਾਨ ਬਣਾਉਣ ਵਿਚ ਚਰਨੋ ਪੂਰੀ ਤਰ੍ਹਾਂ ਮਸਰੂਫ਼ ਸੀ ।ਚਰਨੋਂ ਦੀ  ਬਿਰਧ ਸੱਸ ਕਾਫ਼ੀ ਦਿਨਾਂ ਤੋਂ ਬੀਮਾਰ ਸੀ ਉਹ ਆਪਣੇ ਕਮਰੇ ਚੋਂ ਪਈ ਆਵਾਜ਼ਾਂ ਮਾਰ ਕੇ ਕੋਸੇ ਪਾਣੀ ਦੀ ਘੁੱਟ ਮੰਗ ਰਹੀ ਸੀ ਤਾਂ ਜੋ ਉਸ ਨੂੰ ਖੰਘ ਤੋਂ ਥੋੜ੍ਹੀ ਰਾਹਤ ਮਿਲੇ।

ਚਰਨੋਂ ਕਦੇ ਗੱਲ ਅਣਸੁਣੀ ਕਰ ਦਿੰਦੀ ਤੇ ਕਦੇ ਜਵਾਬ ਦਿੰਦੀ “ਉਹ ਠਹਿਰ ਜਾ ਮਾਤਾ ਮੇਰੇ ਕੋਲ ਟਾਇਮ ਨੀ ਅਜੇ..”
ਸੱਚੀਂ ਚਰਨੋਂ ਕੋਲ ਭੋਰਾ ਵੀ ਵਿਹਲ ਨਹੀਂ ਸੀ। ਚਰਨੋਂ ਦਾ ਪਤੀ ਵੀ  ਨਾਲ ਹੀ ਨਿੱਕ-ਸੁੱਕ ਇਕੱਠਾ ਕਰ ਰਿਹਾ ਸੀ। ਉਹ ਕਦੇ ਚੁੱਲ੍ਹੇ ਦੀ ਅੱਗ ਠੀਕ ਕਰਦਾ ਤੇ ਕਦੇ ਬਦਾਮਾਂ ਵਾਲੀ ਖੀਰ ਵਿਚ ਕੜਛੀ ਫੇਰਨ ਲਗਦਾ। ਚੁੱਲ੍ਹੇ ਦੇ ਨੇੜੇ ਹੀ ਬਾਬੇ ਦੇ ਭਜਨਾਂ ਵਾਲੀ ਸੀਡੀ ਚੱਲ ਰਹੀ ਸੀ।ਉੱਚੀ ਆਵਾਜ਼ ਵਿੱਚ ਚੱਲਦੇ ਭਜਨਾਂ ਵਿਚ ਬਿਰਧ ਮਾਂ ਦੀਆਂ ਅਵਾਜ਼ਾਂ ਗੁੰਮ ਹੋ ਰਹੀਆਂ ਸਨ। ਬਾਹਰ ਬੱਚੇ  ਲੋਹੜੀ ਮੰਗਣ ਆ ਗਏ ਸਨ “ਨੀ ਮਾਈ ਦੇ ਲੋਹੜੀ, ਤੇਰੀ ਜੀਵੇ ਜੋੜੀ” ਅਣਭੋਲ ਜਿਹੀਆਂ ਆਵਾਜ਼ਾਂ ਵਿਚ ਲੋਹੜੀ ਲੈਣ ਦੀ ਆਸ ਉਤਾਵਲੀ ਹੋਈ ਪਈ ਸੀ। ਬੱਚੇ  ਉੱਚੀ-ਉੱਚੀ ਲੋਹੜੀ ਦੇ ਗੀਤ ਗਾ ਕੇ ਲੋਹੜੀ ਮੰਗ ਰਹੇ ਸਨ। ਚਰਨੋ ਪੂਰੀ ਤਰ੍ਹਾਂ ਖਿਝ ਚੁੱਕੀ ਸੀ ਉਹ ਕੜਕ ਕੇ ਬੋਲੀ “ਜਾਓ ਦਫ਼ਾ ਹੋਵੋ ਅੱਗੇ.. ਮੇਰੇ ਕੋਲ ਵਿਹਲ ਨਹੀਂ..” ਬੁੜਬੁੜ ਕਰਦੀ ਚਰਨੋ ਬੋਲੀ।”ਮਸਾਂ ਤਾਂ ਸੰਤਾਂ ਦੀ ਮਿਹਰ ਹੋਈ ਐ ਮੇਰੇ ਤੇ ਤੇ ਕਿਤੇ ਸਾਡੇ ਵੀ ਭਾਗ ਜਾਗੇ ਨੇ ਸੰਤਾਂ ਸਾਡੇ ਘਰ ਦਾ ਲੰਗਰ ਛਕਣਾ ਥੋਨੂੰ ਲੋਹੜੀ ਦੀ ਪਈ ਐ।”
ਚਰਨੋਂ ਦਾ ਅੱਠ ਕੁ ਸਾਲ ਦਾ ਮੁੰਡਾ ਕੋਲ ਬੈਠਾ ਸਭ ਕੁਝ ਸੁਣ ਰਿਹਾ ਸੀ। ਚਰਨੋ  ਲਗਾਤਾਰ ਬੋਲੀ ਜਾ ਰਹੀ ਸੀ “ਕਿਵੇਂ ਵਿਹਲੇ ਨਿਆਣੇ ਦੁੱਖ ਦਿੰਦੇ ਨੇ.. ਕਦੇ ਬੁੜ੍ਹੀ ਵਿਹਲੀ ਕਦੇ ਕੁਝ ਮੰਗਦੀ ਐ ਤੇ ਕਦੇ ਕੁਝ।”
ਹੁਣ ਚਰਨੋਂ ਦਾ ਮੁੰਡਾ ਬੰਟੀ ਬੋਲਿਆ  “ਮਾਂ! ਡੇਰੇ ਵਾਲੇ ਰੋਟੀਆਂ ਆਪ ਨਹੀਂ ਪਕਾ ਸਕਦੇ.. ਉਹ ਵੀ ਤਾਂ ਵਿਹਲੇ ਹੀ ਆ।” ਇਕ ਦਮ ਇਹ ਬੋਲ ਚਰਨੋ ਦੇ ਅੰਦਰ ਘਰ ਕਰ ਗਏ। ਹੁਣ ਚਰਨੋਂ ਕਦੇ ਬੰਟੀ ਦੇ ਮੂੰਹ ਵੱਲ ਤੇ ਕਦੇ ਤਿਆਰ ਕੀਤੇ ਲੰਗਰ ਵੱਲ ਵੇਖਣ ਲੱਗੀ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin