Articles

ਅੱਜ ਭਾਰਤ ਵਿੱਚ ਬਾਲ ਮਜ਼ਦੂਰੀ ਬਹੁਤ ਵੱਡੀ ਸਮੱਸਿਆ !

ਲੇਖਕ: ਮਾਸਟਰ ਪ੍ਰੇਮ ਸਰੂਪ ਛਾਜਲੀ

12 ਜੂਨ ਦਾ ਦਿਨ ਹਰ ਸਾਲ ਪੂਰੇ ਸੰਸਾਰ ਵਿੱਚ ਬਾਲ ਮਜ਼ਦੂਰੀ ਦੇ ਵਿਰੋਧ ਵਿੱਚ ਮਨਾਇਆ ਜਾਂਦਾ ਹੈ। ਬਾਲ ਮਜ਼ਦੂਰੀ ਦੇ ਖਿਲਾਫ ਜਾਗਰੂਕਤਾ ਫੈਲਾਉਣ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਕੰਮ ਵਿੱਚੋਂ ਕੱਢ ਕੇ ਉਨ੍ਹਾਂ ਨੂੰ ਸਿੱਖਿਆ ਦਿਵਾਉਣ ਦੇ ਉਦੇਸ਼ ਨਾਲ ਇਸ ਦਿਨ ਦੀ ਸ਼ੁਰੂਆਤ ਸਾਲ 2002 ਵਿੱਚ ‘ਦ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ’ ਵੱਲੋਂ ਕੀਤੀ ਗਈ ਸੀ। ਪੂਰੇ ਸੰਸਾਰ ਵਿੱਚ ਇਸ ਦਿਨ ਨੂੰ ਮਨਾਏ ਜਾਣ ਦਾ ਮੁੱਖ ਮਕਸਦ ਬਾਲ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ।

ਅੱਜ ਭਾਰਤ ਵਿੱਚ ਬਾਲ ਮਜ਼ਦੂਰੀ ਬਹੁਤ ਵੱਡੀ ਸਮੱਸਿਆ ਹੈ। ਸਰਕਾਰਾਂ ਵੱਲੋਂ ਸਮੇਂ-ਸਮੇਂ ‘ਤੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਕਾਨੂੰਨ ਬਣਾਏ ਜਾਂਦੇ ਹਨ ਅਤੇ ਇਸ ਬੁਰਾਈ ਨੂੰ ਰੋਕਣ ਲਈ ਵੱਡੇ ਉਪਰਾਲੇ ਕੀਤੇ ਜਾਣ ਦੇ ਦਾਅਵੇ ਵੀ ਹੁੰਦੇ ਹਨ ਪਰ ਅੱਜ ਢਾਬਿਆਂ, ਉਦਯੋਗਿਕ ਇਕਾਈਆਂ ਅਤੇ ਹੋਰ ਅਨੇਕ ਥਾਵਾਂ ‘ਤੇ ਮਜ਼ਦੂਰੀ ਕਰਦੇ ਬਾਲ ਇਨ੍ਹਾਂ ਸਰਕਾਰੀ ਦਾਅਵਿਆਂ ਦੀ ਹਵਾ ਕੱਢਦੇ ਨਜ਼ਰ ਆਉਂਦੇ ਹਨ।
 ਦੇਸ਼ ਵਿੱਚ ਬਾਲ ਮਜ਼ਦੂਰੀ ਦਾ ਅੰਕੜਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਗਰੀਬ ਬੱਚੇ ਸਭ ਤੋਂ ਜਿਆਦਾ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੂੰ ਸਕੂਲ ਭੇਜਣ ਦੀ ਬਜਾਏ ਬਾਲ ਮਜ਼ਦੂਰੀ ਕਰਵਾਈ ਜਾਂਦੀ ਹੈ। ਜ਼ਿਆਦਾਤਰ ਬੱਚੇ ਆਪਣੇ ਘਰਾਂ ਦੀ ਆਰਥਿਕ ਹਾਲਤ ਅਤਿ ਕਮਜ਼ੋਰ ਹੋਣ ਕਾਰਨ ਜਾਂ ਉਨ੍ਹਾਂ ਦੇ ਮਾਪੇ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੋਣ ਕਾਰਨ ਬਾਲ ਮਜਦੂਰੀ ਕਰਨ ਲਈ ਮਜਬੂਰ ਹੁੰਦੇ ਹਨ।
ਬਾਲ ਮਜ਼ਦੂਰੀ ਬੱਚਿਆਂ ਦੇ ਮਾਨਸਿਕ, ਸਰੀਰਕ, ਆਤਮਿਕ, ਬੌਧਿਕ ਅਤੇ ਸਮਾਜਿਕ ਹਿੱਤਾਂ ਨੂੰ ਪ੍ਰਭਾਵਿਤ ਕਰਦੀ ਹੈ ਜੋ ਬੱਚੇ ਬਾਲ ਮਜ਼ਦੂਰੀ ਕਰਦੇ ਹਨ ਉਹ ਮਾਨਸਿਕ ਰੂਪ ਵਿੱਚ ਬਿਮਾਰ ਰਹਿੰਦੇ ਹਨ ਅਤੇ ਬਾਲ ਮਜ਼ਦੂਰੀ ਉਨ੍ਹਾਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਵਿੱਚ ਵੱਡੀ ਰੁਕਾਵਟ ਬਣਦੀ ਹੈ। ਬਾਲ ਮਜ਼ਦੂਰੀ ਬੱਚਿਆਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਤੋਂ ਵਾਂਝੇ ਕਰਦੀ ਹੈ ਜੋ ਕਿ ਸੰਵਿਧਾਨ ਦੇ ਵਿਰੁੱਧ ਹੈ ਅਤੇ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੈ।
ਭਾਰਤ ਵਿੱਚ 1986 ਵਿੱਚ ਬਾਲ ਮਜ਼ਦੂਰੀ ਵਿਰੁੱਧ ਇੱਕ ਐਕਟ ਪਾਸ ਹੋਇਆ ਹੈ। ਇਸ ਐਕਟ ਦੇ ਅਨੁਸਾਰ ਉਦਯੋਗਾਂ ਵਿੱਚ ਬੱਚਿਆਂ ਤੋਂ ਕੰਮ ਕਰਵਾਉਣ ਦੀ ਮਨਾਹੀ ਹੈ। 14 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਕਿਸੇ ਫੈਕਟਰੀ ਜਾਂ ਖਦਾਨ ਵਿੱਚ ਕੰਮ ਕਰਨ ਲਈ ਨਹੀਂ ਰੱਖਿਆ ਜਾ ਸਕਦਾ। 15 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਕਿਸੇ ਫੈਕਟਰੀ ਵਿੱਚ ਉਦੋਂ ਰੱਖਿਆ ਜਾ ਸਕਦਾ ਹੈ ਜਦੋਂ ਉਨ੍ਹਾਂ ਕੋਲ ਕਿਸੇ ਮਾਨਤਾ ਪ੍ਰਾਪਤ ਡਾਕਟਰ ਦਾ ਫਿਟਨੈੱਸ ਸਰਟੀਫਿਕੇਟ ਹੋਵੇ।
ਇਸ ਕਾਨੂੰਨ ਵਿੱਚ 14 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਹਰ ਦਿਨ ਸਾਢੇ ਚਾਰ ਘੰਟੇ ਕੰਮ ਕਰਨਾ ਤੈਅ ਕੀਤਾ ਗਿਆ ਹੈ ਅਤੇ ਰਾਤ ਸਮੇਂ ਉਨ੍ਹਾਂ ਦੇ ਕੰਮ ਕਰਨ ‘ਤੇ ਰੋਕ ਲਾਈ ਗਈ ਹੈ ਪਰ ਅਫ਼ਸੋਸ ਕਿ ਐਨੇ ਸਖ਼ਤ ਕਾਨੂੰਨ ਹੋਣ ਦੇ ਬਾਅਦ ਵੀ ਬੱਚਿਆਂ ਕੋਲੋਂ ਹੋਟਲਾਂ, ਕਾਰਖਾਨਿਆਂ, ਦੁਕਾਨਾਂ ਆਦਿ ਵਿੱਚ ਦਿਨ-ਰਾਤ ਕੰਮ ਕਰਾ ਕੇ ਜਿੱਥੇ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ, ਉੱਥੇ ਹੀ ਮਾਸੂਮ ਬੱਚਿਆਂ ਦਾ ਬਚਪਨ ਵੀ ਪ੍ਰਭਾਵਿਤ ਕੀਤਾ ਜਾ ਰਿਹਾ ਹੈ।
ਅਸਲ ਵਿੱਚ ਵੇਖਿਆ ਜਾਵੇ ਤਾਂ ਬੱਚੇ ਆਪਣੀ ਉਮਰ ਦੇ ਸਮਾਨ ਔਖਾ ਕੰਮ ਗਰੀਬੀ  ਕਾਰਨ ਕਰਦੇ ਹਨ। ਗਰੀਬੀ ਹੀ ਬੱਚੇ ਨੂੰ ਬਾਲ ਮਜਦੂਰ ਬਣਨ ਲਈ ਮਜ਼ਬੂਰ ਕਰਦੀ ਹੈ। ਇਸ ਤੋਂ ਇਲਾਵਾ ਵਧਦੀ ਜਨਸੰਖਿਆ, ਲੋੜੀਂਦੀਆਂ ਬੁਨਿਆਦੀ ਸਹੂਲਤਾਂ ਨਾ ਹੋਣ ਕਾਰਨ, ਸਿੱਖਿਆ ਦੀ ਅਣਹੋਂਦ ਅਤੇ ਮੌਜੂਦਾ ਕਾਨੂੰਨਾਂ ਦਾ ਠੀਕ ਤਰੀਕੇ ਨਾਲ ਪਾਲਣ ਨਾ ਹੋਣਾ ਵੀ ਵਧਦੀ ਬਾਲ ਮਜਦੂਰੀ ਲਈ ਜ਼ਿੰਮੇਵਾਰ ਹਨ।
ਵਰਤਮਾਨ ਵਿੱਚ ਭਾਰਤ ਦੇਸ਼ ਵਿੱਚ ਕਈ ਥਾਵਾਂ ‘ਤੇ ਆਰਥਿਕ ਤੰਗੀ ਕਾਰਨ ਮਾਪੇ ਥੋੜ੍ਹੇ ਪੈਸਿਆਂ ਬਦਲੇ ਹੀ ਆਪਣੇ ਬੱਚਿਆਂ ਨੂੰ ਅਜਿਹੇ ਠੇਕੇਦਾਰਾਂ ਦੇ ਹੱਥ ਵੇਚ ਦਿੰਦੇ ਹਨ ਜੋ ਆਪਣੀ ਸੁਵਿਧਾ ਅਨੁਸਾਰ ਉਨ੍ਹਾਂ ਨੂੰ ਹੋਟਲਾਂ, ਕੋਠੀਆਂ ਅਤੇ ਹੋਰ ਕਾਰਖਾਨਿਆਂ ਆਦਿ ਵਿੱਚ ਕੰਮ ‘ਤੇ ਲਾ ਦਿੰਦੇ ਹਨ ਜਿੱਥੇ ਇਹ ਬਾਲ ਮਜ਼ਦੂਰ ਅਕਸਰ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ।
ਦੇਸ਼ ਵਿੱਚੋਂ ਬਾਲ ਮਜ਼ਦੂਰੀ ਦੇ ਇਸ ਕੋਹੜ ਨੂੰ ਖਤਮ ਕਰਨ ਲਈ ਅਜਿਹੇ ਬੱਚਿਆਂ ਦੇ ਪਰਿਵਾਰਾਂ ਨੂੰ ਗਰੀਬੀ ਦੇ ਚੱਕਰ ਵਿੱਚੋਂ ਬਾਹਰ ਕੱਢਣਾ ਅਤੇ ਉਨ੍ਹਾਂ ਲਈ ਸਿੱਖਿਆ ਦੇ ਢੁੱਕਵੇਂ ਉਪਰਾਲੇ ਕਰਨੇ ਅਤਿ ਜਰੂਰੀ ਹੈ। ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਸਿੱਖਿਆ ਲਾਜ਼ਮੀ ਕੀਤੀ ਜਾਵੇ ਅਤੇ ਅਜਿਹੇ ਪਰਿਵਾਰਾਂ ਨੂੰ ਚਲਾਉਣ ਲਈ ਸਰਕਾਰ ਆਪਣੇ ਪੱਧਰ ‘ਤੇ ਠੋਸ ਉਪਰਾਲੇ ਕਰੇ ਤਾਂ ਕਿ ਦੇਸ਼ ਵਿੱਚੋਂ ਬਾਲ ਮਜ਼ਦੂਰੀ ਦਾ ਖ਼ਾਤਮਾ ਕੀਤਾ ਜਾ ਸਕੇ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin