Articles Religion

ਛੋਟੀਆਂ ਜਿੰਦਾਂ, ਵੱਡਾ ਸਾਕਾ

ਲੇਖਕ: ਬੀਬੀ ਜਗੀਰ ਕੌਰ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿੱਖ ਇਤਿਹਾਸ ਸੇਵਾ ਤੇ ਸਿਮਰਨ ਦੇ ਨਾਲ-ਨਾਲ ਕੁਰਬਾਨੀਆਂ ਤੇ ਸ਼ਹੀਦੀਆਂ ਦਾ ਇਤਿਹਾਸ ਵੀ ਹੈ ਜਿਸ ਦੀ ਸਿਰਜਣਾ ਹਿਤ ਦੋ ਗੁਰੂ ਸਾਹਿਬਾਨ ਤੋਂ ਇਲਾਵਾ ਅਣਗਿਣਤ ਧਰਮੀ ਯੋਧਿਆਂ, ਸਿੰਘਾਂ, ਸਿੰਘਣੀਆਂ ਅਤੇ ਬੱਚਿਆਂ ਦਾ ਪਵਿੱਤਰ ਲਹੂ ਡੁੱਲਿ੍ਆ ਹੈ। ਅੰਗਰੇਜ਼ ਇਤਿਹਾਸਕਾਰ ਐੱਮ.ਏ. ਮੈਕਾਲਿਫ ਅਨੁਸਾਰ ਪੰਜਾਬ ਵਿਚ ਸ਼ਹੀਦਾਂ ਦਾ ਇੰਨਾ ਖ਼ੂਨ ਡੁੱਲਿ੍ਆ ਹੈ ਕਿ ਅੱਜ ਵੀ ਕਿਸੇ ਪੁਰਾਤਨ ਥੇਹ ਦਾ ਇੱਟ-ਪੱਥਰ ਪੁੱਟੀਏ ਤਾਂ ਹੇਠੋਂ ਧਰਤੀ ਸੁਰਖ ਨਿਕਲਦੀ ਹੈ।

ਗੌਰਵਮਈ ਸਿੱਖ ਇਤਿਹਾਸ ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਵਿਸ਼ੇਸ਼ ਸਥਾਨ ਹੈ। ਜਿਸ ਸਮੇਂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਨੂੰ ਸੂਬਾ ਸਰਹਿੰਦ ਦੇ ਹੁਕਮ ’ਤੇ ਜਿੰਦਾ ਨੀਹਾਂ ਵਿਚ ਖੜ੍ਹਾ ਕਰ ਕੇ ਸ਼ਹੀਦ ਕੀਤਾ ਗਿਆ ਤਾਂ ਸਾਹਿਬਜ਼ਾਦਿਆਂ ਦੀਆਂ ਉਮਰਾਂ ਕ੍ਰਮਵਾਰ 8 ਤੇ 5 ਸਾਲ ਸਨ ਪਰ ਉਨ੍ਹਾਂ ਦੇ ਕਾਰਨਾਮੇ ਵੱਡਿਆਂ-ਵੱਡਿਆਂ ਨੂੰ ਮਾਤ ਪਾਉਂਦੇ ਹਨ।

ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ’ਚ ਚਿਣਨ ਤੋਂ ਬਾਅਦ ਸਿੱਖੀ ਦੀਆਂ ਨੀਹਾਂ ਹੋਰ ਪੱਕੀਆਂ ਹੋਈਆਂ ਸਨ।

ਜਿਸ ਦਲੇਰੀ, ਸਿਦਕਦਿਲੀ ਤੇ ਜ਼ਿੰਦਾਦਿਲੀ ਨਾਲ ਸਾਹਿਬਜ਼ਾਦਿਆਂ ਨੇ ਨਵਾਬ ਦੀ ਕਚਹਿਰੀ ਵਿਚ ਸੂਬੇ ਦੇ ਸਵਾਲਾਂ ਦਾ ਜਵਾਬ ਦਿੱਤਾ, ਉਸ ਵੱਲੋਂ ਧਰਮ ਛੱਡਣ ਖ਼ਾਤਰ ਦਿੱਤੇ ਜਾ ਰਹੇ ਲਾਲਚਾਂ ਨੂੰ ਠੁਕਰਾਇਆ ਤੇ ਮੌਤ ਲਾੜੀ ਨੂੰ ਪਰਨਾਉਣਾ ਕਬੂਲ ਕੀਤਾ, ਉਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਕਿਧਰੇ ਵੀ ਨਹੀਂ ਮਿਲਦੀ। ਇਸੇ ਲਈ ਗੁਰੂ ਸਾਹਿਬ ਦੇ ਲਾਲਾਂ ਦੀ ਇਸ ਕੁਰਬਾਨੀ ਨੂੰ ਇਤਿਹਾਸਕਾਰਾਂ ਨੇ ਅਨੂਠੀ, ਅਦੁੱਤੀ ਤੇ ਲਾਸਾਨੀ ਕਿਹਾ ਹੈ।

ਦਸੰਬਰ 1704 ਦੇ ਉਹ ਬੜੇ ਕਹਿਰ ਭਰੇ ਦਿਨ ਸਨ ਜਦੋਂ ਕਲਗੀਧਰ ਪਿਤਾ ਜੀ ਨੇ ਬਾਦਸ਼ਾਹ ਔਰੰਗਜ਼ੇਬ ਵੱਲੋਂ ਭੇਜੇ ਨੁਮਾਇੰਦਿਆਂ ਦੀਆਂ ਧਰਮ ਗ੍ਰੰਥਾਂ ਦੀਆਂ ਕਸਮਾਂ ’ਤੇ ਇਤਬਾਰ ਕਰ ਕੇ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਛੱਡਿਆ ਸੀ। ਸਖ਼ਤ ਸਰਦੀ ਦੇ ਮੌਸਮ ਅਤੇ ਕਕਰੀਲੀਆਂ ਰਾਤਾਂ ਵਿਚ ਲੰਬੇ ਪੰਧ ਕੀਤੇ। ਸਰਸਾ ਨਦੀ ਦੇ ਕੰਢੇ ਮੁਲਖੱਈਏ ਨਾਲ ਹੋਈ ਮੁੱਠਭੇੜ ਅਤੇ ਸ਼ੂਕਦੀ ਹੋਈ ਨਦੀ ਨੂੰ ਪਾਰ ਕਰਨ ਸਮੇਂ ਸਾਰਾ ਪਰਿਵਾਰ ਹੀ ਖੇਰੂੰ-ਖੇਰੂੰ ਹੋ ਗਿਆ।

ਗੁਰੂ ਪਰਿਵਾਰ ਐਸਾ ਵਿਛੜਿਆ ਜੋ ਮੁੜ ਕਦੇ ਇਕੱਠਾ ਨਾ ਹੋਇਆ। ਇਸੇ ਲਈ ਸਰਸਾ ਨਦੀ ਨੂੰ ਸਰਾਪੀ ਹੋਈ ਸਮਝਿਆ ਜਾਂਦਾ ਹੈ। ਗੁਰੂ ਜੀ ਵੱਡੇ ਦੋ ਸਾਹਿਬਜ਼ਾਦੇ, ਪੰਜ ਪਿਆਰਿਆਂ ਅਤੇ ਗਿਣਤੀ ਦੇ ਸਿੰਘਾਂ ਸਮੇਤ ਚਮਕੌਰ ਵੱਲ ਰਵਾਨਾ ਹੋ ਗਏ ਜਦੋਂਕਿ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਨਿਖੜ ਗਏ ਜਿਨ੍ਹਾਂ ਨੂੰ ਗੰਗੂ ਰਸੋਈਆ ਆਪਣੇ ਪਿੰਡ ਸਹੇੜੀ (ਖੇੜੀ) ਲੈ ਗਿਆ। ਮਾਤਾ ਜੀ ਅਤੇ ਸਾਹਿਬਜ਼ਾਦੇ ਥੱਕੇ ਹੋਏ ਹੋਣ ਕਾਰਨ ਜਲਦੀ ਹੀ ਸੌਂ ਗਏ। ਓਧਰ ਗੰਗੂ ਦੀ ਬੁੱਧੀ ਮਾਤਾ ਜੀ ਪਾਸ ਕੁਝ ਧਨ-ਦੌਲਤ ਹੋਣ ਕਾਰਨ ਭ੍ਰਿਸ਼ਟ ਹੋ ਗਈ। ਮੌਕਾ ਵੇਖ ਕੇ ਉਸ ਨੇ ਮੋਹਰਾਂ ਵਾਲੀ ਥੈਲੀ ਖਿਸਕਾ ਲਈ ਅਤੇ ਮਾਤਾ ਜੀ ਵੱਲੋਂ ਪੁੱਛਣ ’ਤੇ ਸਾਫ਼ ਮੁੱਕਰ ਗਿਆ। ਇੰਨਾ ਹੀ ਨਹੀਂ ਬਲਕਿ ਜ਼ੋਰ-ਜ਼ੋਰ ਦੀ ਰੌਲਾ ਪਾ ਕੇ ਸੱਚਾ ਹੋਣ ਦਾ ਨਾਟਕ ਕਰਨ ਲੱਗਾ-

ਬਕਤਾ ਥਾ ਜ਼ੋਰ ਜ਼ੋਰ ਸੇ ਦੇਖੋ ਗ਼ਜ਼ਬ ਹੈ ਕਯਾ।

ਤੁਮ ਕੋ ਪਨਾਹ ਦੇਨੇ ਕੀ ਕਯਾ ਥੀ ਯਹੀ ਜਜ਼ਾ।

ਫ਼ਿਰਤੇ ਹੋ ਜਾਂ ਛੁਪਾਏ ਹੁਏ ਖ਼ੁਦ ਨਵਾਬ ਸੇ।

ਕਹਤੇ ਹੋ ਮੁਝ ਕੋ ਚੋਰ ਯਿਹ ਫਿਰ ਕਿਸ ਹਿਸਾਬ ਸੇ। (ਸ਼ਹੀਦਾਨਿ-ਵਫ਼ਾ)

ਗੰਗੂ ਨੇ ਇੱਥੇ ਹੀ ਬਸ ਨਹੀਂ ਕੀਤੀ, ਬਲਕਿ ਮੋਰਿੰਡੇ ਪੁੱਜ ਕੇ ਥਾਣੇਦਾਰ ਨੂੰ ਸਾਰੀ ਖ਼ਬਰ ਕਰ ਦਿੱਤੀ ਕਿ ਮੇਰੇ ਪਾਸ ਗੁਰੂ ਦਸਮੇਸ਼ ਜੀ ਦੇ ਦੋ ਸਾਹਿਬਜ਼ਾਦੇ ਆਪਣੀ ਦਾਦੀ ਨਾਲ ਠਹਿਰੇ ਹੋਏ ਹਨ, ਆਪ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਕੇ ਸਰਕਾਰੀ ਇਨਾਮ-ਸਨਮਾਨ ਪ੍ਰਾਪਤ ਕਰੋ ਅਤੇ ਮੈਨੂੰ ਵੀ ਕੁਝ ਹਿੱਸਾ ਦਿਉ। ਇੰਜ, ਗੰਗੂ ਦੀ ਨਮਕਹਰਾਮੀ ਕਾਰਨ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਸੂਬਾ ਸਰਹਿੰਦ ਪਾਸ ਪਹੁੰਚਾਇਆ ਗਿਆ ਅਤੇ ਠੰਢੇ ਬੁਰਜ ਵਿਚ ਕੈਦ ਕਰ ਦਿੱਤਾ ਗਿਆ।

ਅਜਿਹੇ ਗਰਦਿਸ਼ ਦੇ ਸਮੇਂ ਜੇਕਰ ਕਿਸੇ ਨੇ ਮਾਤਾ ਜੀ ਅਤੇ ਲਾਲਾਂ ਦੀ ਸੇਵਾ ਕੀਤੀ ਤਾਂ ਉਹ ਸੀ ਨਵਾਬ ਸਰਹਿੰਦ ਦੇ ਰਸੋਈਖਾਨੇ ਦਾ ਮਾਮੂਲੀ ਕਰਿੰਦਾ ਬਾਬਾ ਮੋਤੀ ਰਾਮ ਮਹਿਰਾ ਜਿਸ ਨੇ ਪਹਿਰੇਦਾਰਾਂ ਨੂੰ ਚੰਗੀ ਰਿਸ਼ਵਤ ਦੇ ਕੇ ਗੁਰੂ ਪਰਿਵਾਰ ਦੀ ਦੁੱਧ ਛਕਾ ਕੇ ਸੇਵਾ ਕੀਤੀ ਜਿਸ ਦੇ ਫਲਸਰੂਪ ਇਸ ਦੇ ਸਾਰੇ ਪਰਿਵਾਰ ਨੂੰ ਬਾਅਦ ਵਿਚ ਨਵਾਬ ਨੇ ਕੋਹਲੂ ਵਿਚ ਪਿੜਵਾ ਕੇ ਸ਼ਹੀਦ ਕਰ ਦਿੱਤਾ।

ਸਾਹਿਬਜ਼ਾਦਿਆਂ ਨੂੰ ਨਵਾਬ ਵਜ਼ੀਰ ਖ਼ਾਨ ਨੇ ਕਚਹਿਰੀ ਵਿਚ ਸੱਦਿਆ ਤਾਂ ਦਾਦੀ ਨੇ ਬੜੇ ਪਿਆਰ ਨਾਲ ਲਾਡਲਿਆਂ ਨੂੰ ਵਿਦਾ ਕੀਤਾ। ਆਪ ਨੂੰ ਇਹ ਅਨੁਭਵ ਹੋ ਰਿਹਾ ਸੀ ਕਿ ਹੁਣ ਇਹ ਲਾਲ ਮੁਸ਼ਕਲ ਨਾਲ ਹੀ ਕਚਹਿਰੀ ਤੋਂ ਵਾਪਸ ਆਉਣਗੇ-

ਬੇਟੇ ਸੇ ਪਹਲੇ ਬਿਛੜੀ ਥੀ ਤੁਮ ਭੀ ਬਿਛੜ ਚਲੇ।

ਬਿਗੜੇ ਹੁਏ ਨਸੀਬ, ਜ਼ਿਯਾਦ ਬਿਗੜ ਚਲੇ।

ਬੇਰਹਮ ਦੁਸ਼ਮਨੋਂ ਕੇ ਤੁਮ ਹਾਥੋਂ ਮੇਂ ਪੜ ਚਲੇ।

ਜ਼ੰਜੀਰਿ-ਗ਼ਮ ਮੇਂ ਮੁਝ ਕੋ, ਯਹਾਂ ਪਰ ਜਕੜ ਚਲੇ।

ਬਿਹਤਰ ਥਾ ਤੁਮ ਸੇ ਪਹਲੇ, ਮੈਂ ਦੇਤੀ ਪਰਾਨ ਕੇ।

ਦੁੱਖ ਸੇ ਤੁਮ੍ਹਾਰੇ ਦੁਖ ਹੈ ਸਿਵਾ ਮੇਰੀ ਜਾਨ ਕੇ। (ਸ਼ਹੀਦਾਨਿ-ਵਫ਼ਾ)

ਜੋਗੀ ਅੱਲਾ ਯਾਰ ਖਾਂ ਨੇ ਸਾਕਾ ਸਰਹਿੰਦ ਦੀ ਅਦੁੱਤੀ ਦਾਸਤਾਨ ਨੂੰ ‘ਸ਼ਹੀਦਾਨਿ ਵਫ਼ਾ’ ਨਾਮਕ ਕਵਿਤਾ ਵਿਚ ਬਹੁਤ ਹੀ ਭਾਵਪੂਰਕ ਸ਼ਬਦਾਂ ਵਿਚ ਬਿਆਨ ਕੀਤਾ ਹੈ। ਆਪ ਲਿਖਦੇ ਹਨ ਕਿ ਦਾਦੀ ਨੇ ਪੋਤਿਆਂ ਨੂੰ ਕਚਹਿਰੀ ਭੇਜਣ ਤੋਂ ਪਹਿਲਾਂ ਬਹੁਤ ਹੀ ਲਾਡ ਪਿਆਰ ਕੀਤਾ ਅਤੇ ਤੀਰ-ਕਮਾਨ ਤੇ ਤੇਗਾਂ ਸਜਾਈਆਂ। ਜੋਗੀ ਜੀ ਦੇ ਸ਼ਬਦਾਂ ਵਿਚ ਮਾਤਾ ਗੁਜਰੀ ਜੀ ਨੇ ਕਿਹਾ-

ਜਾਨੇ ਸੇ ਪਹਿਲੇ ਆਓ, ਗਲੇ ਸੇ ਲਗਾ ਤੋ ਲੂੰ।

ਕੇਸੋਂ ਕੋ ਕੰਘੀ ਕਰ ਦੂੰ, ਜ਼ਰਾ ਮੂੰਹ ਧੁਲਾ ਤੋਂ ਲੂੰ।

ਪਿਆਰੇ ਸਿਰੋਂ ਪੇ ਨੰਨ੍ਹੀਂ ਸੀ, ਕਲਗੀ ਸਜਾ ਤੋ ਲੂੰ।

ਮਰਨੇ ਸੇ ਪਹਿਲੇ ਤੁਮ ਕੋ ਮੈਂ ਦੁਲ੍ਹਾ ਬਨਾ ਤੋ ਲੂੰ। (ਸ਼ਹੀਦਾਨਿ-ਵਫ਼ਾ)

ਗੁਰੂ ਦੇ ਦੁਲਾਰੇ ਨਵਾਬ ਦੀ ਕਚਹਿਰੀ ਵਿਚ ਪੁੱਜੇ ਤਾਂ ਉਨ੍ਹਾਂ ਦਾ ਜਾਹੋ-ਜਲਾਲ ਤੱਕ ਕੇ ਸਭ ਦੀਆਂ ਅੱਖਾਂ ਚੁੰਧਿਆ ਗਈਆਂ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਇਸਲਾਮ ਕਬੂਲਣ ਲਈ ਭਾਰੀ ਲੋਭ-ਲਾਲਚ ਦਿੱਤੇ ਗਏ ਅਤੇ ਇਨਕਾਰ ਦੀ ਸੂਰਤ ਵਿਚ ਮੌਤ ਦਾ ਡਰਾਵਾ ਵੀ ਦਿੱਤਾ ਗਿਆ ਲੇਕਿਨ ਗੁਰੂ ਕੇ ਲਾਲ ਆਪਣੇ ਧਰਮ ਉੱਤੇ ਅਡੋਲ ਰਹੇ। ਉਸ ਸਮੇਂ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੇ ਹਾਅ ਦਾ ਨਾਅਰਾ ਮਾਰਦੇ ਹੋਏ ਨਵਾਬ ਵਜ਼ੀਰ ਖ਼ਾਨ ਨੂੰ ਕਿਹਾ ਕਿ ਬੇਦੋਸ਼ੇ ਤੇ ਮਾਸੂਮ ਬਾਲਾਂ ਨੂੰ ਕਿਉਂ ਮਾਰਦਾ ਹੈਂ? ਇਨ੍ਹਾਂ ਦੇ ਪਿਤਾ ਨਾਲ ਤੇਰੀ ਦੁਸ਼ਮਣੀ ਹੈ ਤਾਂ ਉਨ੍ਹਾਂ ਤੋਂ ਬੇਸ਼ੱਕ ਬਦਲਾ ਲੈ ਲਵੀਂ ਪਰ ਉਸ ਦੀ ਕੋਈ ਪੇਸ਼ ਨਾ ਗਈ, ਬਲਕਿ ਨਵਾਬ ਦਾ ਦੀਵਾਨ ਸੁੱਚਾ ਨੰਦ ਇਹ ਆਖ ਕੇ ਭੜਕਾਉਂਦਾ ਰਿਹਾ ਕਿ ਇਹ ਸਪੋਲੀਏ ਹਨ, ਇਨ੍ਹਾਂ ਨੂੰ ਮਾਰ ਦੇਣਾ ਹੀ ਜਾਇਜ਼ ਹੈ, ਵਰਨਾ ਕੱਲ੍ਹ ਨੂੰ ਵੱਡੇ ਹੋ ਕੇ ਤੇਰੇ ਅਤੇ ਹਕੂਮਤ ਲਈ ਭਾਰੀ ਖ਼ਤਰਾ ਬਣ ਸਕਦੇ ਹਨ। ਮਲੇਰਕੋਟਲੇ ਦੇ ਨਵਾਬ ਵੱਲੋਂ ਮਾਰਿਆ ਗਿਆ ‘ਹਾਅ ਦਾ ਨਾਅਰਾ’ ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ ਹੈ। ਇਹੀ ਕਾਰਨ ਹੈ ਕਿ ਸੰਤਾਲੀ ਦੀ ਦੇਸ਼ ਵੰਡ ਜਾਂ ਹੋਰਨਾਂ ਫਿਰਕੂ ਫਸਾਦਾਂ ਵੇਲੇ ਮਲੇਰਕੋਟਲੇ ਵੱਸਦੇ ਮੁਸਲਮਾਨ ਭਾਈਚਾਰੇ ਦਾ ਵਾਲ ਵਿੰਙਾ ਨਹੀਂ ਹੋਇਆ। ਕਾਜ਼ੀ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਜਿੰਦਾ ਚਿਣੇ ਜਾਣ ਦਾ ਫਤਵਾ ਸੁਣਾਇਆ ਤਾਂ ਛੋਟੇ ਸਾਹਿਬਜ਼ਾਦਿਆਂ ਨੇ ਖ਼ੁਸ਼ੀ ਵਿਚ ਜੈਕਾਰੇ ਗਜਾਏ। ਉਨ੍ਹਾਂ ਨੂੰ ਨੀਹਾਂ ਵਿਚ ਖੜ੍ਹਾ ਕੇ ਦੀਵਾਰ ਉਸਾਰਨੀ ਸ਼ੁਰੂ ਕੀਤੀ ਤਾਂ ਇਕ ਵਾਰ ਫਿਰ ਨਵਾਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਾ ਮਿਲੀ ਅਤੇ ਗੁਰੂ ਕੇ ਲਾਲ ਧਰਮ ਦੀ ਖ਼ਾਤਰ ਜਾਨਾਂ ਵਾਰ ਕੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿਚ ਜਾ ਬਿਰਾਜੇ। ਪੰਜਾਬੀ ਦੇ ਇਕ ਸ਼ਾਇਰ ਨੇ ਲਿਖਿਆ ਹੈ-

ਜੋਰਾਵਰ ਜੋਰਾਵਰੀ ਦੱਸੀ ਨਿਆਰੀ ਜੱਗ ਤੋਂ।

ਫਤਹਿ ਸਿੰਘ ਪਾਈ ਫਤਹ ਸੋਨਾ ਜਿਉਂ ਦਮਕੇ ਅੱਗ ’ਚੋਂ।

ਚਿਣੇ ਗਏ ਦੀਵਾਰ ਵਿਚ, ਇੰਜ ਕੌਮ ਦੇ ਦੋ ਨੌਨਿਹਾਲ।

ਛੋਟੀਆਂ ਉਮਰਾਂ ਨੇ ਭਾਵੇਂ ਹੌਂਸਲੇ ਪਰ ਬੇਮਿਸਾਲ।

ਜਦੋਂ ਤਕ ਸੂਰਜ ਤੇ ਚੰਨ, ਅਰਸ਼ਾਂ ’ਚ ਚੜ੍ਹਦੇ ਰਹਿਣਗੇ।

ਪੱਤਰੇ ਇਤਿਹਾਸ ਦੇ, ਗਾਥਾ ਇਹ ਕਰਦੇ ਰਹਿਣਗੇ।

ਸੰਸਾਰ ਗਾਂਦਾ ਰਹੇਗਾ, ‘ਅਰਸ਼ੀ’ ਲਾਲਾਂ ਦੀਆਂ ਘੋੜੀਆਂ।

ਬੇੜੀਆਂ ਜ਼ੁਲਮਤ ਦੀਆਂ, ਜਿਨ੍ਹਾਂ ਨੇ ਹੈ ਸਨ ਤੋੜੀਆਂ।

ਇਸ ਤਰ੍ਹਾਂ ਦਸਮ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਵਿਲੱਖਣ ਅਤੇ ਲਾਸਾਨੀ ਹੈ। ਇਸ ਤੋਂ ਸੇਧ ਪ੍ਰਾਪਤ ਕਰਨਾ ਸਾਡਾ ਸਭ ਦਾ ਫ਼ਰਜ਼ ਹੈ।

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤ ਨੂੰ ਅਪੀਲ ਹੈ ਕਿ ਆਓ! ਦਸਮ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਸਿੱਖਿਆ ਪ੍ਰਾਪਤ ਕਰ ਕੇ ਗੁਰਮੁੱਖ ਜੀਵਨ ਦੇ ਧਾਰਨੀ ਬਣੀਏ। ਇਸ ਮੌਕੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਵਿਚ ਪ੍ਰਪੱਕ ਕਰਨ ਲਈ ਯਤਨ ਕਰਨੇ ਸਾਡਾ ਸਭ ਦਾ ਫ਼ਰਜ਼ ਹੈ।

-(ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ)।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin