Articles

ਜਿੱਤੇਗਾ  ਸੰਗਰਾਮ  ਅਸਾਡਾ  ਦੇਖ  ਲਵੀਂ, ਝੰਡੇ  ਸਾਡੇ  ਏਸ  ਤਰਾਂ  ਹੀ  ਝੁੱਲਣਗੇ

ਲੇਖਕ: ਕੁਲਵੰਤ ਸਿੰਘ ਢੇਸੀ, ਯੂ ਕੇ

ਜਿੱਤੇਗਾ  ਸੰਗਰਾਮ  ਅਸਾਡਾ  ਦੇਖ  ਲਵੀਂ, ਝੰਡੇ  ਸਾਡੇ  ਏਸ  ਤਰਾਂ  ਹੀ  ਝੁੱਲਣਗੇ

ਰਾਤਾਂ ਨੂੰ ਉੱਠ ਉੱਠ ਕੇ ਚੀਕਾਂ ਮਾਰੇਂਗਾ, ਤੈਨੂੰ ਸਾਰੀ ਉਮਰ ਨਾ ਇਹ ਦਿਨ ਭੁੱਲਣਗੇ

ਹੁਣੇ ਹੁਣੇ ਦਿੱਲੀ ਦੇ ਸਿੰਘੂ ਬਾਡਰ ‘ਤੇ ਚਲ ਰਹੇ ਕਿਸਾਨੀ ਮੋਰਚੇ ‘ਤੇ ਸਥਾਨਕ ਆਖੇ ਜਾਂਦੇ ਭਾਜਪਾ ਦੇ ਕਾਰਕੁਨਾ ਵਲੋਂ ਜੋ ਹਮਲੇ ਕੀਤੇ ਗਏ ਉਹਨਾ ਦੇ ਚਿਹਰੇ ਹੁਣ ਨੰਗੇ ਹੋਣੇ ਸ਼ੁਰੂ ਹੋ ਗਏ ਹਨ। ਇਹਨਾ ਵਿਚ ਬੀ ਜੇ ਪੀ ਨਾਲ ਸਬੰਧਤ ਕ੍ਰਿਸ਼ਨ ਦਾਬਾਸ ਦਾ ਮੀਡੀਏ ਵਿਚ ਪਰਦਾ ਫਾਸ਼ ਹੋਇਆ ਹੈ। ਇਸੇ ਤਰਾਂ ਅਮਨ ਸ਼ਰਮਾ ਦਾ ਨਾਮ ਹੈ ਜਿਸ ਦੀ ਪਤਨੀ ਅੰਜੂ ਦੇਵੀ ਦਿੱਲੀ ਵਿਚ ਵਾਰਡ 31 ਤੋਂ ਬੀ ਜੇ ਪੀ ਦੀ ਕਾਊਂਸਲਰ ਹੈ। ਅਮਨ ਕੁਮਾਰ ਦੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਟੋ ਵੀ ਮੀਡੀਏ ਵਿਚ ਪ੍ਰਕਾਸ਼ਤ ਹੋਈਆਂ ਹਨ ਜੋ ਆਪਣੇ ਆਪ ਨੂੰ ਸਮਾਜ ਸੇਵੀ ਕਹਿੰਦਾ ਹੈ। ਇਸੇ ਤਰਾਂ ਪਰਦੀਪ ਖੱਤਰੀ ਠੋਲੇਦਾਰ ਦਾ ਨਾਮ ਹੈ ਜੋ ਕਿ ਬੀ ਜੇ ਪੀ ਵਾਲੇ ਭੀੜ ਦੀ ਅਗਵਾਈ ਕਰ ਰਹੇ ਸਨ। ਕਿਸਾਨ ਆਗੂ ਰਕੇਸ਼ ਟਕੈਤ ਨੇ ਬਿਆਨ ਦਿਤੇ ਹਨ ਕਿ ਇਸ ਭੀੜ ਦੀ ਅਗਵਾਈ ਨੰਦ ਲਾਲ ਗੁਰਜਰ ਨਾਮ ਦਾ ਬੀ ਜੇ ਪੀ ਦਾ ਜਿਲਾ ਵਿਧਾਇਕ ਵੀ ਕਰ ਰਿਹਾ ਸੀ। ਬੀ ਜੇ ਪੀ ਦੇ ਇਹਨਾ ਆਗੂਆਂ ਵਲੋਂ ਭੀੜ ਦਾ ਪ੍ਰਬੰਧ ਕਰਕੇ ਅਤੇ ਪੁਲੀਸ ਦੇ ਸਹਿਯੋਗ ਨਾਲ ਸਿੰਘੂ ਬਾਡਰ ‘ਤੇ ਪੱਥਰਬਾਜੀ ਕੀਤੀ ਗਈ ਅਤੇ ਨਾਅਰੇਬਾਜੀ ਕਰਕੇ ਸਿੱਖਾਂ ‘ਤੇ ਗਾਲੀ ਗਲੋਚ ਕੀਤਾ ਗਿਆ। ਇਹਨਾ ਨੇ ਤਿਰੰਗੇ ਦੇ ਅਪਮਾਨ ਦਾ ਮੁੱਦਾ ਬਣਾ ਕੇ ਨਾਅਰੇਬਾਜੀ ਕਰਕੇ ਸਿੱਖਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾ ਵਲੋਂ ਪ੍ਰਮੁਖ ਤੌਰ ਤੇ ਨਾਅਰਾ ਲਾਇਆ ਜਾਂਦਾ ਸੀ ਕਿ, ‘ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ’। ਇਹਨਾ ਨੇ ਬੀਬੀਆਂ ਦੇ ਟੈਂਟ ਨੂੰ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਵੀ ਕੀਤੀ ਅਤੇ ਰੱਜ ਕੇ ਭੰਨ ਤੋੜ ਕੀਤੀ। ਇਹਨਾ ਦੋ ਤਿੰਨਾਂ ਦਿਨਾ ਵਿਚ ਪੁਲਿਸ ਅਤੇ ਫੌਜ ਨੇ ਜੋ ਜ਼ੁਲਮ ਸਿੱਖਾਂ ‘ਤੇ ਕੀਤੇ ਹਨ ਉਹ ਕਹਿਣੀ ਕਥਨੀ ਤੋਂ ਬਾਹਰ ਹੈ। ਸੈਂਕੜੇ ਸਿੰਘਾਂ ‘ਤੇ ਮੁਕੱਦਮੇ ਬਣ ਚੁੱਕੇ ਹਨ ਅਤੇ ਅਨੇਕਾਂ ਨੌਜਵਾਨ ਲਾਪਤਾ ਵੀ ਹਨ।

ਇਥੇ ਇਹ ਗੱਲ ਵਰਨਣਯੋਗ ਹੈ ਕਿ ‘ਸਿੰਘੂ’ ਪਿੰਡ ਦੇ ਲੋਕਾਂ ਨੇ ਸ਼ਰੇਆਮ ਬਿਆਨ ਦਿੱਤੇ ਹਨ ਕਿ ਉਹਨਾ ਦੇ ਪਿੰਡ ਦੇ ਲੋਕ ਕਿਸਾਨਾਂ ‘ਤੇ ਕੀਤੇ ਜਾ ਰਹੇ ਹਮਲਿਆਂ ਵਿਚ ਉੱਕਾ ਹੀ ਸ਼ਾਮਲ ਨਹੀਂ ਹੋਏ ਸਗੋਂ ਉਹ ਤਾਂ ਕਿਸਾਨਾਂ ਦੀ ਪੂਰਨ ਤੌਰ ‘ਤੇ ਹਿਮਾਇਤ ਕਰਦੇ ਹਨ ਅਤੇ ਕਰਦੇ ਰਹਿਣਗੇ। ਇਹ ਸੱਤਰਾਂ ਲਿਖਦਿਆਂ ਟੀ ਵੀ ਤੇ ਦਿਖਾਇਆ ਜਾ ਸਕਦਾ ਹੈ ਕਿ ਸਿੰਘੂ ਬਾਡਰ ‘ਤੇ ਭਾਜਪਾ ਦੇ ਭੇਜੇ ਹਮਲਾਵਰਾਂ ਦੇ ਦੋ ਹਮਲੇ ਫਿਹਲ ਹੋਣ ਮਗਰੋਂ ਹੁਣ ਪੁਲਿਸ ਨੇ ਮੋਰਚੇ ਦੁਆਲੇ ਡੂੰਘੀਆਂ ਖਾਈਆਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ ਜੋ ਕਿ ਕਿਸੇ ਅਗਲੇ ਅਮਲੇ ਦਾ ਸੰਕੇਤ ਹਨ।

26 ਜਨਵਰੀ ਨੂੰ ਭਾਜਪਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੁਲਿਸ ਨੇ ਟਰੈਕਟਰ ਰੈਲੀ ਕੱਢ ਰਹੇ ਕਿਸਾਨਾਂ ਨੂੰ ਨਿਰਧਾਰਤ ਰੂਟ ਤੋਂ ਗਿਣੀ ਮਿਥਿ ਸਾਜਿਸ਼ ਰਾਹੀਂ ਲਾਲ ਕਿਲੇ ਵਲ ਜਾਣ ਲਈ ਉਕਸਾਇਆ ਜਿਥੇ ਕਿ ਕਿਸੇ ਸਿੰਘ ਨੇ ਜੋਸ਼ ਵਿਚ ਆ ਕੇ ਲਾਲ ਕਿਲੇ ਦੀ ਫਸੀਲ ‘ਤੇ ਨਿਸ਼ਾਨ ਸਾਹਿਬ ਅਤੇ ਕਿਸਾਨੀ ਦਾ ਝੰਡਾ ਚ੍ਹਾੜ ਦਿੱਤਾ ਗਿਆ। ਲੋਕਾਂ ਦਾ ਵਿਚਾਰ ਹੈ ਕਿ ਲਾਲ ਕਿਲੇ ਤੇ ਕੇਸਰੀ ਅਤੇ ਕਿਸਾਨੀ ਝੰਡੇ ਲਹਿਰਾਉਣ ਵਿਚ ਨੌਜਵਾਨਾਂ ਨੂੰ ਉਕਸਾਉਣ ਵਿਚ ਭਾਜਪਾ ਦੇ ਸਲੀਪਰ ਅਤੇ ਸਰਗਰਮ ਸਿੱਲਾਂ ਦਾ ਹੀ ਕੰਮ ਹੈ।

ਇਹ ਸਭ ਗਿਣ ਮਿਥ ਕੇ ਕੀਤਾ ਗਿਆ ਸੀ ਅਤੇ ਫਿਰ ਦੇਸ਼ ਭਰ ਵਿਚ ਗੋਦੀ ਮੀਡੀਏ ਵਲੋਂ ਅੰਧਾ ਧੁੰਦ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਅੱਤਵਾਦੀ ਗੁੰਡਿਆਂ ਨੇ ਤਿਰੰਗੇ ਨੂੰ ਲਾਹ ਕੇ ਖਾਲਿਸਤਾਨ ਦਾ ਝੰਡਾ ਲਾਲ ਕਿਲੇ ‘ਤੇ ਝੜਾ ਦਿੱਤਾ ਹੈ। ਹੁਣ ਭਾਜਪਾ ਆਗੂਆਂ ਵਲੋਂ ਲੋਕਾਂ ਨੂੰ ਤਿਰੰਗੇ ਦੇ ਅਪਮਾਨ ਦਾ ਨਾਅਰਾ ਦੇ ਕੇ ਉਕਸਾਇਆ ਜਾ ਰਿਹਾ ਹੈ ਤਾਂ ਕਿ ਉਹ ਸਿੰਘੂ ਬਾਡਰ ਤੇ ਹਮਲਾ ਕਰਕੇ ਕਿਸਾਨ ਧਰਨੇ ਨੂੰ ਉਖੇੜ ਦੇਣ। ਇੱਕ ਤੋਂ ਬਾਅਦ ਇੱਕ ਦੋ ਹਮਲੇ ਕਿਸਾਨਾਂ ਦੇ ਧਰਨਿਆਂ ‘ਤੇ ਕੀਤੇ ਗਏ ਪਰ ਕਿਸਾਨਾਂ ਨੇ ਸਬਰ ਦਾ ਪੱਲਾ ਨਾ ਛੱਡਿਆ ਅਤੇ ਧਰਨੇ ਨੂੰ ਉੱਖੜਨ ਤੋਂ ਬਚਾ ਲਿਆ।

ਇਸ ਦੇ ਨਾਲ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲਬਾਤ ਦੇ ਸੰਕੇਤ ਵੀ ਦਿੱਤੇ ਹਨ। ਅਸਲ ਵਿਚ ਇਸ ਤਰਾਂ ਦੇ ਹਮਲੇ ਕਰਨ ਦਾ ਭਾਜਪਾ ਇੱਕ ਕਾਮਯਾਬ ਤਜਰਬਾ ਦਿੱਲੀ ਦੇ ਸੀ ਏ ਏ(Citizenship Amendment Act) ਵਿਰੋਧੀ ਸ਼ਾਹੀਨ ਬਾਗ ਵਰਗੇ ਧਰਨਿਆਂ ‘ਤੇ ਕਰ ਚੁੱਕੀ ਸੀ। ਚੇਤੇ ਰਹੇ ਕਿ ਦਸੰਬਰ 2019 ਨੂੰ ਭਾਜਪਾ ਨੇ ਜੋ ਸਿਟੀਜਨ ਐਕਟ ਲਾਗੂ ਕੀਤਾ ਸੀ ਇਸ ਸਬੰਧੀ ਮਨੁੱਖੀ ਅਧਿਕਾਰ ਸੰਸਥਾ (Human Rights Watch) ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਭਾਜਪਾ ਨੇ ਧਰਮ ਨੂੰ ਅਧਾਰ ਬਣਾ ਕੇ ਪਾਸ ਕੀਤੇ ਇਸ ਬਿੱਲ ਨਾਲ ਕਰੋੜਾਂ ਮੁਸਲਮਾਨਾਂ ਦੀ ਅਜ਼ਾਦੀ ਖਤਰੇ ਵਿਚ ਪੈ ਜਾਏਗੀ। ਇਸੇ ਤਰਾਂ ਦਾ ਹੀ ਰੋਲ ਘਚੋਲਾ ਗੈਰ ਕਾਨੂੰਨੀ ਸ਼ਹਿਰੀਆਂ ਦੀ ਨਿਸ਼ਾਨਦੇਹੀ ਲਈ ਲਾਗੂ ਕਾਨੂੰਨਾ ਰਾਹੀ ਪੈਦਾ ਕੀਤਾ ਜਿਸ ਰਾਹੀਂ ਨਿਸ਼ਾਨਾ ਮੁਸਲਮਾਨਾ ਨੂੰ ਬਣਾਇਆ ਗਿਆ। ਆਪਣੀ ਫਿਰਕੂ ਰਾਜਨੀਤੀ ਅਤੇ ਜ਼ਹਿਨੀਅਤ ਦੇ ਅੰਤਰਗਤ ਭਾਜਪਾ ਨੇ ਭਾਰਤੀ ਕਿਸਾਨ ਮੋਰਚੇ ਨੂੰ ਸਿੱਖ ਬਾਨਮ ਹਿੰਦੂ ਬਨਾਉਣ ਲਈ ਚਾਲਾਂ ਚੱਲੀਆਂ ਅਤੇ ਅੱਗੇ ਤੋਂ ਵੀ ਇਸੇ ਦਾਅ ‘ਤੇ ਹੈ, ਜਿਸ ਸਬੰਧੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਬਹੁਤ ਸਾਵਧਾਨੀ ਦੀ ਲੋੜ ਹੈ।

ਦੇਸ਼ ਬਦਨਾਮ ਕਦੋਂ ਹੁੰਦਾ ਹੈ

ਭਾਰਤ ਏ ਇਮਾਨਦਾਰ ਦ੍ਰਿਸ਼ਟੀ ਰੱਖਣ ਵਾਲੇ ਲੋਕ ਅਤੇ ਮੀਡੀਆ ਇਹ ਚੰਗੀ ਤਰਾਂ ਜਾਣਦਾ ਹੈ ਕਿ ਭਾਰਤ ਦੇ ਤਿਰੰਗੇ ਲਈ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਅਤੇ ਅੱਜ ਇਸ ਤਿਰੰਗੇ ਦੀ ਥਾਂ ‘ਤੇ ਭਗਵੇਂ ਨੂੰ ਪਹਿਲ ਦੇਣ ਵਾਲੇ ਭਾਜਪਾਈਆਂ ਦੇ ਟੁਕੱੜਬੋਚ ਮੀਡੀਏ ਨੇ ਇੱਕੋ ਹੀ ਗੱਲ ‘ਤੇ ਜ਼ੋਰ ਦਿੱਤਾ ਹੋਇਆ ਹੈ ਕਿ ਸਿੱਖ ਦੰਗਾਈ ਹਨ, ਦੇਸ਼ ਦੇ ਗੱਦਾਰ ਹਨ ਜਿਹਨਾ ਨੇ ਦੇਸ਼ ਨੂੰ ਬਦਨਾਮ ਕੀਤਾ ਹੈ। ਐਸੇ ਕਮੀਨੇ ਲੋਕਾਂ ਦਾ ਜਵਾਬ ਦੇਸ਼ ਦੇ ਸੁਹਿਰਦ ਅਤੇ ਇਮਾਨਦਾਰ ਲੋਕ ਆਪਣੇ ਆਪ ਦੇਈ ਜਾ ਰਹੇ ਹਨ। ਇਥੇ ਅਸੀਂ ਇੱਕ ਜਾਣਕਾਰੀ ਭਰਪੂਰ ਪੋਸਟ ਰਾਹੀਂ ਜਾਣਕਾਰੀ ਦੇ ਰਹੇ ਹਾਂ ਕਿ ਕੋਈ ਦੇਸ਼ ਬਦਨਾਮ ਕਦੋਂ ਹੁੰਦਾ ਹੈ

  1. ਕੋਈ ਵੀ ਦੇਸ਼ ਸਿਰਫ ਝੰਡੇ ਝੜਾਉਣ ਜਾਂ ਲਹੁਣ ਨਾਲ ਬਦਨਾਮ ਨਹੀਂ ਹੁੰਦਾ। ਦੇਸ਼ ਬਦਨਾਮ ਹੁੰਦਾ ਹੈ ਜਦੋਂ ੧੦੦ ਤੋਂ ਵੱਧ ਅੰਦੋਲਨ ਕਰਦੇ ਕਿਸਾਨ ਦਮ ਤੋੜ ਦੇਣ ਅਤੇ ਦੇਸ਼ ਦਾ ਮੁਖੀ ਦੁਖ ਦਾ ਇਕ ਸ਼ਬਦ ਤਕ ਮੂੰਹੋਂ ਨਹੀਂ ਕੱਢਦਾ।
  2. ਦੇਸ਼ ਬਦਨਾਮ ਹੁੰਦ ਹੈ ਜਦੋਂ ਇੱਕ ਦਲਾਲ ਪੱਤਰਕਾਰ ਪ੍ਰਧਾਨ ਮੰਤਰੀ ਦਾ ਨਾਮ ਲੈ ਕੇ ੪੦ ਸੈਨਕਾਂ ਦੇ ਮਾਰੇ ਜਾਣ ਦਾ ਜਸ਼ਨ ਮਨਾਉਂਦਾ ਹੈ। ਪੁਰੀ ਵਾਟਸ ਐਪ ਚੈਟ ਲੀਕ ਹੋ ਜਾਂਦੀ ਹੈ ਅਤੇ ਬੜੇ ਮੀਡੀਆ ਸਮੇਤ ਸੱਤਾਧਾਰੀ ਦੱਲ ਇੱਕ ਵੀ ਲਫਜ਼ ਸਫਾਈ ਦਾ ਨਹੀਂ ਦਿੰਦੇ।
  3. ਦੇਸ਼ ਬਦਨਾਮ ਤਦ ਹੁੰਦਾ ਹੈ ਜਦੋਂ ਕੋਈ ਸਾਂਸਦ ਲਗਾਤਾਰ ਰਾਸ਼ਟਰਪਿਤਾ ਗਾਂਧੀ ਦੇ ਹਤਿਆਰੇ (ਨੱਥੂ ਰਾਮ ਗੌਡਸੇ) ਨੂੰ ਸੱਚਾ ਦੇਸ਼ ਭਗਤ ਦੱਸਦੀ ਹੈ।
  4. ਦੇਸ਼ ਬਦਨਾਮ ਹੁੰਦਾ ਹੈ ਜਦੋਂ ਉਸ ਦਾ ਮੁਖੀਆ ਆਤਮ ਮੁਗਧ ਹੁੰਦਾ ਹੈ, ਮੰਤਰੀ ਮੰਡਲ ਚਾਪਲੂਸਾਂ ਨਾਲ ਭਰਿਆ ਹੁੰਦਾ ਹੈ ਅਤੇ ਮੀਡੀਆ ਮੂੰਹ ਵਿਚ ਹੱਡੀ ਲੈ ਕੇ ਘੁੰਮ ਰਿਹਾ ਹੁੰਦਾ ਹੈ।
  5. ਦੇਸ਼ ਬਦਨਾਮ ਤਦ ਹੁੰਦਾ ਹੈ ਜਦੋਂ ਇੱਕ ਬਲਾਤਕਾਰ ਪੀੜਤ ਲੜਕੀ ਦਾ ਸਸਕਾਰ ਰਾਤ ਦੇ ਹਨੇਰੇ ਵਿਚ ਸੰਗੀਨਾਂ ਦੀ ਛਾਂ ਵਿਚ ਕਰ ਦਿੱਤਾ ਜਾਂਦਾ ਹੈ ਤਾਂ ਕਿ ਉਸ ਦੇ ਅਸਲ ਕਾਤਲਾਂ ਨੂੰ ਸਰਕਾਰ ਬਚਾ ਸਕੇ।
  6. ਦੇਸ਼ ਬਦਨਾਮ ਤਦ ਹੁੰਦਾ ਹੈ ਜਦੋਂ ਲੱਖਾਂ ਕਿਸਾਨਾਂ ਦੀ ਆਵਾਜ਼ ਕੁਝ ਅਮੀਰਾਂ ਦੇ ਹਿੱਤਾਂ ਲਈ ਤੰਤਰ ਦੇ ਬੂਟਾਂ ਹੇਠ ਕੁਚਲ ਦਿੱਤੀ ਜਾਂਦੀ ਹੈ।
  7. ਦੇਸ਼ ਬਦਨਾਮ ਤਦ ਹੁੰਦਾ ਹੈ ਜਦੋਂ ਗਰੀਬੀ ਲੁਕਾਉਣ ਲਈ ਗਰੀਬ ਬਸਤੀਆਂ ਦੀਵਾਰਾਂ ਪਿੱਛੇ ਲੁਕਾ ਦਿੱਤੀਆਂ ਜਾਂਦੀਆਂ ਹਨ।
  8. ਦੇਸ਼ ਬਦਨਾਮ ਤਦ ਹੁੰਦਾ ਹੈ ਜਦ ਬਲਾਤਕਾਰ ਵਰਗੇ ਕੁਕਰਮ ਧਰਮ ਦੀ ਆੜ ਵਿਚ ਸਹੀ ਜਾਂ ਗਲਤ ਗਰਦਾਨੇ ਜਾਂਦੇ ਹਨ।
  9. ਦੇਸ਼ ਬਦਨਾਮ ਤਦ ਹੁੰਦਾ ਹੈ ਜਦੋਂ ਲੱਖਾਂ ਮਜ਼ਦੁਰ ਇੱਕ ਵਿਅਕਤੀ ਦੀ ਦੂਰਅੰਦੇਸ਼ੀ ਦੀ ਘਾਟ ਕਾਰਨ ਹਜ਼ਾਰਾਂ ਕਿਲੋਮੀਟਰ ਪੈਦਲ ਚੱਲਣ ਲਈ ਮਜ਼ਬੂਰ ਕਰ ਦਿੱਤੇ ਜਾਂਦੇ ਹਨ।
  10. ਕੋਈ ਵੀ ਦੇਸ਼ ਝੰਡੇ ਝੜਾਉਣ ਜਾਂ ਲਹੁਣ ਨਾਲ ਬਦਨਾਮ ਨਹੀਂ ਹੁੰਦਾ – ਦੇਸ਼ ਬਦਨਾਮ ਹੁੰਦਾ ਹੈ ਜਦੋਂ ਉਸ ਦਾ ਮੁਖੀਆ ਨੀਚ ਬਣ ਜਾਂਦਾ ਹੈ।

ਅੰਦੋਲਨ ਦੇ ਹਿਮਾਇਤੀਆਂ ‘ਤੇ ਨਜਾਇਜ਼ ਕੇਸਾਂ ਦੇ ਹਮਲੇ

ਦੇਸ ਅਤੇ ਪ੍ਰਦੇਸ ਵਿਚ ਜਿਹਨਾ ਜਿਹਨਾ ਲੋਕਾਂ ਜਾਂ ਸੰਸਥਾਵਾਂ ਨੇ ਕਿਸਾਨ ਅੰਦੋਲਨ ਵਿਚ ਆਪਣਾ ਯੋਗਦਾਨ ਪਾਇਆ ਉਹਨਾ ਨੂੰ ਭਾਜਪਾ ਨੇ ਆਪਣੇ ਪ੍ਰਭਾਵ ਨਾਲ ਕਾਨੂੰਨੀ ਦਾਅ ਪੇਚਾਂ ਵਿਚ ਲਪੇਟਣ ਦੀ ਕੋਸ਼ਿਸ਼ ਕਰ ਰਹੀ ਹੈ। ਆਪਣੀਆਂ ਮਾਨਵੀ ਸੇਵਾਵਾਂ ਲਈ ਕੌਮਾਂਤਰੀ ਤੌਰ ‘ਤੇ ਪ੍ਰਸਿੱਧ ‘ਖਾਲਸਾ ਏਡ’ ਨੂੰ ਵੀ ਸ਼ਰੇਆਮ ਅੱਤਵਾਦੀ ਕਿਹਾ ਗਿਆ ਅਤੇ ਇਸੇ ਤਰਾਂ ਹੀ ਵਿਦਿਆਰਥੀਆਂ ਦੀ ਜਥੇਬੰਦੀ ‘ਬੌਸ’ ਅਤੇ ਵਣਜਾਰੇ ਤੇ ਸਿਕਲੀਗਰ ਸਿੱਖਾਂ ਦੀਆਂ ਸੇਵਾਵਾਂ ਨੂੰ ਸਮਰਪਿਤ ‘ਬ੍ਰਿਟਿਸ਼ ਸਿੱਖ ਕੌਂਸਲ’ ਅਤੇ ਅਨੇਕਾਂ ਹੋਰ ਮਾਨਵੀ ਸਰੋਕਾਰਾਂ ਨੂੰ ਸਮਰਪਿਤ ਸਿੱਖ ਸੰਗਠਨਾ ਨੂੰ ਅੱਤਵਾਦੀ ਅਤੇ ਖਾਲਿਸਤਾਨੀ ਕਹਿ ਕੇ ਫਸਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਿਹਨਾ ਜਿਹਨਾ ਗਾਇਕਾਂ ਤੇ ਕਲਾਕਾਰਾਂ ਨੇ ਮੋਰਚੇ ਵਿਚ ਸਾਥ ਦਿੱਤਾ ਉਹਨਾ ‘ਤੇ ਇਨਕਮ ਟੈਕਸ ਦੇ ਛਾਪੇ ਮਰਵਾਏ ਜਾ ਰਹੇ ਹਨ। ਕਿਸਾਨ ਮੋਰਚੇ ਦੇ ਜਿਹੜੇ ਆਗੂ ੨੬ ਜਨਵਰੀ ਨੂੰ ਲਾਲ ਕਿਲੇ ਦੇ ਨੇੜੇ ਤੇੜੇ ਵੀ ਨਹੀਂ ਸਨ ਉਹਨਾ ਨੂੰ ਅਮਨ ਕਾਨੂੰਨ, ਕਤਲ, ਚੋਰੀ ਅਤੇ ਅੱਤਵਾਦ ਦੀਆਂ ਅਨੇਕਾਂ ਧਾਰਾਵਾਂ ਲਾ ਕੇ ਲਪੇਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਮੋਰਚੇ ਨਾਲ ਸਬੰਧਤ ਸਿੱਖ ਨੌਜਵਾਨ ਜੋ ਮੋਦੀ ਦੀ ਪੁਲਿਸ ਜਾਂ ਫੌਜ ਦੀ ਲਪੇਟ ਵਿਚ ਆਏ ਉਹਨਾ ਤੇ ਸ਼ਰੇਆਮ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਅਤੇ ਉਹਨਾ ਦੇ ਕੇਸਾਂ ਅਤੇ ਕਕਾਰਾਂ ਦੀ ਬੁਰੀ ਤਰਾਂ ਬੇਅਦਬੀ ਕੀਤੀ ਗਈ। ਇਹ ਵੀ ਸੰਦੇਹ ਕੀਤਾ ਗਿਆ ਹੈ ਜਿਵੇਂ ਲਾਲ ਕਿਲੇ ਵਲ ਅੰਦੋਲਨਕਾਰੀਆਂ ਨੂੰ ਪ੍ਰੇਰਤ ਕਰਨ ਵਿਚ ਆਰ ਐਸ ਐਸ ਅਤੇ ਜਾਅਲੀ ਪੁਲਿਸ ਨੇ ਆਪਣਾ ਰੋਲ ਅਦਾ ਕੀਤਾ ਇਸ ਕਿਸਮ ਦੇ ਲੋਕ ਭਵਿੱਖ ਵਿਚ ਕਿਸਾਨੀ ਅੰਦੋਲਨ ਨੂੰ ਲੀਹ ਤੋਂ ਲਹੁਣ ਲਈ ਪਤਾ ਨਹੀਂ ਕਿਸ ਹੱਦ ਤਕ ਜਾ ਸਕਦੇ ਹਨ।

ਭਾਜਪਾ ਦੇ ਮੈਂਬਰ ਅਤੇ ਉਹਨਾ ਦੀ ਸਰਕਾਰੀ ਪੁਲਸ ਤੇ ਜਾਅਲੀ ਪੁਲਿਸ ਕਿਸ ਹੱਦ ਤਕ ਜਾ ਸਕਦੀ ਇਸ ਦਾ ਅੰਸ਼ ਮਾਤਰ ਪ੍ਰਭਾਵ ਅਸੀਂ ਅਨੁਮਾ ਅਚਾਰੀਆ ਨਾਮ ਦੀ ਉਸ ਰਿਟਾਇਰਡ ਵਿੰਗ ਕਮਾਂਡਰ ਬੀਬੀ ਦੇ ਬਿਆਨਾਂ ਤੋਂ ਲੈ ਸਕਦੇ ਹਾਂ ਜੋ ਕਿ ਖੁਦ ਟਰੈਕਟਰ ਚਲਾ ਕੇ ਟਰੈਕਟਰ ਰੈਲੀ ਵਿਚ ਸ਼ਾਮਲ ਹੋਈ ਸੀ।

ਜਿਹੜੇ ਪਾਠਕ ਯੂ ਟਿਊਬ ‘ਤੇ ਜਾ ਸਕਦੇ ਹਨ ਉਹਨਾ ਨੂੰ ਅਸੀ ਇਸ ਬੀਬੀ ਦੇ ਬਿਆਨ ਸੁਣਨ ਦੀ ਪੁਰਜ਼ੋਰ ਅਪੀਲ ਕਰਾਂਗੇ। ਕਿਰਪਾ ਕਰਕੇ ਲੌਗ ਇਨ ਕਰੋ 26 Jan 2021- I participated in the Historic Tractor Parade. ਅਨੁਮਾ ਅਚਾਰੀਆ ਨੇ ਬੜੇ ਹੀ ਖੂਬਸੂਰਤ ਅੰਦਾਜ਼ ਵਿਚ ਦੱਸਿਆ ਹੈ ਕਿ ਦਿੱਲੀ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਚਾਹ ਪਾਣੀ ਨਾਲ ਟਰੈਕਟਰ ਰੈਲੀ ਦਾ ਸਵਾਗਤ ਕੀਤਾ ਸੀ। ਉਸ ਨੇ ਦੱਸਿਆ ਹੈ ਕਿ ਭਾਜਪਾ ਦੀ ਪੁਲਿਸ ਨੇ ਕਿਸ ਤਰਾਂ ਦੋ ਬੱਸਾਂ ਨਾਲ ਰੈਲੀ ਦੇ ਰੂਟ ਨੂੰ ਯੂ ਟਰਨ ਤੋਂ ਰੋਕ ਕੇ ਵਾਪਸ ਪਰਤਣ ਦੀ ਬਜਾਏ ਲਾਲ ਕਿਲੇ ਵਾਲੇ ਪਾਸੇ ਪਾਇਆ ਅਤੇ ਬਾਕੀ ਦਾ ਕੰਮ ਆਰ ਐਸ ਐਸ ਦੇ ਵਰਕਰਾਂ ਜਾਂ ਭਾਜਪਾ ਦੇ ਜ਼ਰਖ੍ਰੀਦਾਂ ਨੇ ਕੀਤਾ।

ਇਸ ਬੀਬੀ ਵਾਂਗ ਹੀ ਅਮਰੀਕਾ ਤੋਂ ਗਏ ਇੱਕ ਡਾਕਟਰ ਸਿੱਖ ਨੌਜਵਾਨ ਨੇ ਵੀ ਆਪਣੇ ਬਿਆਨ ਸੋਸ਼ਲ ਮੀਡੀਏ ‘ਤੇ ਦਿੱਤੇ ਹਨ ਕਿ ਉਹਨਾ ਦੀ ਟੀਮ ੩੨ ਐੰਬੂਲੈਂਸਾਂ ਅਤੇ ਡਾਕਟਰਾਂ ਨਾਲ ਇਸ ਮੋਰਚੇ ਵਿਚ ਸ਼ਾਮਲ ਸੀ ਅਤੇ ਜਦੋਂ ਪੁਲਿਸ ਦਾ ਅੰਦੋਲਨਕਾਰੀਆਂ ਨਾਲ ਟਕਰਾ ਹੋ ਗਿਆ ਤਾਂ ਜਿਸ ਵੇਲੇ ਉਹ ਪੁਲਿਸ ਵਾਲਿਆਂ ਦੀ ਮਰ੍ਹਮ ਪੱਟੀ ਕਰ ਰਹੇ ਸਨ ਅਤੇ ਜ਼ਖਮਾਂ ਤੇ ਟਾਂਕੇ ਲਾ ਰਹੇ ਸਨ ਤਾਂ ਜਾਅਲੀ ਪੁਲਿਸ ਦੀ ਇੱਕ ਧਾੜ ਆਈ ਜਿਸ ਨੇ ਡਾਕਟਰਾਂ ਨੂੰ ਅੰਧਾ ਧੁੰਦ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਕਈ ਡਾਕਟਰਾਂ ਦੀਆਂ ਬਾਹਾਂ ਤੋੜ ਦਿੱਤੀਆਂ। ਇਹ ਗੱਲ ਸਮਝਣ ਵਾਲੀ ਹੈ ਕਿ ਭਾਜਪਾ ਅਤੇ ਆਰ ਐਸ ਐਸ ਵਲੋਂ ਆਪਣੇ ਏਜੰਟ ਇਸ ਮੋਰਚੇ ਵਿਚ ਪੁਲਸੀਆਂ ਅਤੇ ਅੰਦੋਲਨਕਾਰੀਆਂ ਦੇ ਰੂਪ ਵਿਚ ਵਾੜ ਕੇ ਵੱਡੀ ਪੱਧਰ ‘ਤੇ ਸਿੱਖਾਂ ਦੀ ਨਸਲਕੁਸ਼ੀ ਦੀ ਜੋ ਸਾਜਿਸ਼ ਬਣਾਈ ਸੀ ਉਸ ਨੇ ਵੱਡੀ ਪੱਧਰ ‘ਤੇ ਮਾਰ ਕੁਟਾਈ ਅਤੇ ਟਰੈਕਟਰਾਂ ਅਤੇ ਗੱਡੀਆਂ ਦੀ ਭੰਨ ਤੋੜ ਵਿਚ ਹਿੱਸਾ ਪਾਇਆ ।

ਬਾਕੀ ਦੀ ਕਸਰ ਗੋਦੀ ਮੀਡੀਏ ਨੇ ਸਰਾਸਰ ਝੂਠ ਬੋਲ ਕੇ ਕੱਢੀ ਤਾਂ ਕਿ ਲੋਕੀ ਭੜਕ ਜਾਣ ਅਤੇ ਕਿਸਾਨੀ ਅੰਦੋਲਨ ਨੂੰ ਸਿੱਖ ਬਨਾਮ ਹਿੰਦੂ ਬਣਾ ਕੇ ਤਹਿਸ ਨਹਿਸ ਕੀਤਾ ਜਾਵੇ। ਇਸੇ ਮਨਸ਼ਾ ਤਹਿਤ ਸਿੰਘੂ ਬਾਡਰ ‘ਤੇ ਭਾਜਪਾ ਦੇ ਜ਼ਰਖ੍ਰੀਦਾਂ ਨੇ ਦੋ ਹਮਲੇ ਕੀਤੇ ਪਰ ਉਹਨਾ ਨੂੰ ਸਫਲਤਾ ਨਾ ਮਿਲੀ। ਚੇਤੇ ਰਹੇ ਕਿ ਭਾਜਪਾ ਦਾ ਗੋਦੀ ਮੀਡੀਆ ਬਲਦੀ ‘ਤੇ ਤੇਲ ਪਉਣ ਦੀ ਪੂਰੀ ਕੋਸ਼ਿਸ਼ ਕਰਦਾ ਰਿਹਾ।

ਗੋਦੀ ਮੀਡੀਏ ਦੀ ਕਰਤੂਤ ਕਾਮਯਾਬ ਨਾ ਹੋ ਕੇ ਉਲਟਾ ਕੰਮ ਕਰ ਗਈ

ਲਾਲ ਕਿਲੇ ਦੀ ਘਟਨਾ ਤੋਂ ਬਾਅਦ ਨਰਿੰਦਰ ਮੋਦੀ ਅਤੇ ਕਾਰਪੋਰੇਟਾਂ ਦੇ ਟੁੱਕੜਬੋਚ ਗੋਦੀ ਮੀਡੀਏ ਨੇ ਦੇਸ਼ ਦੀ ਜਨਤਾ ਨੂੰ ਸਿੱਖਾਂ ਖਿਲਾਫ ਭੜਕਾਉਣ ਵਿਚ ਕੋਈ ਕਸਰ ਨਾ ਛੱਡੀ। ਵਾਰ ਵਾਰ ਇਹ ਗੱਲ ਕਹੀ ਗਈ ਕਿ ਅੱਤਵਾਦੀ ਗੁੰਡਿਆਂ ਨੇ ਤਿਰੰਗੇ ਨੂੰ ਉਤਾਰ ਕੇ ਖਾਲਿਸਤਾਨੀ ਝੰਡਾ ਲਾਲ ਕਿਲੇ ‘ਤੇ ਚ੍ਹਾੜ ਦਿੱਤਾ ਹੈ। ਲਾਲ ਕਿਲੇ ਦੀ ਘਟਨਾ ਤੋਂ ਬਾਅਦ ਜਦੋਂ ਗਾਜ਼ੀਪੁਰ ਮੋਰਚੇ ‘ਤੇ ਬਿਜਲੀ ਤੇ ਪਾਣੀ ਕੱਟ ਦਿੱਤੇ ਤਾਂ ਇਸ ਵੇਲੇ ਕਿਸਾਨ ਆਗੂ ਰਕੇਸ਼ ਟਕੈਤ ਵਲੋਂ ਜਜ਼ਬਾਤੀ ਹੋ ਕੇ ਦਿੱਤੇ ਕਿ ‘ਸਰਕਾਰ ਸਰਦਾਰਾਂ ਦੇ ਕਤਲ ਦੀ ਸਾਜਸ਼ ਲੈ ਕੇ ਚਲ ਰਹੀ ਹੈ’। ਰਕੇਸ਼ ਟਕੈਤ ਨੇ ਗਾਜ਼ੀਆਬਾਦ ਤੋਂ ਨੰਦ ਕਿਸ਼ੋਰ ਗੁਰਜਰ ਦੇ ਬਿਆਨਾਂ ਵਲ ਵੀ ਲੋਕਾਂ ਦਾ ਧਿਆਨ ਦਵਾਇਆ ਸੀ ਜਿਸ ਵਿਚ ਉਸ ਨੇ ਕਿਹਾ ਸੀ ਕਿ ਧਰਨੇ ਤੇ ਬੈਠੇ ਲੋਕ 100% ਅਤੰਕਵਾਦੀ ਲੋਕ ਹਨ ਜਿਹਨਾ ਨੂੰ ਕਿ ਗੋਲੀ ਮਾਰ ਦੇਣੀ ਚਾਹੀਦੀ ਹੈ। ਉਸ ਨੇ ਇਹ ਵੀ ਕਿਹਾ ਕਿ ਜੇਕਰ ਹੋਰ ਕਿਸੇ ਨੇ ਇਹ ਕੰਮ ਨਹੀਂ ਕਰਨਾ ਤਾਂ ਮੇਰੇ ਵਿਧਾਨ ਸਭਾ ਹਲਕੇ ਨੂੰ ਸੌਂਪ ਦਿੱਤਾ ਜਾਵੇ ਤਾਂ ਕਿ ਇਹਨਾ ਲੋਕਾਂ ਨੂੰ ਧਰਨੇ ਤੋਂ ਜੁੱਤੀਆਂ ਮਾਰ ਕੇ ਖਦੇੜਿਆ ਜਾਵੇ। ਇਹਨਾ ਬਿਆਨਾ ਨੂੰ ਗੋਦੀ ਮੀਡੀਏ ਨੇ ਵਾਰ ਵਾਰ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਗੋਦੀ ਮੀਡੀਏ ਦਾ ਇਰਾਦਾ ਸੀ ਕਿ ਰਕੇਸ਼ ਟਕੈਤ ਦੇ ਹੰਝੂ ਡਿੱਗਦੇ ਦੇਖ ਕੇ ਬਾਕੀ ਦੇ ਅੰਦੋਲਨਕਾਰੀਆਂ ਦੇ ਹੋਸਲੇ ਪਸਤ ਹੋ ਜਾਣਗੇ ਅਤੇ ਪੁਲਿਸ ਨੂੰ ਮੋਰਚਾ ਉਖਾੜ ਦੇਣ ਵਿਚ ਸਫਲਤਾ ਹੋ ਜਾਵੇਗੀ। ਪਰ ਇਸ ਕਵਰੇਜ ਦਾ ਅਸਰ ਉਲਟਾ ਹੋਇਆ ਅਤੇ ਯੂ ਪੀ ਤੇ ਹਰਿਆਣੇ ਦੇ ਲੱਖਾਂ ਕਿਸਾਨਾ ਨੇ ਦਿੱਲੀ ਨੂੰ ਚਾਲੇ ਪਾ ਦਿੱਤੇ ਅਤੇ ਹੁਣ ਇਹਨਾ ਮੋਰਚਿਆਂ ‘ਤੇ ਕਿਸਾਨ ਮੋਰਚਾ ਪਹਿਲਾਂ ਨਾਲੋਂ ਵੀ ਚੜ੍ਹਦੀ ਕਲਾ ਵਿਚ ਹੈ। ਰਕੇਸ਼ ਟਕੈਤ ਪਹਿਲਾ ਆਦਮੀ ਹੈ ਜਿਸ ਨੇ ਸਰਕਾਰ ਵਲੋਂ ਸਿੱਖਾਂ ਖਿਲਾਫ ਸਾਜਿਸ਼ ਨੂੰ ਸਮਝਿਆ। ਇਸ ਘਟਨਾ ਕ੍ਰਮ ਦੌਰਾਨ ਸੋਸ਼ਲ ਮੀਡੀਏ ਵਿਚ ਬਿਆਨ ਆਉਣੇ ਸ਼ੁਰੂ ਹੋ ਗਏ ਕਿ ਲਾਲ ਕਿਲੇ ਦੀ ਘਟਨਾ ਮਗਰ ਲੱਖਾ ਸਿਧਾਣਾ, ਦੀਪ ਸਿੱਧੂ, ਸੁਖਪ੍ਰੀਤ ਸਿੰਘ ਉੱਦੋਕੇ ਅਤੇ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਦੇ ਆਗੂਆਂ ਦੀ ਸਾਜਿਸ਼ ਹੈ ਜੋ ਕਿ ਸਹੀ ਨਹੀਂ ਹੈ। ਇਹਨਾ ਨੌਜਵਾਨਾ ਦੇ ਸੰਯੁਕਤ ਮੋਰਚੇ ਦੇ ਆਗੂਆਂ ਨਾਲ ਮੱਤਭੇਦ ਜਰੂਰ ਰਹੇ ਹਨ ਅਤੇ ਇਹ ਨੌਜਵਾਨ ਰਿੰਗ ਰੋਡ ਦੇ ਰੂਟ ‘ਤੇ ਜਾਣ ਲਈ ਬਜ਼ਿੱਦ ਵੀ ਜਰੂਰ ਸਨ ਪਰ ਲਾਲ ਕਿਲੇ ਦੀ ਘਟਨਾ ਇਹਨਾ ਨੌਜਵਾਨਾਂ ਦੀ ਮਾਸਟਰਮਾਈਂਡ ਨਹੀਂ । ਲਾਲ ਕਿਲੇ ਦੀ ਘਟਨਾ ਤਾਂ ਵਕਤੀ ਜੋਸ਼ ਦਾ ਸਿੱਟਾ ਸੀ। ਸਬੰਧਤ ਨੌਜਵਾਨਾ ਨੂੰ ਤਾਂ ਸਿਰਫ ਬਲੀ ਦੇ ਬੱਕਰੇ ਹੀ ਬਣਾਇਆ ਗਿਆ ਹੈ ਜਦ ਕਿ ਅਸਲ ਸਾਜਸ਼ ਕਿਸਾਨਾਂ ਦੇ ਅਸਲ ਰੂਟ ਵਿਚ ਅੜਿੱਕੇ ਡਾਹ ਕੇ ਟਰੈਕਟਰ ਰੂਟ ਵਿਚ ਅਫਰਾਤਫਰੀ ਪੈਦਾ ਕਰਕੇ ਇਸ ਅੰਦੋਲਨ ਨੂੰ ਸਿੱਖ ਬਨਾਮ ਸਟੇਟ ਬਨਾਉਣ ਦੀ ਸੀ ਅਤੇ ਇਸ ਅਫਰਾਤਫਰੀ ਵਿਚ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਕਤਲ ਕਰਨ ਦੀ ਸਾਜਿਸ਼ ਸੀ ਜੋ ਹਾਲ ਦੀ ਘੜੀ ਟਲ੍ਹ ਗਈ ਹੈ ਪਰ ਸਾਜਸ਼ ਕਰਤਾ ਇਸੇ ਸਾਜਸ਼ ਨੂੰ ਸਿਰੇ ਝੜਾਉਣ ਲਈ ਵੱਖੋ ਵੱਖ ਪੈਂਤੜੇ ਬਦਲ ਕੇ ਆ ਰਹੇ ਹਨ ਤਾਂ ਕਿ ਕਿਸਾਨ ਅੰਦੋਲਨ ਨੂੰ ਫਿਹਲ ਕੀਤਾ ਜਾ ਸਕੇ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin