Articles

ਜੱਟ ਦੀ ਜੂਨ ਨਾ ਪੜੀਉ ਰੇ!

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਅੱਜ ਤੱਕ ਕਦੇ ਕਿਸੇ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਸੋਚਣ ਦੀ ਜਰੂਰਤ ਨਹੀਂ ਸਮਝੀ। ਸਰਮਾਏਦਾਰ ਅਤੇ ਸਰਕਾਰਾਂ ਰਲ ਮਿਲ ਕੇ ਕਿਸਾਨਾਂ ਦਾ ਸ਼ੋਸ਼ਣ ਕਰ ਰਹੀਆਂ ਹਨ। ਜੇ ਸਰਕਾਰ ਫਸਲਾਂ ਦੇ ਰੇਟ ਵਧਾਉਂਦੀ ਹੈ ਤਾਂ ਸਰਮਾਏਦਾਰ ਉਸੇ ਅਨੁਪਾਤ ਨਾਲ ਟਰੈਕਟਰਾਂ, ਖੇਤੀ ਮਸ਼ੀਨਰੀ, ਖਾਦਾਂ ਅਤੇ ਦਵਾਈਆਂ ਦੇ ਰੇਟ ਚੱੁਕ ਦਿੰਦੇ ਹਨ। ਸਰਕਾਰ ਖੇਤੀ ਮਸ਼ੀਨਰੀ ‘ਤੇ ਜਿੰਨੀ ਸਬਸਿਡੀ ਦਿੰਦੀ ਹੈ, ਉਹ ਵੀ ਸਰਮਾਏਦਾਰਾਂ ਦੇ ਢਿੱਡ ਵਿੱਚ ਹੀ ਪੈਂਦੀ ਹੈ। ਉਹ ਸਬਸਿਡੀ ਨੂੰ ਲੁੱਟ ਦਾ ਮਾਲ ਸਮਝ ਕੇ ਖੇਤੀ ਮਸ਼ੀਨਰੀ ਦਾ ਰੇਟ ਉਨਾਂ ਹੀ ਵਧਾ ਦੇਂਦੇ ਹਨ। ਸਰਮਾਏਦਾਰਾਂ ਨੂੰ ਐਨੀ ਖੁਲ੍ਹ ਮਿਲੀ ਹੋਈ ਹੈ ਕਿ ਯੂਰੀਆ ਦਾ ਰੇਟ ਹਰ ਸਾਲ ਵਧ ਜਾਂਦਾ ਹੈ ਪਰ ਇਸ ਦੇ ਬੋਰੇ ਦਾ ਵਜ਼ਨ 50 ਕਿੱਲੋ ਤੋਂ ਘਟਾ ਕੇ 45 ਕਿੱਲੋ ਕਰ ਦਿੱਤਾ ਗਿਆ ਹੈ।
ਕਿਸਾਨਾਂ ਨੂੰ ਸਭ ਤੋਂ ਵੱਧ ਮਾਰ ਫਸਲਾਂ ਵੇਚਣ ਸਮੇਂ ਪੈਂਦੀ ਹੈ। ਹਰੇਕ ਫਸਲ, ਇਥੋਂ ਤੱਕ ਕਿ ਫਲਾਂ, ਦੁੱਧ ਅਤੇ ਅੰਡਿਆਂ ਦਾ ਰੇਟ ਵੀ ਵਪਾਰੀਆਂ ਦੇ ਹੱਥ ਹੈ। ਜੇ ਕਿਸੇ ਸਾਲ ਸਬਜ਼ੀਆਂ ਮਹਿੰਗੀਆਂ ਹੋ ਜਾਣ ਤਾਂ ਲੋਕ ਧਰਨੇ ਮੁਜ਼ਾਹਰੇ ਸ਼ੁਰੂ ਕਰ ਦਿੰਦੇ ਹਨ। ਸਰਕਾਰ ਫੌਰਨ ਕਿਸਾਨਾਂ ਦਾ ਗਲ ਘੁੱਟ ਕੇ ਨਿਰਯਾਤ ‘ਤੇ ਪਾਬੰਦੀ ਲਗਾ ਕੇ ਆਯਾਤ ਖੋਲ੍ਹ ਦਿੰਦੀ ਹੈ। ਸਭ ਤੋਂ ਵੱਧ ਰੌਲਾ ਗੰਢਿਆਂ ਅਤੇ ਆਲੂਆਂ ਦੇ ਰੇਟ ਤੋਂ ਪੈਂਦਾ ਹੈ। ਗੰਢਿਆਂ ਨੇ ਤਾਂ ਇੱਕ ਵਾਰ ਕੇਂਦਰ ਦੀ ਸਰਕਾਰ ਹੀ ਪਲਟਾ ਦਿੱਤੀ ਸੀ। ਜਦੋਂ ਕਿਸਾਨਾਂ ਦੇ ਗੰਢੇ ਤੇ ਆਲੂ ਇੱਕ ਰੁਪਏ ਕਿੱਲੋ ਵਿਕਦੇ ਹਨ, ਉਦੋਂ ਕੋਈ ਨਹੀਂ ਬੋਲਦਾ। ਮੀਡੀਆ ਵਿੱਚ ਚਾਰ ਦਿਨ ਖਬਰਾਂ ਲੱਗਣ ਤੋਂ ਬਾਅਦ ਸਭ ਖਾਮੋਸ਼ ਹੋ ਜਾਂਦੇ ਹਨ। ਮੰਡੀਆਂ ਵਿੱਚ ਕਿਸਾਨਾਂ ਦੀ ਰੱਜ ਕੇ ਲੁੱਟ ਕੀਤੀ ਜਾਂਦੀ ਹੈ। ਕਿਸਾਨ ਬੇਬਸ ਖੜੇ ਰਹਿੰਦੇ ਹਨ ਤੇ ਚੰਗੇ ਭਲੇ ਝੋਨੇ ਨੂੰ ਬਦਰੰਗ ਅਤੇ ਵੱਧ ਨਮੀ ਵਾਲਾ ਦੱਸ ਕੇ ਰੇਟ ਘਟਾ ਦਿੱਤਾ ਜਾਂਦਾ ਹੈ। ਆੜ੍ਹਤੀ ਤੇ ਵਪਾਰੀ ਮਿਲ ਕੇ ਮਨ ਮਰਜ਼ੀ ਦੇ ਰੇਟਾਂ ‘ਤੇ ਫਸਲ ਖਰੀਦਦੇ ਹਨ। ਜੇ ਕੋਈ ਕਿਸਾਨ ਵਿਰੋਧ ਕਰੇ ਤਾਂ ਉਸ ਦੀ ਫਸਲ ਕਈ ਕਈ ਦਿਨ ਮੰਡੀ ਵਿੱਚ ਰੁਲਦੀ ਰਹਿੰਦੀ ਹੈ।
ਖੇਤੀਬਾੜੀ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਹਰੇਕ ਤੀਸਰੀ ਚੌਥੀ ਫਸਲ ਨੇ ਬਰਬਾਦ ਹੋਣਾ ਹੀ ਹੁੰਦਾ ਹੈ। ਕਦੇ ਝੋਨੇ ਨੂੰ ਝੁਲਸ ਰੋਗ ਪੈ ਜਾਂਦਾ ਹੈ, ਕਦੇ ਪੱਕੀ ਕਣਕ ‘ਤੇ ਗੜੇ ਪੈ ਜਾਂਦੇ ਹਨ ਤੇ ਜੇ ਸਭ ਕੁਝ ਠੀਕ ਰਹੇ ਤਾਂ ਸਹੀ ਰੇਟ ਨਹੀਂ ਲੱਗਦਾ। ਪੰਜਾਬ ਦੇ ਆਲੂ ਅਤੇ ਗੰਨਾ ਉਤਪਾਦਕਾਂ ਦੇ ਹਾਲਾਤ ਸਭ ਦੇ ਸਾਹਮਣੇ ਹਨ। ਬਾਹਰਲੇ ਸੂਬਿਆਂ ਦਾ ਹਾਲ ਤਾਂ ਪੰਜਾਬ ਨਾਲੋਂ ਵੀ ਮਾੜਾ ਹੈ। ਯੂ.ਪੀ.-ਬਿਹਾਰ ਵਿੱਚ ਤਾਂ ਮੰਡੀ ਸਿਸਟਮ ਹੈ ਹੀ ਨਹੀਂ, ਵਪਾਰੀ ਅੱਧ ਪਚੱਧ ਮੁੱਲ ‘ਤੇ ਲੁੱਟ ਕਰਦੇ ਹਨ। ਪੰਜਾਬ ਦੇ ਸ਼ੈਲਰਾਂ ਅਤੇ ਆਟਾ ਚੱਕੀਆਂ ਵਾਲੇ ਵੀ ਉਥੋਂ ਹੀ ਸਸਤੇ ਰੇਟ ‘ਤੇ ਕਣਕ ਝੋਨਾ ਲਿਆਉਣਾ ਪਸੰਦ ਕਰਦੇ ਹਨ। ਹੁਣ ਤਾਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਅਖੌਤੀ ਸਹੂਲਤ ਦੇਣ ਦੇ ਨਾਮ ‘ਤੇ ਸਾਰੇ ਭਾਰਤ ਵਿੱਚ ਅਨਾਜ ਲੈ ਕੇ ਜਾਣ ਦੀ ਖੁਲ੍ਹ ਦੇ ਦਿੱਤੀ ਹੈ। ਜਿਹੜਾ ਗਰੀਬ ਕਿਸਾਨ ਆਪਣੀ ਨਜ਼ਦੀਕੀ ਮੰਡੀ ਵਿੱਚ ਵੀ ਫਸਲ ਲੈ ਕੇ ਜਾਣ ਜੋਗਾ ਨਹੀਂ, ਉਹ ਫਸਲ ਕੇਰਲਾ ਜਾਂ ਮਹਾਰਾਸ਼ਟਰ ਦੀਆਂ ਮੰਡੀਆਂ ਵਿੱਚ ਕਿਵੇਂ ਲੈ ਜਾਵੇਗਾ? ਹੁਣ ਧਨਾਢ ਵਪਾਰੀ ਇਸ ਆਰਡੀਨੈਂਸ ਦੀ ਆੜ ਹੇਠ ਕਿਸਾਨਾਂ ਦੀ ਹੋਰ ਰੱਜ ਕੇ ਲੁੱਟ ਕਰਨਗੇ। ਪੰਜਾਬ ਵਿੱਚ ਯੂ.ਪੀ. ਅਤੇ ਬਿਹਾਰ ਦੇ ਸਸਤੇ ਕਣਕ – ਝੋਨੇ ਦਾ ਹੜ੍ਹ ਆ ਜਾਵੇਗਾ।
ਕਿਸਾਨ ਦੀ ਜ਼ਿੰਦਗੀ ਬਹੁਤ ਕਰੜੀ ਹੈ ਜਿਸ ਦਾ ਆਮ ਆਦਮੀ ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਗਰਮੀਆਂ ਦੀਆਂ ਅੱਗ ਵਰ੍ਹਾਉਂਦੀਆਂ ਧੁੱਪਾਂ ਅਤੇ ਸਰਦੀਆਂ ਦੀਆਂ ਹੱਡ ਕੜਕਾਉਂਦੀਆਂ ਠੰਡਾਂ ਵਿੱਚ ਕੰਮ ਕਰਨਾ ਪੈਂਦਾ ਹੈ। ਗਰਮੀਆਂ ਵਿੱਚ ਝੋਨੇ ਦੇ ਖੇਤਾਂ ਵਿੱਚ ਵੜਨਾ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਥੱਲੇ ਪਾਣੀ ਉੱਬਲਿਆ ਹੁੰਦਾ ਹੈ ਤੇ ਉੱਪਰ ਸੂਰਜ ਸਰੀਰ ਸਾੜਦਾ ਹੈ। ਸਰਦੀਆਂ ਵਿੱਚ ਕਣਕ ਦੇ ਖੇਤਾਂ ਨੂੰ ਪਾਣੀ ਲਗਾਉਂਦਿਆਂ ਪੈਰ ਨੀਲੇ ਹੋ ਜਾਂਦੇ ਹਨ। ਪੁਰਾਣੇ ਸਮੇਂ ਵਿੱਚ ਇੱਕ ਮਰਾਸੀ ਗਰਮੀਆਂ ਦੇ ਦਿਨਾਂ ਵਿੱਚ ਇੱਕ ਜੱਟ ਕੋਲੋਂ ਖੈਰ ਮੰਗਣ ਲਈ ਚਲਾ ਗਿਆ ਗਿਆ। ਉਸ ਨੇ ਜੱਟ ਨੂੰ ਖੁਸ਼ ਕਰਨ ਲਈ ਕਲਿਆਣ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਤਾਂ ਬਾਦਸ਼ਾਹ ਹੈ, ਇੱਕ ਦਾਣਾ ਬੀਜਦਾ ਹੈ ਤੇ ਸੌ ਦਾਣਾ ਵੱਢ ਲੈਦਾ ਹੈ। ਜੱਟ ਨੇ ਅੱਗੋਂ ਮਰਾਸੀ ਨੂੰ ਕਿਹਾ ਕਿ ਚੱਲ ਮਰਾਸੀਆ ਤੈਨੂੰ ਵੀ ਬਾਦਸ਼ਾਹ ਬਣਾ ਦੇਂਦੇ ਹਾਂ। ਤੂੰ ਇਸ ਤਰਾਂ ਕਰ ਕਿ ਮੇਰੇ ਨਾਲ ਭਿਆਲੀ ਪਾ ਲੈ। ਜ਼ਮੀਨ, ਖਾਦ, ਬੀਜ ਤੇ ਪਾਣੀ ਸਾਰਾ ਮੇਰਾ ਤੇ ਮਿਹਨਤ ਆਪਾਂ ਅੱਧੋ ਅੱਧ ਕਰਾਂਗੇ। ਫਸਲ ਪੱਕਣ ‘ਤੇ ਚੌਥਾ ਹਿੱਸਾ ਤੇਰਾ ਹੋਵੇਗਾ। ਮਰਾਸੀ ਖੁਸ਼ ਹੋ ਗਿਆ ਕਿ ਇਹ ਤਾਂ ਕਮਾਲ ਹੀ ਹੋ ਗਈ, ਬੈਠੇ ਬਿਠਾਏ ਮੈਂ ਚੌਥੇ ਹਿੱਸੇ ਦਾ ਮਾਲਕ ਬਣ ਗਿਆ। ਜੱਟ ਕਹਿੰਦਾ ਕਿ ਤੂੰ ਸਵੇਰੇ ਮੁਰਗੇ ਦੀ ਬਾਂਗ ਵੇਲੇ ਮੇਰੇ ਕੋਲ ਆ ਜਾਵੀਂ, ਆਪਾਂ ਕੰਮ ਸ਼ੁਰੂ ਕਰ ਦਿਆਂਗੇ। ਮਰਾਸੀ ਖੁਸ਼ੀ ਦਾ ਮਾਰਿਆ ਫੁੱਲਿਆ ਨਾ ਸਮਾਵੇ। ਉਸ ਨੇ ਸਵੇਰੇ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਹੀ ਜੱਟ ਦਾ ਬਾਰ ਜਾ ਖੜਕਾਇਆ।
ਜੱਟ ਨੇ ਬਲਦਾਂ ਨੂੰ ਹਲ੍ਹ ਪੰਜਾਲੀ ਪਾ ਕੇ ਇੱਕ ਜੋੜੀ ਮਰਾਸੀ ਅੱਗੇ ਲਗਾ ਦਿੱਤੀ ਤੇ ਦੂਸਰੀ ਆਪ ਲੈ ਕੇ ਜ਼ਮੀਨ ਵਾਹੁਣ ਲਈ ਖੇਤਾਂ ਵੱਲ ਚੱਲ ਪਏ ਤੇ ਦੁਪਹਿਰ ਤੱਕ ਖੇਤ ਵਾਹੁੰਦੇ ਰਹੇ। ਵਾਹਣ ਦੀਆਂ ਢੀਮਾਂ ਵੱਜ ਵੱਜ ਕੇ ਮਰਾਸੀ ਦੇ ਗਿੱਟੇ ਸੁੱਜ ਗਏ ਤੇ ਸੋਹਲ ਪੈਰਾਂ ਵਿੱਚ ਛਾਲੇ ਪੈ ਗਏ। ਦੁਪਹਿਰੇ ਜੱਟੀ ਰੋਟੀ ਲੈ ਕੇ ਆਈ ਤਾਂ ਦੋਵੇਂ ਪੰਦਰਾਂ ਪੰਦਰਾਂ ਰੋਟੀਆਂ ਖਾ ਕੇ ਘੜੀ ਸੁਸਤਾਉਣ ਲਈ ਕਿੱਕਰ ਦੀ ਛਾਵੇਂ ਲੰਮੇ ਪੈ ਗਏ। ਥੱਕਿਆ ਟੱੁਟਿਆ ਮਰਾਸੀ ਡਿੱਗਦੇ ਸਾਰ ਘੁਰਾੜੇ ਮਾਰਨ ਲੱਗ ਪਿਆ। ਘੰਟੇ ਕੁ ਬਾਅਦ ਜੱਟ ਨੇ ਮਰਾਸੀ ਨੂੰ ਉਠਾਇਆ ਤੇ ਚਰ੍ਹੀ ਵੱਢਣ ਲਈ ਲਗਾ ਲਿਆ। ਉੱਪਰੋਂ ਅੱਗ ਵਰ੍ਹੇ ਤੇ ਥੱਲੇ ਜੇਠ ਹਾੜ੍ਹ ਦੀ ਹੁੰਮਸ ਨੇ ਮਰਾਸੀ ਨੂੰ ਅੱਧਮੋਇਆ ਕਰ ਦਿੱਤਾ। ਮਸਾਂ ਮਰਦੇ ਖਪਦੇ ਨੇ ਦੋ ਪੰਡਾਂ ਚਰ੍ਹੀ ਦੀਆਂ ਵੱਢੀਆਂ। ਪੱਠੇ ਵੱਢ ਕੇ ਜੱਟ ਨੇ ਇੱਕ ਪੰਡ ਮਰਾਸੀ ਦੇ ਸਿਰ ‘ਤੇ ਰੱਖ ਦਿੱਤੀ ਤੇ ਦੂਸਰੀ ਆਪ ਚੱੁਕ ਕੇ ਟੋਕੇ ਅੱਗੇ ਜਾ ਸੁੱਟੀ। ਉਸ ਸਮੇਂ ਬਿਜਲੀ ਵੱਲੇ ਟੋਕੇ ਤਾਂ ਹੁੰਦੇ ਨਹੀਂ ਸਨ, ਜੱਟ ਚੀਰਨੀਆਂ ਲਗਾਉਣ ਲੱਗ ਪਿਆ ਤੇ ਮਰਾਸੀ ਟੋਕਾ ਗੇੜਨ ਲੱਗ ਪਿਆ। ਪੱਠੇ ਕੁਤਰਦੇ ਕੁਤਰਦੇ ਮਰਾਸੀ ਬੇਹੋਸ਼ ਹੋਣ ਵਾਲਾ ਹੋ ਗਿਆ ਤੇ ਦਸ ਲੀਟਰ ਪਾਣੀ ਪੀ ਗਿਆ। ਪੱਠੇ ਕੁਤਰ ਕੇ ਜੱਟ ਨੇ ਪੱਠਿਆਂ ਦੀ ਪੰਡ ਮਰਾਸੀ ਦੇ ਸਿਰ ‘ਤੇ ਰੱਖ ਦਿੱਤੀ ਤੇ ਆਪ ਬਲਦ ਹਿੱਕ ਕੇ ਦੋਵੇਂ ਪਿੰਡ ਵੱਲ ਚੱਲ ਪਏ।
ਮਰਾਸੀ ਨੇ ਕਦੇ ਰੋਟੀ ਤੋਂ ਭਾਰੀ ਚੀਜ ਚੁੱਕੀ ਨਹੀਂ ਸੀ। ਪੱਠੇ ਡੰਗਰਾਂ ਅੱਗੇ ਸੁੱਟਣ ਤੋਂ ਬਾਅਦ ਉਸ ਨੂੰ ਇਸ ਤਰਾਂ ਲੱਗਾ ਜਿਵੇਂ ਉਸ ਦੀ ਗਰਦਨ ਵਿੱਚ ਸਰੀਆ ਪੈ ਗਿਆ ਹੋਵੇ। ਧੌਣ ਆਕੜ ਗਈ ਤੇ ਸਰੀਰ ਸੂਤਿਆ ਗਿਆ। ਜਦ ਤੱਕ ਜੱਟ ਬਲਦ ਬੰਨ੍ਹ ਕੇ ਵਿਹਲਾ ਹੋਇਆ, ਮਰਾਸੀ ਮੌਕਾ ਤਾੜ ਕੇ ਆਪਣੇ ਘਰ ਵੱਲ ਨੂੰ ਤੀਰ ਹੋ ਗਿਆ ਤੇ ਜਾਂਦਿਆਂ ਹੀ ਲਾਸ਼ ਵਾਂਗ ਮੰਜੀ ‘ਤੇ ਢੇਰ ਹੋ ਗਿਆ। ਮਰਾਸਣ ਪੁੱਛਦੀ ਕਿ ਕਰ ਆਇਆਂ ਕਮਾਈ, ਕਿਵੇਂ ਰਿਹਾ ਤੇਰੀ ਜੱਟ ਨਾਲ ਭਾਈਵਾਲੀ ਵਾਲਾ ਪਹਿਲਾ ਦਿਨ? ਮਰਾਸੀ ਆਪਣੇ ਆਪ ਨੂੰ ਚਾਰ ਕਰਾਰੀਆਂ ਗਾਲ੍ਹਾਂ ਕੱਢ ਕੇ ਕਹਿੰਦਾ, “ਪਰ੍ਹਾਂ ਗੋਲੀ ਮਾਰ ਅਜਿਹੀ ਭਾਈਵਾਲੀ ਨੂੰ, ਇਹ ਕੋਈ ਬੰਦਿਆਂ ਵਾਲਾ ਕੰਮ ਆ। ਸਾਨੂੰ ਤਾਂ ਫਿਰ ਤੁਰ ਕੇ ਭੀਖ ਮੰਗਣੀ ਹੀ ਸੋਭਾ ਦੇਂਦੀ ਆ। ਧੰਨ ਆਂ ਜੱਟ ਜਿਹੜੇ ਖੇਤੀਬਾੜੀ ਕਰਦੇ ਆ।” ਫਿਰ ਉਸ ਨੇ ਆਪਣੇ ਨਿਆਣੇ ਇਕੱਠੇ ਕਰ ਕੇ ਗੁਰਮੰਤਰ ਦਿੱਤਾ, “ਜੀਉ ਚਾਹੇ ਮਰੀਉ ਰੇ, ਕਦੀ ਜੱਟ ਦੀ ਜੂਨ ਨਾ ਪੜੀਉ ਰੇ।”

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin