Story

ਝੱਲਾ ਕੌਣ?

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਲੁਧਿਆਣੇ ਵਿੱਚ ਇੱਕ ਬਹੁਤ ਮਸ਼ਹੂਰ ਹਲਵਾਈ ਦੀ ਦੁਕਾਨ ਹੈ ਜੋ ਝੱਲਿਆਂ ਦੀ ਹੱਟੀ ਦੇ ਨਾਮ ਨਾਲ ਮਸ਼ਹੂਰ ਹੈ। ਬਾਕੀ ਦੇ ਸਮਾਨ ਦੇ ਨਾਲ ਨਾਲ ਉਸ ਦੁਕਾਨ ਦਾ ਪਨੀਰ ਸਾਰੇ ਇਲਾਕੇ ਵਿੱਚ ਮਸ਼ਹੂਰ ਹੈ। ਇੱਕ ਵਾਰ ਨਜ਼ਦੀਕੀ ਕਸਬੇ ਤੋਂ ਕੋਈ ਖਰੀਦਦਾਰ ਉਸ ਦੁਕਾਨ ਤੋਂ ਪਨੀਰ ਲੈਣ ਲਈ ਪਹੁੰਚ ਗਿਆ। ਖਰੀਦਦਾਰ ਥੋੜ੍ਹਾ ਮੂੰਹ ਫੱਟ ਕਿਸਮ ਦਾ ਇਨਸਾਨ ਸੀ ਤੇ ਚੁੱਪ ਰਹਿਣ ਨਾਲ ਉਸ ਦੇ ਢਿੱਡ ਵਿੱਚ ਪੀੜ ਹੋਣ ਲੱਗ ਪੈਂਦੀ ਸੀ। ਪਨੀਰ ਤੁਲਵਾਉਣ ਤੋਂ ਬਾਅਦ ਉਸ ਤੋਂ ਰਿਹਾ ਨਾ ਗਿਆ ਤਾਂ ਉਸ ਨੇ ਹਲਵਾਈ ਨੂੰ ਪੱੁਛ ਲਿਆ, “ਸ਼ਾਹ ਜੀ ਤੁਹਾਨੂੰ ਝੱਲੇ ਕਿਉਂ ਕਹਿੰਦੇ ਹਨ?” ਹਲਵਾਈ ਰੋਜ ਰੋਜ ਪੱੁਛੇ ਜਾਣ ਵਾਲੇ ਇਸ ਸਵਾਲ ਕਾਰਨ ਪਹਿਲਾਂ ਹੀ ਖਿਝਿ੍ਆ ਬੈਠਾ ਸੀ। ਉਸ ਨੇ ਖਰੀਦਦਾਰ ਨੂੰ ਉਲਟਾ ਸਵਾਲ ਪੱੁਛ ਲਿਆ, “ਉਹ ਤਾਂ ਤੈਨੂੰ ਬਾਅਦ ਵਿੱਚ ਦੱਸਦਾ ਹਾਂ, ਪਹਿਲਾਂ ਮੈਨੂੰ ਇਹ ਦੱਸ ਕਿ ਤੂੰ ਕਿੱਥੋਂ ਆਇਆਂ ਹੈਂ?” “ਮੈਂ ਤਾਂ ਸ਼ਾਹ ਜੀ ਦੋਰਾਹੇ ਤੋਂ ਆਇਆ ਹਾਂ,” ਖਰੀਦਦਾਰ ਨੇ ਹੈਰਾਨ ਜਿਹਾ ਹੋ ਕੇ ਜਵਾਬ ਦਿੱਤਾ ਕਿ ਝੱਲਿਆਂ ਦਾ ਇਸ ਸਵਾਲ ਤੋਂ ਕੀ ਮਤਲਬ ਹੋ ਸਕਦਾ ਹੈ।
“ਦੋਰਾਹੇ ਤੋਂ ਲੈ ਕੇ ਲੁਧਿਆਣੇ ਤੱਕ ਸੈਂਕੜੇ ਪਨੀਰ ਦੀਆਂ ਦੁਕਾਨਾਂ ਹਨ। ਤੂੰ ਐਨੀ ਗਰਮੀ ਵਿੱਚ ਸੜਦਾ ਮਰਦਾ ਸਾਡੀ ਦੁਕਾਨ ‘ਤੇ ਹੀ ਕਿਉਂ ਪਹੁੰਚਿਆਂ ਹੈਂ? ਹੁਣ ਦੱਸ ਕਿ ਝੱਲੇ ਅਸੀਂ ਹਾਂ ਕਿ ਤੂੰ?” ਹਲਵਾਈ ਦੇ ਜਵਾਬ ਨੇ ਖਰੀਦਦਾਰ ਨੂੰ ਬੋਲਣ ਜੋਗਾ ਨਾ ਛੱਡਿਆ। ਉਹ ਚੁੱਪ ਚਾਪ ਕੰਨ ਝਾੜ ਕੇ ਦੁਕਾਨ ਤੋਂ ਬਾਹਰ ਹੋ ਗਿਆ ਤੇ ਸਹੁੰ ਖਾਧੀ ਕਿ ਅੱਗੇ ਤੋਂ ਕਿਸੇ ਦੀ ਦੁਖਦੀ ਰਗ ‘ਤੇ ਉਂਗਲ ਨਹੀਂ ਰੱਖਣੀ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin