Punjab

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਖੇਮਕਰਨ ਤੋਂ ਚੰਡੀਗੜ੍ਹ ਅਤੇ ਤਰਨ ਤਾਰਨ ਤੋਂ ਸ੍ਰੀ ਮੁਕਤਸਰ ਸਾਹਿਬ ਲਈ ਆਪਣੀ ਕਿਸਮ ਦੀਆਂ ਪਹਿਲੀਆਂ ਸਿੱਧੀਆਂ ਬੱਸਾਂ ਹਰੀ ਝੰਡੀ ਵਿਖਾ ਕੇ ਰਵਾਨਾ

ਚੰਡੀਗੜ੍ਹ – ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਸਰਹੱਦੀ ਖੇਤਰ ਤੋਂ ਆਪਣੀ ਕਿਸਮ ਦੀਆਂ ਪਹਿਲੀਆਂ ਦੋ ਸਿੱਧੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਨ੍ਹਾਂ ਵਿੱਚੋਂ ਇੱਕ ਬੱਸ ਖੇਮਕਰਨ ਤੋਂ ਚੰਡੀਗੜ੍ਹ ਤੱਕ ਸਿੱਧੀ ਸਰਹੱਦੀ ਪੱਟੀ ਨੂੰ ਰਾਜ ਦੀ ਰਾਜਧਾਨੀ ਨਾਲ ਜੋੜੇਗੀ ਜਦਕਿ ਦੂਜੀ ਬੱਸ ਤਰਨ ਤਾਰਨ ਤੋਂ ਸ੍ਰੀ ਮੁਕਤਸਰ ਸਾਹਿਬ ਦਰਮਿਆਨ ਚੱਲੇਗੀ।
ਬੱਸਾਂ ਦੀ ਸ਼ੁਰੂਆਤ ਕਰਨ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਰਹੱਦੀ ਖੇਤਰ ਦੇ ਵਸਨੀਕਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਸਰਹੱਦੀ ਖੇਤਰ ਤੋਂ ਦੂਜੇ ਰਾਜਾਂ ਅਤੇ ਸੂਬੇ ਅੰਦਰ ਕਈ ਸਿੱਧੀਆਂ ਬੱਸਾਂ ਦੇ ਰੂਟ ਸ਼ੁਰੂ ਕੀਤੇ ਹਨ। ਇਸ ਉਪਰਾਲੇ ਤਹਿਤ ਇਸ ਤੋਂ ਪਹਿਲਾਂ ਪੱਟੀ ਤੋਂ ਸ਼ਿਮਲਾ ਲਈ ਸਿੱਧੀ ਬੱਸ ਸ਼ੁਰੂ ਕੀਤੀ ਗਈ ਸੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੱਟੀ ਡਿਪੂ ਦੀ ਨਵੀਂ ਬੱਸ ਖੇਮਕਰਨ ਬੱਸ ਸਟੈਂਡ ਤੋਂ ਸਵੇਰੇ 4:45 ਵਜੇ ਰਵਾਨਾ ਹੋਵੇਗੀ ਅਤੇ ਭਿੱਖੀਵਿੰਡ, ਪੱਟੀ, ਮੋਗਾ ਅਤੇ ਲੁਧਿਆਣਾ ਤੋਂ ਹੁੰਦੀ ਹੋਈ 11:30 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਬੱਸ ਆਈ.ਐਸ.ਬੀ.ਟੀ. ਚੰਡੀਗੜ੍ਹ ਤੋਂ ਸਵੇਰੇ 11:50 ਵਜੇ ਵਾਪਸ ਮੁੜੇਗੀ ਅਤੇ ਉਸੇ ਰਸਤੇ ਰਾਹੀਂ ਸ਼ਾਮ 7:30 ਵਜੇ ਖੇਮਕਰਨ ਪਹੁੰਚੇਗੀ। ਇਸ ਬੱਸ ਦਾ ਇਕ ਤਰਫ਼ਾ ਕਿਰਾਇਆ 360 ਰੁਪਏ ਨਿਰਧਾਰਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਤਰਨ ਤਾਰਨ ਡਿਪੂ ਦੀ ਦੂਜੀ ਬੱਸ ਤਰਨ ਤਾਰਨ ਬੱਸ ਸਟੈਂਡ ਤੋਂ ਸਵੇਰੇ 5:40 ਵਜੇ ਰਵਾਨਾ ਹੋਵੇਗੀ ਅਤੇ ਝਬਾਲ, ਠੱਠਾ (ਬਾਬਾ ਬੁੱਢਾ ਸਾਹਿਬ), ਅੰਮ੍ਰਿਤਸਰ, ਹਰੀਕੇ, ਮੱਖੂ ਅਤੇ ਜ਼ੀਰਾ ਤੋਂ ਹੁੰਦੀ ਹੋਈ ਦੁਪਹਿਰ 12:00 ਵਜੇ ਸ੍ਰੀ ਮੁਕਤਸਰ ਸਾਹਿਬ ਪਹੁੰਚੇਗੀ, ਜੋ ਸ੍ਰੀ ਮੁਕਤਸਰ ਸਾਹਿਬ ਤੋਂ ਦੁਪਹਿਰ 12:35 ‘ਤੇ ਵਾਪਸੀ ਕਰਦਿਆਂ ਉਸੇ ਰੂਟ ਰਾਹੀਂ ਸ਼ਾਮ 5:40 ਵਜੇ ਤਰਨ ਤਾਰਨ ਪਹੁੰਚੇਗੀ। ਇਸ ਬੱਸ ਦਾ ਇਕ ਤਰਫ਼ਾ ਕਿਰਾਇਆ 255 ਰੁਪਏ ਹੈ।
ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਰੋਡਵੇਜ਼/ਪਨਬੱਸ ਦਾ ਮਾਲੀਆ ਨਿਰੰਤਰ ਵਾਧੇ ਵੱਲ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸ਼ਹਿਰਾਂ ਤੋਂ ਵੀ ਬੱਸਾਂ ਚਲਾਈਆਂ ਜਾਣਗੀਆਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਲੋਕਾਂ ਦੀ ਮੰਗ ਦੇ ਆਧਾਰ ‘ਤੇ ਬੱਸ ਰੂਟ ਬਣਾਉਣ ਤਾਂ ਜੋ ਲੋਕਾਂ ਲਈ ਸਸਤੀ ਅਤੇ ਆਰਾਮਦਾਇਕ ਬੱਸ ਸੇਵਾ ਯਕੀਨੀ ਬਣਾਈ ਜਾ ਸਕੇ। ਸ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਪਾਰਦਰਸ਼ੀ ਅਤੇ ਕੁਸ਼ਲ ਨੀਤੀਆਂ ਸਦਕਾ ਟਰਾਂਸਪੋਰਟ ਵਿਭਾਗ ਤਰੱਕੀ ਦੀਆਂ ਰਾਹਾਂ ‘ਤੇ ਹੈ। ਮਾਨ ਸਰਕਾਰ ਨੇ ਪੰਜਾਬ ਤੋਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਬਹੁਤ ਹੀ ਸਸਤੇ ਕਿਰਾਏ ‘ਤੇ ਲਗ਼ਜ਼ਰੀ ਵਾਲਵੋ ਬੱਸ ਸੇਵਾ ਸ਼ੁਰੂ ਕੀਤੀ ਹੈ ਅਤੇ ਇਸ ਸਮੇਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਲਗਭਗ 25 ਬੱਸਾਂ ਚੱਲ ਰਹੀਆਂ ਹਨ।

Related posts

ਅਮਿਤ ਸ਼ਾਹ ਅਤੇ ਭਗਵੰਤ ਮਾਨ ‘ਇਕੱਠੇ’ ; ਚੋਣਾਂ ਤੋਂ ਬਾਅਦ ਭਾਜਪਾ ਦੀ ਮਦਦ ਨਾਲ ਭਗਵੰਤ ਮਾਨ ਬਣਾਉਣਗੇ ‘ਆਪ’ ਪੰਜਾਬ ਪਾਰਟੀ  *ਰਾਮਪੁਰਾ ਫੂਲ ਦੀ ਚੋਣ ਰੈਲੀ ਚੋਂ ਮਲੂਕਾ ਨਦਾਰਦ

editor

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ

editor

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor