Articles

ਤਕਨੀਕੀ ਵਿਕਾਸ ਬਨਾਮ ਆਰਥਿਕ ਪਛੜੇਵਾਂ !

ਲੇਖਕ: ਪ੍ਰੋ. ਗੁਰਵੀਰ ਸਿੰਘ ਸਰੌਦ, ਮਲੇਰਕੋਟਲਾ

ਭਾਰਤ ਇੱਕ ਉੱਭਰ ਰਹੇ ਤੇ ਵਿਕਾਸਸ਼ੀਲ ਦੇਸ਼ਾਂ ਵਿੱਚੋਂ ਇੱਕ ਹੈ । ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਢਾਂਚਾ ਤੇ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾਵਾਂ ਪਿੱਛੋਂ ਇੱਕ ।  ਅੰਕੜੇ ਦੱਸਦੇ ਹਨ ਕਿ 2020 ਵਿੱਚ 5 ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ।  2025 ਤੱਕ ਚੀਨ ਤੇ ਅਮਰੀਕਾ ਤੋਂ ਬਾਅਦ ਤੀਜੀ ਸਭ ਤੋਂ ਵੱਡੀ ਵਿਸ਼ਵ ਅਰਥਵਿਵਸਥਾ ਬਣਨ ਦਾ ਅਨੁਮਾਨ ਹੈ । 2016 ਵਿੱਚ ਭਾਰਤ ਦੀ ਆਬਾਦੀ ਲਗਪਗ 1.3 ਬਿਲੀਅਨ ਸੀ।  ਹਾਲ ਹੀ ਵਿੱਚ ਸੰਯੁਕਤ ਰਾਸ਼ਟਰ (ਯੂ.ਐਨ.ਓ ) ਦੀ ਇੱਕ ਰਿਪੋਰਟ ਵਿੱਚ ਭਵਿੱਖਬਾਣੀ ਕੀਤੀ ਗਈ ਹੈ। ਕਿ ਭਾਰਤ 2022 ਵਿੱਚ  ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਨੂੰ ਪਛਾਡ਼ ਦੇਵੇਗਾ। ਹਾਲਾਂਕਿ ਇਸ ਦੇ ਤੇਜ਼ ਵਾਧੇ ਦੇ ਬਾਵਜੂਦ ਭਾਰਤ ਵਿੱਚ ਗ਼ਰੀਬੀ ਵਿਆਪਕ ਹੈ। ” ਦੀ ਮਨੁੱਖੀ ਵਿਕਾਸ ਸੂਚਕਾਂਕ” (ਐਚ.ਡੀ.ਆਈ) ਭਾਰਤ ਨੂੰ ਇੱਕ 187 ਦੇਸ਼ਾਂ ਵਿੱਚੋਂ 136 ਵੇਂ ਸਥਾਨ ਤੇ ਰੱਖਿਆ ਗਿਆ ਹੈ। ਦੇਸ਼ ਦੀ 25% ਆਬਾਦੀ ਅਜੇ ਵੀ 1.25 ਅਮਰੀਕੀ ਡਾਲਰ ਪ੍ਰਤੀ ਦਿਨ ਤੋਂ ਵੀ ਘੱਟ ਤੇ ਗੁਜ਼ਾਰਾ ਕਰਦੀ ਹੈ।

ਇਹ ਠੀਕ ਹੈ ਕਿ ਸਾਡੇ ਦੇਸ਼ ਵਿਚ ਤਕਨੀਕ ਨੇ ਬਹੁਤ ਉੱਨਤੀ ਕੀਤੀ ਹੈ। ਅਸੀਂ ਮੰਗਲ ਗ੍ਰਹਿ ਤਕ ਪੁੱਜ ਗਏ ਹਾਂ, ਅਸਮਾਨ ਵਿੱਚ ਸਾਡੇ ਆਪਣੇ ਉਪਗ੍ਰਹਿ ਉੱਡ ਰਹੇ ਹਨ। ਪਰ ਸਾਡਾ ਧਰਤੀ ਉਪਰਲਾ ਤਕਨੀਕੀ ਵਿਕਾਸ ਤੇ ਉਦਯੋਗ ਲੋਕਾਂ ਦਾ ਜੀਵਨ ਪੱਧਰ ਅਜੇ ਵੀ ਬਹੁਤ ਪਛੜਿਆ ਹੈ।  ਸਾਡੇ ਦੇਸ਼ ਵਿਚ ਖਾਦਾਂ,ਸੀਮਿੰਟ, ਲੋਹਾ, ਬਿਜਲੀ ਦਾ ਸਾਮਾਨ, ਸੰਚਾਰ, ਪੈਟਰੋਲੀਅਮ ਵਸਤਾਂ ਤੇ ਕਾਰਾਂ ਮੋਟਰਾਂ ਆਦਿ ਦੇ ਨਿਰਮਾਣ ਵਿੱਚ ਵਾਧਾ ਹੋਇਆ ਹੈ। ਦੇਸ਼ ਦੀਆਂ ਆਯਾਤਾਂ ਤੇ ਮਾਮਲੇ ਵਿੱਚ ਵਿਦੇਸ਼ਾਂ ਉੱਪਰ ਨਿਰਭਰਤਾ ਘਟੀ ਹੈ। ਫਲਸਰੂਪ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਏ ਹਨ। ਪ੍ਰੰਤੂ ਸਾਡੇ ਉਤਪਾਦਨਾਂ ਵਿਚ ਗੁਣਵੱਤਾ ਦੀ ਕਮੀ ਹੈ।  ਜਿਸ ਕਰਕੇ ਸਾਡਾ  ਅੰਤਰਰਾਸ਼ਟਰੀ ਮੰਡੀ ਵਿੱਚ ਮੁਕਾਬਲੇ ਪਿੱਛੇ ਰਹਿ ਜਾਂਦਾ ਹੈ, ਨਾਲ ਹੀ ਖੇਤੀ ਖੇਤਰ ਵਿੱਚ ਨਵੀਆਂ ਤਕਨੀਕਾਂ ਤੇ ਉਦਯੋਗੀਕਰਨ ਨੂੰ ਬਹੁਤ ਘੱਟ ਅਪਨਾਇਆ ਜਾ ਸਕਿਆ ਹੈ। ਜਿਸ ਕਰਕੇ ਸਾਡੇ ਦੇਸ਼ ਦੇ ਤਕਨੀਕੀ ਵਿਕਾਸ ਦਾ ਫ਼ਾਇਦਾ ਆਮ ਲੋਕਾਂ ਨੂੰ ਨਹੀਂ ਹੋ ਸਕਿਆ ।

ਗੱਲ ਸੋਚਣ ਵਾਲੀ ਇਹ ਹੈ। ਕਿ ਜੇਕਰ ਸਾਡਾ ਦੇਸ਼ ਅੰਕੜਿਆਂ ਮੁਤਾਬਿਕ  ਤੇ ਵਿਕਸਤ ਹੋਣ ਵੱਲ ਵਧ ਰਿਹਾ ਹੈ। ਪਰ ਜ਼ਮੀਨੀ ਪੱਧਰ ਤੇ ਆਮ ਲੋਕਾਂ ਦੇ ਹਾਲਾਤ ਦਿਨ ਬ ਦਿਨ ਬਦਤਰ ਹੋ ਰਹੇ ਹਨ। ਉਨ੍ਹਾਂ ਨੂੰ ਆਪਣਾ ਤੇ ਪਰਿਵਾਰ ਦਾ ਗੁਜ਼ਾਰਾ  ਕਰਨਾ ਬੜਾ ਮੁਸ਼ਕਲ ਹੋ ਰਿਹਾ ਹੈ। ਕਿਧਰੇ ਦੇਸ਼ ਦਾ ਵਿਕਾਸ ਕੁਝ ਕੁ ਹੱਥਾਂ ਤਕ ਤਾਂ ਹੀ ਸੀਮਤ ਨਹੀਂ ਰਹਿ ਰਿਹਾ ? ਕਿਉਂਕਿ “ਔਕਸਫੋਮ” ਦੀ ਰਿਪੋਰਟ ਮੁਤਾਬਿਕ  ਸਾਡੇ ਦੇਸ਼ ਦੇ 1% ਸਰਮਾਏਦਾਰਾਂ ਕੋਲ 70%ਆਬਾਦੀ ਅਰਥਾਤ 95.3 ਕਰੋਡ਼ ਲੋਕਾਂ ਦੀ ਇਕੱਠੀ ਸੰਪਤੀ ਤੋਂ ਚਾਰ ਗੁਣਾ ਵੱਧ ਸੰਪਤੀ ਇਕੱਠੀ ਹੋ ਚੁੱਕੀ ਹੈ। 63 ਸਭ ਤੋਂ ਧਨੀ ਅਰਬਪਤੀਆਂ ਦੇ ਹੱਥਾਂ ਵਿੱਚ ਭਾਰਤ ਦੇ ਇਕ ਸਾਲ ਦਾ ਬਜਟ ਤੋਂ ਵੀ ਵੱਧ  ਧਨ ਜਮ੍ਹਾਂ ਹੋ ਚੁੱਕਾ ਹੈ। ਪਿਛਲੇ ਦਹਾਕੇ ਸਾਡੇ ਦੇਸ਼ ਵਿੱਚ ਅਰਬਪਤੀਆਂ ਦੀ ਗਿਣਤੀ ਦੁੱਗਣੀ ਹੋਈ ਹੈ। ਇਨ੍ਹਾਂ ਕੋਲ ਜਿਹੜਾ ਇੰਨਾ ਪੈਸਾ ਇਕੱਠਾ ਹੋਇਆ ਹੈ।  ਇਹ ਆਮ ਲੋਕਾਂ ਦੀਆਂ ਜੇਬਾਂ ਵਿੱਚੋਂ ਨਿਕਲ ਕੇ ਹੀ ਗਿਆ ਹੈ। ਇਸ ਤਰ੍ਹਾਂ ਜੇਕਰ ਇਹ ਅਰਬਪਤੀ ਬਣੇ ਹਨ ਤਾਂ ਆਮ ਲੋਕ ਸਮਾਜਿਕ  ਤੇ ਆਰਥਿਕ ਤੌਰ ਤੇ ਕੰਗਾਲ  ਹੋਏ ਹਨ।  ਇਸ ਪ੍ਰਕਾਰ ਸਾਡੇ ਦੇਸ਼ ਦਾ ਤਕਨੀਕੀ ਤੇ ਉਦਯੋਗ ਵਿਕਾਸ ਕੁਝ ਅਰਬਪਤੀਆਂ ਦੇ ਮੁਨਾਫੇ ਤੇ ਟਿਕਿਆ ਹੋਇਆ ਹੈ । ਸਰਕਾਰ ਅੱਗੋਂ ਰੇਲਾਂ ਹਵਾਈ ਸਫ਼ਰ ,ਪੈਟਰੋਲੀਅਮ , ਸੰਚਾਰ ਸਾਧਨ , ਖੇਤੀਬਾੜੀ  । ਇਨ੍ਹਾਂ ਦੇ ਹੱਥਾਂ ਵਿਚ ਦੇਣ ਲਈ ਤਿਆਰ ਹੈ, ਫਲਸਰੂਪ ਸਾਡੇ ਸਮਾਜ ਵਿੱਚ ਅਮੀਰੀ ਗ਼ਰੀਬੀ ਦਾ ਪਾੜਾ ਘਟਦਾ ਨਹੀਂ ਦਿਸਦਾ।

ਦੇਸ਼ ਦੀ 70% ਆਬਾਦੀ ਅੱਜ ਵੀ ਮਹਿੰਗਾਈ ਦੀ ਮਾਰ ਝੱਲ ਰਹੀ ਹੈ।  ਰੋਜ਼ਮਰ੍ਹਾ ਦੀਆਂ ਲੋੜਾਂ ਦੀ ਪੂਰਤੀ ਮੁਸ਼ਕਿਲ ਨਾਲ ਹੋ ਰਹੀ ਹੈ।  ਕਿਸਾਨੀ ਵਰਗ ਦੀ ਗੱਲ ਕਰੀਏ ਤਾਂ ਖੇਤੀ ਕਾਨੂੰਨਾਂ ਖ਼ਿਲਾਫ਼ ਚਲਦਿਆਂ ਸ਼ੰਘਰਸ਼ ਨੂੰ ਇਕ ਸਾਲ ਹੋ ਗਿਆ ਹੈ। ਅਜਿਹੇ ਸਮੇਂ ਖੁਦ ਦੇਸ਼ ਦਾ ਢਿੱਡ ਭਰਨ ਵਾਲਾ ਸੜਕਾਂ ਤੇ ਰੁਲ ਰਿਹਾ ਹੈ। ਕਿਉਂਕਿ  ਉਸ ਨੂੰ ਆਪਣੀਆਂ ਜਿਨਸਾਂ ਦਾ  ਪੂਰਾ ਮੁੱਲ ਨਾ ਮਿਲਣਾ ਅਤੇ ਆਪਣੀ ਹੱਥੋਂ ਖੇਤੀਬਾਡ਼ੀ ਖੁੱਸ ਜਾਣ ਦਾ ਡਰ ਸਤਾ ਰਿਹਾ ਹੈ। ਸਰਕਾਰ ਖੇਤੀਬਾਡ਼ੀ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰ ਰਹੀ ਹੈ ਤਾਂ ਕਿਸਾਨੀ ਤਾਂ ਪਹਿਲਾਂ ਹੀ ਹਾਸ਼ੀਏ ਤੇ ਪਹੁੰਚ ਚੁੱਕੀ ਹੈ । ਅਜਿਹੇ ਨਾਜ਼ੁਕ ਸਮੇਂ ਤਕਨੀਕੀ ਵਿਕਾਸ ਤਾਂ ਕੀ ਹੋਣਾ ? ਉਨ੍ਹਾਂ ਲਈ ਤਾਂ ਆਪਣਾ ਢਿੱਡ ਭਰਨਾ ਤੇ ਨਿੱਕੇ ਮੋਟੇ ਕਰਜ਼ੇ ਤੋਂ ਛੁਟਕਾਰਾ ਪਾਉਣਾ ਵੀ ਮੁਸ਼ਕਿਲ ਹੋ ਚੁੱਕਾ ਹੈ।  ਰਸਾਇਣਿਕ ਖਾਦਾਂ  ਦਾ ਸਮੇਂ ਸਿਰ ਨਾ ਮਿਲਣਾ ਬਾਅਦ ਵਿੱਚ  ਕਾਲ-ਬਾਜ਼ਾਰੀ ਹੋਣਾ,  ਸਪਰੇਹਾਂ ਤੇ ਬੀਜਾਂ ਦਾ ਨਕਲੀ ਨਿਕਲਣਾ, ਆਦਿ ਇਹ ਉਹ ਕਾਰਕ ਹਨ । ਜੋ ਖੇਤੀ ਖੇਤਰ ਨੂੰ ਘੁਣ ਵਾਂਗ ਲੱਗ ਚੁੱਕੇ ਹਨ।  ਜੋ  ਛੋਟੀ ਖੇਤੀ ਨੂੰ ਭਸਮ ਕਰਦੇ  ਹੋਏ, ਆਪ ਖ਼ੁਦ ਮਾਲਾਮਾਲ ਹੋ ਰਹੇ ਹਨ। ਰਸਾਇਣਕ ਖਾਦਾਂ ਨੇ ਸਿਰਫ਼ ਕਿਸਾਨ ਹੀ ਨਹੀਂ ਆਰਥਿਕ ਤੌਰ ਤੇ ਕੰਗਾਲ ਕੀਤਾ, ਬਲਕਿ ਪੂਰੇ ਵਾਤਾਵਰਨ ਨੂੰ ਦੂਸ਼ਿਤ ਕਰਨ ਵਿਚ ਅਹਿਮ ਰੋਲ ਅਦਾ ਕੀਤਾ ਹੈ। ਜਿਸ ਕਾਰਨ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਨੇ ਜਨਮ ਲਿਆ ਹੈ । ਹਰੀ ਕ੍ਰਾਂਤੀ ਆਉਣ ਨਾਲ ਭਾਰਤ ਵਿੱਚ ਅਨਾਜ ਦੀ ਕਮੀ ਤਾਂ ਪੂਰੀ ਹੋ ਗਈ। ਪਰ ਉਸ ਦੇ ਬਦਲੇ ਵਿੱਚ ਅਨੇਕਾਂ ਅਲਾਮਤਾਂ ਪੱਕੇ ਤੌਰ ਤੇ ਸਾਡੇ ਵਾਤਾਵਰਨ    ਨੇ  ਜਜ਼ਬ ਕਰ ਲਈਆਂ ।

12 ਅਕਤੂਬਰ 2014 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ “ਸਵੱਛ ਭਾਰਤ” ਮਿਸ਼ਨ ਦਾ ਨਾਅਰਾ ਲਗਾਇਆ ਗਿਆ । ਸਫ਼ਾਈ ਲਈ ਲੋਕ ਲਹਿਰ ਦੀ ਅਗਵਾਈ ਕਰਦਿਆਂ, ਉਨ੍ਹਾਂ ਮਹਾਤਮਾ ਗਾਂਧੀ ਦਾ ਇੱਕ ਸਾਫ਼ ਤੇ ਅਰੋਗ ਭਾਰਤ ਦਾ ਸੁਪਨਾ ਸਾਕਾਰ ਕਰਨ ਲਈ  ਆਮ ਜਨਤਾ ਨੂੰ ਪ੍ਰੇਰਿਆ, ਅਤੇ  “ਨਾ ਗੰਦਗੀ ਕਰਾਂਗੇ ਨਾ, ਨਾ ਕਰਨੇ ਦੇਂਗੇ” ਦਾ ਮੰਤਰ ਦਿੱਤਾ ਸ਼ੁਰੂਆਤੀ ਦੌਰ ਵਿੱਚ ਤਾਂ ਸਵੱਛਤਾ ਅਭਿਆਨ ਅਭਿਆਨ ਰਾਸ਼ਟਰੀ ਲਹਿਰ ਤਹਿਤ ਸਰਕਾਰੀ,  ਗੈਰ ਸਰਕਾਰੀ ਕਰਮਚਾਰੀਆਂ ਤੇ ਆਮ ਲੋਕਾਂ ਨੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਾ ਸ਼ੁਰੂ ਕੀਤਾ ਪਰ ਇੱਕ ਸਮਾਂ ਸਥਾਈ ਨਾ ਰਿਹਾ। ਅਫ਼ਸੋਸ !  ਅਸੀਂ ਭਾਰਤੀ  ਜਲਦੀ ਭੁੱਲ ਜਾਂਦੇ ਹਾਂ। ਹੁਣ ਗੰਦਗੀ ਦਾ ਉਹੀ ਹਾਲ ਹੈ। ਵੈਸੇ ਵੀ ਇਹ ਸਿੱਕੇ ਦਾ ਇੱਕ ਪਹਿਲੂ ਹੈ, ਦੂਜਾ ਪਹਿਲੂ ਉਹ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਜੋ ਆਪਣੀ ਜ਼ਿੰਦਗੀ ਬੜੀ ਗੰਦਗੀ ਵਿੱਚ ਬਸਰ ਕਰ ਰਹੇ ਹਨ । ਉਨ੍ਹਾਂ  ਨੂੰ ਅਨੇਕਾਂ ਹੀ ਬਿਮਾਰੀਆਂ ਇਨ੍ਹਾਂ ਗੰਦਗੀ ਦੀ ਵਜ੍ਹਾ ਕਰਕੇ ਹੀ ਲੱਗ ਰਹੀਆਂ ਹਨ।   ਅਫ਼ਸੋਸ ! ਸਾਡੇ ਦੇਸ਼ ਵਿੱਚ ਸਰਕਾਰੀ ਸਹੂਲਤਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ । ਇਨ੍ਹਾਂ ਰੁਕਾਵਟਾਂ ਕਰਕੇ ਹੀ ਨੀਵੀਂ ਪੱਧਰ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ  ਰਹਿ ਜਾਂਦੇ ਹਨ।

“ਸਿਹਤ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ” ਖੋਜੀ  ਗਰੁੱਪ ਮੁਤਾਬਿਕ ਕੋਰੋਨਾ  ਕਾਲ ਦੌਰਾਨ 1 ਕਰੋੜ 89 ਲੱਖ ਤਨਖ਼ਾਹਦਾਰ ਲੋਕ ਬੇਰੁਜ਼ਗਾਰ ਹੋਏ ਸਨ। ਅਜਿਹੇ ਸਮੇਂ ਕਿੰਨੇ ਹੀ ਲੋਕਾਂ ਦਾ ਚੁੱਲ੍ਹਾ ਗੁੱਲ ਹੋਇਆ ਹੋਵੇਗਾ। ਰੁਜ਼ਗਾਰ ਦੇ ਵਸੀਲੇ ਤਾਂ ਪਹਿਲਾਂ ਹੀ ਅਸੀਂ ਪੈਦਾ ਕਰਨ ਵਿੱਚ ਜੱਦੋ ਜਹਿਦ ਹਾਂ।ਇਸ ਕਸ਼ਮ-ਕਸ਼ ਦੇ ਚਲਦਿਆਂ  ਭਾਰਤੀ ਨੌਜਵਾਨ ਵਰਗ ਲਈ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦਾ ਨਾ ਮਿਲਣਾ ਹੈ।  ਸ਼ਾਇਦ ਅੱਜ ਪਰਵਾਸ ਸ਼ਬਦ ਦਾ ਜਨਮ ਵੀ ਇਸੇ ਕਮਜ਼ੋਰੀ ਕਾਰਨ ਪ੍ਰਫੁੱਲਤ ਹੋਇਆ ਜਾਪਦਾ ਹੈ।

ਭੁੱਖਮਰੀ ਦੀ ਸਥਿਤੀ ਤਾਂ “ਗਲੋਬਲ ਭੁੱਖਮਰੀ” ਅੰਕੜਿਆਂ ਨੇ ਜੱਗ ਜ਼ਾਹਰ ਕਰ ਦਿੱਤੀ ਹੈ । ਕਿਉਂਕਿ ਅੰਕੜਿਆਂ ਮੁਤਾਬਿਕ ਭਾਰਤ ਇਸ ਸਮੇਂ ਦੁਨੀਆਂ ਦੇ 116 ਦੇਸ਼ਾਂ ਵਿਚੋਂ ਭੁੱਖਮਰੀ ਵਿਚੋਂ  101ਵੇਂ ਸਥਾਨ ਤੇ ਹੈ। ਕੋਰੋਨਾ ਕਾਲ ਦੌਰਾਨ ਤਾਂ ਵਿਕਸਤ ਦੇਸ਼ ਵੀ ਸਿਹਤ ਸਹੂਲਤਾਂ ਦੇਣ ਵਿੱਚ ਅਸਮਰੱਥ ਹੋ ਚੁੱਕੇ ਸਨ। ਪਰ ਸਾਡਾ ਮੁਲਕ ਵਿੱਚ ਤਾਂ ਰੋਜ਼ਾਨਾ ਹੀ ਸਿਹਤ ਸਹੂਲਤਾਂ ਦੀ ਕਮੀ ਪੱਖੋਂ ਸੈਂਕੜੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਸਰਕਾਰੀ ਹਸਪਤਾਲਾਂ ਦੀ ਹਾਲਤ ਵਧੀਆ ਨਾ ਹੋਣ ਕਾਰਨ ਨਿੱਜੀ ਹਸਪਤਾਲਾਂ ਵਿੱਚ ਇਲਾਜ ਹਰੇਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਰਿਹਾ। ਇਸ ਸਭ ਦੇ ਚਲਦਿਆਂ  ਅਮੀਰੀ ਗ਼ਰੀਬੀ ਦਾ ਪਾੜਾ ਦਿਨ ਬ ਦਿਨ ਵਧਦਾ ਜਾ ਰਿਹਾ ਹੈ।  ਗ਼ਰੀਬ ਦਿਨੋਂ ਦਿਨ ਗ਼ਰੀਬ ਹੁੰਦਾ ਜਾ ਰਿਹਾ ਹੈ, ਅਮੀਰ ਦਿਨੋਂ ਦਿਨ ਅਮੀਰ ।  ਇਸ ਤੋਂ ਇਲਾਵਾ ਰਿਸ਼ਵਤਖੋਰੀ, ਭ੍ਰਿਸ਼ਟਾਚਾਰ,  ਮਿਲਾਵਟਖੋਰੀ, ਕਾਲ ਬਾਜ਼ਾਰੀ, ਦਿਨ ਦਿਹਾੜੇ ਹੁੰਦੇ ਕਤਲੋਗਰਾਤ ਆਦਿ ਵਿਕਾਸਸ਼ੀਲ ਦੇਸ਼ ਲਈ ਬਹੁਤ ਵੱਡੀਆਂ ਚੁਣੌਤੀਆਂ ਹਨ। ਜੋ ਭਵਿੱਖ ਵੱਲ ਵੇਖਦਿਆਂ ਦਿਨ ਬ ਦਿਨ  ਵਧਦੀਆਂ ਨਜ਼ਰ ਆ ਰਹੀਆਂ ਹਨ। ਸੋ ਅਜਿਹੇ ਸਮੇਂ ਆਮ ਵਰਗ ਦੇ  ਅੱਛੇ ਦਿਨ ਇੱਕ ਕਲਪਨਾ ਹੀ ਹੋ ਸਕਦੇ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin