India

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਲਾਰੈਂਸ ਬਿਸ਼ਨੋਈ ਨੂੰ ਫਿਰ ਭੇਜਿਆ ਚਾਰ ਦਿਨ ਦੇ ਰਿਮਾਂਡ ‘ਤੇ

ਨਵੀਂ ਦਿੱਲੀ – ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਸੁਰਖੀਆਂ ਵਿੱਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਸਲਾ ਐਕਟ ਕੇਸ ਵਿੱਚ ਵੱਡਾ ਝਟਕਾ ਲੱਗਾ ਹੈ। ਪੰਜਾਬ ਆਰਮਜ਼ ਐਕਟ ਦੇ ਇੱਕ ਪੁਰਾਣੇ ਮਾਮਲੇ ਵਿੱਚ ਅੱਜ ਯਾਨੀ ਸ਼ੁੱਕਰਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਲਾਰੈਂਸ ਬਿਸ਼ਨੋਈ ਨੂੰ ਚਾਰ ਦਿਨਾਂ ਲਈ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਹੈ। ਲਾਰੈਂਸ ਬਿਸ਼ਨੋਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ’ਚ ਦਿੱਲੀ ਪੁਲਿਸ ਸਾਊਥ ਰੇਂਜ ਦੇ ਵਿਸ਼ੇਸ਼ ਸੈੱਲ ਨੇ ਬਿਸ਼ਨੋਈ ਦੀ ਚਾਰ ਦਿਨਾਂ ਦੀ ਕਸਟਡੀ ਮੰਗੀ। ਸੁਣਵਾਈ ਦੌਰਾਨ ਪੁਲਿਸ ਨੇ ਬਿਸ਼ਨੋਈ ਤੋਂ 20 ਮਿੰਟ ਤੱਕ ਪੁੱਛਗਿੱਛ ਕੀਤੀ ਅਤੇ ਫਿਰ ਅਦਾਲਤ ਨੇ ਉਸ ਨੂੰ ਪੁਲਿਸ ਹਿਰਾਸਤ ’ਚ ਭੇਜ ਦਿੱਤਾ। ਪੁਲਿਸ ਮੁਤਾਬਕ ਪੰਜਾਬ ਦੇ ਇੱਕ ਮਾਮਲੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਪੁਲਿਸ ਨੂੰ ਦੱਸਿਆ ਸੀ ਕਿ ਲਾਰੈਂਸ ਬਿਸ਼ਨੋਈ ਨੇ ਉਸ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਹਥਿਆਰ ਦਿੱਤੇ ਸਨ। ਭਗਵਾਨਪੁਰੀਆ ਫਿਲਹਾਲ ਜੇਲ੍ਹ ਵਿੱਚ ਬੰਦ ਹੈ। ਦਿੱਲੀ ਪੁਲਿਸ ਇਸ ਮਾਮਲੇ ਵਿੱਚ ਬਿਸ਼ਨੋਈ ਤੋਂ
ਪੁੱਛਗਿੱਛ ਕਰਨਾ ਚਾਹੁੰਦੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਮੰਗ ’ਤੇ ਪਟਿਆਲਾ ਹਾਊਸ ਕੋਰਟ ਨੇ ਲਾਰੇਂਸ ਬਿਸ਼ਨੋਈ ਦੇ ਪੁਲਿਸ ਰਿਮਾਂਡ ਵਿੱਚ 5 ਦਿਨ ਦਾ ਵਾਧਾ ਕੀਤਾ ਸੀ। ਪੁਲਿਸ ਨੇ ਅਦਾਲਤ ਨੂੰ ਬਿਸ਼ਨੋਈ ਤੋਂ ਹੋਰ ਪੁੱਛਗਿੱਛ ਕਰਨ ਦੀ ਲੋੜ ਦੱਸੀ ਸੀ ਤਾਂ ਜੋ ਅਸਲਾ ਐਕਟ ਤਹਿਤ ਹੋਰ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ। ਪਿਛਲੀ ਸੁਣਵਾਈ ’ਚ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਗਿਰੋਹ ਦੇ ਹੋਰ ਮੈਂਬਰਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਗਈ ਸੀ, ਪਰ ਉਹ ਨਹੀਂ ਮਿਲੇ ਸਨ। ਇਸ ਵੇਲੇ ਦੂਜੇ ਰਾਜਾਂ ਵਿੱਚ ਭਾਲ ਦੀ ਲੋੜ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਲਤ ਨੂੰ ਦੱਸਿਆ ਕਿ ਆਰਮਜ਼ ਐਕਟ ਮਾਮਲੇ ਵਿੱਚ ਪੁੱਛਗਿੱਛ ਦੌਰਾਨ ਤਿੰਨ ਨਾਮ ਸਾਹਮਣੇ ਆਏ ਹਨ, ਉਨ੍ਹਾਂ ਦੀ ਭਾਲ ਕੀਤੀ ਜਾਣੀ ਹੈ। ਸਪੈਸ਼ਲ ਸੈੱਲ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਉਹ ਬਿਸ਼ਨੋਈ ਨੂੰ ਪੰਜਾਬ ਨਹੀਂ ਲੈ ਕੇ ਜਾ ਰਹੇ ਹਨ। ਉਹ ਜੋ ਪੰਜਾਬ ਨਾਲ ਜੁੜੀ ਜਾਣਕਾਰੀ ਦੇ ਰਿਹਾ ਹੈ, ਉਹ ਪੰਜਾਬ ਪੁਲਿਸ ਨਾਲ ਸਾਂਝੀ ਕੀਤੀ ਜਾ ਰਹੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਥਾਰ ਜੀਪ ’ਚ ਸਵਾਰ ਹੋ ਕੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ। ਉਨ੍ਹਾਂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਤੇ ਕੈਨੇਡਾ ਰਹਿੰਦੇ ਗੋਲਡੀ ਬਰਾੜ ਨੇ ਲਈ। ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪੁਲਿਸ ਦੇ ਹੱਥ ਹਾਲੇ ਤਕ ਕੋਈ ਵੱਡੀ ਕਾਮਯਾਬੀ ਨਹੀਂ ਲੱਗੀ ਹੈ।
ਕੇਕੜਾ ਦਾ ਵੱਡਾ ਖੁਲਾਸਾ, ਕਿਹਾ- ਮਹਿਜ਼ 15,000 ਰੁਪਏ ’ਚ ਕੀਤੀ ਸੀ ਸਿੱਧੂ ਮੂਸੇਵਾਲਾ ਦੀ ਰੇਕੀ“ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਇਸ ਕੜੀ ਵਿੱਚ ਫੜੇ ਗਏ ਨਸ਼ੇੜੀ ਸੰਦੀਪ ਕੇਕੜਾ ਨੇ ਪੰਜਾਬ ਪੁਲਿਸ ਦੇ ਸਾਹਮਣੇ ਵੱਡਾ ਖੁਲਾਸਾ ਕੀਤਾ ਹੈ। ਹਰਿਆਣਾ ਦੇ ਸਿਰਸਾ ਸਥਿਤ ਕਾਲਾਂਵਾਲੀ ਦੇ ਰਹਿਣ ਵਾਲੇ ਕੇਕੜੇ ਨੇ ਹੀ ਮੂਸੇਵਾਲਾ ਦੀ ਰੇਕੀ ਕੀਤੀ ਸੀ। ਕੇਕੜਾ ਨੇ ਦੱਸਿਆ ਕਿ ਮੂਸੇਵਾਲਾ ਦੀ ਰੇਕੀ ਦੇ ਬਦਲੇ ਉਸ ਨੂੰ ਸਿਰਫ਼ 15 ਹਜ਼ਾਰ ਰੁਪਏ ਮਿਲੇ ਸਨ । ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਤੋਂ ਰੇਕੀ ਕਰਵਾ ਕੇ ਮੂਸੇਵਾਲਾ ਦਾ ਕਤਲ ਕਰ ਦਿੱਤਾ ਜਾਵੇਗਾ । ਹਾਲਾਂਕਿ ਪੰਜਾਬ ਪੁਲਿਸ ਕੇਕੜੇ ਦੇ ਇਸ ਦਾਅਵੇ ’ਤੇ ਯਕੀਨ ਨਹੀਂ ਕਰ ਰਹੀ ਹੈ। ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਤਲ ਵਾਲੇ ਦਿਨ ਸੰਦੀਪ ਕੇਕੜਾ ਮੂਸੇਵਾਲਾ ਦੇ ਘਰ ਗਿਆ ਸੀ । ਉਸ ਨੇ ਉਥੇ ਚਾਹ ਪੀਤੀ। ਫਿਰ ਮੂਸੇਵਾਲਾ ਨਾਲ ਸੈਲਫੀ ਲਈ। ਇਸ ਤੋਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਸਾਰੀ ਜਾਣਕਾਰੀ ਦਿੱਤੀ। ਇਸ ਦੇ ਬਦਲੇ ਸ਼ਾਰਪ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਪ੍ਰਭਦੀਪ ਪੱਬੀ ਨੇ ਉਸ ਨੂੰ 15 ਹਜ਼ਾਰ ਰੁਪਏ ਦਿੱਤੇ। ਪੁਲਿਸ ਪੁੱਛਗਿੱਛ ਦੌਰਾਨ ਸੰਦੀਪ ਕੇਕੜਾ ਨੇ ਦੱਸਿਆ ਕਿ ਕਤਲ ਵਾਲੇ ਦਿਨ ਉਸ ਦੀ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ 13 ਵਾਰ ਗੱਲਬਾਤ ਹੋਈ ਸੀ । ਉਹ ਗੋਲਡੀ ਬਰਾੜ ਨੂੰ ਮੂਸੇਵਾਲਾ ਦੀ ਹਰ ਹਰਕਤ ਬਾਰੇ ਜਾਣਕਾਰੀ ਦਿੰਦਾ ਰਿਹਾ। ਉਸ ਨੇ ਗੋਲਡੀ ਨੂੰ ਦੱਸਿਆ ਕਿ ਮੂਸੇਵਾਲਾ ਬਿਨ੍ਹਾਂ ਗੰਨਮੈਨ ਦੇ ਜਾ ਰਿਹਾ ਸੀ। ਜਿਸ ਥਾਰ ਜੀਪ ਵਿੱਚ ਮੂਸੇਵਾਲਾ ਸਫ਼ਰ ਕਰ ਰਿਹਾ ਹੈ, ਉਹ ਬੁਲੇਟ ਪਰੂਫ਼ ਨਹੀਂ ਹੈ। ਮੂਸੇਵਾਲਾ ਨਾਲ 2 ਹੋਰ ਵਿਅਕਤੀ ਹਨ ਪਰ ਉਨ੍ਹਾਂ ਕੋਲ ਹਥਿਆਰ ਨਹੀਂ ਹਨ। ਹਾਲਾਂਕਿ, ਕੇਕੜਾ ਹੁਣ ਇਹ ਦਾਅਵਾ ਕਰ ਰਿਹਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਗੋਲਡੀ ਬਰਾੜ ਇੱਕ ਵੱਡਾ ਗੈਂਗਸਟਰ ਹੈ ਅਤੇ ਉਹ ਮੂਸੇਵਾਲਾ ਨੂੰ ਮਰਵਾਉਣ ਲਈ ਮੁਖਬਰੀ ਕਰਵਾ ਰਿਹਾ ਹੈ।
ਸਿੱਧੂ ਮੂਸੇਵਾਲਾ ’ਤੇ ਗੋਲੀਆਂ ਚਲਾਉਣ ਵਾਲੇ 8 ਸ਼ਾਰਪ ਸ਼ੂਟਰਾਂ ’ਚੋਂ ਇਕ ਬਠਿੰਡਾ ਦਾ ਰਾਣੂ ਪੁਲੀਸ ਹਿਰਾਸਤ ’ਚ : ਪੰਜਾਬ ਪੁਲੀਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਸ਼ਾਮਲ 8 ਸਾਰਪ ਸੂਟਰਾਂ ਵਿਚੋਂ ਇੱਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਸੂਤਰਾਂ ਅਨੁਸਾਰ ਬਠਿੰਡਾ ਦੇ ਰਹਿਣ ਵਾਲੇ ਹਰਕਮਲ ਰਾਣੂ ?ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪਤਾ ਲੱਗਿਆ ਹੈ ਕਿ ਹਰਕਮਲ ਰਾਣੂ ?ਨੂੰ ਉਸ ਦੇ ਪਰਿਵਾਰ ਵੱਲੋਂ ਹੀ ਪੁਲੀਸ ਕੋਲ ਪੇਸ਼ ਕੀਤਾ ਗਿਆ ਹੈ।ਹਰਕਮਲ ਦੇ ਦਾਦਾ ਗੁਰਚਰਨ ਸਿੰਘ ਨੇ ਕਿਹਾ, ‘ਪੁਲੀਸ ਨੂੰ ਸੌਂਪਣ ਤੋਂ ਪਹਿਲਾਂ ਉਸ ਨੇ ਹਰਕਮਲ ਨਾਲ ਗੱਲ ਕੀਤੀ ਸੀ ਪਰ ਉਸ ਦੇ ਪੋਤੇ ਨੇ ਸਪਸ਼ਟ ਕੀਤਾ ਸੀ ਕਿ ਉਸ ਦਾ ਇਸ ਮਾਮਲੇ ਨਾਲ ਕੋਈ ਲੈਣ-ਦੇਣ ਨਹੀਂ।’ ਮਾਨਸਾ ਪੁਲੀਸ ਨੇ ਮੁਖੀ ?ਗੌਰਵ? ਤੂਰਾ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
6 ਸ਼ੂਟਰਾਂ ਦੀ ਹੋਈ ਪਛਾਣ : ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਦਿੱਲੀ ਪੁਲਿਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਦਿੱਲੀ ਪੁਲਿਸ ਦੇ ਐੱਚ. ਜੀ. ਐੱਸ. ਧਾਲੀਵਾਲ, ਸਪੈਸ਼ਲ ਕਮਿਸ਼ਨਰ ਆਫ ਪੁਲਿਸ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਸਪੈਸ਼ਲ ਸੈੱਲ ਨੇ 6 ਸ਼ੂਟਰਾਂ ਦੀ ਪਛਾਣ ਕਰ ਲਈ ਹੈ। ਪੁਲਿਸ ਨੇ ਜਿਹੜੇ 8 ਸ਼ੱਕੀ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ, ਇਨ੍ਹਾਂ ’ਚੋਂ ਛੇ ਸ਼ੂਟਰਾਂ ’ਚੋਂ 4 ਦੀ ਭੂਮਿਕਾ ਕਨਫਰਮ ਕਰ ਲਈ ਗਈ ਹੈ ਤੇ ਬਾਕੀ 4 ਦੀ ਕੀ ਭੂਮਿਕਾ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਮਹਾਕਾਲ ਨੂੰ ਲੈ ਕੇ ਮਹਾਰਾਸ਼ਟਰ ਪੁਲਿਸ ਨਾਲ ਮਿਲ ਕੇ ਸਾਂਝੇ ਤੌਰ ’ਤੇ ਜਾਂਚ ਕੀਤੀ ਗਈ। ਉਸ ਜਾਂਚ ਤੋਂ ਸਾਫ ਹੋਇਆ ਕਿ ਮਹਾਰਾਸ਼ਟਰ ਮੈਡਿਊਲ ਦੇ ਦੋ ਸ਼ੂਟਰ ਸੰਤੋਸ਼ ਜਾਧਵ ਤੇ ਸੂਰਿਆਵੰਸ਼ੀ ਸਨ। ਮਹਾਕਾਲ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਸ਼ੂਟਰਾਂ ਨੂੰ 7 ਲੱਖ ਰੁਪਏ ਦਿੱਤੇ ਗਏ ਤੇ 50 ਹਜ਼ਾਰ ਰੁਪਏ ਉਸ ਨੂੰ ਇਨ੍ਹਾਂ ਸ਼ੂਟਰ ਮੁਹੱਈਆ ਕਰਵਾਉਣ ਲਈ ਮਿਲੇ। ਇਸ ਕੇਸ ਵਿਚ ਨਵਾਂ ਨਾਂ ਵਿਕਰਮ ਬਰਾੜ ਦਾ ਜੋੜਿਆ ਗਿਆ ਹੈ, ਜਿਸ ਨੇ ਸ਼ੂਟਰ ਆਰਗੇਨਾਈਜ਼ ਕਰਵਾਏ ਸਨ।

Related posts

ਕੇਰਲ ’ਚ ਡਾਕਟਰ ਨੇ ਬੱਚੇ ਦੀ ਉਂਗਲ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ, ਡਾਕਟਰ ਮੁਅੱਤਲ

editor

ਬੁਢਾਪੇ ਦਾ ਕਾਰਨ ਬਣਨ ਵਾਲੇ ‘ਜ਼ਾਂਬੀ ਸੈੱਲਜ਼’ ਨੂੰ ਮਾਰਨ ਵਾਲੀ ਦਵਾਈ ਵਿਕਸਿਤ

editor

ਮੁੰਬਈ: ਹੋਰਡਿੰਗ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਨੂੰ ਗਿ੍ਰਫ਼ਤਾਰ ਕਰਕੇ ਮੁੰਬਈ ਲਿਆਂਦਾ

editor