Story

ਨਮਕ ਹਰਾਮ

ਨਮਕ ਹਰਾਮੀ!! ਸਾਰਾ ਕੁਝ ਲੁੱਟ ਕੇ ਲੈ ਗਿਆ। ਤੁਹਾਡੀ ਨਾ ਇਹੀ ਆਦਤ ਮਾੜੀ ਏ। ਤੁਸੀਂ ਹਰ ਕਿਸੇ ਤੇ ਬਹੁਤ ਜਲਦੀ ਵਿਸ਼ਵਾਸ ਕਰ ਲੈਂਦੇ ਹੋ। ਕਿੰਨੀ ਵਾਰ ਕਿਹਾ ਸੀ ਕਿ ਇਸ ਦਾ ਅੱਗਾ ਪਿੱਛਾ ਪਤਾ ਕਰਵਾ ਲਓ। ਪਰ ਮਜਾਲ ਐ ਕੋਈ ਇਸ ਘਰ ਵਿੱਚ ਮੇਰੀ ਸੁਣਦਾ ਹੋਵੇ। ਪ੍ਰੀਤਮ ਕੌਰ ਬੋਲੀ ਜਾ ਰਹੀ ਸੀ ਤੇ ਸੁਰਿੰਦਰ ਸਿਰ ਸੁੱਟੀ ਸਭ ਚੁੱਪ ਚਾਪ ਸੁਣੀ ਜਾ ਰਿਹਾ ਸੀ।

ਦੋ ਕੁ ਸਾਲ ਪਹਿਲਾਂ ਦੀ ਹੀ ਤਾਂ ਗੱਲ ਹੈ ਜਦੋਂ ਉਹ ਟਿੰਕੂ ਨੂੰ ਉਸ ਢਾਬੇ ਤੋਂ ਸਿੱਧਾ ਘਰ ਲੈ ਆਇਆ ਸੀ ਜਿਸ ਦਾ ਮਾਲਕ ਉਸ ਨੂੰ ਬਹੁਤ ਬੁਰੀ ਤਰ੍ਹਾਂ ਕੁੱਟ ਰਿਹਾ ਸੀ। ਪੁੱਛਣ ਤੇ ਕਹਿਣ ਲੱਗਾ, ਸਰਦਾਰ ਜੀ ਤੁਸੀੱ ਨਹੀਂ ਜਾਣਦੇ ਇਸ ਨੇ ਮੇਰਾ ਕਿੰਨਾਂ ਲਹੂ ਪੀਤਾ ਹੋਇਆ। ਕੰਮ ਇਸ ਨੂੰ ਕੋਈ ਆਉਂਦਾ ਹੀ ਨਹੀਂ, ਰੋਜ ਕੋਈ ਨਾ ਕੋਈ ਭਾਂਡਾ ਤੋੜ ਦਿੰਦਾ ਹੈ। ਸੁਰਿੰਦਰ ਸਿੰਘ ਨੇ ਜਦੋਂ ਟਿੰਕੂ ਵੱਲ ਵੇਖਿਆ ਤਾਂ ਹੰਝੂਆਂ ਨਾਲ ਭਿੱਜੇ ਉਸ ਦੇ ਮੂੰਹ ਵੱਲ ਵੇਖ ਕੇ ਪੁੱਛਣ ਲੱਗਾ,”ਕਿੱਥੇ ਰਹਿਣੈਂ ਕਾਕਾ ?” ਉਸ ਦੇ ਕੋਈ ਉੱਤਰ ਨਾ ਦੇਣ ਤੇ ਢਾਬੇ ਦਾ ਮਾਲਕ ਬੋਲਿਆ,” ਓ ਸਰਦਾਰ ਜੀ ਛੱਡੋ ਇਨ੍ਹਾਂ ਦਾ ਤਾਂ ਰੋਜ ਦਾ ਹੀ ਕੰਮ ਹੈ, ਵੈਸੇ ਵੀ ਇਹ ਗੂੰਗਾ ਹੈ, ਇਹਨੇ ਤੁਹਾਡੀ ਗੱਲ ਦਾ ਕੀ ਉੱਤਰ ਦੇਣਾ ? ਆਹ ਥੋੜ੍ਹੀ ਦੂਰ ਹੀ ਝੁੱਗੀਆਂ ਵਿੱਚ ਰਹਿੰਦਾ ਸੀ। ਪਹਿਲਾਂ ਇਹ ਆਪਣੀ ਮਾਂ ਨਾਲ ਇੱਥੇ ਆਉੰਦਾ ਸੀ। ਉਹ ਕੰਮ ਕਰਦੀ ਤੇ ਇਹ ਆਸ ਪਾਸ ਖੇਡਦਾ ਰਹਿੰਦਾ। ਆਹ ਥੋੜ੍ਹੇ ਦਿਨ ਹੋਏ ਉਹ ਸੜਕ ਪਾਰ ਕਰਦੀ ਬੱਸ ਥੱਲੇ ਆ ਕੇ ਮਰ ਗਈ। ਉਦੋਂ ਦਾ ਇਹ ਇੱਥੇ ਹੀ ਹੈ। ਕੀ ਕਰੀਏ …ਘਰ ਜਾਂਦਾ ਹੀ ਨਹੀਂ….ਜਾਵੇ ਵੀ ਕਿਸ ਕੋਲ ਪਿਓ ਤਾਂ ਇਹਦਾ ਪਹਿਲਾਂ ਹੀ ਮਰ ਖਪ ਗਿਆ ਸੀ ਤੇ ਹੁਣ ਮਾਂ ਵੀ।  ਇੱਥੇ ਸੜਕ ਤੇ ਹੀ ਸਾਰਾ ਦਿਨ ਘੁੰਮਦਾ ਰਹਿੰਦਾ ਸੀ। ਮੈਂ ਤਾਂ ਤਰਸ ਕਰਕੇ ਇੱਥੇ ਕੰਮ ਤੇ ਰੱਖ ਲਿਆ, ਉਲਟਾ ਆਪਣਾ ਨੁਕਸਾਨ ਹੀ ਕਰਵਾ ਰਿਹਾਂ।’ ਹੁਣ ਸੁਰਿੰਦਰ ਸਿੰਘ ਨੂੰ ਮਾਮਲਾ ਸਮਝਣ ਵਿੱਚ ਦੇਰ ਨਾ ਲੱਗੀ ਕਿ ਉਹ ਢਾਬੇ ਵਾਲਾ ਉਸ ਬੱਚੇ ਦੀ ਮਜਬੂਰੀ ਦਾ ਫਾਇਦਾ ਉਠਾ ਰਿਹਾ ਸੀ ਤੇ ਉਸ ਨੂੰ ਬਿਨਾਂ ਕੈਈ ਪੈਸਾ ਧੇਲਾ ਦਿੱਤੇ ਉਸ ਤੋਂ ਕੰਮ ਵੀ ਕਰਵਾ ਰਿਹਾ ਸੀ ਤੇ ਉਸ ਦੀ ਮਾਰ ਕੁੱਟ ਵੀ ਕਰ ਰਿਹਾ ਸੀ । ਸੁਰਿੰਦਰ ਸਿੰਘ ਤੋਂ ਉਸ ਦੀ ਹਾਲਤ ਵੇਖੀ ਨਾ ਗਈ ਤੇ ਢਾਬੇ ਵਾਲੇ ਨੂੰ ਕੁਝ ਪੈਸੇ ਵਾਧੂ ਦੇ ਕੇ ਮੁੰਡੇ ਨੂੰ ਘਰ ਲੈ ਆਇਆ।

ਜਦੋਂ ਉਸ ਨੇ ਘਰ ਪਹੁੰਚ ਕੇ ਘਰਦਿਆਂ ਨੂੰ ਟਿੰਕੂ ਦੀ ਕਹਾਣੀ ਸੁਣਾਈ ਤਾਂ ਸਭ ਨੇ ਟਿੰਕੂ ਨੂੰ ਘਰ ਰੱਖਣ ਤੋਂ ਮਨ੍ਹਾ ਕਰ ਦਿੱਤਾ ਤੇ ਕਿਸੇ ਅਨਾਥ ਆਸ਼ਰਮ ਵਿੱਚ ਛੱਡ ਆਉਣ ਲਈ ਕਿਹਾ ਪਰ ਸੁਰਿੰਦਰ ਨੇ ਸਾਰਿਆਂ ਦੇ ਵਿਰੁੱਧ ਜਾ ਕੇ ਟਿੰਕੂ ਨੂੰ ਕੋਠੀ ਦੇ ਉੱਪਰ ਵਾਲੇ ਪੋਰਸ਼ਨ ਵਿੱਚੋਂ ਇੱਕ ਕਮਰਾ ਖਾਲੀ ਕਰਵਾ ਕੇ ਦੇ ਦਿੱਤਾ।

ਟਿੰਕੂ ਨੂੰ ਸੁਰਿੰਦਰ ਸਿੰਘ ਦੇ ਘਰ ਆਇਆਂ ਦੋ ਸਾਲ ਹੋ ਚੱਲੇ ਸਨ । ਹੁਣ ਤਕ ਟਿੰਕੂ ਘਰ ਵਿੱਚ ਚੰਗੀ ਤਰ੍ਹਾਂ ਰਚ ਮਿਚ ਗਿਆ ਸੀ। ਹਾਲਾਂਕਿ ਟਿੰਕੂ ਬੋਲ ਨਹੀਂ ਸਕਦਾ ਸੀ ਪਰ ਉਸ ਦੀ ਸਮਝ ਬੂਝ ਸਧਾਰਨ ਬੱਚਿਆਂ ਤੋਂ ਕਿਤੇ ਵੱਧ ਸੀ। ਸੁਰਿੰਦਰ ਸਿੰਘ ਦੇ ਦੋਵੇਂ ਕਾਲਜ ਜਾਂਦੇ ਬੱਚੇ ਬੰਟੀ ਤੇ ਪਿੰਕੀ ਵੀ ਉਸ ਨੂੰ ਬਹੁਤ ਪਿਆਰ ਕਰਨ ਲੱਗ ਪਏ ਸਨ। ਬੰਟੀ ਨੇ ਤਾਂ ਪਾਪਾ ਨੂੰ ਕਹਿ ਕੇ ਟਿੰਕੂ ਦੇ ਅੱਠਵੀਂ ਦੇ ਪੇਪਰਾਂ ਦੇ ਫਾਰਮ ਵੀ ਭਰਵਾ ਦਿੱਤੇ ਸਨ ਤੇ ਉਸ ਦੀ ਪੜ੍ਹਾਈ ਵਿੱਚ ਵੀ ਮਦਦ ਕਰ ਦਿੰਦਾ ਸੀ। ਪਰ ਉਸ ਨੂੰ ਜੇ ਕੋਈ ਨਹੀਂ ਪਸੰਦ ਕਰਦਾ ਸੀ ਤਾਂ ਉਹ ਸੀ ਸੁਰਿੰਦਰ ਸਿੰਘ ਦੀ ਪਤਨੀ ਪ੍ਰੀਤਮ ਕੌਰ ਹਾਲਾਂਕਿ ਟਿੰਕੂ ਉਸ ਨਾਲ ਘਰ ਦੇ ਕੰਮਾਂ ਵਿੱਚ ਹੱਥ ਵੀ ਵਟਾ ਦਿੰਦਾ ਸੀ ਤੇ ਬਾਹਰੋਂ ਸਬਜ਼ੀ ਭਾਜੀ ਵੀ ਲੈ ਆਉਂਦਾ ਸੀ ਪਰ ਪ੍ਰੀਤਮ ਨੂੰ ਉਹ ਇੱਕ ਅੱਖ ਨਹੀਂ ਭਾਉੰਦਾ ਸੀ।

ਇੱਕ ਦਿਨ ਰਿਸ਼ਤੇਦਾਰੀ ਵਿੱਚ ਕੋਈ ਵਿਆਹ ਆ ਗਿਆ। ਸੁਰਿੰਦਰ ਸਿੰਘ ਟਿੰਕੂ ਨੂੰ ਵੀ ਵਿਆਹ ਤੇ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ ਪਰ ਪ੍ਰੀਤਮ ਨੇ ਮਨ੍ਹਾ ਕਰ ਦਿੱਤਾ। ਸੁਰਿੰਦਰ ਸਿੰਘ ਨੇ ਟਿੰਕੂ ਨੂੰ ਕੁਝ ਹਦਾਇਤਾਂ ਦਿੱਤੀਆਂ ਤੇ ਉਹ ਚਲੇ ਗਏ । ਬੰਟੀ ਦਾ ਉਸ ਦਿਨ ਪੇਪਰ ਸੀ ਤੇ ਉਹ ਕਾਲਜ ਪੇਪਰ ਦੇਣ ਚਲਾ ਗਿਆ।

ਸ਼ਾਮ ਨੂੰ ਜਦੋਂ ਉਹ ਘਰ ਪਰਤੇ ਤਾਂ ਘਰ ਦੀ ਹਾਲਤ ਵੇਖ ਕੇ ਦੰਗ ਰਹਿ ਗਏ । ਖੁੱਲ੍ਹੀਆਂ ਅਲਮਾਰੀਆਂ, ਖਿੱਲਰੇ ਕੱਪੜੇ ਵੇਖ ਉਨ੍ਹਾਂ ਦਾ ਰੰਗ ਉੱਡ ਗਿਆ। ਜਦੋਂ ਉਨ੍ਹਾਂ ਨੇ ਕੋਲ ਜਾ ਕੇ ਵੇਖਿਆ ਤਾਂ ਸੇਫ ਤਾਂ ਬਿਲਕੁਲ ਖਾਲੀ ਪਿਆ ਹੋਇਆ ਸੀ। ਸਭ ਗਹਿਣੇ ਗੱਟੇ, ਪੈਸਾ ਸਭ ਚੋਰੀ ਹੋ ਗਿਆ ਸੀ। ਪ੍ਰੀਤਮ ਕੌਰ ਦਾ ਇੱਕਦਮ ਧਿਆਨ ਟਿੰਕੂ ਵੱਲ ਗਿਆ, ਉਸ ਨੇ ਟਿੰਕੂ ਨੂੰ ਬਹੁਤ ਅਵਾਜ਼ਾਂ ਲਗਾਈਆਂ ਪਰ ਜਦੋਂ ਕੋਈ ਵਾਪਸੀ ਅਵਾਜ਼ ਨਾ ਆਈ ਤਾਂ ਸੁਰਿੰਦਰ ਸਿੰਘ ਦੇ ਮਨ ਵਿੱਚ ਵੀ ਸ਼ੰਕਾ ਦਾ ਡੰਕਾ ਵੱਜਿਆ ਤੇ ਉਹ ਦੌੜ ਕੇ ਪੌੜੀਆਂ ਚੜ੍ਹ ਜਦੋਂ ਉੱਪਰ ਪਹੁੰਚਿਆਂ ਤਾਂ ਟਿੰਕੂ ਨੂੰ ਉੱਥੇ ਨਾ ਵੇਖ ਸਿਰ ਫੜ ਕੇ ਬੈਠ ਗਿਆ। ਪ੍ਰੀਤਮ ਨੂੰ ਤਾਂ ਪੱਕਾ ਯਕੀਨ ਸੀ ਕਿ ਇਹ ਕੰਮ ਟਿੰਕੂ ਦਾ ਹੀ ਹੈ। ਉਸ ਦਾ ਸਾਰਾ ਗੁੱਸਾ ਸੁਰਿੰਦਰ ਤੇ ਨਿਕਲ ਰਿਹਾ ਸੀ। ਪਿੰਕੀ ਨੇ ਪੁਲਿਸ ਨੂੰ ਫੋਨ ਲਾਉਣ ਲਈ ਹਜੇ ਨੰਬਰ ਡਾਇਲ ਕੀਤਾ ਹੀ ਸੀ ਕਿ ਬੰਟੀ ਹੱਥ ਵਿੱਚ ਬੈਗ ਫੜੀ ਟਿੰਕੂ ਦੇ ਨਾਲ ਆ ਪ੍ਰਗਟ ਹੋਇਆ। ਟਿੰਕੂ ਨੂੰ ਬੰਟੀ ਨਾਲ ਵੇਖ ਸਾਰੇ ਹੱਕੇ ਬੱਕੇ ਰਹਿ ਗਏ। ਪ੍ਰੀਤਮ ਕੌਰ ਨੇ ਬੰਟੀ ਅੱਗੇ ਸਵਾਲਾਂ ਦੀ ਝੜੀ ਲਾ ਦਿੱਤੀ, “ਆ ਤੈਨੂੰ ਕਿੱਥੋਂ ਮਿਲਿਆ ? ਕਿੱਥੋਂ ਫੜ ਕੇ ਲਿਆਇਆਂ ਏਸ ਚੋਰ ਨੂੰ ? ਹਜੇ ਤਕ ਪੁਲਿਸ ਕੋਲ ਕਿਉਂ ਨਹੀਂ ਫੜਾਇਆ ਏਸ ਨੂੰ ?”

ਬੰਟੀ ਨੇ ਮਾਂ ਨੂੰ ਧੀਰਜ ਰੱਖਣ ਲਈ ਕਿਹਾ ਤੇ ਹੱਥ ਵਿੱਚ ਫੜਿਆ ਬੈਗ ਮਾਂ ਨੂੰ ਫੜਾਉਂਦੇ ਹੋਏ ਕਹਿਣ ਲੱਗਾ, ਜਿਸ ਨੂੰ ਤੁਸੀਂ ਚੋਰ ਸਮਝ ਰਹੇ ਹੋ, ਜੇ ਅੱਜ ਇਹ ਨਾ ਹੁੰਦਾ ਤਾਂ ਅਸੀਂ ਕੰਗਾਲ ਹੋ ਗਏ ਹੁੰਦੇ। ਬੰਟੀ ਨੇ ਟਿੰਕੂ ਨੂੰ ਕਲਾਵੇ ਵਿੱਚ ਲੈਂਦੇ ਹੋਏ ਦੱਸਿਆ, ਪਾਪਾ ਜਦੋਂ ਮੈਂ ਘਰ ਪਹੁੰਚਿਆ ਤੇ ਬੈੱਲ ਵਜਾਈ ਤਾਂ ਦੋ ਚਾਰ ਮਿੰਟ ਤਾਂ ਕੋਈ ਬਾਹਰ ਹੀ ਨਾ ਆਇਆ। ਮੈਂ ਦੋ ਚਾਰ ਬੈੱਲਾਂ ਹੋਰ ਵਜਾਈਆਂ ਤਾਂ ਦੋ ਬੰਦੇ ਕੰਧ ਟੱਪ ਕੇ ਦੌੜੇ ਮੈਂ ਉਨ੍ਹਾਂ ਦੇ ਪਿੱਛੇ ਦੌੜਿਆ ਪਰ ਉਨ੍ਹਾਂ ਦਾ ਇੱਕ ਹੋਰ ਸਾਥੀ ਨੇੜੇ ਹੀ ਬਾਈਕ ਸਟਾਰਟ ਕੀਤੀ ਖੜ੍ਹਾ ਸੀ ਤੇ ਉਹ ਦੋਵੇਂ ਉਸ ਦੇ ਪਿੱਛੇ ਬੈਠ ਦੌੜ ਗਏ । ਮੈਨੂੰ ਇਕਦਮ ਘਰ ਤੇ ਬੰਟੀ ਦਾ ਖਿਆਲ ਆਇਆ ਤੇ ਮੈਂ ਜਦੋਂ ਭੱਜਦਾ ਹੋਇਆ ਘਰ ਦੇ ਅੰਦਰ ਪਹੁੰਚਿਆ ਤਾਂ ਟਿੰਕੂ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਿਆ ਸੀ ਤੇ ਉਸ ਨੇ ਇਸ ਬੈਗ ਨੂੰ ਘੁੱਟ ਕੇ ਹੱਥ ਵਿੱਚ ਫੜਿਆ ਹੋਇਆ ਸੀ। ਉਨ੍ਹਾਂ ਚੋਰਾਂ ਤੋਂ ਬੈਗ ਛੁਡਾਉਣ ਲਈ ਟਿੰਕੂ ਨੇ ਕਾਫੀ ਜੱਦੋ ਜ਼ਹਿਦ ਕੀਤੀ ਤੇ ਮਾਰ ਵੀ ਖਾਧੀ ਪਰ ਬੈਗ ਨਹੀਂ ਛੱਡਿਆ। ਮੈਂ ਉਸੇ ਵੇਲੇ ਇਸ ਨੂੰ ਹਸਪਤਾਲ ਲੈ ਗਿਆ। ਟਿੰਕੂ ਨੂੰ ਜ਼ਖਮੀ ਹਾਲਤ ਵਿੱਚ ਵੇਖ ਮੈਨੂੰ ਕੁਝ ਨਾ ਸੁੱਝਿਆ ਤੇ ਮੈਂ  ਬੈਗ ਵੀ ਨਾਲ ਹੀ ਲੈ ਗਿਆ। ਹੁਣ ਸਭ ਦਾ ਧਿਆਨ ਟਿੰਕੂ ਦੇ ਮੱਥੇ ਤੇ ਬਾਹਵਾਂ ਉੱਤੇ ਬੰਨ੍ਹੀਆਂ ਪੱਟੀਆਂ ਵੱਲ ਗਿਆ ਤਾਂ ਸਾਰੇ ਉਸ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਰਹੇ ਸਨ ਤੇ ਪ੍ਰੀਤਮ ਕੌਰ ਜਿਸ ਨੂੰ ਥੋੜ੍ਹੀ ਦੇਰ ਪਹਿਲਾਂ ਨਮਕ ਹਰਾਮ ਕਹਿ ਕੇ ਨਿੰਦ ਰਹੀ ਸੀ, ਉਸ ਲਈ ਹਲਦੀ ਵਾਲਾ ਦੁੱਧ ਬਣਾਉਣ ਲਈ ਰਸੋਈ ਵੱਲ ਜਾ ਚੁੱਕੀ ਸੀ।

-ਅਮਰਦੀਪ ਕੌਰ ਲੱਕੀ

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin