Articles

ਨੇਕ ਦਿਲ ਇਨਸਾਨ ਸਨ ਨੋਬਲ ਪੁਰਸਕਾਰ ਵਿਜੇਤਾ ਡਾ. ਸੀ.ਵੀ. ਰਮਨ

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

“ਜ਼ਿੰਦਗੀ ਦਾ ਹਰ ਚੰਗਾ ਕੰਮ ਧਰਮ ਵਾਂਗ ਪਵਿੱਤਰ ਜਾਣ ਕੇ ਕਰਨਾ ਚਾਹੀਦਾ ਹੈ।” ਇਹ ਵਿਚਾਰ ਨੋਬਲ ਪੁਰਸਕਾਰ ਵਿਜੇਤਾ ਡਾ. ਸੀ.ਵੀ. ਰਮਨ ਦੇ ਹਨ ਜਿਨ੍ਹਾਂ ਨੇ ਅਪਣਾ ਸਾਰਾ ਜੀਵਨ ਇਕ ਨਿਸ਼ਕਾਮ ਸੇਵਕ ਦੀ ਤਰ੍ਹਾਂ ਲਗਾਤਾਰ ਵਿਗਿਆਨਕ ਖੋਜਾਂ ਵਿਚ ਲਾ ਕੇ ਬੁਲੰਦੀਆਂ ਨੂੰ ਛੋਹਿਆ। ਖਾਹਿਸ਼, ਸਾਹਸ ਅਤੇ ਘਾਲ ਨੂੰ ਉਹ ਅਪਣਾ ਆਦਰਸ਼ ਮੰਨਦੇ ਸਨ। ਉਹ ਨੌਜਵਾਨਾਂ ਨੂੰ ਹਮੇਸ਼ਾ ਹੀ ਇਹੀ ਕਹਿੰਦੇ ਸਨ ਕਿ ਖੋਜ ਨੂੰ ਕਦੇ ਵੀ ਸਵੈ ਪ੍ਰਚਾਰ ਤੇ ਸਵੈ ਉਪਮਾ ਲਈ ਨਾ ਵਰਤੋ।

ਡਾ. ਸੀ.ਵੀ. ਰਮਨ ਦੇ ਵਿਚਾਰਾਂ ਅਨੁਸਾਰ ਵਿਗਿਆਨ ਸੱਚ ਦੀ ਤਲਾਸ਼ ਦਾ ਦੂਜਾ ਨਾਂ ਹੈ। ਇਹ ਸੱਚ ਕੇਵਲ ਭੌਤਿਕ ਵਸਤੂਆਂ ਦੀ ਦੁਨੀਆਂ ਦਾ ਸੱਚ ਹੀ ਨਹੀਂ ਸਗੋਂ ਤਰਕ ਦੀ ਦੁਨੀਆਂ, ਮਨੋ ਵਿਗਿਆਨ ਦੀ ਦੁਨੀਆਂ ਅਤੇ ਰੋਜ਼ਾਨਾ ਜ਼ਿੰਦਗੀ ਜਿਉਣ ਦਾ ਸੱਚ ਵੀ ਹੈ। ਸੱਚਾ ਵਿਗਿਆਨੀ ਹਮੇਸ਼ਾ ਗਲਤ ਅਤੇ ਝੂਠ ਨੂੰ ਤਿਆਗਦਾ ਹੈ। ਵਿਸ਼ਵ ਵਿਦਿਆਲਾ ਬਾਰੇ ਅਪਣੇ ਵਿਚਾਰ ਪ੍ਰਗਟ ਕਰਦੇ ਹੋਏ ਉਹ ਕਹਿੰਦੇ ਸਨ ਕਿ ਉਹ ਵਿਸ਼ਵ ਵਿਦਿਆਲਾ ਹੀ ਨਹੀਂ ਜੋ ਸੱਚ ਦੀ ਭਾਲ ਕਰਨਾ ਨਾ ਸਿਖਾਵੇ। ਸੱਚ ਦੀ ਭਾਲ ਨੂੰ ਹੀ ਖੋਜ ਕਿਹਾ ਜਾਂਦਾ ਹੈ। ਖੋਜ ਰਾਹੀਂ ਹੀ ਗਿਆਨ ਦੇ ਨਵੇਂ ਤੇ ਵਿਕਾਸਮਈ ਭੰਡਾਰ ਪ੍ਰਾਪਤ ਹੁੰਦੇ ਹਨ। ਵਿਦਿਆਰਥੀ ਨੂੰ ਇਕ ਜਗਿਆਸੂ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਨਹੀਂ ਤਾਂ ਉਹ ਗਿਆਨ ਪ੍ਰਾਪਤੀ ਵਿਚ ਪਛੜ ਜਾਵੇਗਾ।
ਇਸ ਮਹਾਨ ਵਿਗਿਆਨੀ ਦਾ ਜਨਮ 7 ਨਵੰਬਰ 1888 ਨੂੰ ਦੱਖਣੀ ਭਾਰਤ ਦੇ ਸ਼ਹਿਰ ਤਿ੍ਰਚਨਾਪਲੀ ਨੇੜੇ ਥੀਰੂਵਾਨੈਕਵਨ ਪਿੰਡ ਵਿਚ ਪਿਤਾ ਚੰਦਰ ਸ਼ੇਖ਼ਰ ਆਇਰ ਅਤੇ ਮਾਤਾ ਪਾਰਵਤੀ ਆਮੇਲ ਦੇ ਘਰ ਹੋਇਆ। ਰਮਨ ਦੇ ਪਿਤਾ ਵਿਸ਼ਾਖ਼ਾਪਟਨਮ ਦੇ ਗਿਰਜਾ ਘਰ ਕਾਲਜ ਵਿਚ ਗਣਿਤ ਅਤੇ ਭੌਤਿਕ ਵਿਗਿਆਨ ਦੇ ਅਧਿਆਪਕ ਸਨ। ਉਨ੍ਹਾਂ ਦੀ ਦਿਲਚਸਪੀ ਤਾਰਾ ਵਿਗਿਆਨ ਤੇ ਸੰਗੀਤ ਵਿਚ ਵੀ ਸੀ। ਵੀਨਾ ਅਤੇ ਮਿ੍ਰਦੰਗ ਵਜਾਉਣ ਵਿਚ ਉਹ ਮਾਹਰ ਸਨ, ਜਿਸ ਦਾ ਪ੍ਰਭਾਵ ਸੀ.ਵੀ. ਰਮਨ ’ਤੇ ਵੀ ਪਿਆ। ਰਮਨ ਨੇ ਦਸਵੀਂ ਵਿਚ ਮੈਰਿਟ ਲਿਸਟ ’ਚ ਪਹਿਲਾ ਅਸਥਾਨ ਪ੍ਰਾਪਤ ਕੀਤਾ। ਉਸ ਨੇ ਮੈਡਮ ਐਨੀ ਬੀਸੈਂਟ ਦਾ ਇਕ ਭਾਸ਼ਣ ਸੁਣਿਆ ਜਿਸ ਤੋਂ ਪ੍ਰਭਾਵਤ ਹੋ ਕੇ ਉਸ ਨੇ ਉਸ ਦੀਆਂ ਹੋਰ ਪੁਸਤਕਾਂ ਲੈ ਕੇ ਪੜ੍ਹੀਆਂ ਅਤੇ ਕਈ ਧਾਰਮਕ ਗ੍ਰੰਥਾਂ ਦਾ ਅਧਿਅਨ ਵੀ ਕੀਤਾ। ਬਚਪਨ ਤੋਂ ਹੀ ਰਮਨ ਦੀ ਰੁਚੀ ਭੌਤਿਕ ਵਿਗਿਆਨ ਵਿਚ ਹੀ ਸੀ ਅਤੇ ਉਸ ਨੇ ਸਕੂਲ ਪੜ੍ਹਦਿਆਂ ਹੀ ਇਕ ਡਾਇਨਮੋ ਬਣਾ ਲਈ ਸੀ। ਸਕੂਲ ਪੜ੍ਹਦਿਆਂ ਹੀ ਉਸ ਨੂੰ ਜੋਹਨ ਟਿੰਡਲ ਦੀ ਪੁਸਤਕ ਨਿਊ ਫ਼ਰੈਗਮੈਂਟਸ ਪੜ੍ਹਨ ਲਈ ਮਿਲ ਗਈ। ਇਸ ਪੁਸਤਕ ਵਿਚ ਇਕ ਲੇਖ ਪਾਣੀ ਬਾਰੇ ਸੀ ਜਿਸ ਨੂੰ ਉਸ ਨੇ ਸੱਭ ਤੋਂ ਵੱਧ ਪ੍ਰਭਾਵਤ ਕੀਤਾ। ਇਹੀ ਲੇਖ ਅਖ਼ੀਰ ਜਾ ਕੇ ਉਸ ਦੀ ਖੋਜ ਦਾ ਸਾਧਨ ਬਣਿਆ। ਸਮੁੰਦਰ ਦੇ ਪਾਣੀ ਦੇ ਨੀਲੇ ਰੰਗ ਨੇ ਵੀ ਉਸ ਨੂੰ ਖੋਜ ਲਈ ਪ੍ਰੇਰਿਤ ਕੀਤਾ। ਬੀ.ਏ. ਦੀ ਪੜ੍ਹਾਈ ਲਈ ਰਮਨ ਨੇੇ ਪ੍ਰੈਜ਼ੀਡੈਂਸੀ ਕਾਲਜ ਮਦਰਾਸ ਵਿਚ ਦਾਖ਼ਲਾ ਲਿਆ। ਰਮਨ ਅਪਣੀ ਕਲਾਸ ਵਿਚ ਸੱਭ ਤੋਂ ਛੋਟੀ ਉਮਰ ਦਾ ਵਿਦਿਆਰਥੀ ਸੀ। ਪ੍ਰੋ. ਈ.ਐਚ. ਈਲੀਅਟ ਰਮਨ ਦੀ ਛੋਟੀ ਉਮਰ ਵੇਖ ਕੇ ਬਹੁਤ ਹੈਰਾਨ ਹੋਏ ਅਤੇ ਜਿਸ ਸਵੈ ਵਿਸ਼ਵਾਸ ਨਾਲ ਰਮਨ ਨੇ ਪ੍ਰੋਫ਼ੈਸਰ ਦੀਆਂ ਗੱਲਾਂ ਦਾ ਜੁਆਬ ਦਿਤਾ ਉਸ ਤੋਂ ਉਹ ਬਹੁਤ ਪ੍ਰਭਾਵਤ ਹੋਏ। ਸੰਨ 1904 ਵਿਚ ਰਮਨ ਨੇ ਬੀ.ਏ. ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹ ਉੱਚ ਵਿਦਿਆ ਪ੍ਰਾਪਤੀ ਲਈ ਇੰਗਲੈਂਡ ਜਾਣਾ ਚਾਹੁੰਦੇ ਸਨ ਪਰ ਸਿਹਤ ਪੱਖੋਂ ਕਮਜ਼ੋਰ ਹੋਣ ਕਾਰਨ ਉਹ ਨਾ ਜਾ ਸਕੇ ਅਤੇ ਉਨ੍ਹਾਂ ਨੇ ਐਮ.ਏ. ਕਲਾਸ ਵਿਚ ਪ੍ਰੈਜ਼ੀਡੈਂਸੀ ਕਾਲਜ ਵਿਚ ਦਾਖ਼ਲਾ ਲੈ ਲਿਆ ਅਤੇ ਭੌਤਿਕ ਵਿਗਿਆਨ ਵਿਸ਼ੇ ਦੀ ਚੋਣ ਕੀਤੀ। ਐਮ.ਏ. ਕਰਨ ਤੋਂ ਬਾਅਦ ਰਮਨ ਦਾ ਵਿਆਹ ਲੌਕਾ ਸੁੰਦਰੀ ਨਾਲ ਹੋ ਗਿਆ ਜੋ ਸੰਗੀਤ ਵਿਚ ਖਾਸ ਰੁਚੀ ਰਖਦੀ ਸੀ। ਇਹ ਵਿਆਹ ਅੰਤਰਜਾਤੀ ਸੀ ਜਿਸ ਨੂੰ ਰਚਾ ਕੇ ਰਮਨ ਨੇ ਅਪਣੇ ਸਮੇਂ ਦੀ ਇਕ ਵਿਲੱਖਣ ਗੱਲ ਕੀਤੀ।
1907 ਵਿਚ ਰਮਨ ਦੀ ਨਿਯੁਕਤੀ ਭਾਰਤ ਸਰਕਾਰ ਦੇ ਅਰਥ ਵਿਭਾਗ ਵਿਚ ਬਤੌਰ ਸਹਾਇਕ ਅਕਾਊਂਟੈਂਟ ਦੇ ਕਲਕੱਤੇ ਵਿਖੇ ਹੋ ਗਈ। ਸਰਕਾਰੀ ਨੌਕਰੀ ਦੀਆਂ ਉਲਝਣਾਂ ਦੇ ਬਾਵਜੂਦ ਵੀ ਉਸ ਨੇ ਭੌਤਿਕ ਵਿਗਿਆਨ ਵਿਚ ਖੋਜ-ਕਾਰਜ ਜਾਰੀ ਰੱਖੇ। ਇਕ ਦਿਨ ਰਮਨ ਦਫ਼ਤਰੋਂ ਛੁੱਟੀ ਤੋਂ ਬਾਅਦ ਟ੍ਰਾਮ ਰਾਹੀਂ ਘਰ ਵਾਪਸ ਆ ਰਿਹਾ ਸੀ ਕਿ ਉਸ ਦੀ ਨਜ਼ਰ ਇਕ ਬੋਰਡ ’ਤੇ ਪਈ ਜਿਸ ਉਤੇ ਲਿਖਿਆ ਸੀ “ਇੰਡੀਅਨ ਐਸੋਸੀਏਸ਼ਨ ਫ਼ਾਰ ਦਾ ਕਲਟੀਵੇਸ਼ਨ ਆਫ਼ ਸਾਇੰਸ।” ਉਹ ਟ੍ਰਾਮ ਰੁਕਦਿਆਂ ਉਥੇ ਹੀ ਉਤਰ ਗਿਆ ਤੇ ਉਸ ਦਫ਼ਤਰ ਅੰਦਰ ਚਲਾ ਗਿਆ। ਦਫ਼ਤਰ ਦੇ ਬਾਨੀ ਸ਼੍ਰੀ ਅੰਮਿ੍ਰਤ ਲਾਲ ਸਿਰਕਾਰ ਨੂੰ ਮਿਲ ਕੇ ਭੌਤਿਕ ਵਿਗਿਆਨ ਦੇ ਵਿਸ਼ੇ ਵਿਚ ਖੋਜ ਕਰਨ ਦੀ ਇਜ਼ਾਜਤ ਮੰਗੀ ਜੋ ਉਸ ਨੂੰ ਉਸੇ ਵੇਲੇ ਮਿਲ ਗਈ। ਇਸ ਤਰ੍ਹਾਂ ਉਹ ਦਫ਼ਤਰੋਂ ਛੁੱਟੀ ਤੋਂ ਬਾਅਦ ਖੋਜ ਕਾਰਜਾਂ ਵਿਚ ਰੁਝ ਗਿਆ। ਖੋਜ ਕਾਰਜਾਂ ਕਾਰਨ ਉਸ ਦੀ ਪ੍ਰਸਿਧੀ ਦੂਰ ਦੂਰ ਤਕ ਫੈਲ ਗਈ ਅਤੇ ਦੁਨੀਆਂ ਭਰ ਤੋਂ ਪ੍ਰੋਫ਼ੈਸਰ ਅਤੇ ਨੌਜਵਾਨ ਵਿਦਿਆਰਥੀ ਉਸ ਦੇ ਸੰਪਰਕ ਵਿਚ ਆਉਣ ਲੱਗੇ। ਕੁੱਝ ਸਮੇਂ ਬਾਅਦ ਰਮਨ ਦੀ ਬਦਲੀ ਨਾਗਪੁਰ ਵਿਖੇ ਹੋ ਗਈ। ਜਦੋਂ ਉਹ ਉਥੇ ਪਹੁੰਚੇ ਤਾਂ ਕੁੱਝ ਦਿਨਾਂ ਬਾਅਦ ਹੀ ਪਲੇਗ ਦੀ ਮਹਾਂਮਾਰੀ ਫੈਲ ਗਈ। ਇਥੇ ਰਮਨ ਨੇ ਆਪ, ਅਪਣੇ ਸਰਕਾਰੀ ਕਰਮਚਾਰੀਆਂ ਅਤੇ ਬਿਮਾਰਾਂ ਦੀ ਸਹਾਇਤਾ ਲਈ ਦਿਨ ਰਾਤ ਇਕ ਕਰ ਦਿਤਾ। ਉਸ ਨੇ ਤਨ ਮਨ ਧਨ ਨਾਲ ਬਿਮਾਰ ਲੋਕਾਂ ਦੀ ਮਦਦ ਕੀਤੀ ਤੇ ਬਹੁਤ ਸਾਰੇ ਲੋਕਾਂ ਨੂੰ ਮਰਨ ਤੋਂ ਬਚਾ ਲਿਆ। ਪੂਰੇ ਨਾਗਪੁਰ ਵਿਚ ਇਸ ਨਵੇਂ ਆਏ ਅਫ਼ਸਰ ਦੀ ਚਰਚਾ ਘਰ-ਘਰ ਹੋਣ ਲੱਗੀ।
1911 ਵਿਚ ਉਨ੍ਹਾਂ ਦੀ ਬਦਲੀ ਡਾਕ ਤਾਰ ਵਿਭਾਗ ਕਲਕੱਤੇ ਵਿਖੇ ਬਤੌਰ ਅਕਾਊਂਟੈਂਟ ਜਨਰਲ (ਏ.ਜੀ.) ਵਜੋਂ ਹੋ ਗਈ ਅਤੇ ਫਿਰ ਉਹ ਕਲਕੱਤੇ ਵਿਖੇ ਖੋਜ ਕਾਰਜਾਂ ਵਿਚ ਜੁਟ ਗਏ। 1914 ਵਿਚ ਕਲਕੱਤੇ ਵਿਖੇ ਹੀ ਸਾਇੰਸ ਕਾਲਜ ਦੀ ਸਥਾਪਨਾ ਸ਼ੁਰੂ ਹੋਈ। ਜਿਸ ਵਿਚ ਭੌਤਿਕ ਵਿਗਿਆਨ ਦੀ ਪੜ੍ਹਾਈ ਲਈ ਇਕ ਪ੍ਰੋਫ਼ੈਸਰ ਦੀ ਲੋੜ ਸੀ। ਕਾਫ਼ੀ ਖੋਜ ਤੋਂ ਬਾਅਦ ਵਾਈਸ ਚਾਂਸਲਰ ਸਰ ਆਸ਼ੂਤੋਸ਼ ਮੁਖਰਜੀ ਨਾਲ ਗੱਲ ਕੀਤੀ। ਰਮਨ ਸੋਚਾਂ ਵਿਚ ਪੈ ਗਿਆ। ਇਕ ਪਾਸੇ ਸਰਕਾਰੀ ਗਜ਼ਟਡ ਨੌਕਰੀ ਤੇ ਦੂਜੇ ਪਾਸੇ ਪ੍ਰਾਈਵੇਟ ਕਾਲਜ? ਖੋਜ ਕਾਰਜਾਂ ਕਾਰਨ ਰਮਨ ਦੀ ਪ੍ਰਸਿਧੀ ਦੂਰ ਦੂਰ ਤਕ ਫੈਲ ਚੁਕੀ ਸੀ। ਅਖ਼ੀਰ ਰਮਨ ਨੇ ਨੌਕਰੀ ਲਈ ਹਾਂ ਕਰ ਦਿਤੀ ਹਾਲਾਂਕਿ ਉਸ ਦੀ ਤਨਖ਼ਾਹ ਵੀ ਪਹਿਲਾਂ ਨਾਲੋਂ ਅੱਧੀ ਰਹਿ ਜਾਣੀ ਸੀ। ਜੁਲਾਈ 1917 ਵਿਚ ਕਾਲਜ ਬਣ ਕੇ ਤਿਆਰ ਹੋ ਗਿਆ ਤੇ ਰਮਨ ਸਰਕਾਰੀ ਨੌਕਰੀ ਛੱਡ ਕੇ ਪ੍ਰੋਫ਼ੈਸਰ ਦੀ ਨੌਕਰੀ ਤੇ ਹਾਜ਼ਰ ਹੋ ਗਿਆ। ਇਹ ਨੌਕਰੀ ਉਸ ਦੇ ਮਨ ਪਸੰਦ ਦੀ ਸੀ ਅਤੇ ਉਸ ਨੂੰ ਭੌਤਿਕ ਵਿਗਿਆਨ ਵਿਚ ਖੋਜ ਕਰਨ ਦਾ ਮੌਕਾ ਵੀ ਮਿਲਦੇ ਰਹਿਣਾ ਸੀ।
ਪ੍ਰੋ: ਰਮਨ ਨੇ ਭਾਰਤੀ ਵਿਗਿਆਨ ਵਿਕਾਸ ਸੰਸਥਾ ਨੂੰ ਉੱਚਾ ਚੁੱਕਣ ਵਿਚ ਅਪਣਾ ਬਹੁਮੁੱਲਾ ਯੋਗਦਾਨ ਪਾਇਆ। ਉਹਨਾਂ ਦੀ ਕੋਸ਼ਿਸ਼ ਸਦਕਾ ‘ਭਾਰਤੀ ਵਿਗਿਆਨ ਕਾਂਗਰਸ’ ਹੋਂਦ ਵਿਚ ਆਈ ਅਤੇ ਉਨ੍ਹਾਂ ਨੇ ਇਸ ਸੰਸਥਾ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ। ਇਨ੍ਹਾਂ ਦਿਨਾਂ ਵਿਚ ਹੀ ਬੰਗਲੌਰ ਵਿਖੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਦੀ ਸਥਾਪਨਾ ਹੋਈ ਤੇ ਪ੍ਰੋ: ਰਮਨ ਇਸ ਦੇ ਸੰਚਾਲਕ ਬਣੇ।
1921 ਵਿਚ ਪ੍ਰੋ: ਰਮਨ ਇੰਗਲੈਂਡ ਦੀ ਆਕਸਫ਼ੋਰਡ ਯੂਨੀਵਰਸਿਟੀ ਵਿਚ ਭਾਸ਼ਨ ਦੇਣ ਸਮੁੰਦਰੀ ਰਸਤੇ ਪਹੁੰਚੇ। ਇਸ ਯਾਤਰਾ ਦੌਰਾਨ ਭੂ-ਮੱਧ ਸਾਗਰ ਦੇ ਗਹਿਰੇ ਨੀਲੇ ਪਾਣੀ ਨੇ ਉਨ੍ਹਾਂ ਦਾ ਧਿਆਨ ਅਪਣੇ ਵੱਲ ਖਿਚਿਆ। ਉਹ ਨੀਲੇ ਰੰਗ ਦੇ ਭੇਦ ਨੂੰ ਜਾਣਨ ਲਈ ਵਾਪਸ ਆ ਕੇ ਰੁੱਝ ਗਏ। 1922 ਵਿਚ ਉਨ੍ਹਾਂ ਨੇ ਇਸ ਸਬੰਧੀ ਖੋਜ ਭਰਪੂਰ ਲੇਖ ਲਿਖੇ ਜੋ ਬਹੁਤ ਪਸੰਦ ਕੀਤੇ ਗਏ। 1922 ਵਿਚ ਹੀ ਕਲਕੱਤਾ ਯੂਨੀਵਰਸਿਟੀ ਨੇ ਆਪ ਨੂੰ ਡੀ.ਐਸ.ਸੀ. ਦੀ ਡਿਗਰੀ ਨਾਲ ਸਨਮਾਨਤ ਕੀਤਾ। 1924 ਵਿਚ ਉਨ੍ਹਾਂ ਦੀਆਂ ਖੋਜਾਂ ਤੋਂ ਪ੍ਰਭਾਵਤ ਹੋ ਕੇ ਰਾਇਲ ਸੁਸਾਇਟੀ ਨੇ ਅਪਣਾ ਫ਼ੈਲੋ ਬਣਾ ਲਿਆ
1924 ਵਿਚ ਬਿ੍ਟਿਸ਼ ਐਸੋਸੀਏਸ਼ਨ ਨੇ ਟਰਾਂਟੋ ਮੀਟਿੰਗ ਦੌਰਾਨ ਪ੍ਰਕਾਸ਼ ਵਿਗਿਆਨ ਨਾਲ ਸਬੰਧਤ ਇਕ ਕਾਨਫ਼ਰੰਸ ਦੇ ਉਦਘਾਟਨ ਲਈ ਆਪ ਨੂੰ ਸੱਦਾ ਦਿਤਾ। ਇਸ ਤਰ੍ਹਾਂ ਲਗਭਗ ਦਸ ਮਹੀਨੇ ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਨਾਰਵੇ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿਚ ਰਮਨ ਨੇ  ਖੋਜ ਪੱਤਰ ਪੜ੍ਹੇ। ਅਗਲੇ ਤਿੰਨ ਸਾਲ ਲਗਾਤਾਰ ਅਪਣੇ ਸਹਿਯੋਗੀਆਂ ਨਾਲ ਪ੍ਰੋ: ਰਮਨ ਨੇ ਹਵਾ, ਬਰਫ਼ ਤੇ ਹੋਰ ਦ੍ਰਵਾਂ ਅਤੇ ਠੋਸ ਪਦਾਰਥਾਂ ਤੇ ਰੋਸ਼ਨੀ ਦੇ ਖਿੰਡਰਾਉ ਕਾਰਨ ਪੈਦਾ ਹੋਈਆਂ ਕਿਰਨਾਂ ਦਾ ਅਧਿਐਨ ਕੀਤਾ ਅਤੇ 28 ਫ਼ਰਵਰੀ 1928 ਨੂੰ ਇਕ ਵਿਲੱਖਣ ਪ੍ਰਭਾਵ ਦੀ ਖੋਜ ਕੀਤੀ ਜਿਸ ਦਾ ਨਾਂ ਉਸ ਨੇ “ਰਮਨ ਪ੍ਰਭਾਵ” ਰਖਿਆ ਜੋ ਵਿਸ਼ਵ ਭਰ ਵਿਚ ਪ੍ਰਸਿਧ ਹੋਇਆ। ਇਸ ਖੋਜ ਸਦਕਾ 1928 ਵਿਚ ਇਟਲੀ ਦੀ ਵਿਗਿਆਨ ਪਰੀਸ਼ਦ ਨੇ “ਮੈਂਟਊਸ਼ੀ ਮੈਡਲ’ ਨਾਲ ਸਨਮਾਨਤ ਕੀਤਾ। 3 ਜੂਨ 1929 ਨੂੰ ਭਾਰਤ ਸਰਕਾਰ ਨੇ ਸਰ ਦੀ ਉਪਾਧੀ ਦਿਤੀ। 1930 ਵਿਚ ਲੰਡਨ ਦੀ ਰਾਇਲ ਸੁਸਾਇਟੀ ਨੇ ਸੱਭ ਤੋਂ ਵੱਡੇ ਇਨਾਮ ‘‘ਹਿਊਜਜ਼ ਮੈਡਲ’’ ਨਾਲ ਸਨਮਾਨਤ ਕੀਤਾ। ਇਸੇ ਖੋਜ ਕਾਰਨ ਉਨ੍ਹਾਂ ਨੂੰ 10 ਦਸੰਬਰ 1930 ਨੂੰ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਖੇ ‘‘ਨੋਬਲ ਇਨਾਮ’’ ਨਾਲ ਸਨਮਾਨਤ ਕੀਤਾ ਗਿਆ। ਇਥੋਂ ਹੀ ਆਪ ਨੂੰ ਸਵੀਡਨ, ਨਾਰਵੇ, ਡੈਨਮਾਰਕ, ਜਰਮਨੀ ਵਿਖੇ ਭਾਸ਼ਨ ਦੇਣ ਲਈ ਸੱਦੇ ਮਿਲੇ ਤੇ ਸਨਮਾਨ ਦੇਣ ਵਾਲਿਆਂ ਦੀ ਇਕ ਤਰ੍ਹਾਂ ਨਾਲ ਝੜੀ ਲੱਗ ਗਈ। ਅਗਲੇ ਸਾਲ 1931 ਵਿਚ ਬੰਬਈ, ਕਾਂਸ਼ੀ, ਮਦਰਾਸ ਤੇ ਢਾਕਾ ਦੀਆਂ ਯੂਨੀਵਰਸਿਟੀਆਂ ਨੇ ਸਨਮਾਨਤ ਕੀਤਾ।
1933 ਵਿਚ ਉਹ ਅਪਣੇ ਅਹੁਦੇ ਤੋਂ ਸੇਵਾ ਮੁਕਤ ਹੋਏ। 1934 ਵਿਚ ਉਨ੍ਹਾਂ ਨੂੰ ਭਾਰਤੀ ਵਿਗਿਆਨ ਅਕੈਡਮੀ ਦਾ ਪ੍ਰਧਾਨ ਚੁਣਿਆ ਗਿਆ। 1943 ਤਕ ਡਾ. ਰਮਨ ਇੰਡੀਅਨ ਇੰਸਟੀਚਿਊਟ ਆਫ਼ ਬੰਗਲੌਰ ਦੇ ਡਾਇਰੈਕਟਰ ਰਹੇ। ਅਜ਼ਾਦ ਭਾਰਤ ਵਿਚ ਉਹ ਭਾਰਤ ਦੇ ਪਹਿਲੇ ਰਾਸ਼ਟਰੀ ਪ੍ਰੋਫ਼ੈਸਰ ਘੋਸ਼ਿਤ ਕੀਤੇ ਗਏ। 15 ਅਗੱਸਤ 1954 ਨੂੰ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਆ ਗਿਆ। 1957 ਵਿਚ ਰੂਸ ਦੁਆਰਾ ਡਾ. ਰਮਨ ਨੂੰ ਅੰਤਰ ਰਾਸ਼ਟਰੀ ਲੈਨਿਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਡਾ. ਰਮਨ ਨੇ 360 ਖੋਜ ਪੱਤਰ ਅਤੇ ਚਾਰ ਪੁਸਤਕਾਂ ਲਿਖੀਆਂ। 21 ਨਵੰਬਰ 1970 ਨੂੰ 82 ਸਾਲ ਦੀ ਉਮਰ ਵਿਚ ਡਾ: ਰਮਨ ਅਕਾਲ ਚਲਾਣਾ ਕਰ ਗਏ।
ਅਖੀਰ ਵਿੱਚ ਅਸੀ ਇਹ ਕਹਿ ਸਕਦੇ ਹਾਂ ਕਿ ਪ੍ਰੋ: ਰਮਨ ਇਕ ਮਹਾਨ ਵਿਗਿਆਨੀ ਜਾਂ ਖੋਜਕਾਰ ਹੀ ਨਹੀਂ ਸਨ ਸਗੋਂ ਸੱਭ ਤੋਂ ਉਪਰ ਨੇਕ ਦਿਲ, ਗ਼ਰੀਬਾਂ ਦਾ ਹਮਦਰਦ ਤੇ ਉਚ ਕੋਟੀ ਦੇ ਮਹਾਨ ਇਨਸਾਨ ਵੀ ਸਨ। ਡਾ: ਰਮਨ ਦੀ ਖੋਜ ਜਿਸ ਦਿਨ ਪੂਰੀ ਹੋਈ ਸੀ ਉਸ ਦਿਨ ਨੂੰ ਸਮੁੱਚੇ ਭਾਰਤ ਵਿਚ ਰਾਸ਼ਟਰੀ ਵਿਗਿਆਨ ਦਿਵਸ ਵਜੋਂ ਹਰ ਸਾਲ ਮਨਾਇਆ ਜਾਂਦਾ ਹੈ। ਇਸ ਤਰ੍ਹਾਂ 28 ਫ਼ਰਵਰੀ ਦਾ ਦਿਨ ਉਨ੍ਹਾਂ ਦੀ ਖੋਜ ਨੂੰ ਸਮਰਪਤ ਹੈ ਜਿਸ ਨੂੰ ਰਾਸ਼ਟਰੀ ਵਿਗਿਆਨ ਦਿਵਸ ਨਾਲ ਯਾਦ ਕੀਤਾ ਜਾਂਦਾ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin