International

ਪਾਕਿਸਤਾਨ ’ਚ ਕੱਟੜਪੰਥੀਆਂ ਦੀ ਦਰਿੰਦਗੀ, ਸ਼੍ਰੀਲੰਕਾਈ ਨਾਗਰਿਕ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ

ਲਾਹੌਰ – ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ’ਚ ਕੱਟੜਪੰਥੀਆਂ ਦੀ ਭੀੜ ਨੇ ਕਥਿਤ ਈਸ਼ਨਿੰਦਾ ਦੇ ਦੋਸ਼ ’ਚ ਇਕ ਸ਼੍ਰੀਲੰਕਾਈ ਨਾਗਰਿਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਬਾਅਦ ’ਚ ਉਸ ਦੀ ਲਾਸ਼ ਨੂੰ ਅੱਗ ਲਾ ਦਿੱਤੀ। ਘਟਨਾ ਦੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼੍ਰੀਲੰਕਾਈ ਨਗਾਰਿਕ ਪ੍ਰਿਅੰਤਾ ਕੁਮਾਰਾ ਇੱਥੋਂ ਕਰੀਬ 100 ਕਿਲੋਮੀਟਰ ਦੂਰ ਸਿਆਲਕੋਟ ਜ਼ਿਲ੍ਹੇ ’ਚ ਇਕ ਕਾਰਖ਼ਾਨੇ ’ਚ ਜਨਰਲ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਸੀ।ਕੁਮਾਰਾ ਨੇ ਕਥਿਤ ਤੌਰ ’ਤੇ ਕੱਟੜਪੰਥੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐੱਲਪੀ) ਦਾ ਇਕ ਪੋਸਟਰ ਪਾੜ ਦਿੱਤਾ, ਜਿਸ ’ਚ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਸਨ। ਪੋਸਟਰ ਨੂੰ ਪਾੜਨ ਤੋਂ ਬਾਅਦ ਉਸ ਨੂੰ ਕੂੜੇਦਾਨ ’ਚ ਸੁੱਟ ਦਿੱਤਾ। ਇਸਲਾਮਿਕ ਪਾਰਟੀ ਦਾ ਪੋਸਟਰ ਕੁਮਾਰਾ ਦੇ ਦਫ਼ਤਰ ਨਾਲ ਲੱਗਦੀ ਕੰਧ ’ਤੇ ਚਿਪਕਾਇਆ ਗਿਆ ਸੀ। ਫੈਕਟਰੀ ਦੇ ਕੁਝ ਕਰਮਚਾਰੀਆਂ ਨੇ ਉਸ ਨੂੰ ਪੋਸਟਰ ਹਟਾਉਂਦੇ ਹੋਏ ਵੇਖਿਆ ਅਤੇ ਇਹ ਗੱਲ ਫੈਕਟਰੀ ’ਚ ਫੈਲਾ ਦਿੱਤੀ।ਈਸ਼ਨਿੰਦਾ ਦੀ ਘਟਨਾ ਤੋਂ ਭੜਕੇ ਸੈਂਕੜੇ ਲੋਕ ਫੈਕਟਰੀ ਦੇ ਬਾਹਰ ਆਸ-ਪਾਸ ਦੇ ਇਲਾਕਿਆਂ ਤੋਂ ਇਕੱਠੇ ਹੋਣ ਲੱਗੇ। ਉਨ੍ਹਾਂ ’ਚੋਂ ਜ਼ਿਆਦਾਤਰ ਟੀਐੱਲਪੀ ਦੇ ਵਰਕਰ ਅਤੇ ਹਮਾਇਤੀ ਸਨ।ਅਧਿਕਾਰੀ ਨੇ ਅੱਗੇ ਦੱਸਿਆ ਕਿ ਭੀੜ ਨੇ ਸ਼ੱਕੀ (ਸ਼੍ਰੀਲੰਕਾਈ ਨਾਗਰਿਕ) ਨੂੰ ਕਾਰਖ਼ਾਨੇ ’ਚੋਂ ਖਿੱਚ ਲਿਆ ਅਤੇ ਉਸ ਨੂੰ ਡਾਂਗਾਂ-ਸੋਟੀਆਂ ਨਾਲ ਕੁੱਟ-ਕੁੱਟ ਕੇ ਅਧਮਰਿਆ ਕਰ ਦਿੱਤਾ। ਸਰੀਰ ’ਚ ਕਈ ਜ਼ਖ਼ਮਾਂ ਕਾਰਨ ਬਾਅਦ ’ਚ ਉਸ ਨੇ ਦਮ ਤੋੜ ਦਿੱਤਾ। ਇਸ ਤੋਂ ਪਹਿਲਾਂ ਕਿ ਉੱਥੇ ਪੁਲਿਸ ਪਹੁੰਚਦੀ, ਭੀੜ ਨੇ ਉਸ ਦੇ ਸਰੀਰ ਨੂੰ ਸਾੜ ਦਿੱਤਾ।ਇਸ ਘਟਨਾ ਨੂੰ ਲੈ ਕੇ ਇੰਟਰਨੈੱਟ ਮੀਡੀਆ ’ਤੇ ਕਈ ਵੀਡੀਓ ਵਾਇਰਲ ਹੋਏ, ਜਿਸ ’ਚ ਵਿਖਾਇਆ ਗਿਆ ਕਿ ਸ਼੍ਰੀਲੰਕਾਈ ਨਾਗਰਿਕ ਦੀ ਲਾਸ਼ ਦੇ ਆਸ-ਪਾਸ ਸੈਂਕੜੇ ਲੋਕ ਇਕੱਠੇ ਹੋਏ ਸਨ ਅਤੇ ਇਹ ਸਾਰੇ ਲੋਕ ਟੀਐੱਲਪੀ ਦੇ ਨਾਅਰੇ ਲਾ ਰਹੇ ਸਨ।ਸਿਆਲਕੋਟ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਉਮਰ ਸਈਅਦ ਮਲਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼੍ਰੀਲੰਕਾਈ ਨਾਗਰਿਕ ਦੀ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਸਥਿਤੀ ਨੂੰ ਕੰਟਰੋਲ ਕਰਨ ਲਈ ਇਲਾਕੇ ’ਚ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

Related posts

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

editor

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

editor

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor