Sport

ਪੀਵੀ ਸਿੰਧੂ ਨੇ ਹਾਸਲ ਕੀਤਾ ਸਿੰਗਾਪੁਰ ਓਪਨ ਦਾ ਖ਼ਿਤਾਬ, ਫਾਈਨਲ ‘ਚ ਚੀਨ ਦੀ ਵਾਂਗ ਝੀ ਯੀ ਨੂੰ ਦਿੱਤੀ ਮਾਤ

ਸਿੰਗਾਪੁਰ – ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ ਐਤਵਾਰ ਨੂੰ ਇੱਥੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ ਚੀਨ ਦੀ ਵਾਂਗ ਝੀ ਯੀ ਨੂੰ ਤਿੰਨ ਗੇਮਾਂ ਤਕ ਚੱਲੇ ਸਖ਼ਤ ਮੁਕਾਬਲੇ ਵਿਚ ਹਰਾ ਕੇ ਸਿੰਗਾਪੁਰ ਓਪਨ ਬੈਡਮਿੰਟਨ ਸੁਪਰ 500 ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ।

ਗ਼ਲਤੀਆਂ ਨਾਲ ਭਰੇ ਇਸ ਮੁਕਾਬਲੇ ਵਿਚ ਸਿੰਧੂ ਨੇ ਮਹੱਤਵਪੂਰਨ ਸਮੇਂ ‘ਤੇ ਧੀਰਜ ਕਾਇਮ ਰੱਖਦੇ ਹੋਏ ਏਸ਼ਿਆਈ ਚੈਂਪੀਅਨਸ਼ਿਪ ਦੀ ਮੌਜੂਦਾ ਚੈਂਪੀਅਨ ਚੀਨ ਦੀ ਖਿਡਾਰਨ ਨੂੰ 21-9, 11-21, 21-15 ਨਾਲ ਹਰਾਇਆ। ਸਿੰਧੂ ਨੇ ਇਸ ਤੋਂ ਪਹਿਲਾਂ ਵਾਂਗ ਖ਼ਿਲਾਫ਼ ਆਪਣਾ ਇੱਕੋ ਇਕ ਮੈਚ ਜਿੱਤਿਆ ਸੀ। ਉਨ੍ਹਾਂ ਨੇ ਇਸੇ ਸਾਲ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਚੀਨ ਦੀ ਖਿਡਾਰਨ ਨੂੰ ਹਰਾਇਆ ਸੀ। ਇਸ ਖ਼ਿਤਾਬੀ ਜਿੱਤ ਨਾਲ ਸਿੰਧੂ ਦਾ ਆਤਮਵਿਸ਼ਵਾਸ ਵਧੇਗਾ ਜੋ ਬਰਮਿੰਘਮ ਵਿਚ 28 ਜੁਲਾਈ ਤੋਂ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਸਿੰਧੂ ਆਪਣੇ ਕਰੀਅਰ ਵਿਚ ਓਲੰਪਿਕ ਵਿਚ ਸਿਲਵਰ ਤੇ ਕਾਂਸੇ ਦੇ ਮੈਡਲ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ ਵਿਚ ਇਕ ਗੋਲਡ, ਦੋ ਸਿਲਵਰ ਤੇ ਦੋ ਕਾਂਸੇ ਦੇ ਮੈਡਲ ਵੀ ਜਿੱਤ ਚੁੱਕੀ ਹੈ।

ਟਾਸ ਨੇ ਮੈਚ ਵਿਚ ਅਹਿਮ ਭੂਮਿਕਾ ਨਿਭਾਈ ਕਿਉਂਕਿ ਪਿਛਲੇ ਦਿਨੀਂ ਡਰਿਫਟ ਕਾਰਨ ਖਿਡਾਰੀਆਂ ਨੂੰ ਪਰੇਸ਼ਾਨੀ ਹੋ ਰਹੀ ਸੀ। ਆਖ਼ਰੀ ਗੇਮ ਦੇ ਦੂਜੇ ਅੱਧ ਵਿਚ ਵਾਂਗ ਬਿਹਤਰ ਸਥਿਤੀ ਵਿਚ ਸੀ ਕਿਉਂਕਿ ਉਨ੍ਹਾਂ ਨੂੰ ਡਰਿਫਟ ਖ਼ਿਲਾਫ਼ ਖੇਡਣ ਦਾ ਮੌਕਾ ਮਿਲਿਆ। ਸਿੰਧੂ ਹਾਲਾਂਕਿ ਗ਼ਲਤੀਆਂ ‘ਤੇ ਰੋਕ ਲਾਉਣ ਤੋਂ ਇਲਾਵਾ ਧੀਰਜ ਕਾਇਮ ਰੱਖਦੇ ਹੋਏ ਜਿੱਤ ਦਰਜ ਕਰਨ ਵਿਚ ਕਾਮਯਾਬ ਹੀ। ਸਿੰਧੂ ਨੇ ਪਹਿਲੀ ਗੇਮ ਵਿਚ ਸ਼ੁਰੂਆਤੀ ਦੋ ਅੰਕ ਗੁਆਏ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਡਰਿਫਟ ਦੀ ਮਦਦ ਨਾਲ ਜ਼ੋਰਦਾਰ ਵਾਪਸੀ ਕੀਤੀ ਤੇ ਲਗਾਤਾਰ 11 ਅੰਕਾਂ ਨਾਲ ਬ੍ਰੇਕ ਤਕ 11-2 ਦੀ ਬੜ੍ਹਤ ਬਣਾ ਲਈ। ਭਾਰਤੀ ਖਿਡਾਰਨ ਨੇ ਇਸ ਤੋਂ ਬਾਅਦ ਆਸਾਨੀ ਨਾਲ ਪਹਿਲੀ ਗੇਮ ਜਿੱਤ ਲਈ।

ਦੂਜੀ ਗੇਮ ਸਿੰਧੂ ਲਈ ਬੁਰੇ ਸੁਪਨੇ ਵਾਂਗ ਰਹੀ। ਇਸ ਵਾਰ ਵਾਂਗ ਕੋਰਟ ਵਿਚ ਬਿਹਤਰ ਸਥਿਤੀ ਵਿਚ ਸੀ ਤੇ ਉਨ੍ਹਾਂ ਨੇ 11-3 ਦੀ ਬੜ੍ਹਤ ਬਣਾ ਲਈ। ਸਿੰਧੂ 8-15 ਦੇ ਸਕੋਰ ‘ਤੇ ਆਸਾਨ ਅੰਕ ਹਾਸਲ ਕਰਨ ਵਿਚ ਨਾਕਾਮ ਰਹੀ। ਵਾਂਗ ਨੇ ਜੰਪ ਸਮੈਸ਼ ਨਾਲ 10 ਗੇਮ ਪੁਆਇੰਟ ਹਾਸਲ ਕੀਤੇ ਤੇ ਦੂਜੀ ਕੋਸ਼ਿਸ਼ ਵਿਚ ਗੇਮ ਜਿੱਤ ਲਈ। ਤੀਜੀ ਤੇ ਫ਼ੈਸਲਾਕੁਨ ਗੇਮ ਵਿਚ ਸਖ਼ਤ ਟੱਕਰ ਦੇਖਣ ਨੂੰ ਮਿਲੀ। ਸਿੰਧੂ ਨੇ 5-5 ਦੇ ਸਕੋਰ ਤੋਂ ਬਾਅਦ ਸ਼ਾਨਦਾਰ ਖੇਡ ਦਿਖਾਈ। ਉਨ੍ਹਾਂ ਨੇ ਲੰਬੀਆਂ ਰੈਲੀਆਂ ਜਿੱਤੀਆਂ ਤੇ ਡਰਾਪ ਸ਼ਾਟ ਦੇ ਨਾਲ ਅੰਕ ਹਾਸਲ ਕੀਤਾ। ਉਨ੍ਹਾਂ ਨੇ ਕ੍ਰਾਸ ਕੋਰਟ ਸਮੈਸ਼ ਨਾਲ ਬ੍ਰੇਕ ਤਕ 11-6 ਦੀ ਬੜ੍ਹਤ ਬਣਾਈ।

ਬ੍ਰੇਕ ਤੋਂ ਬਾਅਦ ਵਾਂਗ ਨੂੰ ਮੁੜ ਬਿਹਤਰ ਹਿੱਸੇ ਤੋਂ ਖੇਡਣ ਦਾ ਮੌਕਾ ਮਿਲਿਆ ਤੇ ਉਨ੍ਹਾਂ ਨੇ ਸਿੰਧੂ ਦੀਆਂ ਗ਼ਲਤੀਆਂ ਦਾ ਫ਼ਾਇਦਾ ਉਠਾ ਕੇ ਸਕੋਰ 11-12 ਕਰ ਦਿੱਤਾ। ਸਿੰਧੂ ਨੇ ਧੀਰਜ ਕਾਇਮ ਰੱਖਦੇ ਹੋਏ 18-14 ਦੀ ਬੜ੍ਹਤ ਬਣਾਈ। ਸਿੰਧੂ ਨੇ ਦਮਦਾਰ ਸਮੈਸ਼ ਨਾਲ ਪੰਜ ਮੈਚ ਪੁਆਇੰਟ ਹਾਸਲ ਕੀਤੇ ਤੇ ਫਿਰ ਵਾਂਗ ਦੇ ਸ਼ਾਟ ਬਾਹਰ ਮਾਰਨ ‘ਤੇ ਗੇਮ, ਮੈਚ ਤੇ ਖ਼ਿਤਾਬ ਆਪਣੇ ਨਾਂ ਕੀਤਾ।

Related posts

ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਬ੍ਰਾਜ਼ੀਲ

editor

ਧੋਨੀ ਦੇ ਸੰਨਿਆਸ ’ਤੇ ਬੋਲੇ ਕੋਚ ਮਾਈਕਲ ਹਸੀ, ਉਮੀਦ ਹੈ ਕਿ ਉਹ ਦੋ ਸਾਲ ਹੋਰ ਖੇਡਣਗੇ

editor

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor