Story

ਪੁਰਾਣੀ ਕਮੀਜ਼

ਲੇਖਕ: ਦੀਪ ਚੌਹਾਨ, ਫਿਰੋਜ਼ਪੁਰ

ਡੈਵੀ ਇਸ ਵਾਰ ਦਸਵੀਂ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋਇਆ ਸੀ  । ਡੇੈਵੀ ਦੇ ਪਿਤਾ ਨੇ ਆਪਣੇ ਵਾਅਦੇ ਮੁਤਾਬਕ ਉਸ ਨੂੰ  ਮੋਟਰ ਸਾਈਕਲ ਲੈ ਕੇ ਦੇਣਾ ਸੀ  । ਡੈਵੀ ਇਹ ਸੋਚ ਸੋਚ ਕੇ ਹੀ ਬਹੁਤ ਖ਼ੁਸ਼ ਹੋ ਰਿਹਾ ਸੀ ਕਿ ਉਹ ਅਗਲੀ ਕਲਾਸ ਵਿੱਚ ਆਪਣੇ ਸਕੂਲ ਮੋਟਰ ਸਾਈਕਲ ਤੇ ਜਾਇਆ ਕਰੇਗਾ  । ਡੈਵੀ ਦਾ ਪਿਤਾ ਤਰਸੇਮ ਲਾਲ ਵੀ ਆਪਣੇ ਬੇਟੇ ਦਾ ਇਹ ਸ਼ੌਂਕ ਪੁਗਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਪੈਸੇ ਇਕੱਠੇ ਕਰ ਰਿਹਾ ਸੀ  । ਤਰਸੇਮ ਲਾਲ  ਦੀ ਸ਼ਹਿਰ ਵਿੱਚ ਇੱਕ ਛੋਟੀ ਜਿਹੀ ਦੁਕਾਨ ਸੀ  ਜਿਸ ਤੋਂ ਉਹ ਘਰ ਦਾ ਖਰਚਾ ਚਲਾਉਂਦਾ ਸੀ  ।  ਤਰਸੇਮ ਲਾਲ ਦਾ ਜਨਮ ਇੱਕ ਗ਼ਰੀਬ ਘਰ ਵਿੱਚ ਹੋਇਆ ਸੀ ਪਰ ਉਸ ਨੇ ਆਪਣੀ ਮਿਹਨਤ ਨਾਲ ਆਪਣੇ ਆਪ ਨੂੰ ਇਸ ਮੁਕਾਮ ਤੇ ਲੈ ਕੇ ਆਂਦਾ ਸੀ ਕਿ ਉਹ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰ ਸਕੇ ਅਤੇ ਪਰਿਵਾਰ  ਨੂੰ ਜ਼ਿੰਦਗੀ ਦੀ  ਹਰ ਸੁੱਖ ਸੁਵਿਧਾ ਦੇ ਸਕੇ  ।  ਡੈਵੀ ਦੇ ਦਸਵੀਂ ਦੇ ਰਿਜ਼ਲਟ ਆਉਣ ਤਕ ਤਰਸੇਮ ਲਾਲ ਨੇ ਮੋਟਰਸਾਈਕਲ ਲੈਣ ਲਈ ਤਕਰੀਬਨ – ਤਕਰੀਬਨ ਸਾਰੇ ਪੈਸੇ ਇਕੱਠੇ ਕਰਨੇ ਸਨ , ਜੋ ਕੁਝ ਪੈਸੇ ਘਟਦੇ ਸਨ ਉਹ ਉਸ ਨੇ ਆਪਣੇ ਕਿਸੇ ਕਰੀਬੀ ਦੋਸਤ ਤੋਂ ਫੜ ਲਏ ਸਨ  ।  ਡੈਵੀ ਮੋਟਰਸਾਈਕਲ ਲੈ ਕੇ ਬਹੁਤ ਹੀ ਖੁਸ਼ ਸੀ ।ਉਹ ਵਾਰ -ਵਾਰ ਆਪਣੇ ਪਿਤਾ ਦਾ ਸ਼ੁਕਰੀਆ ਕਰਦਾ ਨਹੀਂ ਥੱਕਦਾ ਸੀ  ।

 ਪਿਛਲੇ ਕੁਝ ਦਿਨਾਂ ਤੋਂ ਡੈਵੀ ਦੀਆਂ  ਮੰਗਾਂ ਵਧਦੀਆਂ ਜਾ ਰਹੀਆਂ ਸਨ।  ਇਸ ਦਾ ਕਾਰਨ ਸੀ ਉਸ ਦਾ  ਕੁਝ ਅਜਿਹੇ ਦੋਸਤਾਂ ਨਾਲ ਦੋਸਤੀ ਹੋਣਾ  ਜਿਨ੍ਹਾਂ ਵਿਚੋਂ ਕੁਝ ਦੇ ਪਿਤਾ  ਵੱਡੇ ਉਦਯੋਗਪਤੀ ਸਨ  ਅਤੇ ਕੁਝ ਦੇ  ਵੱਡੇ ਸਰਕਾਰੀ ਅਫ਼ਸਰ  । ਡੈਵੀ ਉਨ੍ਹਾਂ ਨਾਲ ਰਹਿ ਕੇ ਉਨ੍ਹਾਂ ਦੇ ਵਾਂਗ ਹੀ ਬਰੈਂਡਿਡ ਕੱਪੜੇ, ਘੜੀਆਂ , ਬੂਟ  ਵਗੈਰਾ  ਪਾਉਣਾ ਚਾਹੁੰਦਾ ਸੀ  । ਉਸ ਨੂੰ ਇਸ ਗੱਲ ਦਾ ਬਿਲਕੁਲ ਵੀ ਖ਼ਿਆਲ ਨਹੀਂ ਸੀ ਕਿ ਉਸ ਦਾ ਪਿਤਾ  ਇਕ ਛੋਟਾ ਜਿਹਾ ਦੁਕਾਨਦਾਰ ਹੈ  ਅਤੇ ਦਿਨ ਰਾਤ ਮਿਹਨਤ ਕਰਕੇ  ਉਸ ਦੀ ਹਰ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ  । ਉਸ ਦੀਆਂ ਦਿਨੋਂ ਦਿਨ ਵਧ ਰਹੀਆਂ ਮੰਗਾਂ ਨੂੰ ਵੇਖ ਕੇ ਡੇੈਵੀ ਦੀ ਮਾਂ ਨੇ ਉਸ ਨੂੰ ਕਾਫੀ ਸਮਝਾਇਆ ਪਰ ਸ਼ਾਇਦ ਇਹ ਉਮਰ ਹੀ ਅਜਿਹੀ ਹੁੰਦੀ ਹੈ ਜੋ  ਸਭ ਕੁਝ ਦੇਖਦੇ ਹੋਏ ਵੀ ਅੱਖਾਂ ਤੇ ਪਰਦਾ ਪਾ ਦਿੰਦੀ ਹੈ  । ਜਦ ਡੈਵੀ ਦੀ ਮਾਂ ਨੇ ਡੈਵੀ ਦੇ ਪਿਤਾ ਤਰਸੇਮ ਲਾਲ  ਨਾਲ ਇਸ ਬਾਰੇ ਗੱਲ ਕੀਤੀ  ਤਾਂ ਤਰਸੇਮ ਲਾਲ ਕਹਿਣ ਲੱਗਾ ਕਿ  ਡੈਵੀ ਹਾਲੇ ਬੱਚਾ ਹੈ ਹੌਲੀ- ਹੌਲੀ ਸਭ ਸਮਝ ਜਾਵੇਗਾ  । ਤਰਸੇਮ ਲਾਲ ਪਹਿਲਾਂ ਨਾਲੋਂ ਹੋਰ ਵੀ ਵੱਧ ਮਿਹਨਤ ਕਰਨ ਲੱਗਾ ਤਾਂ ਕਿ ਉਹ ਆਪਣੇ ਬੇਟੇ ਦੀਆਂ ਉਹ ਮੰਗਾਂ ਵੀ ਪੂਰੀਆਂ ਕਰ ਸਕੇ ਜੋ ਉਸ ਦੀ ਪਹੁੰਚ ਤੋਂ ਬਾਹਰ ਸਨ  ।  ਡੈਵੀ   ਦਾ ਗਿਆਰ੍ਹਵੀਂ ਦਾ ਰਿਜ਼ਲਟ ਬਹੁਤ ਹੀ ਮਾੜਾ ਆਇਆ ਸੀ  , ਉਹ ਮੁਸ਼ਕਿਲ ਨਾਲ ਹੀ ਪੂਰੇ ਪੂਰੇ ਨੰਬਰ ਲੈ ਕੇ ਪਾਸ ਹੋਇਆ ਸੀ  । ਪਰ ਹੁਣ ਡੈਵੀ ਨੂੰ ਇਸ ਗੱਲ ਦਾ ਕੁਝ ਜ਼ਿਆਦਾ ਫ਼ਰਕ ਨਹੀਂ ਪਿਆ ਸੀ  , ਜਦ ਕਿ ਪਹਿਲਾਂ  ਉਹ ਆਪਣੇ ਘੱਟ ਨੰਬਰ ਆਉਣ ਤੇ ਕਾਫੀ ਚਿੰਤਿਤ ਹੋ ਜਾਂਦਾ ਸੀ  । ਇਹ ਸਭ ਵੇਖ ਕੇ ਤਰਸੇਮ ਲਾਲ ਸਮਝ ਗਿਆ ਸੀ ਕਿ  ਡੇੈਵੀ ਸਹੀ ਰਾਹ ਤੇ ਨਹੀਂ ਹੈ  । ਤਰਸੇਮ ਲਾਲ ਨੇ ਵੀ ਡੈਵੀ ਨਾਲ ਕਈ ਵਾਰ ਇਸ ਬਾਰੇ ਗੱਲ ਕਰਨੀ ਚਾਹੀ ਪਰ ਡੈਵੀ  ਨਵੀਂ- ਨਵੀਂ ਚੜ੍ਹੀ ਜਵਾਨੀ ਦੇ ਜੋਸ਼ ਵਿੱਚ ਏਨਾ ਮਸਤ  ਹੋ ਗਿਆ ਸੀ ਕਿ  ਉਸ ਨੂੰ ਆਪਣਾ ਚੰਗਾ ਜਾਂ ਬੁਰਾ ਨਹੀਂ ਵਿਖ ਰਿਹਾ ਸੀ  ।  ਤਰਸੇਮ ਲਾਲ ਦੀਆਂ ਡੈਵੀ ਨੂੰ ਸਮਝਾਉਣ ਦੀਆਂ ਕਾਫੀ ਕੋਸ਼ਿਸ਼ਾਂ ਅਸਫਲ ਹੋ ਚੁੱਕੀਆਂ ਸਨ  । ਜਿਸ ਕਾਰਨ ਤਰਸੇਮ ਲਾਲ ਇਹ ਸੋਚਣ ਲੱਗਾ ਕਿ ਜਵਾਨ ਮੁੰਡੇ ਨਾਲ ਜ਼ਬਰਦਸਤੀ ਕਰਨਾ ਠੀਕ ਨਹੀਂ ਹੈ ਉਮਰ ਦੇ ਨਾਲ ਉਸ ਨੂੰ ਆਪਣੇ ਆਪ ਹੀ ਸਮਝ ਆ ਜਾਵੇਗੀ  ।
ਹੁਣ  ਤਰਸੇਮ ਲਾਲ ਨੇ ਆਪਣੇ ਲੜਕੇ ਡੈਵੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਆਪਣੀਆਂ ਜ਼ਰੂਰਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ ।  ਡੇਵੀ ਦੀ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਸ਼ੁਰੂ ਹੋਣ ਵਿੱਚ ਕੁਝ ਹੀ ਹਫਤੇ ਬਾਕੀ ਸਨ ।  ਸਕੂਲ ਵਿੱਚ ਬਾਰ੍ਹਵੀਂ ਜਮਾਤ ਤੋਂ ਜਾਣ ਵਾਲੇ ਵਿਦਿਆਰਥੀਆਂ ਲਈ ਸਕੂਲ ਵਲੋਂ ਪਾਰਟੀ ਰੱਖੀ ਗਈ ਸੀ  । ਡੈਵੀ ਦੇ ਦੋਸਤ ਇਸ ਪਾਰਟੀ ਲਈ ਮਹਿੰਗੇ ਤੋਂ ਮਹਿੰਗੇ ਕੱਪੜੇ ਅਤੇ ਹੋਰ ਸਾਮਾਨ ਖਰੀਦ ਰਹੇ ਸਨ । ਉਨ੍ਹਾਂ ਨੂੰ ਵੇਖ ਕੇ ਡੈਵੀ ਦੇ ਮਨ ਵਿੱਚ ਵੀ ਕੁਝ ਇਸੇ ਤਰ੍ਹਾਂ ਦੇ ਕੱਪੜੇ ਅਤੇ ਸਾਮਾਨ ਲੈਣ  ਦੀ ਜਿਗਿਆਸਾ ਪੈਦਾ ਹੋ ਰਹੀ ਸੀ ।  ਉਸ ਨੂੰ ਇੱਕ ਬਹੁਤ ਹੀ ਮਹਿੰਗੀ ਕਮੀਜ਼ ਪਸੰਦ ਆ ਗਈ ਸੀ ਜੋ ਉਹ ਉਸ ਪਾਰਟੀ ਉੱਤੇ ਪਾਉਣ ਲਈ ਖਰੀਦਣਾ ਚਾਹੁੰਦਾ ਸੀ  । ਦੂਜੇ ਪਾਸੇ ਤਰਸੇਮ ਲਾਲ ਦੀ ਕਮੀਜ਼ ਘਸੀ ਪਈ ਸੀ ਪਰ ਉਸ ਨੂੰ ਪਤਾ ਸੀ ਕਿ  ਉਸ ਦੇ ਬੇਟੇ ਡੈਵੀ ਦੇ ਸਕੂਲ ਦੀ ਪਾਰਟੀ ਆਉਣ ਵਾਲੀ ਹੈ ਅਤੇ ਉਸ ਦਾ ਕਾਫ਼ੀ ਖ਼ਰਚਾ ਵੀ ਹੋਣ ਵਾਲਾ ਹੈ ਜਿਸ ਕਾਰਨ ਉਸਨੇ ਨਵੀਂ ਕਮੀਜ਼ ਲੈਣ ਦਾ ਖਿਆਲ ਆਪਣੇੇ ਮਨ ਚੋਂ ਤਿਆਗ ਦਿੱਤਾ ਸੀ  ।
ਸਵੇਰ ਦਾ ਥੱਕਿਆ ਟੁੱਟਿਆ ਦੁਕਾਨ ਤੋਂ ਜਦ ਤਰਸੇਮ ਲਾਲ ਘਰ ਆਇਆ ਤਾਂ ਉਸ ਨੂੰ ਬੂਹੇ ਅੰਦਰ ਵੜਦਿਆਂ ਹੀ ਆਪਣੇ ਬੇਟੇ ਡੈਵੀ ਅਤੇ ਉਸਦੀ ਪਤਨੀ ਵਿੱਚ ਹੋ ਰਹੀ ਬਹਿਸ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ  । ਉਹ ਸਮਝ ਗਿਆ ਸੀ ਕਿ ਡੈਵੀ ਆਪਣੀ ਪਾਰਟੀ ਦੇ ਲਈ ਕਿਸੇ ਮਹਿੰਗੀ ਕਮੀਜ਼ ਖਰੀਦਣ ਦੀ ਗੱਲ ਕਰ ਰਿਹਾ ਹੈ  । ਜਦ ਤਰਸੇਮ ਲਾਲ ਆਪਣੇ ਮੰਜੇ ਉੱਤੇ ਬੈਠਣ ਲੱਗਾ ਤਾਂ ਡੈਵੀ ਬੁੜਬੁੜ ਕਰਦਾ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ” ਮੈਨੂੰ ਪਾਰਟੀ ਉੱਤੇ ਪਾਉਣ ਲਈ ਇੱਕ ਮਹਿੰਗੀ ਕਮੀਜ਼ ਪਸੰਦ ਆਈ ਹੈ , ਜੋ ਮੈਂ ਖਰੀਦਣੀ ਹੈ ” । ਤਰਸੇਮ ਲਾਲ ਆਪਣੇ ਜਵਾਨ ਮੁੰਡੇ ਦੀ ਜ਼ਿੱਦ ਸਾਹਮਣੇ  ਜਿਵੇਂ ਬੇਵੱਸ ਜਿਹਾ ਹੋ ਗਿਆ ਸੀ। ਤਰਸੇਮ ਲਾਲ ਨੇ ਕਲੇਸ਼ ਹੋਰ ਨਾ ਵਧਾਉਣ ਦੀ ਸੂਰਤ ਵਿਚ  ਡੇੈਵੀ ਨੂੰ ਕਮੀਜ਼ ਲੈ ਲੈਣ ਦਾ ਕਹਿ ਦਿੱਤਾ  । ਜਦ ਡੈਵੀ ਮੁਸਕਰਾਉਂਦਾ ਹੋਇਆ ਤਰਸੇਮ ਲਾਲ ਦੇ ਕੋਲੋਂ ਜਾਣ ਲੱਗਾ ਤਾਂ  ਤਰਸੇਮ ਲਾਲ ਨੇ ਉਸ ਨੂੰ ਪਿੱਛੋਂ ਆਵਾਜ਼ ਮਾਰੀ ਅਤੇ ਪੁੱਛਿਆ ” ਡੈਵੀ ਕੀ ਤੇਰੀ ਇਹ ਪੁਰਾਣੀ ਕਮੀਜ਼ ਮੈਂ ਪਾ ਲਿਆ ਕਰਾਂ  ?” ਇਨ੍ਹਾਂ ਬੋਲਾਂ ਨੇ ਡੈਵੀ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ ਸੀ  । ਉਸ ਦੇ ਪਿਤਾ ਦੀ ਪਹਿਨੀ ਹੋਈ ਘਿਸੀ ਹੋਈ ਪੁਰਾਣੀ  ਕਮੀਜ਼ ਜੋ ਉਸ ਨੂੰ ਕਾਫੀ ਦਿਨਾਂ ਤੋਂ ਦਿਖਾਈ ਨਹੀਂ ਦੇ ਰਹੀ ਸੀ ਹੁਣ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗ ਗਈ ਸੀ । ਡੇਵੀ ਨੂੰ ਸਮਝ ਆ ਗਿਆ ਸੀ ਕਿ ਕਿਸ ਤਰ੍ਹਾਂ ਉਸ ਦੀਆ ਵਧ ਰਹੀਆ ਮੰਗਾਂ ਉਸ ਦੇ ਪਿਤਾ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਵੀ ਮਾਰਦੀਆਂ ਜਾ ਰਹੀਆਂ ਸਨ ।  ਡੇੈਵੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin