Articles

ਪੰਜਾਬੀਓ, ਵੇਲਾ ਥਿੜਕਣ ਦਾ ਨਹੀਂ, ਸੰਭਲਣ ਦਾ !

ਲੇਖਕ: ਗੁਰਮੀਤ ਸਿੰਘ ਪਲਾਹੀ

ਪੰਜਾਬ ਚੋਣਾਂ ਦਾ ਮਾਹੌਲ ਹੰਢਾ ਰਿਹਾ ਹੈ। ਪੰਜਾਬ, ਨੇਤਾਵਾਂ ਦੀਆਂ ਚੰਗੀਆਂਮੰਦੀਆਂ ਗੱਲਾਂ ਸੁਣ ਰਿਹਾ ਹੈ। ਪੰਜਾਬ ਦੇ ਕੋਨੇ-ਕੋਨੇ ਆਵਾਜ਼ ਗੂੰਜ ਰਹੀ ਹੈ, ਸਿਆਸੀ ਧਿਰਾਂ ਵਲੋਂ, ਸਿਆਸੀ ਨੇਤਾਵਾਂ ਵਲੋਂ ਅਸੀਂ ਨਵਾਂ ਪੰਜਾਬ ਸਿਰਜਣਾ ਹੈ। ਅਸੀਂ ਪੰਜਾਬ ‘ਚ ਨਵੀਂ ਰੂਹ ਫੂਕਣੀ ਹੈ।” ਪੁੱਛੋ ਤਾਂ ਸਹੀ ਉਹਨਾ ਨੂੰ ਕਿ ਉਹ ਕੇਹਾ ਨਵਾਂ ਪੰਜਾਬ ਸਿਰਜਣਾ ਚਾਹੁੰਦੇ ਹਨ? ਪਿਛਲੇ ਵਰ੍ਹਿਆਂ ‘ਚ ਉਹ ਚੁੱਪ ਧਾਰੀ ਕਿਉਂ ਬੈਠੇ ਰਹੇ? ਪੰਜਾਬ ਨੂੰ ਉਜਾੜੇ ਵੱਲ ਜਾਣ ਤੋਂ ਉਹਨਾ ਕਿਉਂ ਨਾ ਰੋਕਿਆ?

ਨੇਤਾਵਾਂ ਵਲੋਂ ਵੱਡੇ ਵਾਇਦੇ ਹੋ ਰਹੇ ਹਨ। ਨਵੀਆਂ ਰਿਐਤਾਂ ਦੇਣ ਲਈ ਵਧ-ਚੜ੍ਹ ਕੇ ਉਹਨਾ ਵਲੋਂ ਦਮਗਜੇ ਮਾਰੇ ਗਏ ਹਨ। ਚੋਣ ਘੋਸ਼ਣਾ ਪੱਤਰਾਂ ‘ਚ, ਜੋ ਹਾਲੀ ਬਹੁਤਿਆਂ ਧਿਰਾਂ ਨੇ ਜਾਰੀ ਕਰਨਾ ਹੈ, ਵਿੱਚ ਕਈ ਕਈ ਨੁਕਤੇ ਦਰਸਾਏ ਜਾਣਗੇ, ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਦੀ ਗੱਲ ਕੀਤੀ ਜਾਏਗੀ। ਦੇਸ਼ ਦਾ ਵੱਡੇ ਤੋਂ ਵੱਡਾ ਨੇਤਾ, ਦੇਸ਼ ਦਾ ਛੋਟੇ ਤੋਂ ਛੋਟਾ ਨੇਤਾ, ਪੰਜਾਬ ਜਿੱਤਣ ਲਈ, ਪੰਜਾਬ ਦੇ ਲੋਕਾਂ ਪੱਲੇ ਸੂਬੇ ‘ਚ ਹਰੀ ਕ੍ਰਾਂਤੀ ਦੇ ਸੁਪਨੇ ਜਿਹੇ ਮਾਰੂ ਸੁਪਨੇ ਪਾਏਗਾ, ਜਿਸ ਸੁਪਨੇ ਨੇ ਪੰਜਾਬ ਨੂੰ ਬਰਬਾਦੀ ਦੀਆਂ ਬਰੂਹਾਂ ‘ਤੇ ਪਹਿਲੋਂ ਹੀ ਖੜੇ ਕੀਤਾ ਹੋਇਆ ਹੈ, ਖ਼ੁਦਕੁਸ਼ੀ ਦੇ ਰਾਹ ਪਾਇਆ ਹੋਇਆ ਹੈ, ਪੰਜਾਬ ਦੇ ਧਰਤੀ ਹੇਠਲੇ ਪਾਣੀ  ਦੀ ਬਰਬਾਦੀ ਕੀਤੀ ਹੋਈ ਹੈ। ਦੇਸ਼ ਦਾ ਢਿੱਡ ਭਰਦਾ ਪੰਜਾਬ ਅੱਜ ਮਾਰੂਥਲ ਬਨਣ ਦੇ ਕਿਨਾਰੇ ਖੜਾ ਕਰ ਦਿੱਤਾ ਗਿਆ। ਹੁਣ ਜਦ ਪੰਜਾਬ ਉਜਾੜੇ ਵੱਲ ਜਾ ਰਿਹਾ ਹੈ, ਨੇਤਾ ਲੋਕਾਂ ਦਾ ਪੰਜਾਬ ਪ੍ਰਤੀ ਹੇਜ ਕਿਉਂ ਜਾਗ ਰਿਹੈ?

ਕੀ ਪੰਜਾਬ ਦੇ ਨੇਤਾ ਜਿਹੜੇ ਨਵਾਂ ਪੰਜਾਬ ਸਿਰਜਣ ਦੀ ਗੱਲ ਕਰਦੇ ਹਨ, ਜਾਣਦੇ ਹਨ ਕਿ ਪੰਜਾਬ ਦੇ ਲੋਕਾਂ ਦਾ ਦੁਖਾਂਤ ਕੀ ਹੈ? ਕੀ ਉਹ ਜਾਣਦੇ ਹਨ ਕਿ ਪੰਜਾਬ ਦੇ ਲੋਕਾਂ ਦੀਆਂ ਲੋੜਾਂ-ਥੋੜਾਂ ਕੀ ਹਨ? ਕੀ ਉਹ ਜਾਣਦੇ ਹਨ ਕਿ ਸੂਬਾ ਵਾਲ-ਵਾਲ ਕਰਜ਼ਾਈ ਹੈ? ਕੀ ਉਹ ਜਾਣਦੇ ਹਨ ਕਿ ਪੰਜਾਬ ਦੇ ਸਰੀਰ ਵਿਚੋਂ ਉਸਦੀ ਰੂਹ ਗਾਇਬ ਹੁੰਦੀ ਜਾ ਰਹੀ ਹੈ? ਕੀ ਉਹ ਜਾਣਦੇ ਹਨ ਕਿ ਪੰਜਾਬ ਦਾ  ਨੌਜਵਾਨ ਦੇਸ਼ ‘ਚ ਸਭ ਤੋਂ ਵੱਧ ਆਰਥਿਕ ਚਣੌਤੀ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਿਹਾ ਹੈ? ਕੀ ਨੇਤਾ ਲੋਕ ਜਾਣਦੇ ਹਨ ਕਿ ਉਹ ਜਿਸ ਜਨ-ਕਲਿਆਣ ਦੀ ਗੱਲ ਕਰਦੇ ਹਨ, ਉਸ ਵਿੱਚ ਨੌਕਰੀ, ਭੋਜਨ, ਸਿਹਤ, ਸਿੱਖਿਆ, ਸਮਾਜਿਕ ਸੁਰੱਖਿਆ, ਆਰਾਮ ਅਤੇ ਮੰਨੋਰੰਜਨ ਸ਼ਾਮਲ ਹੈ? ਇਸਦਾ ਭਾਵ ਕੀ ਨੇਤਾ ਲੋਕ ਜਾਣਦੇ ਹਨ ਕਿ ਮੁਫ਼ਤ ਸਰਕਾਰੀ ਸੇਵਾਵਾਂ, ਸਿਹਤ ਬੀਮਾ ਯੋਜਨਾ, ਮੁਫ਼ਤ ਤੇ ਸਭ ਲਈ ਬਰਾਬਰ ਦੀ ਸਿੱਖਿਆ, ਸਭ ਲਈ ਸਮਾਜਿਕ ਸੁਰੱਖਿਆ, ਸਰਕਾਰ ਵਲੋਂ ਨਿਭਾਇਆ ਜਾਣ ਵਾਲਾ ਵੱਡਾ ਫ਼ਰਜ਼ ਹੈ? ਤਾਂ ਫਿਰ ਨੇਤਾ ਲੋਕ ਇਸ ਤੱਥ ਤੋਂ ਅੱਖਾਂ ਮੀਟਕੇ ਕਿਉਂ ਬੈਠੇ ਰਹੇ? ਪੰਜਾਬ ਦੇ ਲੋਕਾਂ ਨੂੰ ਮੰਗਤੇ ਬਨਣ ਦੇ ਰਾਹ, ਆਪਣੇ ਸਵਾਰਥਾਂ ਲਈ ਕਿਉਂ ਪਾਉਂਦੇ ਰਹੇ?

ਪੰਜਾਬ ਜਿਸਦੇ ਉਦਯੋਗਾਂ, ਖ਼ਾਸ ਕਰਕੇ ਛੋਟੇ ਉਦਯੋਗਾਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸੀ, ਉਹ ਮਰਨ ਕੰਢੇ ਪਿਆ ਹੈ। ਸਹੂਲਤਾਂ ਦੀ ਅਣਹੋਂਦ ਤੇ ਬਿਜਲੀ ਦੀ  ਘਾਟ ਨੇ ਪੰਜਾਬ ਵਿੱਚੋਂ ਹਜ਼ਾਰਾਂ ਉਦਯੋਗ ਬੰਦ ਕਰਵਾ ਦਿੱਤੇ। ਸਾਲ 2020-21 ਦੇ ਇੱਕ ਸਰਵੇ ਅਨੁਸਾਰ ਜਦੋਂ ਦੇਸ਼ ਭਰ ‘ਚ ਕੋਵਿਡ-19 ਦੌਰਾਨ 67 ਫ਼ੀਸਦੀ ਛੋਟੇ ਉਦਯੋਗ ਬੰਦ ਰਹੇ, ਪੰਜਾਬ ਵੀ ਅਣਭਿੱਜ ਨਹੀਂ ਰਿਹਾ, ਲੋਕਾਂ ਦੇ ਛੋਟੇ ਕਾਰੋਬਾਰ ਬੰਦ ਰਹੇ। ਪੰਜਾਬ ਦਾ ਨੌਜਵਾਨ ਇਸ ਬੇਰੁਜ਼ਗਾਰੀ ਭੱਠੀ ‘ਚ ਝੁਲਸਦਾ ਰਿਹਾ। ਔਝੜੇ ਰਾਹੀਂ ਪੈਂਦਾ ਰਿਹਾ। ਕਿਸੇ ਸੂਬੇ ਦੀ ਸਰਕਾਰ ਨੇ, ਕਿਸੇ ਕੇਂਦਰ ਦੀ ਸਰਕਾਰ ਨੇ ਪੰਜਾਬ ਦੀ ਸਾਰ ਨਾ ਲਈ। ਵਿਕਾਸ ਦੇ ਦਮਗਜੇ ਮਾਰੇ।

ਉਵੇਂ ਹੀ ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਗੱਠਜੋੜ ਪੰਜਾਬ ਲਈ 13 ਨੁਕਾਤੀ ਪ੍ਰੋਗਰਾਮ ਲੈਕੇ ਆਇਆ ਹੈ। ਵਿਕਾਸ ਦੀਆਂ ਗੱਲਾਂ ਦੇ ਨਾਲ, ਨੌਜਵਾਨਾਂ ਦੇ ਪ੍ਰਵਾਸ ਰੋਕਣ ਦੀ ਥਾਂ ਵਿਕਾਸ ਲਈ ਯੋਜਨਾ ਲੈ ਕੇ ਆਇਆ ਹੈ, ਅਖੇ ਨੌਜਵਾਨਾਂ ਦੇ ਲਈ ਨੌਕਰੀਆਂ ਤਾਂ ਉਹਨਾ ਦੇ ਬਸ ਦੀ ਗੱਲ ਨਹੀਂ, ਵਿਦੇਸ਼ ਜਾਣ ਲਈ 10 ਲੱਖ ਬੈਂਕ ਕਰਜ਼ਾ ਦਿਆਂਗੇ। ਪੰਜਾਬ  ਕਾਂਗਰਸ ਆਖਦੀ ਹੈ, ਥਾਂ-ਥਾਂ ਆਇਲਿਟਸ ਸੈਂਟਰ ਖੋਹਲਾਂਗੇ। ਪੰਜਾਬ ਦੀ ਗੱਦੀ ਦੀ ਦਾਅਵੇਦਾਰੀ ਕੇਜਰੀਵਾਲ ਦੀ ਪਾਰਟੀ ਆਂਹਦੀ ਆ, ਬੀਬੀਆਂ ਨੂੰ 1000 ਰੁਪਿਆ ਨਕਦੀ ਦਿਆਂਗੇ ਹਰ ਮਹੀਨੇ ਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਹਿੰਦੇ ਹਨ, 1000 ਰੁਪਏ ਮਹੀਨਾ ਥੋੜ੍ਹਾ ਹੈ, 2000 ਰੁਪਏ ਮਹੀਨਾ ਦਿਆਂਗੇ। ਵੱਡਾ ਦੁਖਾਂਤ ਹੈ ਪੰਜਾਬੀਆਂ ਦਾ, ਉਹ ਪੰਜਾਬੀ ਜਿਹੜੇ ਪੂਰੇ ਦੇਸ਼ ਨੂੰ ਭੁੱਖਮਰੀ ਤੋਂ ਬਚਾਉਂਦੇ ਰਹੇ, ਉਹਨਾ ਨੂੰ ਅੱਜ ਸਿਆਸਤਦਾਨ ਰਿਐਤਾਂ, ਖਰੈਤਾਂ ਦੇਕੇ ਵਰਚਾਉਣਾ ਚਾਹੁੰਦੇ ਹਨ, ਉਹਨਾ ਦੀ ਵੋਟ ਹਥਿਆਉਣਾ ਚਾਹੁੰਦੇ ਹਨ, ਪਰ ਕੋਈ ਵੀ ਸਿਆਸੀ ਧਿਰ ਪੰਜਾਬ ‘ਚ ਰੁਜ਼ਗਾਰ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਾਤ ਨਹੀਂ ਪਾਉਂਦੀ। ਨਵਾਂ ਪੰਜਾਬ ਸਿਰਜਣ ਵਾਲੇ ਭਾਜਪਾ ਤੇ ਉਸਦੇ ਗੱਠਜੋੜ ਵਾਲੇ ਪੰਜਾਬ ਲਈ ਇੱਕ ਲੱਖ ਕਰੋੜ ਅਗਲੇ ਪੰਜਾਂ ਸਾਲਾਂ ‘ਚ ਖਰਚਣ ਦਾ ਵਾਅਦਾ ਚੋਣ ਮਨੋਰਥ ਪੱਤਰ ‘ਚ ਕਰ ਰਹੇ ਹਨ। ਗਰੇਜ਼ੂਏਟ ਬੇਰੁਜ਼ਗਾਰਾਂ ਨੂੰ 4000 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦੀ ਗੱਲ ਕਰਦੇ ਹਨ, ਪੰਜਾਬੀਆਂ ਨੂੰ ਸਰਕਾਰੀ ਨੌਕਰੀਆਂ ‘ਚ 75 ਫ਼ੀਸਦੀ ਰਾਂਖਵੇਕਰਨ ਦੀ ਗੱਲ ਕਰਦੇ ਹਨ ਅਤੇ ਸਭ ਲਈ 300 ਯੂਨਿਟ ਬਿਜਲੀ ਮੁਫ਼ਤ ਦੇਣਾ ਉਹਨਾ ਦੇ ਚੋਣ ਮੈਨੌਫੈਸਟੋ ‘ਚ ਦਰਜ ਹੈ। ਪਰ ਸਵਾਲ ਉੱਠਦਾ ਹੈ ਕਿ ਉਹ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਨੂੰ ਹੱਲ  ਕਰਨ ਦੀ ਗੱਲ ਕਿਉਂ ਨਹੀਂ ਕਰਦੇ? ਪੰਜਾਬੀ ਸਿਰ ਚੜ੍ਹੇ ਕਰਜ਼ੇ ਦੀ ਭਰਪਾਈ ਲਈ ਕੇਂਦਰੀ ਵਾਇਦਾ ਕਿਉਂ ਨਹੀਂ ਕਰਦੇ? ਕਿਉਂ ਨਹੀਂ ਪ੍ਰਵਾਸ ਰੋਕਣ, ਧਰਤੀ ਹੇਠਲੇ ਪਾਣੀ ਦੇ ਨਿੱਤ ਪ੍ਰਤੀ ਘਟਣ ਲਈ ਕੀਤੇ ਜਾਂਦੇ ਯਤਨਾਂ ਪ੍ਰਤੀ ਚੁੱਪੀ ਕਿਉਂ ਸਾਧੀ ਬੈਠ ਗਏ ਹਨ?

ਪੰਜਾਬ ਨੂੰ ਪਹਿਲਾਂ ਅੰਗਰੇਜ਼ ਸਲਤਨਤ ਨੇ ਲੁੱਟਿਆ, ਭਾਵੇਂ ਕਿ ਬਾਕੀ ਭਾਰਤ ਦੇਸ਼ ਦੇ ਮੁਕਾਬਲੇ ਪੰਜਾਬ ਨੇ ਘੱਟ ਸਮਾਂ ਅੰਗਰੇਜ਼ਾਂ ਦੀ ਗੁਲਾਮੀ ਹੰਢਾਈ। ਪਰ ਹੰਢਾਈ ਗੁਲਾਮੀ ਤੋਂ ਨਿਜ਼ਾਤ ਪਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਇਸ ਸੂਬੇ ਪੰਜਾਬ ਨੇ ਕੀਤੀਆਂ, ਜਿਸਦਾ ਦੇਸ਼ ਦੀ ਵੰਡ ਵੇਲੇ ਖਮਿਆਜ਼ਾ ਵੀ ਪੰਜਾਬੀਆਂ ਨੂੰ ਭੁਗਤਣਾ ਪਿਆ, ਲੱਖਾਂ ਪੰਜਾਬੀ ਘਰੋਂ ਬੇਘਰ ਹੋਏ, ਉਹਨਾ ਜਾਇਦਾਦਾਂ ਗੁਆਈਆਂ, ਮੌਤ ਉਹਨਾ ਦੇ ਗਲੇ ਪਈ, ਵੱਢ-ਵੱਢਾਂਗਾ ਉਹਨਾ ਹੰਢਾਇਆ, ਪਰ ਆਖ਼ਰਕਾਰ ਕੀ ਪੱਲੇ ਪਾਇਆ? ਬਹੁਤੇ ਦੇਸ਼ੀ ਹਾਕਮਾਂ ਪੰਜਾਬ ਨਾਲ ਸਦਾ ਦੁਪਰਿਆਰਾ ਸਲੂਕ ਕੀਤਾ।

ਪੰਜਾਬੀਆਂ ਵੰਡ ਤੋਂ ਬਾਅਦ, ’84 ਦਾ ਵਰਤਾਰਾ ਹੰਢਾਇਆ। ਨਸ਼ਾ ਪੰਜਾਬੀ ਦੇ ਗਲੇ ਦੀ ਹੱਡੀ ਬਣਿਆ। ਬੇਰਜ਼ੁਗਾਰੀ, ਮਾਫੀਏ, ਸੂਬੇ ਦੇ ਭੈੜੇ ਪ੍ਰਬੰਧਨ ਨੇ ਪੰਜਾਬ ਦੀ ਜੁਆਨੀ ਨੂੰ ਪ੍ਰਵਾਸ ਦੇ ਰਾਹ ਤੋਰਿਆ। ਹੁਣ ਵੀ ਇਹ ਵਰਤਾਰਾ ਲਗਾਤਾਰ ਜਾਰੀ ਹੈ। ਪਰ ਪੰਜਾਬ ਦੇ ਸਿਆਸਤਦਾਨ ਇਸ ਵਰਤਾਰੇ ਤੋਂ ਅੱਖਾਂ ਮੀਟੀ ਬੈਠੇ ਨਜ਼ਰ ਆ ਰਹੇ ਹਨ। ਸਿਆਸਤਦਾਨੋਂ! ਜੇ ਪੰਜਾਬ ਦੀ ਜੁਆਨੀ ਪੰਜਾਬ ਦੇ ਪੱਲੇ ਨਾ ਰਹੀ, ਜੇ ਪੰਜਾਬ ਦੇ ਪਾਣੀ ਦੇਸੀ ਕੇਂਦਰੀ ਹਾਕਮਾਂ ਹਥਿਆ ਲਏ, ਜੇ ਪੰਜਾਬ ਮਾਰੂਥਲ ਬਣ ਗਿਆ, ਤਾਂ ਫਿਰ ਕਿਸ ਉਜੜੇ ਪੰਜਾਬ ‘ਤੇ ਰਾਜ ਕਰੋਗੇ?

ਪੰਜਾਬ ਦੇ ਮੌਜੂਦਾ ਹਾਲਾਤ ਤਸੱਲੀਬਖ਼ਸ਼ ਨਹੀਂ  ਹਨ। ਬੁਨਿਆਦੀ ਵਿਕਾਸ ਦੀ ਕਮੀ ਰੜਕਦੀ ਹੈ। ਸਕੂਲ, ਕਾਲਜ, ਹਸਪਤਾਲ ਸਟਾਫ ਤੋਂ ਖਾਲੀ ਹਨ। ਹਸਪਤਾਲਾਂ ‘ਚ ਦਵਾਈਆਂ ਨਹੀਂ। ਪੰਜਾਬ ਦੇ ਕਾਲਜ, ਯੂਨੀਵਰਸਿਟੀਆਂ ਜਿਹਨਾ ਪੰਜਾਬ ਦੀ  ਸਿੱਖਿਆ ਸੁਧਾਰ ‘ਚ ਵੱਡਾ ਯੋਗਦਾਨ ਪਾਇਆ, ਉਹ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੀਆਂ ਹਨ। ਬਹੁਤੇ ਪ੍ਰੋਫੈਸ਼ਨਲ ਕਾਲਜ, ਇੰਜੀਨੀਰਿੰਗ ਕਾਲਜ, ਨੌਜਵਾਨਾਂ ਦੇ ਵਿਦੇਸ਼ ਜਾਣ ਕਾਰਨ ਬੰਦ ਹੋ ਰਹੇ ਹਨ। ਰੁਜ਼ਗਾਰ ਦੀ ਕਮੀ ਪੰਜਾਬੀਆਂ ‘ਚ ਮੁਫ਼ਤ ਰਿਐਤਾਂ ਦੀ ਲਾਲਸਾ ਵਧਾ ਰਹੀ ਹੈ। ਪ੍ਰਵਾਸੀ ਪੰਜਾਬੀ ਜਿਹੜੇ ਪੰਜਾਬ ਲਈ ਆਰਥਿਕ ਸਹਾਇਤਾ ਭੇਜਦੇ ਸਨ, ਆਪਣੇ ਰੁਜ਼ਗਾਰ ਸਥਾਪਤ ਕਰਨ ਦੇ ਇਛੁੱਕ ਰਹਿੰਦੇ ਸਨ, ਉਦਾਸੀਨ ਹੋ ਚੁੱਕੇ ਹਨ। ਪੰਜਾਬ ਪ੍ਰਤੀ ਕੰਡ  ਕਰਕੇ ਬੈਠ ਗਏ ਹਨ।

ਵੱਡਾ ਕਰਜ਼ਾਈ ਹੋਇਆ ਪੰਜਾਬ, ਮਸਾਂ ਕੰਮ ਚਲਾਊ ਮੁਲਾਜ਼ਮਾਂ ਨਾਲ ਪ੍ਰਸ਼ਾਸ਼ਨ ਚਲਾਉਣ ‘ਤੇ ਮਜ਼ਬੂਰ ਹੈ। ਪਰ ਪੰਜਾਬ ਦੇ  ਬਹੁਤੇ ਸਿਆਸਤਦਾਨ ਕੋਝੀਆਂ ਹਰਕਤਾਂ ਕਰਦੇ ਮਾਫੀਏ ਨਾਲ ਰਲਕੇ ਆਪਣਾ ਹਲਵਾ ਮੰਡਾ ਚਲਾ ਰਹੇ ਹਨ, ਬਿਨ੍ਹਾਂ ਇਸ ਡਰ ਭਓ ਤੋਂ ਕਿ ਕੋਈ ਉਹਨਾ ਦੀਆਂ ਹਰਕਤਾਂ ਵੇਖ ਰਿਹਾ ਹੈ।

ਹੁਣ ਜਦ ਪੰਜਾਬ ਸੰਕਟਾਂ ‘ਚ ਘਿਰਿਆ ਹੋਇਆ ਹੈ। ਹੁਣ ਜਦ ਪੰਜਾਬ ਮਰਦਾ ਜਾ ਰਿਹਾ ਹੈ ਤਾਂ ਚੋਣਾਂ ਵੇਲੇ ਪੰਜਾਬ ਦੀ ਬੇੜੀ ਬੰਨੇ ਲਾਉਣ ਲਈ ਸਿਆਸਤਦਾਨ ਸਬਜ਼ ਬਾਗ ਵਿਖਾ ਰਹੇ ਹਨ। ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਪਰ ਕੀ ਇਹ ਸਿਆਸਤਦਾਨ ਜਿਹੜੇ ਅਸਲ ਅਰਥਾਂ ‘ਚ ਪੰਜਾਬ ਦੀ ਮੌਜੂਦਾ ਸਥਿਤੀ ਦੇ ਜ਼ੁੰਮੇਵਾਰ ਹਨ, ਪੰਜਾਬ ਨੂੰ ਕਿਸੇ ਤਣ-ਪੱਤਣ ਲਾ ਸਕਣਗੇ?

ਦਿਨ ਤਾਂ ਹੁਣ ਥੋੜ੍ਹੇ ਹਨ। ਪੰਜਾਬੀਆਂ ਅਗਲੇ ਪੰਜਾ ਸਾਲਾਂ ਲਈ ਆਪਣੇ ਹਾਕਮ ਚੁਨਣੇ ਹਨ? ਕੀ ਪੰਜਾਬੀ, ਰਿਐਤਾਂ, ਖ਼ਰੈਤਾਂ ਦੇਣ  ਵਾਲਿਆਂ ਹੱਥ ਮੁੜ ਪੰਜ ਵਰ੍ਹੇ ਫੜਾ ਕੇ ਕੋਈ ਤਲਖ ਤਜ਼ਰਬਾ ਕਰਨਗੇ ਜਾਂ ਫਿਰ ਆਪਣੀ ਸੋਚ ਨਾਲ, ਸਹੀ ਸਖ਼ਸ਼ੀਅਤਾਂ ਦੀ ਚੋਣ ਕਰਨਗੇ। ‘ਕੋਈ ਹਰਿਆ ਬੂਟ ਰਹਿਓ ਰੀ’ ਵਾਂਗਰ ਪੰਜਾਬ ਵੰਗੇਰੇ ਲੋਕਾਂ ਤੋਂ ਬਾਂਝਾ ਨਹੀਂ ਹੈ। ਇਥੇ ਸੱਚ ਹੱਕ, ਸਿਆਣਪ, ਚੰਗੀ, ਸੋਚ, ਵਾਲੇ ਲੋਕਾਂ ਦੀ ਕਮੀ ਨਹੀਂ ਹੈ। ਪਰ ਉਹਨਾ ਨੂੰ ਪਹਿਚਾਨਣ ਦੀ ਲੋੜ ਹੈ।

ਪੰਜਾਬ ਦੀਆਂ 13ਵੀਆਂ ਵਿਧਾਨ ਸਭਾ ਚੋਣਾਂ “ਜੱਗੋਂ ਤੇਰ੍ਹਵੀਆਂ”  ਨਾ ਹੋ ਜਾਣ। ਕਾਂਗਰਸ, ਅਕਾਲੀ ਦਲ-ਬਸਪਾ, ਆਪ, ਬਾਜਪਾ-ਪੰਜਾਬ ਲੋਕ ਕਾਂਗਰਸ, ਖੱਬੀਆਂ ਧਿਰਾਂ, ਸੰਯੁਕਤ ਸਮਾਜ ਮੋਰਚਾ ਅਤੇ ਹੋਰ ਪਾਰਟੀਆਂ ਆਪਦੇ ਵਿਹੜੇ ਵੋਟ ਮੰਗਣ ਲਈ ਆਉਣਗੀਆਂ। ਉਹਨਾ ਤੋਂ ਕੁਝ ਨਾ ਮੰਗੋ, ਬੱਸ ਰੁਜ਼ਗਾਰ ਮੰਗੋ, ਸੂਬੇ ਲਈ ਉਦਯੋਗ ਮੰਗੋ, ਸੂਬੇ ਦਾ ਗੁਆਚਿਆ ਪਾਣੀ ਮੰਗੋ, ਸੂਬੇ ਦੀ ਸੁੱਖ ਸ਼ਾਂਤੀ ਮੰਗੋ ਤੇ ਪ੍ਰਵਾਸ ਤੇ ਨਸ਼ੇ ਤੋਂ ਮੁਕਤੀ ਮੰਗੋ।

ਪੰਜਾਬੀਓ, ਨਿਰਾਸ਼ ਹੋਕੇ ਘਰ ਬੈਠਣ ਦਾ ਵੇਲਾ ਨਹੀਂ, ਇਹ ਵੇਲਾ ਤਾਂ ਸੰਭਲਣ ਦਾ ਹੈ, ਥਿੜਕਣ ਦਾ ਨਹੀਂ! ਸਾਵਧਾਨ!

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin