Articles

ਪੰਜਾਬੀ ਸੱਭਿਆਚਾਰ, ਤਿੰਨ ਮਾਵਾਂ ਦੀ ਕਹਾਣੀ, ਇਸ ਵਿੱਚ ਪੈਦਾ ਹੋ ਰਹੀਆਂ ਅਲਾਮਤਾਂ !

ਲੇਖਕ: ਅਮਰ ਗਰਗ ਕਲਮਦਾਨ, ਧੂਰੀ

ਜਾਨਣ ਦੀ ਉਤਸੁਕਤਾ ਨੂੰ ਖ਼ਤਮ ਕਰਦਿਆਂ ਇਨ੍ਹਾਂ ਤਿੰਨ ਮਾਵਾਂ ਬਾਰੇ ਜਾਣਕਾਰੀ ਮੁੱਢ ਵਿੱਚ ਹੀ ਦੇਣੀ ਬਣਦੀ ਹੈ। ਇਹ ਤਿੰਨ ਮਾਵਾਂ ਹਨ : ਧਰਤੀ ਮਾਂ, ਜਨਮਦਾਤੀ ਮਾਂ ਅਤੇ ਗਊ ਮਾਂ। ਸਾਡੇ ਇਰਦ-ਗਿਰਦ ਭੋਤਿਕ ਤੇ ਸਮਾਜਿਕ ਪਸਾਰਾ ਇਨ੍ਹਾਂ ਤਿੰਨ ਮਾਵਾਂ ਦਾ ਹੀ ਬੁਣਿਆ ਹੋਇਆ ਹੈ। ਸਾਡੀ ਧਰਤੀ ਉੱਪਰ ਅੱਜ ਤੱਕ ਜਿੰਨੇ ਵੀ ਪ੍ਰਕ੍ਰਿਤਕ ਸੱਭਿਆਚਾਰਾਂ ਦੀ ਉਤਪਤੀ ਹੋਈ ਹੈ, ਉਨ੍ਹਾਂ ਲਈ ਇਨ੍ਹਾਂ ਤਿੰਨੇ ਮਾਵਾਂ ਨੇ ਆਪਣੀਆਂ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਹਨ। ਇਹ ਵੀ ਕਿਹਾ ਜਾ ਸਕਦਾ ਹੈ, ਸੱਭਿਆਚਾਰ ਇੱਕ ਅਜਿਹਾ ਤਿਕੋਣਾ ਭੰਗੂੜਾ ਹੈ, ਜਿਸਦੇ ਪਾਵੇ ਇਹ ਤਿੰਨੋਂ ਮਾਵਾਂ ਹਨ।

ਸੱਭਿਆਚਾਰ ਦੀ ਉਤਪਤੀ ਅਤੇ ਉਸਾਰੀ ਲਈ ਧਰਤੀ ਦੇ ਇੱਕ ਖਾਸ ਟੁਕੜੇ ਦੀ ਪਹਿਲੀ ਲੋੜ ਹੁੰਦੀ ਹੈ। ਧਰਤੀ ਉੱਪਰ ਲੋੜੀਂਦਾ ਗੁਰੁਤਵਾਕਰਸ਼ਨ, ਲੋੜੀ ਦੀ ਸੂਰਜ ਤੋਂ ਦੂਰੀ, ਧਰਤੀ ਦੇ ਵਾਯੂਮੰਡਲ ਵਿੱਚ ਆਕਸੀਜਨ ਦਾ ਹੋਣਾ, ਇਸਦੇ ਨੀਵੇਂ ਧਰਾਤਲ ਉੱਪਰ ਤਰਲ ਪਾਣੀ ਦਾ ਹੋਣਾ ਅਤੇ ਉੱਚੇ ਧਰਾਤਲ ਉੱਪਰ ਠੋਸ ਬਰਫ਼ ਦਾ ਹੋਣਾ, ਜੀਵਨ ਦੀ ਉਤਪਤੀ ਲਈ ਬੁਨਿਆਦੀ ਤੱਤ ਹਨ। ਜੀਵਨ ਦੀ ਉਤਪਤੀ ਤੋਂ ਬਾਅਦ ਆਦਿ-ਮਾਨਵੀ ਜੀਵਨ ਸੱਭਿਆਚਾਰਾਂ ਦਾ ਪਹਿਲਾ ਪੜਾਅ ਸੀ। ਏਂਜਲ ਅਨੁਸਾਰ ਹੱਥਾਂ ਦੀ ਕਿਰਤ ਕਾਰਨ ਮਾਨਵ ਦੀ ਬੁੱਧੀ ਦਾ ਵਿਕਾਸ ਹੁੰਦਾ ਗਿਆ ਅਤੇ ਬੁੱਧੀ ਦੇ ਵਿਕਾਸ ਨਾਲ਼ ਉਸਦਾ ਹੁਨਰ ਵੀ ਨਿਖਰਦਾ ਗਿਆ। ਇਸੇ ਹੁਨਰ ਵਿੱਚੋਂ ਉਸਨੇ ਪਹੀਏ ਦੀ ਖੋਜ ਕੀਤੀ। ਅੱਗ ਦੀ ਖੋਜ ਨੇ ਮਿੱਟੀ ਦੇ ਘੜੇ ਦੀ ਖੋਜ ਨੂੰ ਜਨਮ ਦਿੱਤਾ। ਇੱਕ ਦੂਜੇ ਨੂੰ ਗੱਲ ਸਮਝਾਉਣ ਲਈ ਬੋਲੀ ਦੀ ਖੋਜ ਹੋਈ, ਬੋਲੀ ਨੂੰ ਲਿਖਤੀ ਰੂਪ ਦੇਣ ਲਈ ਲਿੱਪੀ ਦੀ ਖੋਜ ਹੋਈ। ਪੰਛੀਆਂ ਦੀਆਂ ਸੁਰੀਲੀਆਂ ਅਵਾਜ਼ਾਂ ਸੁਣ ਕੇ ਮਾਨਵ ਨੇ ਸੰਗੀਤ ਦੀ ਸਿਰਜਣਾ ਕੀਤੀ ਅਤੇ ਧਰਤੀ ਉੱਪਰ ਵੱਖ-ਵੱਖ ਸੱਭਿਆਚਾਰਾਂ ਦੀ ਸਿਰਜਣਾ ਦਾ ਮੁੱਢ ਬੰਨ੍ਹਿਆਂ ਗਿਆ।

ਜਿੰਨੇ ਵੀ ਰੀਤੀ ਰਿਵਾਜ਼ ਅਤੇ ਮਾਨਤਾਵਾਂ ਬਣੀਆਂ ਹਨ, ਉਹ ਮਨ ਦੇ ਚਾਵਾਂ ਦੀ ਪੂਰਤੀ ਲਈ ਅਤੇ ਸਮਾਜ ਨੂੰ ਜੋੜਨ ਲਈ ਹੀ ਬਣੀਆਂ ਹਨ। ਇਨ੍ਹਾਂ ਰੀਤੀ ਰਿਵਾਜ਼ਾਂ, ਮਾਨਵਾਤਾਂ ਅਤੇ ਬੋਲੀਆਂ ਕਾਰਨ ਹੀ ਧਰਤੀ ਉੱਪਰ ਵੱਖ-ਵੱਖ ਸੱਭਿਆਚਾਰ ਹੋਂਦ ਵਿੱਚ ਆਏ। ਸੱਭਿਆਚਾਰ ਹੀ ਮਨੁੱਖ ਨੂੰ ਧਰਤੀ ਦੇ ਖਾਸ ਟੁੱਕੜੇ ਨਾਲ਼ ਸਦਾ ਲਈ ਬੰਨ੍ਹ ਕੇ ਰੱਖਦਾ ਹੈ, ਮਨੁੱਖ ਨੂੰ ਸਦੈਵੀ ਪ੍ਰਫੁੱਲਤ ਹੋਣ ਦੇ ਮੌਕੇ ਪ੍ਰਦਾਨ ਕਰਦਾ ਹੈ ਅਤੇ ਮਨੁੱਖ ਨੂੰ ਉਸਦੀ ਜਨਮਭੂਮੀ ਉੱਪਰ ਬਣਦੇ ਹੱਕ ਅਤੇ ਮੋਹ ਦਾ ਅਹਿਸਾਸ ਕਰਵਾਉਂਦਾ ਹੈ। ਸੱਭਿਆਚਾਰ ਹੀ ਮਨੁੱਖ ਨੂੰ ਇੱਕ ਵਿਲੱਖਣ ਪਹਿਚਾਨ ਦਿੰਦਾ ਹੈ। ਕਿਸੇ ਵੀ ਪ੍ਰਕ੍ਰਿਤਕ ਸੱਭਿਆਚਾਰ ਦੀਆਂ ਜੜਾਂ ਉਨ੍ਹਾਂ ਪਦਾਰਥਾਂ ਨਾਲ਼ ਉਸਦਾ ਮੋਹ ਹੁੰਦਾ ਹੈ, ਜਿਨ੍ਹਾਂ ਨੂੰ ਉਹ ਆਪਣੇ ਜੀਵਨ ਵਿੱਚ ਹੰਢਾਉਂਦਾ ਹੈ। ਜਿਵੇਂ ਧਰਤੀ, ਸੂਰਜ, ਅਕਾਸ਼, ਹਵਾ, ਪਾਣੀ, ਨਦੀਆਂ, ਪਸ਼ੂ-ਪੰਛੀ, ਖੇਤੀ ਉਤਪਾਦਨ ਅਤੇ ਸੂਖਮ ਕਲਾਵਾਂ ਆਦਿ। ਕਿਸੇ ਵੀ ਪ੍ਰਕ੍ਰਿਤਕ ਸੱਭਿਆਚਾਰ ਦੀਆਂ ਮਾਨਤਾਵਾਂ ਵਿੱਚ ਨਿਰਾਕਾਰ ਈਸ਼ਵਰ ਦੀ ਪੂਰੀ ਤਰਾਂ ਅਣਹੋਂਦ ਹੁੰਦੀ ਹੈ।

ਬੋਲੀ: ਬੋਲੀ ਕਿਸੇ ਵੀ ਸੱਭਿਆਚਾਰ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਬੋਲੀ ਹੀ ਕਿਸੇ ਸੱਭਿਆਚਾਰ ਦੀ ਮੁੱਖ ਪਹਿਚਾਣ ਹੁੰਦੀ ਹੈ। ਪੰਜਾਬੀ ਸੱਭਿਆਚਾਰ ਦੀ ਬੋਲੀ ਪੰਜਾਬੀ ਹੈ, ਜਿਸਦੀ ਅਧਿਕਾਰਿਤ ਲਿੱਪੀ ਗੁਰਮੁਖੀ ਹੈ। ਭਾਰਤੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਨੀਤੀ ਕਾਰਨ ਪੰਜਾਬੀ ਭਾਸ਼ਾ, ਵਿੱਦਿਆ ਸੰਚਾਰ ਦਾ ਢੁੱਕਵਾਂ ਮਾਧਿਅਮ ਬਣੀ ਹੋਈ ਹੈ। ਪੰਜਾਬੀ ਭਾਸ਼ਾ ਵਿੱਚ ਸਾਹਿਤ ਰਚਨਾ ਵੀ ਵੱਡੇ ਪੱਧਰ ਤੇ ਹੋ ਰਹੀ ਹੈ।

ਅੱਜ ਪੰਜਾਬੀ ਸੱਭਿਆਚਾਰ ਨੂੰ ਬੁੱਧੀਜੀਵੀਆਂ ਦਾ ਇੱਕ ਅਜਿਹਾ ਘੁਣ ਲੱਗਿਆ ਹੋਇਆ ਹੈ, ਜੋ ਦਿਨ-ਪ੍ਰਤੀਦਿਨ ਇਸ ਦੀਆਂ ਜੜਾਂ ਨੂੰ ਹੀ ਖੋਖਲਾ ਕਰ ਰਹੇ ਹਨ। ਉਹ ਸੱਭਿਆਚਾਰ ਉੱਪਰ ਸਭ ਤੋਂ ਘਾਤਕ ਹਮਲਾ ਉਦੋਂ ਕਰਦੇ ਹਨ ਜਦੋਂ ਉਹ ਲੋਕਾਂ ਦੇ ਮਨਾਂ ਵਿੱਚੋਂ ਭੌਤਿਕ ਤੱਤਾਂ ਦੀਆਂ ਮਾਨਤਾਵਾਂ ਨੂੰ ਖਾਰਜ ਕਰਦੇ ਹਨ। ਉਨ੍ਹਾਂ ਨੇ ਆਪਣੇ ਮਕਸਦ ਦੀ ਪੂਰਤੀ ਲਈ ਕੁਝ ਅਜਿਹੀਆਂ ਸਾਖੀਆਂ ਲੋਕਾਂ ਵਿੱਚ ਪ੍ਰਚਲਤ ਕੀਤਆਂ, ਜਿਨ੍ਹਾਂ ਨਾਲ਼ ਉਨ੍ਹਾਂ ਦੇ ਮਨਾਂ ਵਿੱਚੋਂ ਕੁਦਰਤੀ ਤੱਤਾਂ ਜਾਂ ਸ਼ਕਤੀਆਂ ਪ੍ਰਤੀ ਆਸਥਾ ਟੁੱਟ ਜਾਵੇ। ਉਹ ਇੱਕ ਸਾਖੀ ਸੁਣਾਉਂਦੇ ਹਨ, ਗੁਰੂ ਨਾਨਕ ਦੇਵ ਜੀ ਨੇ ਗੰਗਾ ਦੇ ਕੰਢੇ ਉੱਪਰ ਪੰਡਤ ਦੀ ਸੂਰਜ ਪ੍ਰਤੀ ਆਸਥਾ ਨੂੰ ਗਲਤ ਸਾਬਤ ਕਰਨ ਲਈ ਉਸੇ ਵੇਲੇ ਆਪ ਨੇ ਪੱਛਮ ਵਾਲੇ ਪਾਸੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਬੁੱਧੀਜੀਵੀ ਤਰਕ ਦਿੰਦੇ ਹਨ, ਜੇਕਰ ਪਾਣੀ ਸੂਰਜ ਕੋਲ ਪਹੁੰਚ ਸਕਦਾ ਹੈ ਤਾਂ ਇਹ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਤੱਕ ਵੀ ਪਹੁੰਚ ਸਕਦਾ ਹੈ। ਇਸ ਸਾਖੀ ਦਾ ਪ੍ਰਚਾਰ ਕਰਨ ਪਿੱਛੇ ਇਨ੍ਹਾਂ ਦਾ ਮਨੋਰਥ ਲੋਕਾਂ ਦੇ ਮਨਾਂ ਵਿੱਚੋਂ ਸੂਰਜ ਦੀ ਮਾਨਤਾ ਖ਼ਤਮ ਕਰਨਾ ਹੈ। ਜਦੋਂ ਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਕੁਦਰਤੀ ਤੱਤਾਂ ਦੀ ਵਡਿਆਈ ਕੀਤੀ ਹੈ।

ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ,

ਦਿਵਸ ਰਾਤ ਦੁਈ ਦਾਇ ਦਇਆ ਖੇਲੇ ਸਗਲੁ ਜਗਤ।

ਪੰਜਾਬ ਦੇ ਬੁੱਧੀਜੀਵੀ ਇੱਕ ਗੁੱਝੀ ਚਤੁਰਾਈ ਨਾਲ਼ ਪੰਜਾਬ ਦੇ ਸੱਭਿਆਚਾਰਕ ਇਤਿਹਾਸ ਨੂੰ 1469 ਈ: ਦੇ ਬਾਅਦ ਤੋਂ ਹੀ ਪੇਸ਼ ਕਰਦੇ ਹਨ। ਜਦੋਂ ਕਿ ਪੰਜਾਬ ਦਾ ਸੱਭਿਆਚਾਰਕ ਇਤਿਹਾਸ ਛੇ ਹਜਾਰ ਸਾਲ ਪੁਰਾਣੀ ਸਿੰਧ ਘਾਟੀ ਸੱਭਿਅਤਾ ਉੱਪਰ ਜਾ ਟਿਕਦਾ ਹੈ। ਸਿੰਧ ਘਾਟੀ ਸੱਭਿਅਤਾ ਦਾ ਮੁੱਖ ਕੇਂਦਰ ਹੜੱਪਾ ਪੰਜਾਬ ਵਿੱਚ ਹੀ ਸਥਿਤ ਹੈ। ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਦੀ ਜੀਵਨ ਜਾਂਚ ਕੁਦਰਤੀ ਤੱਤਾਂ ਦੀਆਂ ਮਾਨਤਾਵਾਂ ਉੱਪਰ ਟਿਕੀ ਸੀ, ਜਿਸ ਨਾਲ਼ ਅੱਜ ਵੀ ਪੰਜਾਬੀ ਸੱਭਿਆਚਾਰ ਵਿੱਚ ਇਕਸਾਰਤਾ ਪਾਈ ਜਾਂਦੀ ਹੈ। ਭਾਰਤ ਅਤੇ ਦੁਨੀਆਂ ਦਾ ਸਭ ਤੋਂ ਪ੍ਰਾਚੀਨ ਸਿੱਖਿਆ ਕੇਂਦਰ ਤਕਸ਼ਿਲਾ ਵੀ ਪੰਜਾਬ ਦੀ ਧਰਤੀ ਉੱਪਰ ਹੀ ਸਥਿਤ ਹੈ। ਲਗਭਗ ਚਾਰ ਹਜ਼ਾਰ ਸਾਲ ਪਹਿਲਾਂ ਮੁੱਖ ਵੈਦਿਕ ਗ੍ਰੰਥ ਜਿਨ੍ਹਾਂ ਵਿੱਚ ਰਿਗਵੇਦ, ਮਹਾਂ ਭਾਰਤ ਅਤੇ ਰਮਾਇਣ ਦੀ ਰਚਨਾ ਪੰਜਾਬ ਦੀ ਧਰਤੀ ਉੱਪਰ ਹੀ ਸੰਪੰਨ ਹੋਈ ਹੈ। ਪੰਜਾਬ ਦੀ ਧਰਤੀ ਨੂੰ ਆਦਿ ਗ੍ਰੰਥ ਸਾਹਿਬ ਦੀ ਰਚਨਾ ਦਾ ਸੁਭਾਗ ਵੀ ਪ੍ਰਾਪਤ ਹੈ।

ਪੰਜਾਬ ਦੀ ਧਰਤੀ ਉੱਪਰ ਤੀਜੀ ਸਦੀ ਈਸਾ ਪੂਰਵ ਰਾਜਾ ਅਸ਼ੋਕ ਦਾ, ਪਹਿਲੀ ਸਦੀ ਵਿੱਚ ਰਾਜਾ ਕਨਿਸ਼ਕ ਦਾ ਅਤੇ ਸੱਤਵੀਂ ਸਦੀ ਵਿੱਚ ਰਾਜਾ ਹਰਸ਼ਵਰਧਨ ਦਾ ਰਾਜ ਰਿਹਾ ਹੈ। ਇਹ ਤਿੰਨੋਂ ਰਾਜੇ ਬੁੱਧ ਧਰਮ ਦੇ ਪਰਵਰਤਕ ਸਨ। ਚੀਨੀ ਯਾਤਰੀ ਹਿਉਨਸਾਂਗ ਦੇ ਮੁਤਾਬਿਕ ਪੰਜਾਬ ਵਿੱਚ ਛੀਨਾ ਪੱਟੀ, ਜਲੰਧਰ ਅਤੇ ਸੰਘੋਲ ਵਿੱਚ ਵੱਡੇ ਬੁੱਧ ਵਿਹਾਰ ਬਣੇ ਹੋਏ ਸਨ। ਚੌਥੀ-ਪੰਜਵੀਂ ਸਦੀ ਵਿੱਚ ਪੰਜਾਬ ਉੱਪਰ ਗੁਪਤਵੰਸ਼ ਦਾ ਰਾਜ ਰਿਹਾ ਹੈ, ਜਿਸਨੇ ਇਸਦੇ ਸੱਭਿਆਚਾਰ ਨੂੰ ਬਹੁਤ ਜਿਆਦਾ ਪ੍ਰਭਾਵਿਤ ਕੀਤਾ ਹੈ। ਬਾਰਵੀਂ-ਤੇਰਵੀਂ ਸਦੀ ਵਿੱਚ ਪੰਜਾਬ ਦੀ ਧਰਤੀ ਉੱਪਰ ਨਾਥ ਜੋਗੀਆਂ ਦਾ ਚੰਗਾ ਪ੍ਰਭਾਵ ਰਿਹਾ ਹੈ। ਪੰਜਾਬ ਦੀ ਧਰਤੀ ਗੁਰੂ ਗੋਰਖ ਨਾਥ ਦੀ ਕਰਮ ਭੂਮੀ ਵੀ ਰਿਹਾ ਹੈ। ਸਿਆਲਕੋਟ ਨਾਥ ਯੋਗੀਆਂ ਦਾ ਮੁੱਖ ਕੇਂਦਰ ਸੀ। ਚੌਹਦਵੀਂ ਸਦੀ ਵਿੱਚ ਪੰਜਾਬ ਦੀ ਧਰਤੀ ਉੱਪਰ ਭਗਤੀ ਲਹਿਰ ਨੇ ਜੋਰ ਫੜ੍ਹ ਲਿਆ। ਪੰਜਾਬ ਦਾ ਸੱਭਿਆਚਾਰ ਇਨ੍ਹਾਂ ਲਹਿਰਾਂ ਤੋਂ ਪ੍ਰਭਾਵਿਤ ਹੁੰਦਾ ਰਿਹਾ ਹੈ।

ਇੱਕ ਪ੍ਰਸੰਗ ਤੋਂ ਪੰਜਾਬ ਦੇ ਬੁੱਧੀਜੀਵੀਆਂ ਦੀ ਸੋਚ ਸਪੱਸ਼ਟ ਹੋ ਜਾਂਦੀ ਹੈ। ਇੱਕ ਮਾਲੀ ਨੇ ਇੱਕ ਨਵੇਂ ਦਰੱਖ਼ਤ ਦੀ ਕਲਮ, ਹਜਾਰਾਂ ਸਾਲਾਂ ਤੋਂ ਧਰਤੀ ਉੱਪਰ ਖੜੇ ਇੱਕ ਬੋਹੜ ਦੇ ਤਣੇ ਉੱਪਰ ਲਗਾ ਦਿੱਤੀ। ਨਵਾਂ ਦਰਖ਼ਤ ਵੱਡਾ ਹੋ ਗਿਆ। ਪਰ ਹੁਣ ਕੁਝ ਸੌੜੀ ਸੋਚ ਦੇ ਬੁੱਧੀਜੀਵੀ ਉਸ ਨਵੇਂ ਦਰਖ਼ਤ ਨੂੰ ਬੋਹੜ ਦੇ ਤਣੇ ਤੋਂ ਆਰੀ ਨਾਲ਼ ਕੱਟਕੇ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪੰਜਾਬ ਦੇ ਬੁੱਧੀਜੀਵੀਆਂ ਵੱਲੋਂ ਪੰਜਾਬ ਨੂੰ ਇਸ ਦੇ ਪ੍ਰਕ੍ਰਿਤਕ ਸੱਭਿਆਚਾਰ ਨਾਲੋਂ ਤੋੜਨਾ, ਬਹੁਤ ਭੈੜੀਆਂ ਅਲਾਮਤਾ ਨੂੰ ਜਨਮ ਦੇ ਰਿਹਾ ਹੈ।

ਪੰਜਾਬ ਦੇ ਨੌਜਵਾਨ ਦੀ ਪਹਿਚਾਣ ਹੀ ਗੁੰਮ ਹੋ ਰਹੀ ਹੈ। ਉਹ ਆਪਣੀ ਜਨਮ ਭੂਮੀ ਉੱਪਰ ਭੋਰਾ ਵੀ ਮਾਣ ਮਹਿਸੂਸ ਨਹੀਂ ਕਰ ਰਿਹਾ। ਉਸਦੇ ਦਿਮਾਗ ਵਿੱਚੋਂ ਦੇਸ਼ ਪਿਆਰ ਅਤੇ ਸੱਭਿਆਚਾਰਕ ਮੋਹ ਖ਼ਤਮ ਹੋ ਰਿਹਾ ਹੈ। ਜਿਸਦਾ ਨਤੀਜਾ ਅੱਜ ਉਹ ਦੂਸਰੇ ਦੇਸ਼ਾਂ ਨੂੰ ਵਹੀਰਾਂ ਘੱਤ ਰਿਹਾ ਹੈ।

ਅਸੀਂ ਅੱਜ ਤੱਕ ਪੰਜਾਬ ਵਿੱਚ ਹਮਲਾਵਰਾਂ ਦੀ ਆਰਥਿਕ ਅਤੇ ਜਿਨਸੀ ਲੁੱਟ ਦੀ ਗੱਲ ਹੀ ਕਰ ਰਹੇ ਹਾਂ। ਪਰ ਅਸਲੀ ਲੁੱਟ ਤਾਂ ਦਿਮਾਗਾਂ ਦੀ ਹੈ, ਜਿਸ ਪ੍ਰਭਾਵ ਅਧੀਨ ਪੰਜਾਬ ਦੀ ਅੱਧੀ ਵੱਸੋਂ ਨੇ ਆਪਣਾ ਧਰਮ ਬਦਲ ਲਿਆ, ਜਿਸ ਦਾ ਨਤੀਜਾ 1947 ਵਿੱਚ ਪੰਜਾਬ ਦੀ ਵੰਡ ਦੇ ਰੂਪ ਵਿਚ ਨਿਕਲਿਆ, ਪੰਜਾਬ ਦੀ ਧਰਤੀ ਲਹੂ-ਲੁਹਾਣ ਹੋ ਗਈ। ਹਮਲਾਵਰਾਂ ਨੇ ਨਾਂ ਕੇਵਲ ਉਹਨਾ ਦਾ ਧਰਮ ਬਦਲਿਆ ਸਗੋਂ ਉਹਨਾਂ ਦੀ ਸੱਭਿਆਚਾਰਕ, ਪਹਿਚਾਣ ਵੀ ਨਸ਼ਟ ਕਰ ਦਿੱਤੀ। ਉਹਨਾਂ ਨੂੰ ਪੰਜਾਬੀ ਭਾਸ਼ਾ ਤੋਂ ਬੇ-ਮੁੱਖ ਕਰ ਦਿੱਤਾ।

ਹੁਣ ਫੇਰ ਉਹੀ ਵਰਤਾਰਾਂ ਭਾਰਤੀ ਪੰਜਾਬ ਵਿੱਚ ਚੱਲ ਰਿਹਾ ਹੈ। ਵੱਖਵਾਦੀ ਸ਼ਕਤੀਆਂ ਵੱਲੋਂ ਪੰਜਾਬੀ ਸਮਾਜ ਨੂੰ ਪ੍ਰਕ੍ਰਿਤਕ ਸੱਭਿਆਚਾਰ ਤੋਂ ਬੇ-ਮੁੱਖ ਕੀਤਾ ਜਾ ਰਿਹਾ ਹੈ, ਉਸਨੂੰ ਆਪਣੀਆਂ ਜੜ੍ਹਾਂ ਤੋਂ ਹੀ ਤੌੜ ਕੇ ਵੱਖਰੇਵੇਂ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਤੀ ਵਿਰੋਧਤਾਈਆਂ ਕਾਰਨ ਜਿਸਦਾ ਨਤੀਜਾ ਇਹ ਨਿਕਲਦਾ ਹੈ, ਉਸੇ ਵੇਲੇ ਪੱਛੜੀਆਂ ਸ਼੍ਰੇਣੀਆਂ ਵਿੱਚ ਧਾਰਮਿਕ ਤਬਦੀਲੀ ਦਾ ਰੁਝਾਨ ਜਾਂ ਬਾਬਿਆਂ ਵੱਲ ਖਿੱਚੇ ਜਾਣ ਦਾ ਰੁਝਾਨ ਵੱਡੇ ਪੱਧਰ ਉੱਪਰ ਦੇਖਣ ਨੂੰ ਮਿਲਦਾ ਹੈ।

ਪ੍ਰਕ੍ਰਿਤਕ ਸੱਭਿਆਚਾਰ ਨਾਲੋਂ ਟੁੱਟ, ਨੌਜਵਾਨਾਂ ਵਿੱਚ ਸਿਰਜਣਾਤਮਕ ਰੁਚੀਆਂ ਨੂੰ ਖ਼ਤਮ ਕਰਦੀ ਹੈ। ਉਨ੍ਹਾਂ ਦੇ ਦਿਮਾਗ ਦਾ ਪੱਧਰ ਨੀਵਾਂ ਹੋ ਜਾਂਦਾ ਹੈ। ਉਹਨਾਂ ਦੀ ਰੁਚੀਆਂ, ਲੱਚਰ, ਬੇ-ਸੁਰੇ ਗੀਤਾਂ ਵੱਲ ਹੋ ਜਾਂਦੀਆਂ ਹਨ। ਸਮਾਜ ਵਿੱਚ ਗੰਨ ਕਲਚਰ ਅਤੇ ਮਾਰੂ ਨਸ਼ਿਆਂ ਦਾ ਬੋਲਬਾਲਾ ਹੋ ਜਾਂਦਾ ਹੈ। ਦੇਸ਼ ਵਿਰੋਧੀ-ਵਿਦੇਸ਼ੀ ਤਾਕਤਾਂ ਇਸ ਰੁਝਾਨ ਦਾ ਫਾਇਦਾ ਉਠਾਉਂਦੀਆਂ ਹਨ।

ਪ੍ਰਕ੍ਰਿਤਕ ਸੱਭਿਆਚਾਰ ਦਾ ਇੱਕ ਉੱਤਮ ਗੁਣ ਇਹ ਹੁੰਦਾ ਹੈ, ਇਸਦਾ ਸਮਾਜ ਵਿੱਦਿਆ ਪ੍ਰੇਮੀ ਹੁੰਦਾ ਹੈ, ਸਿਰਜਣਾਤਮਕ ਰੁਚੀਆਂ ਵਾਲਾ ਹੁੰਦਾ ਹੈ। ਜਦੋਂ ਕਿ ਨਿਰਾਕਾਰ ਈਸ਼ਵਰਵਾਦੀ ਬਨਾਵਟੀ ਸੱਭਿਆਚਾਰ ਸਮਾਜ ਨੂੰ ਅਵਿੱਦਿਆ ਵੱਲ ਧੱਕਦਾ ਹੈ ਅਤੇ ਸੁਖਮ ਕਲਾਵਾਂ ਨੂੰ ਰੱਦ ਕਰਦਾ ਹੈ। ਅੱਜ ਭਾਰਤੀ ਪੰਜਾਬ ਦੇ ਨੌਜਵਾਨਾਂ ਵਿੱਚ ਵਿੱਦਿਆ ਪ੍ਰਤੀ ਬੇ-ਰੁਖੀ ਸਾਫ ਨਜ਼ਰ ਆਉਂਦੀ ਹੈ। ਨਸ਼ਾ ਕਲਚਰ ਅਤੇ ਗੰਨ ਕਲਚਰ ਇੱਕੋ ਸਿੱਕੇ ਦੇ ਦੋ ਪਹਿਲੂ ਹਨ, ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਤਬਾਹੀ ਦੇ ਕੰਢੇ ਖੜਾ ਕਰ ਦਿੱਤਾ ਹੈ।

ਪੰਜਾਬ ਦੇ ਬੁੱਧੀਜੀਵੀ ਦੋ ਮੂੰਹੇ ਹਨ, ਉਹ ਪੰਜਾਬ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਦੀ ਗੱਲ ਤਾਂ ਕਰਦੇ ਹਨ, ਪਰ ਜਦੋਂ ਨਿਸ਼ਿਆਂ ਦੀ ਜੜ੍ਹ ਉੱਤੇ ਵਾਰ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਚੁੱਪ ਵੱਟ ਲੈਂਦੇ ਹਨ। ਗੱਲ ਬਿਲਕੁਲ ਸਾਫ ਹੈ ਪਾਕਿਸਤਾਨ ਨੇ 1990 ਦੇ ਦਸ਼ਕ ਵਿੱਚ ਭਾਰਤੀ ਪੰਜਾਬ ਨੂੰ ਮੋਢਾ ਬਣਾ ਕੇ ਭਾਰਤ ਦੇ ਖਿਲਾਫ ਪਰਾਕਸੀ ਯੁੱਧ ਛੇੜਿਆ ਹੋਇਆ ਸੀ, ਜਿਸ ਨਾਲ਼ ਪੰਜਾਬ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ। ਭਾਵੇਂ ਉਸ ਪਰਕਸੀ ਯੁੱਧ ਵਿੱਚ ਪਾਕਿਸਤਾਨ ਬੁਰੀ ਤਰਾਂ ਫੇਲ ਹੋ ਚੁੱਕਾ ਹੈ, ਪਰ ਉਸਨੇ ਆਪਣੀ ਪਰਾਕਸੀ ਯੁੱਧ ਨੀਤੀ ਨੂੰ ਨਹੀਂ ਤਿਆਗਿਆ, ਇਸਦਾ ਰੂਪ ਬਦਲ ਲਿਆ ਹੈ। ਹੁਣ ਉਹ ਭਾਰਤੀ ਪੰਜਾਬ ਵਿੱਚ ਵੱਡੇ ਪੱਧਰ ਤੇ ਚਿੱਟਾ ਭੇਜ ਰਿਹਾ ਹੈ। ਉਹ ਸਾਡੇ ਸੱਭਿਆਚਾਰ ਨੂੰ ਸਾਡੀ ਨੌਜਵਾਨੀ ਨੂੰ ਖ਼ਤਮ ਕਰ ਰਿਹਾ ਹੈ। ਜਿਹੜਾ ਦੇਸ਼ ਮਨੁੱਖੀ ਕਦਰਾਂ ਕੀਮਤਾਂ ਤੋਂ ਡਿੱਗ ਜਾਵੇ, ਉਸਦਾ ਅੰਤ ਨਿਸ਼ਚਿਤ ਹੁੰਦਾ ਹੈ। ਇਹੋ ਪਾਕਿਸਤਾਨ ਨਾਲ਼ ਹੋਣ ਵਾਲਾ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin