Articles Literature

ਪੰਜਾਬ ਦੀ ਲਾਡਲੀ ਧੀ ਸਾਹਿਤਕਾਰ ਡਾਕਟਰ ਦਲੀਪ ਕੌਰ ਟਿਵਾਣਾ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਡਾਕਟਰ ਦਲੀਪ ਕੌਰ ਟਿਵਾਣਾ ਦਾ ਜਨਮ ਪਿਤਾ ਸਰਦਾਰ ਕਾਕਾ ਸਿੰਘ ਮਾਤਾ ਚੰਦ ਕੌਰ ਦੀ ਕੁਖੌਂ 4 ਮਈ 1935 ਨੂੰ ਪਿੰਡ ਉੱਚੀੈ ਰੱਬੋਂ (ਮਲੋਦ) ਜਿਲ੍ਹਾ ਲੁਧਿਆਣਾ ਵਿਖੇ ਟਿਵਾਣਾ ਪਰੀਵਾਰ ਵਿਚ ਹੋਇਆ।

ਡਾ. ਦਲੀਪ ਕੌਰ ਟਿਵਾਣਾ ਦੀ ਭੂਆ ਦੇ ਘਰ ਕੋਈ ਔਲਾਦ ਨਹੀ ਸੀ। ਉਹ ਦਲੀਪ ਕੌਰ ਨੂੰ ਜਨਮ ਤੋਂ ਹੀ ਪਟਿਆਲੇ ਲੈ ਗਈ ਸੀ ਪਰ ਦਲੀਪ ਕੌਰ ਟਿਵਾਣਾ ਦੇ ਦਾਦਾ ਜੀ ਦੀ ਇਹ ਸ਼ਰਤ ਸੀ ਕੇ ਕੁੜੀ ਸਾਡੀ ਹੀ ਰਹੇਗੀ ਇਸ ਕਰਕੇ ਦਲੀਪ ਕੌਰ ਟਿਵਾਣਾ ਨੇ ਆਪਣੇ ਨਾਮ ਨਾਲ ‘ਟਿਵਾਣਾ’ ਲਾ ਲਿਆ ਸੀ।ਦਲੀਪ ਕੌਰ ਦੇ ਫੁੱਫੜ ਸ੍ਰ. ਤਾਰਾ ਸਿੰਘ ਜੇਲ੍ਹਾਂ ਦੇ ਇੰਸਪੈਕਟਰ ਸਨ।
ਟਿਵਾਣਾ ਨੇ ਪਟਿਆਲੇ ਰਹਿ ਕੇ ਹੀ ਪੜ੍ਹਾਈ ਸ਼ੁਰੂ ਕੀਤੀ ਮੁੱਡਲੀ ਵਿਦਿਆ ਸਿੰਘ ਸਭਾ ਸਕੂਲ ਤੋਂ, ਦਸਵੀਂ ਵਿਕਟੋਰੀਆ ਹਾਈ ਸਕੂਲ ਤੋਂ, 1954 ਵਿਚ ਬੀ. ਏ ਮਹਿੰਦਰਾ ਕਾਲਜ ਪਟਿਆਲੇ ਤੋਂ ਪਾਸ ਕਰਕੇ  ਅੈਮ. ਏ. (ਪੰਜਾਬੀ) ਵੀ ਇਸੇ ਕਾਲਜ ਤੋਂ ਪਹਿਲੇ ਦਰਜੇ ਵਿਚ ਪਾਸ ਕੀਤੀ। 1966 ਵਿਚ ਪੰਜਾਬੀ ਯੁਨੀਵਰਸਿਟੀ ਚੰਡੀਗੜ੍ਹ ਤੋਂ ਪੀ. ਐਚ. ਡੀ. (ਪੰਜਾਬੀ) ਪਾਸ ਕੀਤੀ।
ਦਲੀਪ ਕੌਰ ਟਿਵਾਣਾ ਦਾ ਵਿਆਹ 1972 ਵਿਚ ਪ੍ਰੋ. ਭਪਿੰਦਰ ਸਿੰਘ ਨਾਲ ਹੋਇਆ। ਉਹ ਪੰਜਾਬੀ ਯੁਨੀਵਰਸਿਟੀ ਦੇ ਸਮਾਜ ਵਿਭਾਗ ਵਿਚ ਪ੍ਰੋਫ਼ੈਸਰ ਰਹੇ। ਇਹਨਾਂ ਦੇ ਘਰ ਇਕ ਬੱਚੇ   ਸਿਮਰਨਜੀਤ ਸਿੰਘ ਨੇ ਜਨਮ ਲਿਆ ਜੋ ਪਟਿਆਲਾ ਵਿਖੇ ਯੁਨੀਵਰਸਿਟੀ ਦੇ ਇੰਨਜਿੰਨੀਅਰ ਕਾਲਜ ਵਿਚ ਇਲੈਕਟ੍ਰਾਨਿਕਸ ਐਂਡ ਕਿਊਮੀਨੇਸ਼ਨ ਵਿਸ਼ੇ ਦਾ ਅਧਿਆਪਕ ਹੈ।
ਡਾ਼ ਟਿਵਾਣਾ ਸਭ ਤੋਂ ਪਹਿਲਾਂ ਥੋੜਾ ਸਮਾਂ ਧਰਮਸ਼ਾਲਾ (ਕਾਂਗੜਾ) ਦੇ ਸਰਕਾਰੀ ਕਾਲਜ ਵਿਚ ਲੈਕਚਰਾਰ ਰਹੇ ਬਾਕੀ ਸਮਾਂ ਉਹਨਾਂ ਪੰਜਾਬੀ ਯੁਨੀਵਰਸਿਟੀ ਪਟਿਆਲਾ ਵਿਖੇ ਵੱਖ ਵੱਖ ਅਹੁਦਿਆਂ ਤੇ ਸੇਵਾਵਾਂ ਪ੍ਰਦਾਨ ਕੀਤੀਆਂ। ਡਾ਼ ਟਿਵਾਣਾ ਯੁਨੀਵਰਸਿਟੀ ਵਿਚ ਲੈਕਚਰਾਰ ਬਣ ਕੇ ਆਉਣ ਵਾਲੀ ਪਹਿਲੀ ਔਰਤ ਸੀ। ਇਥੇ ਉਹ 1963 ਤੋਂ 1971 ਤੱਕ ਪੰਜਾਬੀ ਦੀ ਲੈਕਚਰਾਰ ਰਹੀ। 1971 ਤੋਂ 1981 ਤੱਕ ਰੀਡਰ 1981 ਤੋਂ 1983 ਤੱਕ ਪ੍ਰੋਫੈਸਰ ਦੀ ਡਿਊਟੀ ਨਿਭਾਈ।1983 ਤੋਂ 1986 ਤੱਕ ਪੰਜਾਬੀ ਵਿਭਾਗ ਦੇ ਮੁੱਖੀ ਰਹੇ।ਇਸ ਤਰਾਂ ਉਹ ਤੀਹ ਸਾਲ ਵੱਖ ਵੱਖ ਆਹੁਦਿਆਂ ਤੇ ਸੇਵਾ ਨਿਭਾਉਂਦੇ ਰਹੇ। ਡਾ. ਟਿਵਾਣਾ ਪੰਜਾਬੀ ਯੁਨੀਵਰਸਿਟੀ ਦੇ ਕੈਪਸ ਬੀ-12 ਵਿਚ ਰਹਿੰਦੇ ਸਨ। ਉਹਨਾਂ ਦਾ ਆਪਣਾ ਨਿਵਾਸ ਅਸਥਾਨ ਅਜੀਤ ਨਗਰ ਪਟਿਆਲਾ ਵਿਚ ਹੈ।
ਡਾ. ਟਿਵਾਣਾ ਨੂੰ ਬਚਪਨ ਵਿਚ ਕਿਤਾਬਾਂ ਪੜ੍ਹਨ ਦਾ ਬਹੁਤ ਸੌਂਕ ਸੀ ਜੋ ਇਸ ਨੂੰ ਸਾਹਿਤਕ ਖੇਤਰ ਵੱਲ ਲੈ ਆਇਆ। ਦਲੀਪ ਕੌਰ ਟਿਵਾਣਾ ਨੇ 1961 ਵਿਚ ‘ਸਾਧਨਾਂ’ ਕਹਾਣੀ ਸੰਗ੍ਰਹਿ ਲਿਖ ਕੇ ਸਾਹਿਤਕ ਸਫ਼ਰ ਸ਼ੁਰੂ ਕੀਤਾ।
ਡਾ. ਟਿਵਾਣਾ ਦੇ ਕਹਾਣੀ ਸੰਗ੍ਰਹਿ ਨੂੰ ਭਾਸ਼ਾ ਵਿਭਾਗ ਵਲੋਂ ਸਾਲ ਦੀ ਸਰਬੋਤਮ ਕਿਤਾਬ ਵਜੋਂ ਇਨਾਮ ਦਿੱਤੇ ਜਾਣ ਨਾਲ ਲਿਖਣ ਦਾ ਉਤਸ਼ਾਹ ਹੋਰ ਵੱਧ ਗਿਆ।
ਡਾ. ਟਿਵਾਣਾ ਨੇ ਪਹਿਲਾ ਨਾਵਲ ਅਗਨੀ ਪ੍ਰੀਖਿਆ 1967 ਵਿਚ ਲਿਖਿਆ। ਇਹੁ ਹਮਾਰਾ ਜੀਵਣਾ 1968 ਵਿਚ ਲਿਖਿਆ। ਇਸ ਨਾਵਲ ਨੂੰ ਭਾਰਤ ਸਰਕਾਰ ਵਲੋਂ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਨਾਵਲ ਦਾ ਕਈ ਭਸ਼ਾਵਾਂ ਵਿਚ ਅਨੁਵਾਦ ਹੋਇਆ। ਦੂਰਦਰਸ਼ਨ ਜਲੰਧਰ ਨੇ ਇਸ ਨਾਵਲ ਦੇ ਅਧਾਰਿਤ ਇਕ ਟੀ. ਵੀ. ਸੀਰੀਅਲ ਬਣਾ ਕੇ ਪੇਸ਼ ਕੀਤਾ ਜੋ ਦਰਸ਼ਕਾਂ ਨੇ ਬੇਹੱਦ ਪਸੰਧ ਕੀਤਾ।
ਦਲੀਪ ਕੌਰ ਟਿਵਾਣਾ ਨੇ 44 ਨਾਵਲ, 7 ਕਹਾਣੀ ਸੰਗ੍ਰਹਿ, 3 ਪੁਸਤਕਾਂ ਬੱਚਿਆਂ ਲਈ ,5 ਸਵੈ ਜੀਵਨੀ ਦੀਆਂ ਕਿਤਾਬਾਂ(ਨੰਗੇ ਪੈਰਾਂ ਦੇ ਸਫਰ, ਪੂਛਤੇ ਹੋ ਸੁਨੋ,ਤੁਰਦਿਆਂ-ਤੁਰਦਿਆਂ,ਆਪਣੇ ਛਾਵੇ, ਰਚਨਾਂ ਮੇਰੀ ਇਬਾਦਤ ਹੈ) ਨੂੰ  ਇੱਕ ਜਿਲਦ ਵਿਚ ਇਕੱਠਿਆਂ ਕਰਕੇ ਪੰਜ ਸਵੈ ਨਾਮ ਰੱਖ ਦਿੱਤਾ ਸੀ।
3 ਅਲੋਚਨਾਂ ਪੁਸਤਕਾਂ ਲਿਖੀਆਂ। ਡਾ. ਟਿਵਾਣਾ ਦੀਆਂ ਰਚਨਾਵਾਂ ਤੇ 7 ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ।ਇਸ ਦੀਆਂ ਰਚਨਾਵਾਂ ਤੇ ਵਿਦਿਆਰਥੀ ਐਮ. ਫਿਲ. ਅਤੇ ਪੀ. ਐਚ. ਡੀਜ. ਕਰ ਰਹੇ ਹਨ।
ਦਲੀਪ ਕੌਰ ਟਿਵਾਣਾ ਨੂੰ ਹਰ ਵਿਧਾ ਵਿਚ ਲਿਖਣ ਤੇ ਕਾਮਯਾਬੀ ਮਿਲੀ। ਉਸ ਨੇ ਜਿਆਦਾਤਰ ਮਜਲੂਮ ਔਰਤਾਂ ਲਈ ਸਮਾਜ ਵਿਚ ਵਿਚਰ ਦਿਆਂ ਘੱਟੀਆ ਵਰਤਾਰੇ ਬਾਰੇ ਲਿਖਿਆ।
ਡਾ. ਟਿਵਾਣਾ ਦੇ ਕਹੇ ਸ਼ਬਦ, “ਸਮਾਂ ਭਾਵੇਂ ਕੋਈ ਹੋਵੇ ਸਮਾਜ ਭਾਵੇ ਕੋਈ ਹੋਵੇ ਕਿਸੇ ਔਰਤ ਨੂੰ ਇਨਸਾਨ ਨਹੀ ਸਮਝਿਆ ਜਾਂਦਾ ਇਹ ਹੀ ਉਸ ਦਾ ਦੁਖਾਂਤ ਹੈ। ਇਸਤਰੀ ਜਿੰਦਗੀ ਜਿਊਂਦੀ ਨਹੀ ਭੋਗਦੀ ਹੈ। ਉਸ ਦੀ ਆਪਣੀ ਕੋਈ ਪਹਿਚਾਣ ਨਹੀ ਹਸਤੀ ਨਹੀ ਹੈਸੀਅਤ ਨਹੀ। ਉਹ ਸਾਧਨ ਮਾਤਰ ਹੈ।”
ਡਾ. ਟਿਵਾਣਾ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਐਕਦਮੀ ਦੇ ਪ੍ਰਧਾਨ ਵਜੋਂ ਸੇਵਾਵਾਂ ਦਿਤੀਆਂ।
ਡਾ. ਟਿਵਾਣਾ ਨੂੰ ਵਿਦਿਆ ਦੇ ਖੇਤਰ ਵਿਚ ਪਾਏ ਯੋਗਦਾਨ ਬਦਲੇ 2004 ਵਿਚ ਅਬਦੁੱਲ ਕਲਾਮ ਭਾਰਤ ਦੇ ਰਸ਼ਟਰਪਤੀ ਵਲੋਂ ਪਦਮ ਸ੍ਰੀ ਅਵਾਰਡ ਨਾਲ ਨਿਵਾਜਿਆ ਗਿਆ। ਡਾ. ਟਿਵਾਣਾ ਨੂੰ ਸਾਹਿਤਕ ਸੇਵਾਵਾਂ  ਬਦਲੇ ਬਹੁਤ ਸਾਰੇ ਸਨਮਾਨ ਮਿਲੇ। ਪੰਜਾਬੀ ਸਾਹਿਤ ਦੀ ਉਹ ਪਹਿਲੀ ਅੌਰਤ ਹੈ ਜਿਸ ਦਾ 1999 ਵਿਚ ਲਿਖਿਆ ਨਾਵਲ ‘ਕਥਾ ਕਹੋ ਉਰਵਸੀ’ ਨੂੰ ਲੈ ਕੇ ਵਿਰਲਾ ਫਾਊਂਡੇਸ਼ਨ ਵਲੋਂ ਸਰਸਵਤੀ ਇਨਾਮ ਦਿੱਤਾ ਗਿਆ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵਲੋਂ ਦਹਾਕਾ
(1980-90)ਦੀ ਸਰਬੋਤਮ ਨਾਵਲ ਪੁਰਸਕਾਰ ਮਿਲਿਆ। ਪੰਜਾਬ ਸਰਕਾਰ ਵਲੋਂ ਪੰਜਾਬੀ ਸਾਹਿਤ ਰਤਨ ਐਵਾਰਡ, ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਸਾਹਿਤਕਾਰ ਅਵਾਰਡ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਮਿਲਿਆ।
ਬੱਚਿਆ ਲਈ  ਵੀ ਲਿਖੀ ਪੁਸਤਕ `ਪੰਜਾਂ ਵਿਚ ਪਰਮੇਸ਼ਰ`ਨੂੰ ਸਿਖਿਆ ਅਤੇ ਸਮਾਜ ਭਲਾਈ ਮੰਤਰਾਲੇ ਨੇ ਸਨਮਾਨਿਤ ਕੀਤਾ। ਸਵੈ ਜੀਵਨੀ ‘ਨੰਗੇ ਪੈਰਾਂ ਦਾ ਸਫਰ’ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ  ਗੁਰਮੱਖ ਸਿੰਘ ਮੁਸਾਫ਼ਰ ਅੈਵਾਰਡ ਮਿਲਿਆ।
ਡਾ. ਟਿਵਾਣਾ ਨੇ ਭਾਰਤ ਸਰਕਾਰ ਨਾਲ ਗਿਲੇ ਸ਼ਿਕਵੇ ਜਾਹਿਰ ਕਰਦਿਆਂ 14 ਅਕਤੂਬਰ 2015 ਨੂੰ ਪਦਮ ਸ੍ਰੀ ਅਵਾਰਡ ਵਾਪਸ ਕਰ ਦਿੱਤਾ ਸੀ।
ਡਾ. ਦਲੀਪ ਕੌਰ ਟਿਵਾਣਾ ਨੂੰ ਅਜਿਹੀ ਬਿਮਾਰੀ ਨੇ ਆ ਘੇਰਿਆ ਉਹ 20 ਦਿਨ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੁਹਾਲੀ ਵਿਖੇ ਦਾਖ਼ਲ ਰਹਿਣ ਮਗਰੋਂ 31 ਜਨਵਰੀ 2020 ਸ਼ਾਮ ਨੂੰ ਸਾਡੇ ਕੋਲੋਂ 85 ਸਾਲ ਦੀ ਉਮਰ ਵਿਚ ਸਦਾ ਲਈ ਚਲੇ ਗਏ ਪਰ ਉਹਨਾਂ ਦੀਆਂ ਲਿਖਤਾਂ ਦਾ ਸਰਮਾਇਆ ਸਾਡੇ ਕੋਲ ਹੈ ਜੋ ਸਾਨੂੰ ਸਦਾ ਹੀ ਸੇਧ ਦਿੰਦਾ ਰਹੇਗਾ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin