Articles Religion

ਬੰਦ ਕੀਤੀ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਉਪਰ ਸਿਆਸਤ ਖੇਡਣੀ !

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਜਗਤ ਦੇ ਹੀ ਨਹੀਂ ਬਲਕਿ ਪੂਰੀ ਮਨੁੱਖਤਾ ਦੇ ਅਧਾਰ ਹਨ। ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਦੇ ਇੱਕਲੌਤੇ ਅਜਿਹੇ ਗ੍ਰੰਥ ਹਨ, ਜਿੰਨਾ ਵਿੱਚ ਹਰ ਧਰਮ, ਹਰ ਮਜਹਬ ਅਤੇ ਹਰ ਜਾਤ ਨੂੰ ਸਤਿਕਾਰ ਦਿੱਤਾ ਗਿਆ ਹੈ। ਅੱਜ ਦੇ ਸਮੇਂ ਵਿੱਚ ਇੱਕ ਸੁਚੱਜੀ ਜੀਵਨ ਜਾਂਚ ਲਈ ਗੁਰੂ ਸਾਹਿਬ ਦੀ ਗੁਰਬਾਣੀ ਇੱਕ ਬਹੁਤ ਵੱਡਾ ਮਾਰਗ ਦਰਸ਼ਕ ਹੈ।

ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਭ੍ਰਿਸ਼ਟ ਰਾਜਨੀਤੀ ਨੇ ਭ੍ਰਿਸ਼ਟਾਚਾਰ ਫੈਲਾਉਣ, ਕੁਰਸੀ ਹਥਿਆਉਣ ਲਈ ਸਮੇਂ ਸਮੇਂ ਤੇ ਹਰ ਹੱਥ ਕੰਡਾ ਵਰਤਿਆ। ਕਦੇ ਦੰਗੇ ਕਰਵਾਏ, ਕਦੇ ਗੁਰੂ ਘਰ ਹਮਲੇ, ਕਦੇ ਨਿਰਦੋਸ਼ ਸਿੱਖਾਂ ਦੇ ਕਤਲ ਅਤੇ ਕਦੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ…!
2015 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ (ਗੁਰੂ ਗਰੰਥ ਸਾਹਿਬ ਦੀ ਅਪਵਿੱਤ੍ਰਤਾ), ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਇੱਕ ਲੜੀ ਹੈ ਅਤੇ ਅਕਤੂਬਰ 2015 ਵਿੱਚ ਪੰਜਾਬ, ਭਾਰਤ ਵਿੱਚ ਹੋਏ ਅਨੇਕਾਂ ਵਿਰੋਧ ਪ੍ਰਦਰਸ਼ਨ ਅਤੇ ਰੋਸ ਮੁਜ਼ਾਹਰੇ ਦੀ ਇੱਕ ਲੜੀ ਦਾ ਹਵਾਲਾ ਹੈ। ਬਰਗਾੜੀ, ਫਰੀਦਕੋਟ ਜ਼ਿਲੇ ਵਿੱਚ ਬੇਅਦਬੀ ਦੀ ਪਹਿਲੀ ਘਟਨਾ ਦੱਸੀ ਜਾਂਦੀ ਹੈ, ਜਿੱਥੇ 12 ਅਕਤੂਬਰ ਨੂੰ ਪਵਿੱਤਰ ਗੁਰੂ ਸਾਹਿਬ ਦੇ 110 ਅੰਗ ਫਟੇ ਹੋਏ ਮਿਲੇ ਸਨ। 14 ਅਕਤੂਬਰ ਦੀ ਸਵੇਰ ਨੂੰ, ਪੁਲਿਸ ਨੇ ਇੱਕ ਨਿਰਦੋਸ਼ ਹਥਿਆਰਬੰਦ ਹਮਲੇ ਦੌਰਾਨ ਦੋ ਸਿੱਖ ਪ੍ਰਦਰਸ਼ਨਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦੋਂ ਕਿ ਸਿੱਖ ਸ਼ਾਂਤੀਪੂਰਨ ਵਿਰੋਧ ਵਿੱਚ ਬੈਠੇ ਹੋਏ ਸਨ। ਇਨ੍ਹਾਂ ਘਟਨਾਵਾਂ ਨੂੰ ਯੂ.ਕੇ., ਅਮਰੀਕਾ ਅਤੇ ਕੈਨੇਡਾ ਵਿੱਚ ਸਿੱਧੇ ਤੌਰ ‘ਤੇ ਸਿੱਖ ਜਥੇਬੰਦੀਆਂ ਵੱਲੋਂ ਨਿੰਦਾ ਕੀਤੀ ਗਈ ਸੀ। 20 ਨਵੰਬਰ ਨੂੰ, ਪੰਜਾਬ ਕੈਬਨਿਟ ਨੇ ਧਰਮ ਅਪਵਿਤ੍ਰਤਾ ਦੀ ਸਜ਼ਾ ਨੂੰ ਤਿੰਨ ਸਾਲਾਂ ਦੀ ਕੈਦ ਤੋਂ ਉਮਰ ਕੈਦ ਵਿੱਚ ਵਧਾਉਣ ਦਾ ਪ੍ਰਸਤਾਵ ਕੀਤਾ। ਇਹ ਬਿੱਲ 22 ਮਾਰਚ 2016 ਨੂੰ ਪਾਸ ਕੀਤਾ ਗਿਆ । ਇਸ ਉਪਰੰਤ ਹੋਰ ਵੀ ਕਈ ਜਗਾਵਾਂ ਤੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹੇ । ਬੀਤੇ ਦਿਨੀਂ ਭਵਾਨੀਗੜ੍ਹ ਦੇ ਪਿੰਡ ਜੋਲੀਆਂ ਵਿਖੇ ਇੱਕ ਔਰਤ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਮਲਾ ਸਾਹਮਣੇ ਆਇਆ। ਮੈਨੂੰ ਨਹੀਂ ਲੱਗਦਾ ਕਿ ਸਾਡੇ ਲਈ ਇਸ ਤੋਂ ਵੱਡੀ ਦੁਰਭਾਗਤਾ ਦੀ ਗੱਲ ਕੋਈ ਹੋਰ ਹੋਵੇਗੀ ਕੋਈ ਵੀ ਜਨਾ ਖਨਾ ਆ ਕੇ ਜਗਤ ਗੁਰੂ , ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਜਾਵੇ। ਜਿਸ ਦਿਨ ਦੀ ਬੇਅਦਬੀ ਹੋਈ ਹੈ, ਮਨ ਵਿੱਚ ਅਨੇਕਾਂ ਸਵਾਲ ਆ ਰਹੇ ਸਨ? ਜਿੰਨਾ ਦਾ ਜਵਾਬ ਲੱਭਣ ਦਾ ਯਤਨ ਕਰ ਰਹੀ ਸਾਂ, ਸੋਚਦਿਆਂ ਵਿਚਾਰਦਿਆਂ ਸਭ ਤੋਂ ਪਹਿਲਾਂ ਇਹ ਗੱਲ ਜਹਿਣ ਵਿੱਚ ਆਈ ਕਿ ਹਰ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਅਖੀਰ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਿਉਂ ਦੱਸ ਦਿੱਤਾ ਜਾਂਦਾ ਹੈ? ਇੱਥੇ ਦੋ ਗੱਲਾਂ ਹੋਰ ਸੋਚਣ ਵਾਲੀਆਂ ਹਨ! ਪਹਿਲੀ ਤਾਂ ਇਹ ਕਿ ਜੇਕਰ ਬਿਲਕੁਲ ਇਸੇ ਤਰ੍ਹਾਂ ਕਿਸੇ ਮਾਨਸਿਕ ਰੋਗੀ ਦੁਆਰਾ ਕਿਸੇ ਇਨਸਾਨ ਦਾ ਕਤਲ ਕਰ ਦਿੱਤਾ ਜਾਵੇ ਤਾਂ ਕੀ ਕਾਨੂੰਨ ਜਾਂ ਉਸਦੇ ਪਰਿਵਾਰਿਕ ਮੈਬਰਾ ਉਸਨੂੰ ਮੁਆਫ਼ ਕਰਨਗੇ? ਦੂਸਰੀ ਗੱਲ ਇਹ ਸੋਚਣ ਵਾਲੀ ਹੈ ਕਿ ਕਿਤੇ ਇਹ ਕਿਸੇ ਦੀ ਸੋਚੀ ਸਮਝੀ ਚਾਲ ਤਾਂ ਨਹੀਂ, ਕਿ ਪਹਿਲਾਂ ਕਿਸੇ ਕੋਲੋਂ ਬੇਅਦਬੀ ਕਰਵਾ ਲਈ ਜਾਵੇ ਅਤੇ ਫਿਰ ਉਸਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਹੋਣ ਦਾ ਬਹਾਨਾ ਲਗਾ ਬਚਾ ਲਿਆ ਜਾਵੇ। ਮੰਨਿਆ ਕਿ ਕੋਈ ਮਾਨਸਿਕ ਤੌਰ ਉੱਪਰ ਪਰੇਸ਼ਾਨ ਹੈ ਤਾਂ ਉਸਨੇ ਆਪਣੇ ਘਰ ਨੂੰ ਅੱਗ ਕਿਉਂ ਨਾ ਲਗਾਈ, ਉਸਨੇ ਆਪਣੇ ਆਪ ਨੂੰ ਅੱਗ ਕਿਉਂ ਨਾ ਲਗਾਈ, ਦਿਮਾਗੀ ਤੌਰ ਤੇ ਪਰੇਸ਼ਾਨ ਇਹਨਾਂ ਮਰੀ ਜਮੀਰ ਵਾਲਿਆਂ ਨੂੰ ਗੁਰੂ ਘਰ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੀ ਕਿਉਂ ਨਜ਼ਰ ਆਉਂਦੇ ਹਨ।
ਇਹਨਾਂ ਸਾਰੀਆਂ ਘਟਨਾਵਾਂ ਪਿੱਛੇ ਬਹੁਤ ਗਹਿਰੇ ਰਾਜ ਛਿਪੇ ਹੋਏ ਹਨ। ਸੱਚ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹਾਂ ਜੇਕਰ ਅਸੀਂ ਅੱਖਾਂ ਉੱਪਰ ਪੱਟੀ ਬੰਨਣੀ ਹੈ ਤਾਂ ਉਹ ਗੱਲ ਵੱਖਰੀ ਹੈ!
ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ, ਹਿੰਸਾ ਫੈਲਾਉਣ, ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਫਿਰ ਪੰਥ ਦਰਦੀ ਹੋਣ ਦਾ ਨਾਟਕ ਕਰਨਾ ਇਹ ਸਭ ਸੋਚੀਆਂ ਸਮਝੀਆਂ ਚਾਲਾਂ ਹਨ। ਅੱਜ ਸਾਡੀ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ ਕਿ ਅੱਜ ਸਾਡੇ ਗੁਰੂ ਸਾਹਿਬ ਨੂੰ ਵੀ ਇਸ ਗੰਦੀ ਰਾਜਨੀਤੀ ਦੇ ਚੱਕਰ ਵਿੱਚ ਇੱਕ ਮੋਹਰੇ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ। ਇਸਤੋਂ ਵੀ ਵੱਧ ਅਫਸੋਸ ਦੀ ਗੱਲ ਇਹ ਹੈ ਕਿ ਇਹ ਮਸਲਾ ਵੀ ਪੁਰਾਣੇ ਕੇਸਾਂ ਦੀ ਤਰ੍ਹਾਂ ਕੋਰਟ ਕਚਿਹਰੀਆਂ ਦੀਆਂ ਫਾਈਲਾਂ ਵਿੱਚ ਦਫਨ ਹੋਕੇ ਰਹਿ ਜਾਵੇਗਾ। ਅੱਜ ਸਾਡੀ ਕੌਮ ਦੀ ਤਰਾਸਦੀ ਹੈ ਕਿ ਸਾਡੀ ਕੌਮ ਦੀ ਯੋਗ ਅਗਵਾਈ ਕਰਨ ਵਾਲੇ ਪੰਥਕ ਆਗੂ ਨਹੀਂ ਹਨ, ਜਿਹੜੇ ਹਨ ਉਹਨਾਂ ਦੇ ਮੂੰਹ ਪੂਰੀ ਤਰ੍ਹਾਂ ਬੰਦ ਕੀਤੇ ਹੋਏ ਹਨ, ਜਾਂ ਜੇਲ੍ਹਾਂ ਵਿੱਚ ਤਾੜੇ ਹੋਏ ਹਨ। ਪਰ ਗੁਰਬਾਣੀ ਦਾ ਫੁਰਮਾਨ ਹੈ ਕਿ
“ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ।”
ਜੋ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਚੱਕਰ ਵਿੱਚ ਜਾਂ ਕਿਸੇ ਹੋਰ ਰੰਜਿਸ਼ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨਾਲ ਛੇੜਛਾੜ ਕਰ ਰਹੇ ਹਨ, ਉਹਨਾਂ ਨੂੰ ਉਹਨਾਂ ਦੁਆਰਾ ਕੀਤੇ ਦੁਸ਼ਕਰਮਾ ਸਜ਼ਾ ਆਪ ਮਿਲੇਗੀ। ਜਿਵੇਂ ਢਾਡੀ ਮਹਿਲ ਸਿੰਘ ਜਫਰਨਾਮੇ ਵਿੱਚ ਜਿਕਰ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਦੇ ਸਮੇਂ ਇੱਕ ਔਰੰਗਾ ਸੀ, ਪਰ ਹੁਣ ਚੱਪੇ ਚੱਪੇ ਤੇ ਔਰੰਗੇ (ਔਰੰਗਜ਼ੇਬ) ਬੈਠੇ ਹੋਏ ਹਨ ਜੋ ਸਿੱਖੀ ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ, ਪਰ ਅਖੀਰ ਖਹਿੜਾ ਇਹਨਾਂ ਦਾ ਵੀ ਵਾਹਿਗੁਰੂ ਦੇ ਨਾਮ ਨਾਲ ਹੀ ਛੁਟਣਾ ਹੈ।
ਅੱਜ ਜਰੂਰਤ ਹੈ ਪੰਥ ਦਰਦੀਆਂ ਨੂੰ ਹੰਭਲਾ ਮਾਰਣ ਦੀ, ਇੱਕ ਜੁਟ ਹੋ ਇਸ ਕੋਝੀ ਰਾਜਨੀਤੀ ਦਾ ਪਰਦਾ ਫਾਸ਼ ਕਰਨ ਦੀ। ਪੰਥਕ ਆਗੂ ਆਪਣੀ ਜਿੰਮੇਵਾਰੀ ਨੂੰ ਸਮਝਣ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕਣ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਦੇਣ ਬਾਰੇ ਨਾ ਸੋਚ ਸਕੇ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin