Articles Religion

ਭਾਈ ਮਰਦਾਨਾ ਜੀ: ਗੁਰੂ ਨਾਨਕ ਦੇਵ ਜੀ ਦਾ ਸੱਚਾ ਸਾਥੀ

ਲੇਖਕ: ਸੁਰਜੀਤ ਸਿੰਘ, ਦਿਲਾ ਰਾਮ

ਜਦੋਂ ਵੀ ਕਿਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਗੱਲ ਚੱਲਦੀ ਹੋਵੇ ਤਾਂ ਭਾਈ ਮਰਦਾਨੇ ਦਾ ਜਿਕਰ ਨਾ ਹੋਵੇ ਇਹ ਹੋ ਨਹੀਂ ਸਕਦਾ।ਸਭ ਤੋਂ ਵੱਧ ਗੁਰੂ ਬਾਬੇ ਨਾਨਕ ਨਾਲ ਰਹਿਣ ਦਾ ਸੁਭਾਗ ਵੀ ਭਾਈ ਮਰਦਾਨੇ ਨੂੰ ਹੀ ਪ੍ਰਾਪਤ ਹੋਇਆ ਹੈ। ਕਈ ਸਦੀਆਂ ਤੱਕ ਭਾਈ ਮਰਦਾਨਾ ਜੀ ਨੂੰ ਭੁਖੇ,ਤਿਹਾਏ,ਡਰਪੋਕ ਤੇ ਆਮ ਜਿਹਾ ਮਰਾਸੀ ਸਮਝਿਆ ਜਾਂਦਾ ਰਿਹਾ ਹੈ ਪਰ ਜਦੋਂ ਉਨ੍ਹਾਂ ਦਾ ਜੀਵਨ ਦੇਖੀਏ ਤਾਂ ਪਤਾ ਲੱਗਦਾ ਕਿ ਉਹ ਨਿਰਕਪਟ,ਸੂਰਮਾ,ਸਮੇਂ ਨਾਲ ਲੜਨ ਵਾਲਾ,ਦੁੱਖਾਂ ਨੂੰ ਹੱਸ ਕੇ ਝੱਲਣ ਵਾਲਾ,ਰਾਗ ਵਿੱਦਿਆ ਵਿੱਚ ਪ੍ਰਬੀਨ,ਗੁਰੂ ਦਾ ਹੁਕਮ ਮੰਨਣ ਵਾਲਾ,ਨਿਰਭੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਅਜਿਹਾ ਸਾਥੀ ਸੀ ਜਿਸ ਨੇ ਹਰ ਦੁੱਖ ਤੇ ਆਈ ਔਕੜ ਦਾ ਡੱਟ ਕੇ ਮੁਕਾਬਲਾ ਕੀਤਾ।

ਗੁਰੂ ਨਾਨਕ ਦੇ ਇਸ ਸਾਥੀ ਦਾ ਜਿਕਰ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਵੀ ਕੀਤਾ :-

“ਇਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ।”

ਭਾਈ ਮਰਦਾਨਾ ਜੀ ਮਹਾਰਾਜ ਤੋਂ ਦਸ ਸਾਲ ਵੱਡੇ ਸਨ।ਭਾਈ ਕਾਨ੍ਹ ਸਿੰਘ ਜੀ ਦੇ ਮਹਾਨ ਕੋਸ਼ ਅਨੁਸਾਰ ਭਾਈ ਮਰਦਾਨਾ ਜੀ ਦਾ ਜਨਮ ਤਲਵੰਡੀ ਵਿਖੇ ਸੰਨ 1459ਈ: ਨੂੰ ਹੋਇਆ।ਭਾਈ ਮਰਦਾਨਾ ਬਚਪਨ ਦਾ ਪਾਵਨ ਨਾਂ ‘ਦਾਨਾ’ ਸੀ ।’ਮਰਦਾਨਾ’ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਵਲੋਂ ਮਿਲਿਆ ਖ਼ਿਤਾਬ ਸੀ।ਭਾਈ ਦਾਨਾ ਜੀ ਦੇ ਪਿਤਾ ਦਾ ਨਾਂ ਭਾਈ ਬਦਰੇ ਤੇ ਮਾਤਾ ਦਾ ਨਾਂ ਮਾਈ ਲੱਖੋ ਸੀ।
ਗੁਰੂ ਨਾਨਕ ਸਾਹਿਬ ਜੀ ਤਲਵੰਡੀ ਵਿਖੇ ਹੀ ਕੀਰਤਨ ਦੀ ਮਹੱਤਤਾ ਦ੍ਰਿੜਾਉਣ ਲੱਗ ਪਏ ਸਨ।ਉਹ ਕਿਰਤ ਤੇ ਕੀਰਤੀ ਜੋੜ ਰਹੇ ਸਨ।ਗੁਰੂ ਨਾਨਕ ਸਾਹਿਬ ਜੀ ਨੂੰ ਅਜਿਹੇ ਸਾਥੀ ਦੀ ਭਾਲ ਸੀ ਜਿਸ ਕੋਲ ਰਾਗ ਹੋਵੇ।

ਤਲਵੰਡੀ ਦੀ ਹੀ ਸਾਖੀ ਹੈ ਕਿ ਇਕ ਵਾਰ ਗੁਰੂ ਨਾਨਕ ਜੀ ਇਕ ਰੁੱਖ ਹੇਠਾਂ ਆਰਾਮ ਕਰਦੇ ਪਏ ਸਨ ਕਿ ਉਧਰੋਂ ਕਿਸੇ ਪਾਸਿਉਂ ਰਬਾਬ ਵਜਾਉਣ ਦੀ ਆਵਾਜ਼ ਉਨ੍ਹਾਂ ਦੇ ਕੰਨ ਵਿੱਚ ਪਈ।ਉਹ, ਉੱਠ ਕੇ ਰਬਾਬ ਵਜਾਉਣ ਵਾਲੇ ਕੋਲ ਗਏ ਤੇ ਪੁੱਛਿਆ, “ਭਾਈ, ਤੇਰਾ ਨਾਉਂ ਕਿਆ ਹੈ ? ਤਾਂ ਉਸ ਨੇ ਕਿਹਾ, “ਜੀ ਮੇਰਾ ਨਾਉਂ ‘ਦਾਨਾ, ਮਰਾਸੀ ਲੋਕੀ ਕਹਿੰਦੇ ਹਨ। ਗੁਰੂ ਨਾਨਕ ਜੀ ਨੇ ਇਹ ਸੁਣ ਕੇ ਕਿਹਾ: “ਤੂੰ ਰਬਾਬ ਭਲਾ ਵਜਾਉਂਦਾ ਹੈਂ ਤੇ ਤੈਨੂੰ ਰਾਗਾਂ ਦੀ ਵੀ ਸੋਝੀ ਹੈ, ਪਰ ਜੇ ਤੂੰ ਸਾਡੀ ਸੰਗਤ ਕਰੇ ਤੇ ਇਹ ਰਾਗ ਸ਼ਬਦ ਪਾ ਕੇ ਗਾਵੇ ਤਾਂ ਤੇਰਾ ਦੀਨ ਦੁਨੀ ਵਿਚ ਉਧਾਰ ਹੋਵੇਗਾ। ਦਾਨਾ ਜੀ ਨੇ ਕਿਹਾ ਅਸੀਂ ਤਾਂ ਧਨੀ ਲੋਕਾਂ ਨੂੰ ਰਾਗ ਸੁਣਾ ਕੇ ਚਾਰ ਪੈਸੇ ਲਿਆਉਂਦੇ ਹਾਂ। ਜੇ ਤੇਰੇ ਨਾਲ ਲੱਗਾਂਗੇ, ਤਾਂ ਪਰਿਵਾਰ ਵਾਲੇ ਸਭ ਭੁੱਖ ਨਾਲ ਮਰ ਜਾਣਗੇ ਤੇ ਭੁੱਖਿਆਂ ਤੋਂ ਨਿਮਾਜ਼ ਰੋਜ਼ਾ ਵੀ ਨਹੀਂ ਹੋਣਾ। ਇਹ ਸੁਣ ਸਾਹਿਬ ਬਚਨ ਕੀਤਾ, ‘ਦਾਨਿਆ, ਤੂੰ ਦਿਵਾਨਾ ਹੋਇਆ ਹੈਂ, ਸਭ ਦੀ ਪਾਲਣਾ ਈਸ਼ਵਰ ਕਰਦਾ ਹੈ। ਨਮਾਜ਼ ਤੇ ਰੋਜ਼ਾ ਖ਼ੁਦਾ ਦੇ ਘਰੋਂ ਬਖ਼ਸ਼ਿਸ਼ ਹੈ । ਜਦੋਂ ਲੇਖਾ ਹੋਇਆ ਤਾਂ ਹਾਮੀ ਕਿਸੇ ਨਹੀਂ ਭਰਨੀ। ਫਿਰ ਗੁਰੂ ਨਾਨਕ ਜੀ ਨੇ ਸਮਝਾਉਂਦੇ ਹੋਏ ਕਿਹਾ : ਦਾਨਿਆਂ, ਜੇ ਹੁਣ ਤੂੰ ਮਰਦਾਨਾ (ਸੂਰਮਾ) ਹੋਵੇਂ, ਸ਼ਬਦ ਪਾ ਕੇ ਰਾਗ ਨੂੰ ਗਾਵੇਂ ਤਾਂ ਤੇਰਾ ਦੋਹਾਂ ਲੋਕਾਂ ਦਾ ਕਾਰਜ ਹੋਵੇਗਾ। ਦਾਨਾ, ਮਰਦਾਨਾ ਬਣ ਕੇ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਗੁਰੂ ਨਾਨਕ ਜੀ ਨਾਲ ਤਿਆਰ ਹੋਇਆ । ਕੀਰਤਨ ਨੇ ਜਨਮ ਲਿਆ। ਬਾਬੇ ਦੇ ਸ਼ਬਦ ਤੇ ਮਰਦਾਨੇ ਦੀ ਰਬਾਬ ਨੇ ਅਜਿਹੀ ਕਰਾਮਾਤ ਕੀਤੀ ਜਿਸ ਦਾ ਸਾਨੀ ਸੰਸਾਰ ਵਿੱਚ ਕੋਈ ਨਹੀਂ। ਭਾਈ ਮਰਦਾਨਾ ਜੀ ਨੇ ਪੁੱਛਿਆ ਵੀ, ‘ਬਾਬਾ, ਇਹ ਜੋ ਕੀਰਤਨ ਅਸੀਂ ਗਾਉਂਦੇ ਹਾਂ , ਕੀ ਇਹੀ ਸ਼ਬਦ ਹੈ? ਇਸ ਸ਼ਬਦ ਨਾਲ ਹੀ ਮੁਕਤੀ ਹੋਵੇਗੀ?ਗੁਰੂ ਨਾਨਕ ਜੀ ਨੇ ਕਿਹਾ ” ਇਹੀ ਸ਼ਬਦ ਕੀਰਤ ਹੈ।ਜੇ ਕੋਈ ਸੁਰਤਿ ਨਾਲ ਸਮਝੇ ਤਾਂ ਉਹ ਮੁਕਤ ਹੋ ਸਕਦਾ ਹੈ।ਸਾਖੀਆਂ ਵਿੱਚ ਕਈ ਰੌਚਿਕ ਦ੍ਰਿਸ਼ ਹਨ।ਗੁਰੂ ਨਾਨਕ ਤੇ ਭਾਈ ਮਰਦਾਨਾ ਗਰਮ ਤੇ ਖੁਸ਼ਕ ਮਾਰੂਥਲ ਵਿਚੋਂ ਦੀ ਲੰਘਦੇ ਰਹੇ।ਰਾਹ ਮੁੱਕਣ ‘ਚ ਨਹੀਂ ਆਉਂਦਾ।ਸਾਖੀਕਾਰ ਲਿਖਦਾ ਹੈ ਉੱਤੇ ਤਾਰੇ.. ਹੇਠਾਂ ਰੇਤ।ਹੋਰ ਕਿਤੇ ਕੁਝ ਨਹੀਂ ।ਨਾ ਪਸ਼ੂ ਨਾ ਪੰਖੀ,ਨਾ ਘਾਹ ਨਾ ਰੁੱਖ ।ਭਾਈ ਮਰਦਾਨਾ ਆਖਦੇ,”ਬਾਬਾ ਕਿਤੇ ਕੁੱਛ ਨਦਰਿ ਨਹੀਂ ਆਂਵਦਾ।ਦੇਸ ਦਾ ਕਿਤੈ ਕੁੱਤਾ ਭੀ ਮਿਲੈ,ਤਿਸਦੇ ਹਉਂ ਗਲ ਲਗ ਕੇ ਰੋਵਾਂ।ਬਾਬਾ ਜੀ ਆਖਦੇ,”ਇਨ੍ਹਾਂ ਮਾਰੂਥਲਾਂ ਵਿਚ ਤਦ ਆਏ ਹਾਂ ਭਾਈ ਜੁ ਨਾ ਕੋਈ ਕੁੱਤਾ ਲੱਗੈ ਨਾ ਭਉਂਕੈ।”ਫਿਰ ਭਾਈ ਮਰਦਾਨਾ ਆਖਦੇ,”ਕਿੱਥੇ ਮਾਰਿਆ ਈ, ਬਾਬਾ,ਇੱਥੇ ਤਾਂ ਗੋਰੋਂ ਖੱਫਣੋ ਭੀ ਗਏ।”ਬਾਬਾ ਹੌਂਸਲਾ ਦਿੰਦਾ ਤੇ ਅਗਲੀ ਵਾਟ ਫੜਦੇ।

ਭਾਈ ਮਰਦਾਨਾ ਅਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਗੋਸ਼ਟਾਂ ‘ਸਾਖੀਆਂ’ ਵਿੱਚ ਆਉਂਦੀਆ ਹਨ। ਇਹ ਗੋਸ਼ਟਾਂ ਪ੍ਰਮਾਰਥ ਦਾ ਖਜ਼ਾਨਾ ਹਨ। ਗੁਰੂ ਦਾ ਹੁਕਮ ਮੰਨਣ ਲਈ ਭਾਈ ਜੀ ਹਮੇਸ਼ਾ ਤਿਆਰ ਰਹਿੰਦੇ ਸਨ। ਜੋ ਗੁਰੂ ਨਾਨਕ ਜੀ ਕਹਿੰਦੇ ਮਰਦਾਨਾ ਓਹੀ ਕਰਦਾ। ਜਦੋਂ ਗੁਰੂ ਸਾਹਿਬ ਜਬਲਪੁਰ ਵੱਲ ਨੂੰ ਤੁਰੇ ਤਾਂ ਪੱਚੀ ਤੀਹ ਮੀਲ ਦੇ ਫਾਸਲੇ ਤੇ ਇਕ ਅਜਿਹਾ ਭਿਆਨਕ ਜੰਗਲ ਆਇਆ ਜਿਸ ਵਿੱਚ ਕਈ ਆਦਮ ਖੋਰ (ਜੰਗਲੀ) ਮਨੁੱਖ ਰਹਿੰਦੇ ਸਨ, ਥੋੜ੍ਹੀ ਦੂਰ ਅੱਗੇ ਇੱਕ ਝੀਲ ਸੀ। ਜਿਸ ਦੇ ਕਿਨਾਰੇ ਗੁਰੂ ਸਾਹਿਬ ਜੀ ਆਸਣ ਲਾ ਕੇ ਟਿੱਕ ਗਏ। ਭਾਈ ਮਰਦਾਨਾ ਜੀ ਨੇ ਭੁੱਖ ਦੀ ਨਵਿਰਤੀ ਦੀ ਲਈ ਆਗਿਆ ਲਈ ਤੇ ਲਾਗੇ ਚਾਗੇ ਕਿਸੇ ਫਲ ਦੀ ਭਾਲ ਵਿੱਚ ਤੁਰ ਪਿਆ।ਅੱਗੋਂ ਕਈ ਕੇਲਿਆਂ ਦੇ ਬੂਟੇ ਵੀ ਉਸਨੂੰ ਦਿਖਾਈ ਦਿੱਤੇ। ਜਿਨ੍ਹਾਂ ਦੇ ਪੱਕੇ ਹੋਏ ਵੱਡੇ ਵੱਡੇ ਗੁੱਛੇ ਲਟਕ ਰਹੇ ਸਨ।ਭਾਈ ਮਰਦਾਨਾ ਜੀ ਨੇ ਅਜੇ ਇੱਕ ਗੁੱਛੇ ਨੂੰ ਹੱਥ ਪਾਇਆ ਹੀ ਸੀ ਕਿ ਪਿੱਠ ਵੱਲੋਂ ਕਿਸੇ ਨੇ ਹੱਥ ਮਾਰ ਕੇ ਉਸਨੂੰ ਆ ਦਬੋਚਿਆ ਅਤੇ ਤੇਲ ਦੇ ਤਪੇ ਕੜ੍ਹਾਹੇ ਕੋਲ ਲੈ ਗਿਆ। ਭਾਈ ਮਰਦਾਨਾ ਜੀ ਦੀ ਦੇਰੀ ਤੇ ਗੁਰੂ ਸਾਹਿਬ ਕਾਹਲੀ ਨਾਲ ਉੱਠੇ ਤੇ ਕੌਡੇ ਕੋਲ ਪਹੁੰਚ ਗਏ। ਕੌਡੇ ਨੇ ਮਨ ਹੀ ਮਨ ਇੱਕ ਹੋਰ ਸ਼ਿਕਾਰ ਹੱਥ ਲੱਗਣ ਦੀ ਖੁਸ਼ੀ ਮਨਾਈ। ਜਦ ਉਹ ਭਾਈ ਮਰਦਾਨੇ ਨੂੰ ਕੜਾਹੇ ‘ਚ ਸੁੱਟਣ ਲੱਗਿਆ ਤਾਂ ਕਰੜੇ ਪੰਜਿਆਂ ਵਿੱਚ ਜਕੜੇ ਹੋਏ ਭਾਈ ਮਰਦਾਨੇ ਨੇ ਗੁਰੂ ਨਾਨਕ ਜੀ ਦੇ ਨਾਮ ਦੀ ਰਟ ਲਗਾਉਂਦਿਆ ਤਰਲੇ ਭਰੀ ਪੁਕਾਰ ਕੀਤੀ।ਗੁਰੂ ਜੇ ਨੇ ਸ਼ਬਦ ਉਚਾਰਨ ਕੀਤਾ।ਜਿੰਨੀ ਦੇਰ ਤਕ ਸ਼ਬਦ ਦੀ ਆਵਾਜ਼ ਕੌਡੇ ਦੇ ਕੰਨੀ ਪੈਂਦੀ ਰਹੀ ਤਾਂ ਉਹ ਬੁੱਤ ਬਣ ਕੇ ਸੁਣਦਾ ਰਿਹਾ।ਸ਼ਬਦ ਪੂਰਾ ਹੋ ਜਾਣ ਦੇ ਤੇ ਮਹਾਰਾਜ ਨੇ ਕਿਹਾ “ਮਰਦਾਨਿਆ! ਨਿਡਰ ਹੋ ਜਾਹ ਤੇ ਸਤਿ ਕਰਤਾਰ ਆਖ ਕੇ ਕੜ੍ਹਾਹੇ ਨੂੰ ਹੱਥ ਪੇ ਦੇਹ।ਹੁਕਮ ਮੰਨ ਕੇ ਜਦੋਂ ਮਰਦਾਨੇ ਹੱਥ ਪਾਇਆ ਤਾਂ ਗਰਮ ਤੇਲ ਪਾਣੀ ਵਾਂਗ ਠੰਡਾ ਹੋ ਗਿਆ। ਕੌਡੇ ਦਾ ਰਾਕਸ਼ਾ ਵਾਲਾ ਵਰਤਾਉ ਦੂਰ ਕਰਕੇ ਗੁਰੂ ਜੀ ਨੇ ਸਾਊ ਮਨੁੱਖ ਬਣਨ ਦੀ ਸਿਖਿਆ ਦਿੱਤੀ। ਹਰ ਜਗ੍ਹਾ ਤੇ ਇਹੀ ਜਿਕਰ ਆਉਂਦਾ ਹੈ ਕਿ ਰਬਾਬ ਤੇ ਸ਼ਬਦਾਂ ਦੀ ਅਵਾਜ਼ ਸੁਣ ਕੇ ਲੋਕੀਂ ਬਾਬੇ ਵੱਲ ਖਿੱਚੇ ਆਉਂਦੇ ਸਨ। ਮੱਕਾ, ਮਦੀਨਾ, ਬਗ਼ਦਾਦ ਹੋਰ ਇਸਲਾਮੀ ਦੇਸ਼ਾਂ ਵਿੱਚ ਰਬਾਬ ਨਾਲ ਕੀਰਤਨ ਕਰਕੇ,ਨਾ ਸਿਰਫ ਸਭ ਨੂੰ ਹੈਰਾਨ ਕੀਤਾ ਸਗੋਂ ਜੁਰਅੱਤ ਦੀ ਹੱਦ ਦੱਸੀ।ਇਸਲਾਮੀ ਮੁਲਕਾਂ ਵਿੱਚ ਮਰਦਾਨਾ ਜੀ ਨੇ ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ’ ਗਾਏ। ਹੀਰੇ, ਰਤਨ ਜਵਾਹਰਾਂ ਵੱਲ ਕਦੇ ਮੂੰਹ ਨਾ ਕੀਤਾ। ਗੁਰੂ ਬਾਬਾ ਤੇ ਭਾਈ ਮਰਦਾਨਾ ਜੀ ਨੇ ਅਤੀ ਦੁਸ਼ਟਿ ਮਨੁੱਖਾਂ ਕੋਲ ਜਾ ਕੇ ਉਨ੍ਹਾਂ ਨੂੰ ਸੱਚ ਦਾ ਰਾਹ ਦਿਖਾਇਆ। ਗੁਰੂ ਬਾਬਾ ਜੀ ਮਨੁੱਖਤਾ ਨੂੰ ਸਮਝਾਉਣ ਲਈ ਧੁਰ ਕੀ ਬਾਣੀ ਦਾ ਉਚਾਰਨ ਕਰਦੇ, ਭਾਈ ਮਰਦਾਨੇ ਨੂੰ ਕਿਹਾ ਕਰਦੇ “ਮਰਦਾਨਿਆ! ਰਬਾਬ ਵਜਾਏ ਬਾਣੀ ਆਈ ਐ।”

ਗੁਰੂ ਜੀ ਨੇ ਭਾਈ ਮਰਦਾਨਾ ਜੀ ਦਾ ਅੰਤਲਾ ਸਮਾਂ ਨੇੜੇ ਆ ਜਾਣ ਕਰਕੇ ਕਿਹਾ “ਮਰਦਾਨਿਆ! ਜੇ ਚਾਹੇਂ ਤਾਂ ਤੇਰੀ ਦੇਹੀ ਨੂੰ ਬ੍ਰਾਹਮਣ ਵਾਂਗੰ ਦਰਿਆ ਵਿੱਚ ਸੁੱਟ ਦਈਏ। ਮਰਦਾਨਿਆ ਜੇ ਤੇਰੀ ਇੱਛਾ ਹੋਵੇ ਤਾਂ ਖੱਤਰੀ ਵਾਂਗ ਸਾੜ ਦਈਏ ਜਾਂ ਵੈਸ਼ ਵਾਂਗੂੰ ‘ਹਵਾ’ ‘ਚ ਸੁਟਵਾ ਦਈਏ, ਜੇ ਤੇਰਾ ਚਿਤ ਹੋਵੇ ਤਾਂ ਸ਼ੂਦਰ ਵਾਂਗ ਦਬਵਾ ਦੇਈਏ।”

ਮਰਦਾਨਾ ਜੀ ਨੇ ਉੱਤਰ ਦਿੰਦੇ ਕਿਹਾ:”ਵਾਹ, ਬਾਬਾ ਵਾਹ। ਅਜੇ ਵੀ ਸਰੀਰਾਂ ਦੇ ਚੱਕਰਾਂ ਵਿਚ। ਤੁਹਾਡੇ ਉਪਦੇਸ਼ ਕਰ ਤਾਂ ਦੇਹੀ ਦਾ ਖਿਆਲ ਹੀ ਮੁਕ ਗਿਆ ਹੈ। ਮੈਂ ਤਾ ਆਪਣੀ ਆਤਮਾ ਨੂੰ ਕੇਵਲ ਸਰੀਰ ਦਾ ਸਾਥੀ ਸਮਝਦਾ ਹਾਂ।” ਫਿਰ ਗੁਰੂ ਬਾਬੇ ਕਿਹਾ “ਮਰਦਾਨਿਆ! ਮੇਰਾ ਚਿੱਤ ਕਰਦਾ ਹੈ ਕਿ ਤੇਰੀ ਸਮਾਧ ਬਣਾ ਕੇ ਤੈਨੂੰ ਜਗਤ ਵਿੱਚ ਪ੍ਰਸਿੱਧ ਕਰ ਦਈਏ।”

ਮਰਦਾਨਾ ਜੀ ਨੇ ਗੰਭੀਰ ਹੋ ਕਿਹਾ “ਬਾਬਾ ਬੜੀ ਮੁਸ਼ਕਿਲ ਨਾਲ ਤਾਂ ਸਰੀਰ ਰੂਪੀ ਸਮਾਧ ਵਿੱਚੋਂ ਨਿਕਲਣ ਲੱਗੇ ਹਾਂ ਇਸ ਨੂੰ ਫਿਰ ਪੱਥਰ ਦੀ ਸਮਾਧ ਵਿੱਚ ਕਿਉਂ ਪਾਉਂਦੇ ਹੋ।”

ਗੁਰੂ ਬਾਬੇ ਨੇ ਅਗਾਂਹ ਵਧ ਕੇ ਮਰਦਾਨੇ ਨੂੰ ਛਾਤੀ ਨਾਲ ਲਗਾਇਆ ਤੇ ਕਿਹਾ “ਤੂੰ ਬ੍ਰਹਮ ਨੂੰ ਪਛਾਣ ਲਿਆ ਹੈ, ਮਰਦਾਨਿਆ ।”
ਗੁਰੂ ਜੀ ਦਾ ਨੀਵੀਂ ਜਾਤ ਦੇ ਇਕ ਡੂਮ ਨੂੰ ਆਪਣਾ ਸਾਥੀ ਬਣਾਉਣਾ ਉੱਚੀਆਂ ਜਾਤਾਂ ਦੇ ਅਭਿਮਾਨੀਆਂ ਉੱਤੇ ਇਕ ਤਗੜੀ ਚੋਟ ਸੀ। ਗੁਰੂ ਬਾਬੇ ਨੇ ਨੀਵਿਆਂ ਨੂੰ ਰੱਜ ਕੇ ਪਿਆਰ ਕੀਤਾ ਤੇ ਉੱਚਾ ਚੁਕ ਕੇ ‘ਮਰਦਾਨਾ’ ਬਣਾਇਆ। ਸਿੱਖੀ ਰਬਾਬ ਤੋਂ ਸ਼ੁਰੂ ਹੋ ਕੇ ਨਗਾਰੇ ‘ਤੇ ਜਾ ਕੇ ਸੰਪੂਰਨ ਹੋਈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin