Articles

ਭੋਗ ‘ਤੇ ਵਿਸ਼ੇਸ਼: ਉਸਤਾਦ ਅਮਰ ਸਿੰਘ ਰਾਏਕੋਟ

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਸੰਸਾਰ ਵਿੱਚ ਅਨੇਕਾਂ ਹੀ ਐਸੇ ਇਨਸਾਨ ਹੋਏ ਹਨ ਜਿਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਖੇਡਾਂ ਨੂੰ ਸਮਰਪਿਤ ਕਰ ਦਿੱਤੀ, ਇਨ੍ਹਾਂ ਗੁਣਾ ਸਦਕਾ ਹੀ ਇਹ ਉਸਤਾਦ ਲੋਕ ਖ਼ਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੇ ਦਿਲਾਂ ਵਿੱਚ ਸਦਾ ਲਈ ਅਮਰ ਹੋ ਗਏ ਹਨ। ਉਸਤਾਦ ਅਮਰ ਸਿੰਘ ਜੀ ਰਾਏਕੋਟ ਵੀ ਅਜਿਹੀ ਹੀ ਇੱਕ ਨੇਕ ਰੂਹ ਸਖ਼ਸੀਅਤ ਸਨ ਜਿਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਖੇਡਾਂ ਅਤੇ ਖ਼ਿਡਾਰੀਆਂ ਨੂੰ ਸਮਰਪਿਤ ਕਰ ਦਿੱਤੀ। ਪਿੱਛਲੇ ਹਫ਼ਤੇ ਉਹ ਸਦਾ ਲਈ ਸਾਰਿਆਂ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਸਤਾਦ ਅਮਰ ਸਿੰਘ ਹੁਰਾਂ ਨੇ ਸੁਰਤ ਸੰਭਾਲਦਿਆਂ ਹੀ ਆਪਣੇ ਪਿਤਾ ਨਾਲ ਰਾਏਕੋਟ ਅਖਾੜੇ ਦੀ ਸੇਵਾ ਸ਼ੁਰੂ ਕੀਤੀ ਅਤੇ ਆਪਣੀ 112 ਸਾਲ ਦੀ ਉਮਰ ਮੁਕੰਮਲ ਹੋਣ ਤੱਕ ਏਸੇ ਅਖਾੜੇ ਨਾਲ ਜੁੜੇ ਰਹੇ।

ਉਸਤਾਦ ਅਮਰ ਸਿੰਘ ਹੁਰਾਂ ਦਾ ਜਨਮ 1908 ਨੂੰ ਨੂਰੇ ਮਾਹੀ ਦੀ ਧਰਤੀ ਰਾਏਕੋਟ ਵਿਖ਼ੇ ਸ. ਥੰਮਣ ਸਿੰਘ ਦੇ ਘਰ ਮਾਤਾ ਬੱਸੋ ਕੌਰ ਜੀ ਦੀ ਕੁੱਖੋਂ ਹੋਇਆ। ਆਪ ਜੀ ਬਚਪਨ ਤੋਂ ਹੀ ਵਿਲੱਖਣ ਸਖ਼ਸੀਅਤ ਦੇ ਮਾਲਿਕ ਸਨ। ਆਪਜੀ ਨੇ ਮੈਟ੍ਰਿਕ ਤੱਕ ਪੜ੍ਹਾਈ ਪੂਰੀ ਕੀਤੀ। ਪੜ੍ਹਾਈ ਪੂਰੀ ਕਰਨ ਉਪਰੰਤ ਆਪ ਫ਼ੌਜ ਵਿੱਚ ਭਰਤੀ ਹੋਏ ਅਤੇ ਦੇਸ਼ ਦੀ ਵੰਡ ਸਮੇਂ ਆਪ ਜੀ ਦਾ ਵਿਆਹ ਜਸਮੇਲ ਕੌਰ ਜੀ ਨਾਲ ਹੋਇਆ।

ਉਸਤਾਦ ਅਮਰ ਸਿੰਘ ਜੀ ਦੇ ਪਿਤਾ ਸ. ਥੰਮਣ ਸਿੰਘ ਉੱਚ ਕੋਟੀ ਦੇ ਭਲਵਾਨ ਸਨ। ਆਪ ਜੀ ਨੇ ਲੰਮਾ ਸਮਾਂ ਕੁਸ਼ਤੀ ਕੀਤੀ ਅਤੇ ਰਾਏਕੋਟ ਵਿਖ਼ੇ ਇੱਕ ਕੁਸ਼ਤੀ ਅਖਾੜੇ ਦੀ ਸਥਾਪਨਾ ਕੀਤੀ। ਇਹ ਕੁਸ਼ਤੀ ਅਖਾੜਾ ਥੰਮਣ ਸਿੰਘ ਅਤੇ ਉਸਤਾਦ ਅਮਰ ਸਿੰਘ ਹੁਰਾਂ ਨੇ ਆਪਣੇ ਹੱਥੀਂ ਗੁੱਡਿਆ ਸੀ। ਅਖਾੜੇ ਨੂੰ ਗੁੱਡਣ ਵੇਲ਼ੇ 80 ਪੀਪੇ ਸਰੋਂ ਦੇ ਤੇਲ ਦੇ ਅਤੇ ਚਾਲੀ ਪੀਪੇ ਸ਼ੁੱਧ ਦੇਸੀ ਘਿਓ ਦੇ ਵਰਤੇ ਗਏ ਸਨ। ਕਹਿੰਦੇ ਨੇ ਜਦ ਇਹ ਅਖਾੜਾ ਤਿਆਰ ਹੋਇਆ ਤਾਂ ਇਸਦੀ ਮਿੱਟੀ ਦੀ ਅਲੱਗ ਹੀ ਮਹਿਕ ਸੀ। ਦੇਸੀ ਘਿਓ ਅਤੇ ਸਰੋਂ ਦੇ ਤੇਲ ਦੀ ਵਰਤੋਂ ਹੋਣ ਨਾਲ ਇਸ ਮਿੱਟੀ ਵਿੱਚ ਜਾਨ ਆ ਗਈ ਸੀ, ਇਸ ਅਖਾੜੇ ਦੀ ਮਿੱਟੀ ਵਿੱਚ ਜੋ ਵੀ ਘੁਲਦਾ ਉਸ ਵਿੱਚ ਅਨੋਖੀ ਕਿਸਮ ਦੀ ਊਰਜਾ ਦਾ ਸੰਚਾਰ ਹੁੰਦਾ ਸੀ। ਕਈ ਬਜ਼ੁਰਗ ਤਾਂ ਏਥੋਂ ਤੱਕ ਦਸਦੇ ਹਨ ਜੇਕਰ ਕਿਸੇ ਆਮ ਇਨਸਾਨ ਨੂੰ ਕੋਈ ਸ਼ਰੀਰਿਕ ਕਮਜ਼ੋਰੀ ਜਾਂ ਤਕਲੀਫ਼ ਹੁੰਦੀ ਸੀ ਤਾਂ ਉਹ ਅਖਾੜੇ ਵਿੱਚ ਆਕੇ ਮਿੱਟੀ ਦਾ ਲੇਪ ਕਰਕੇ ਲੇਟ ਜਾਂਦਾ ਸੀ ਅਤੇ ਕੁੱਝ ਘੰਟਿਆਂ ਬਾਅਦ ਆਪਣੇ ਆਪ ਨੂੰ ਤਰੋ ਤਾਜ਼ਾ ਮਹਿਸੂਸ ਕਰਦਾ ਸੀ।

ਉਸਤਾਦ ਥੰਮਣ ਸਿੰਘ ਵੱਲੋਂ ਚਲਾਏ ਇਸ ਕੁਸ਼ਤੀ ਅਖਾੜੇ ਵਿੱਚ ਕਈ ਨਾਮਵਰ ਭਲਵਾਨਾਂ ਨੇ ਸਮੇਂ ਸਮੇਂ ਸਿਰ ਹੋਏ ਕੁਸ਼ਤੀ ਦੰਗਲ ਮੁਕਾਬਲਿਆਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਮੁੱਖ ਰੂਪ ਨਾਲ ਰੁਸਤਮ-ਏ-ਜਮਾਂ ਗਾਮੇ ਭਲਵਾਨ ਦਾ ਭਰਾ ਇਮਾਮ ਬਕਸ਼, ਕਿੱਕਰ ਸਿੰਘ, ਗੁਰਬਖ਼ਸ ਸਿੰਘ ਦੌਧਰੀਆ, ਸਿਕੰਦਰ ਸਿੰਘ ਆਲਮਗੀਰ, ਖਲੀਲ, ਯੂਸਫ਼ ਅਤੇ ਹਸਨ ਭਲਵਾਨ ਆਦਿਕ ਦੇ ਨਾਮ ਸ਼ਾਮਿਲ ਹਨ।

ਉਸਤਾਦ ਅਮਰ ਸਿੰਘ ਨੇ ਕੁਸ਼ਤੀ ਦੇ ਮੁਢਲੇ ਗੁਰ ਉਸਤਾਦ ਹਸਨ ਜੀ ਕੋਲੋਂ ਹਾਸਿਲ ਕੀਤੇ। ਫ਼ੌਜ ਵਿੱਚ ਰਹਿੰਦੇ ਹੋਏ ਆਪ ਜੀ ਨੇ 1951 ਵਿੱਚ ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ ਦਾ ਡਿਪਲੋਮਾ ਸਕੂਲ ਆਫ ਫਿਜ਼ੀਕਲ ਟ੍ਰੇਨਿੰਗ ਪੂਨੇ ਤੋਂ ਹਾਸਿਲ ਕੀਤਾ। ਜਿਸ ਵੇਲ਼ੇ ਉਸਤਾਦ ਅਮਰ ਸਿੰਘ ਫ਼ੌਜ ਸਨ ਉਸ ਵੇਲ਼ੇ ਫ਼ੌਜ ਵਿੱਚ ਮਿਲਖਾ ਸਿੰਘ, ਮੱਖਣ ਸਿੰਘ, ਪ੍ਰਦੂਮਨ ਵਰਗੇ ਅਥਲੀਟਾਂ ਦਾ ਬੋਲਬਾਲਾ ਸੀ ਉਹਨਾਂ ਨਾਲ ਟ੍ਰੇਨਿੰਗ ਕਰਦੇ ਸਮੇਂ ਉਸਤਾਦ ਅਮਰ ਸਿੰਘ ਭਲਵਾਨ ਤੋਂ ਅਥਲੀਟ ਬਣ ਗਏ। ਉਹ ਫ਼ੌਜ ਵਿੱਚ ਕਾਫ਼ੀ ਲੰਮਾ ਸਮਾਂ ਲੌਂਗ ਜੰਪ ਅਤੇ ਟ੍ਰਿਪਲ ਜੰਪ ਕਰਦੇ ਰਹੇ। ਉਹ ਲੌਂਗ ਜੰਪ ਵਿੱਚ ਆਪਣੀ ਯੂਨਿਟ ਦੇ ਰਿਕਾਰਡ ਹੋਲਡਰ ਸਨ ਅਤੇ 100 ਮੀ. ਦੌੜ ਦੇ ਜੇਤੂ ਸਨ। ਉਹ ਕਈ ਸਾਲ ਸਰਵਿਸਿਜ਼ ਵੱਲੋਂ ਵੀ ਖੇਡਦੇ ਰਹੇ। ਫ਼ੌਜ ਤੋਂ ਸੇਵਾ ਮੁਕਤ ਹੋਣਸਾਰ ਆਪਜੀ ਨੇ ਪਿਤਾ ਪੁਰਖੀ ਰਾਏਕੋਟ ਅਖਾੜੇ ਨੂੰ ਮੁੜ ਸੁਰਜੀਤ ਕੀਤਾ। ਪਰ ਇਸ ਵਾਰ ਭਲਵਾਨੀ ਦੇ ਨਾਲ ਇੱਥੇ ਐਥਲੇਟਿਕ੍ਸ ਦੀ ਵੀ ਟ੍ਰੇਨਿਗ ਦਿੱਤੀ ਜਾਣ ਲੱਗੀ। ਉਸਤਾਦ ਅਮਰ ਸਿੰਘ ਸਾਰੇ ਅਥਲੀਟਾਂ ਨੂੰ ਉਮਦਾ ਟ੍ਰੇਨਿੰਗ ਦੇ ਨਾਲ ਪੁਰਾਤਨ ਭਲਵਾਨਾਂ ਦੀ ਖੁਰਾਕ ਬਾਰੇ ਵੀ ਜਾਣਕਾਰੀ ਦਿਆ ਕਰਦੇ ਸਨ ਜੋ ਅੱਜਕੱਲ ਦੇ ਡੱਬਾ ਬੰਦ ਪ੍ਰੋਟੀਨ ਅਤੇ ਹੋਰ ਸਪਲੀਮੈਂਟਾਂ ਨਾਲੋਂ ਕੀਤੇ ਚੰਗੀ ਸੀ। ਆਪ ਜੀ ਹਮੇਸ਼ਾ ਘਰ ਦੀ ਰੋਟੀ ਖਾਂਦੇ ਅਤੇ ਘਰ ਦਾ ਹੀ ਪਾਣੀ ਪੀਂਦੇ ਸਨ। ਜੇਕਰ ਉਹਨਾਂ ਨੂੰ ਕੀਤੇ ਜਾਣਾ ਵੀ ਪੈਂਦਾ ਤਾਂ ਉਹ ਘਰ ਤੋਂ ਹੀ ਆਪਣਾ ਖਾਣਾ ਅਤੇ ਪਾਣੀ ਦੀ ਬੋਤਲ ਨਾਲ ਲਿਜਾਂਦੇ ਸਨ। ਉਹਨਾਂ ਦੀ ਰਹਿਨੁਮਾਈ ਹੇਠ ਕਈ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ਦੇ ਅਥਲੀਟ ਪੈਦਾ ਹੋਏ ਜਿਨ੍ਹਾਂ ਨੇ ਇਲਾਕੇ ਅਤੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਚਮਕਾਇਆ। ਇਸ ਅਖਾੜੇ ਵਿੱਚ ਪੰਜਾਬ ਭਰ ਤੋਂ ਅਥਲੀਟ ਆਕੇ ਟ੍ਰੇਨਿਗ ਕਰਿਆ ਕਰਦੇ ਸਨ। ਉਸਤਾਦ ਅਮਰ ਸਿੰਘ ਹੁਰਾਂ ਨੇ ਮਾਸਟਰ ਐਥੱਲੇਟਿਕ੍ਸ ਦੇ 75+ ਮੁਕਾਬਲਿਆਂ ਵਿੱਚ ਏਸ਼ੀਆ ਵਿਚੋਂ ਗੋਲਡ ਮੈਡਲ ਵੀ ਜਿੱਤਿਆ। ਉਸਤਾਦ ਅਮਰ ਸਿੰਘ ਹੁਰੀਂ ਆਪਣੇ ਅਖ਼ੀਰਲੇ ਸਾਹਾਂ ਤੱਕ ਰਾਏਕੋਟ ਅਖਾੜੇ ਪ੍ਰਤੀ ਸਮਰਪਿਤ ਰਹੇ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਦੇ ਰਹੇ, ਪ੍ਰਮਾਤਮਾਂ ਉਹਨਾਂ ਦੀ ਵਿੱਛੜੀ ਰੂਹ ਨੂੰ ਜੰਨਤ-ਏ-ਫਿਰਦੌਸ ਅਤਾ ਫ਼ਰਮਾਏ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin