International

ਰੂਸ-ਯੂਕਰੇਨ ਯੁੱਧ ਦਾ ਪੰਜਵਾਂ ਦਿਨ: ਕੀਵ ਨੂੰ ਰੂਸੀ ਫੌਜਾਂ ਨੇ ਘੇਰਿਆ ਗਹਿਗੱਚ ਲੜਾਈ ਜਾਰੀ

ਕੀਵ – ਯੂਕਰੇਨ ਵਿਚ ਜੰਗ ਦਾ ਅੱਜ ਪੰਜਵਾਂ ਦਿਨ ਹੈ। ਕੀਵ ਦੀਆਂ ਸੜਕਾਂ ‘ਤੇ ਲੜਾਈ ਜਾਰੀ ਹੈ ਤੇ ਰੂਸ ਨੇ ਮਿਜ਼ਾਈਲ ਨਾਲ ਕੀਵ ‘ਤੇ ਬੰਬਾਰੀ ਕੀਤੀ ਹੈ। ਕੀਵ ‘ਤੇ ਕਬਜ਼ੇ ਲਈ ਰੂਸ ਨੇ ਹਮਲੇ ਹੋਰ ਵੀ ਤੇਜ਼ ਕਰ ਦਿੱਤੇ ਹਨ। ਯੂਕ੍ਰੇਨ ਵਿਚ ਰੂਸ ਦੀ ਫ਼ੌਜ ਅੰਦਰ ਤੱਕ ਦਾਖਲ ਹੋ ਚੁੱਕੀ ਹੈ। ਰੂਸੀ ਫ਼ੌਜੀ ਯੂਕ੍ਰੇਨ ਦੇ ਖਾਰਕੀਵ ਤੱਕ ਪਹੁੰਚ ਚੁੱਕੇ ਹਨ। ਜਾਣਕਾਰੀ ਮੁਤਾਬਕ ਰੂਸ ਦੀ ਫ਼ੌਜ ਨੇ ਖਾਰਕੀਵ ਵਿਚ ਦਾਖਲ ਹੋਣ ਦੌਰਾਨ ਜ਼ਬਰਦਸਤ ਗੋਲੀਬਾਰੀ ਕੀਤੀ। ਹਾਲਾਂਕਿ ਯੂਕ੍ਰੇਨੀ ਫ਼ੌਜਾਂ ਨਾਲ ਰੂਸੀ ਫ਼ੌਜ ਦੀ ਝੜਪ ਵੀ ਹੋਈ। ਉੱਥੇ ਸੂਮੀ ਵਿਚ ਵੀ ਫ਼ੌਜੀ ਦਾਖਲ ਹੋ ਰਹੇ ਹਨ। ਜਾਣਕਾਰੀ ਮੁਤਾਬਕ ਯੂਕ੍ਰੇਨ ਦੇ ਚੇਰਨਿਹਾਈਵ ਇਲਾਕੇ ਵਿਚ ਰੂਸੀ ਟੈਂਕਾਂ ਦਾ ਕਾਫਿਲਾ ਪੁਲਸ ਨੇ ਰੋਕ ਦਿੱਤਾ ਹੈ। ਰੂਸੀ ਹਮਲਿਆਂ ਵਿਚ ਹੁਣ ਤੱਕ ਸੈਂਕੜੇ ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦੂਜੇ ਪਾਸੇ ਰੂਸ ਦੇ ਸੈਂਟਰਲ ਬੈਂਕ ‘ਤੇ ਅਮਰੀਕਾ, ਯੂਰਪੀ ਸੰਘ ਤੇ ਬ੍ਰਿਟੇਨ ਨੇ ਪ੍ਰਤੀਬੰਧ ਲਗਾ ਦਿੱਤਾ ਹੈ। ਜਰਮਨੀ ਨੇ ਰੂਸੀ ਜਹਾਜ਼ਾਂ ਲਈ ਆਪਣੇ ਏਅਰਸਪੇਸ ਨੂੰ ਬੰਦ ਕਰ ਦਿੱਤਾ ਹੈ। ਰੂਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਯੂਕਰੇਨ ਦੇ ਦੋ ਵੱਡੇ ਸ਼ਹਿਰਾਂ ਦਾ ਘਿਰਾਓ ਕਰ ਲਿਆ ਹੈ।ਇਸ ਵਿਚੋਂ ਇੱਕ ਸ਼ਹਿਰ ਦੱਖਣ ਤੇ ਦੂਜਾ ਦੱਖਣ-ਪੂਰਬ ਵਿਚ ਹੈ। ਇਸ ਦਰਮਿਆਨ ਯੂਕਰੇਨ ਦੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿਚ ਰੂਸੀ ਫੌਜ ਦੇ ਦਾਖਲ ਹੋਣ ਦੀ ਵੀ ਖਬਰ ਹੈ। ਰੂਸ ਹਮਲਾਵਰ ਹੈ ਤਾਂ ਯੂਕਰੇਨ ਵੀ ਪੂਰੀ ਤਾਕਤ ਨਾਲ ਮੈਦਾਨ ਵਿਚ ਉਤਰ ਚੁੱਕਾ ਹੈ। ਇਸ ਵਿਚ ਯੂਕਰੇਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਕੀਵ ਦੇ ਬਾਹਰ 56 ਟੈਂਕਾਂ ਵਾਲੀ ਚੇਚਨ ਵਿਸ਼ੇਸ਼ ਬਲਾਂ ਦੀ ਮਜ਼ਬੂਤ ਦੀਵਾਰ ਨੂੰ ਵੀ ਤੋੜ ਦਿੱਤਾ ਹੈ। ਕੀਵ ਵਿਚ ਤੇਲ ਡਿਪੂ ਉੁਤੇ ਮਿਜ਼ਾਈਲ ਹਮਲੇ ਤੋਂ ਬਾਅਦ ਜ਼ਹਿਰੀਲਾ ਧੂੰਆਂ ਫੈਲ ਗਿਆ ਹੈ। ਇਸ ਨਾਲ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਹੈ। ਇਸ ਦਰਮਿਆਨ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਘਰ ਦੀ ਖਿੜਕੀ ਤੱਕ ਨਾ ਖੋਲ੍ਹਣ। ਰੂਸ ਨੇ ਯੂਕ੍ਰੇਨ ਦੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿਚ ਗੈਸ ਪਾਈਪਲਾਈਨ ਉੱਡਾ ਦਿੱਤੀ। ਇਸ ਨਾਲ ਚਾਰੇ ਪਾਸੇ ਧੂੰਆਂ ਫੈਲ ਗਿਆ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਨਾਲ ਆਲੇ-ਦੁਆਲੇ ਦਾ ਵਾਤਾਵਰਨ ਵਿਚ ਜ਼ਹਿਰੀਲੀ ਹਵਾ ਫੈਲ ਗਈ। ਸਰਕਾਰ ਨੇ ਲੋਕਾਂ ਨੂੰ ਖਿੜਕੀਆਂ ਬੰਦ ਰੱਖਣ, ਨੱਕ ‘ਤੇ ਗਿੱਲਾ ਕੱਪੜਾ ਰੱਖਣ ਅਤੇ ਵੱਧ ਤੋਂ ਵੱਧ ਪਾਣੀ ਪੀਣ ਲਈ ਕਿਹਾ ਹੈ। ਯੂਕ੍ਰੇਨ-ਰੂਸ ਵਿਚਕਾਰ ਛਿੜੀ ਜੰਗ ਵਿਚ ਐਤਵਾਰ ਨੂੰ ਗ੍ਰੀਸ ਦੇ ਨਾਗਰਿਕ ਵੀ ਸ਼ਿਕਾਰ ਬਣੇ। ਯੂਕ੍ਰੇਨੀ ਸ਼ਹਿਰ ਮਾਰਉਪੋਲ ਨੇੜੇ ਰੂਸੀ ਬੰਬਾਰ ਨਾਲ ਗ੍ਰੀਸ ਦੇ 10 ਲੋਕਾਂ ਦੀ ਮੌਤ ਹੋ ਗਈ। ਜਦਕਿ 6 ਲੋਕ ਜ਼ਖਮੀ ਹੋ ਗਏ। ਏਜੰਸੀ ਮੁਤਾਬਕ ਗ੍ਰੀਸ ਨੇ ਰੂਸ ਦੇ ਰਾਜਦੂਤ ਨੂੰ ਤਲਬ ਕੀਤਾ ਹੈ। ਗ੍ਰੀਸ ਦੇ ਪ੍ਰਧਾਨ ਮੰਤਰੀ ਕਆਰੀਕੋਸ ਮਿਤਸੋਤਾਕਿਸ ਨੇ ਇਕ ਟਵੀਟ ਵਿਚ ਕਿਹਾ ਕਿ ਸਾਡੇ 10 ਬੇਕਸੂਰ ਲੋਕ ਮਾਰਿਆਪੋਲ ਨੇੜੇ ਹੋਏ ਰੂਸੀ ਹਮਲੇ ਵਿਚ ਮਾਰੇ ਗਏ ਹਨ। ਇਸ ਬੰਬਾਰੀ ਨੂੰ ਹੁਣ ਬੰਦ ਕਰ ਦੇਣਾ ਚਾਹੀਦਾ ਹੈ। ਰੂਸੀ ਫ਼ੌਜੀਆਂ ਨੇ ਯੂਕ੍ਰੇਨ ਦੇ ਪੂਰਬੀ ਇਲਾਕੇ ਵਿਚ ਵੱਡਾ ਹਮਲਾ ਕੀਤਾ ਹੈ। ਇੱਥੇ ਸੂਮੀ ਵਿਚ ਰਾਕੇਟ ਨਾਲ ਹਮਲਾ ਕੀਤਾ ਗਿਆ। ਇਸ ਵਿਚ ਯੂਕ੍ਰੇਨ ਦੇ 6 ਲੋਕਾਂ ਦੀ ਮੌਤ ਹੋ ਗਈ। ਸੂਮੀ ਵਿਚ ਹੋਏ ਧਮਾਕੇ ਵਿਚ ਇਕ 7 ਸਾਲ ਦੀ ਬੱਚੀ ਦੀ ਵੀ ਜਾਨ ਚਲੀ ਗਈ।

ਯੂਕਰੇਨ ਦੇ ਰਾਸ਼ਟਰਪਤੀ ਦਫਤਰ ਨੇ ਕਿਹਾ ਕਿ ਰੂਸੀ ਫੌਜ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਗੈਸ ਪਾਈਪਲਾਈਨ ਉਡਾ ਦਿੱਤੀ। ਇਹ ਧਮਾਕਾ ਵਾਤਾਵਰਣ ਤਬਾਹੀ ਦਾ ਕਾਰਨ ਬਣ ਸਕਦਾ ਹੈ। ਇਸ ਦੌਰਾਨ ਪਤਾ ਲੱਗਿਆ ਹੈ ਕਿ ਰੂਸੀ ਫੌਜ ਖਾਰਕੀਵ ਵਿੱਚ ਦਾਖਲ ਹੋ ਗਈ ਹੈ ਤੇ ਉਥੇ ਭਿਆਨਕ ਲੜਾਈ ਜਾਰੀ ਹੈ। ਲਗਭਗ 15 ਲੱਖ ਲੋਕਾਂ ਦੀ ਆਬਾਦੀ ਵਾਲਾ ਸ਼ਹਿਰ ਰੂਸ ਦੀ ਸਰਹੱਦ ਤੋਂ 40 ਕਿਲੋਮੀਟਰ ਦੂਰ ਹੈ। ਯੂਕ੍ਰੇਨ ਦੀ ਜਨਤਾ ਨੇ ਹੁਣ ਰੂਸੀ ਫ਼ੌਜ ਖ਼ਿਲਾਫ਼ ਹਥਿਆਰ ਚੁੱਕ ਲਏ ਹਨ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣਾ ਸ਼ਹਿਰ ਰੂਸੀ ਫੌ਼ਜ ਦੇ ਹੱਥ ਨਹੀਂ ਜਾਣ ਦੇਣਗੇ। ਲਿਹਾਜਾ ਹੁਣ ਇਹ ਸਾਫ ਹੋ ਚੁੱਕਾ ਹੈ ਕਿ ਯੂਕ੍ਰੇਨ ਵਿਚ ਗੁਰੀਲਾ ਯੁੱਧ ਦੀ ਤਿਆਰੀ ਹੋ ਚੁੱਕੀ ਹੈ। ਆਮ ਲੋਕਾਂ ਨੇ ਰੂਸ ਦੇ ਹਮਲੇ ਦਾ ਜਵਾਬ ਦੇਣ ਦੀ ਤਿਆਰੀ ਕਰ ਲਈ ਹੈ। ਯੂਕਰੇਨ ਦੇ ਉਪ ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰੂਸ ਦੇ ਲਗਭਗ 4,300 ਸੈਨਿਕ ਅਤੇ 146 ਟੈਂਕ ਗੁਆ ਦਿੱਤੇ ਹਨ। ਫਿਨਲੈਂਡ ਅਤੇ ਡੈਨਮਾਰਕ ਵੀ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦੇਣਗੇ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦਾ ਕਹਿਣਾ ਹੈ ਕਿ ਹਮਲੇ ਨੂੰ ਲੈ ਕੇ ਰੂਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸੀਟ ਤੋਂ ਹਟਾ ਦੇਣਾ ਚਾਹੀਦਾ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਯੂਕਰੇਨ, ਰੂਸ ਨਾਲ ਗੱਲਬਾਤ ਲਈ ਤਿਆਰ ਹੈ। ਪਰ ਉਸ ਦਾ ਦੇਸ਼ ਬੇਲਾਰੂਸ ਵਿੱਚ ਰੂਸ ਨਾਲ ਕੋਈ ਗੱਲਬਾਤ ਨਹੀਂ ਕਰੇਗਾ। ਰੂਸ ਵੱਲੋਂ ਗੱਲਬਾਤ ਦੀ ਪੇਸ਼ਕਸ਼ ਤੇ ਬੇਲਾਰੂਸ ਵਿਚ ਪ੍ਰਤੀਨਿਧੀ ਮੰਡਲ ਭੇਜੇ ਜਾਣ ਤੋਂ ਬਾਅਦ ਯੂਕਰੇਨ ਨੇ ਸ਼ਰਤ ਰੱਖੀ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ ਪਰ ਬੇਲਾਰੂਸ ਵਿਚ ਨਹੀਂ। ਇਹ ਗੱਲਬਾਤ ਕਿਤੇ ਹੋਰ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਯੂਕਰੇਨ ‘ਤੇ ਹਮਲੇ ਲਈ ਬੇਲਾਰੂਸ ਦੀ ਵਰਤੋਂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਦੁਨੀਆ ਭਰ ਦੇ ਲੋਕਾਂ ਤੋਂ ਮਦਦ ਮੰਗਦੇ ਹੋਏ ਕਿਹਾ ਕਿ ਜੋ ਵੀ ਰੂਸ ਨਾਲ ਜੰਗ ਲੜਨਾ ਚਾਹੁੰਦਾ ਹੈ, ਉਸ ਦਾ ਸਵਾਗਤ ਹੈ। ਇਸ ਤੋਂ ਪਹਿਲਾਂ ਰੂਸ ਵੱਲੋਂ ਸ਼ਰਤ ਰੱਖੀ ਗਈ ਸੀ ਜਦੋਂ ਤੱਕ ਯੂਕਰੇਨ ਆਤਮ ਸਮਰਪਣ ਨਹੀਂ ਕਰਦਾ ਉਦੋਂ ਤੱਕ ਗੱਲਬਾਤ ਸੰਭਵ ਨਹੀਂ ਹੈ।

ਯੂਕ੍ਰੇਨ ‘ਤੇ ਰੂਸ ਦੇ ਹਮਲੇ ਦੇ ਬਾਅਦ ਸੰਯੁਕਤ ਰਾਸ਼ਟਰ ਲਗਾਤਾਰ ਸ਼ਾਂਤੀ ਬਹਾਲੀ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਸਿਲਸਿਲੇ ਵਿਚ ਅੱਜ ਇਕ ਵਾਰ ਫਿਰ ਸੁਰੱਖਿਆ ਪਰੀਸ਼ਦ ਦੀ ਬੈਠਕ ਬੁਲਾਈ ਗਈ ਹੈ। ਇਸ ਬੈਠਕ ਵਿਚ ਸੰਯਕੁਤ ਰਾਸ਼ਟਰ ਮਹਾਸਭਾ ਦੀ ਐਮਰਜੈਂਸੀ ਬੈਠਕ ਬੁਲਾਏ ਜਾਣ ਦਾ ਪ੍ਰਸਤਾਵ ‘ਤੇ ਵੋਟਿੰਗ ਹੋਵੇਗੀ। ਜੇਕਰ ਇਹ ਪ੍ਰਸਤਾਵ ਪਾਸ ਹੁੰਦਾ ਹੈ ਤਾਂ ਸੋਮਵਾਰ ਨੂੰ 193 ਮੈਂਬਰੀ ਦੇਸ਼ਾਂ ਵਾਲੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਹੋਵੇਗੀ।

ਯੂਕ੍ਰੇਨ ‘ਤੇ ਹਮਲੇ ਦੇ ਬਾਅਦ ਰੂਸ ‘ਤੇ ਕਈ ਦੇਸ਼ਾਂ ਨੇ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਲਿਹਾਜਾ ਅਮਰੀਕਾ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸੰਪੱਤੀ ਫ੍ਰੀਜ਼ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਹੁਣ ਪੁਤਿਨ ਨੇ ਇਸ ਫ਼ੈਸਲੇ ‘ਤੇ ਪਲਟਵਾਰ ਕੀਤਾ ਹੈ। ਪੁਤਿਨ ਨੇ ਕਿਹਾ ਹੈ ਕਿ ਉਹ ਵੀ ਵਿਦੇਸ਼ੀਆਂ ਤੇ ਵਿਦੇਸ਼ੀ ਕੰਪਨੀਆਂ ਦੀ ਸੰਪੱਤੀਫ੍ਰੀਜ਼ ਕਰ ਕੇ ਆਪਣੇ ਲੋਕਾਂ ਅਤੇ ਕੰਪਨੀਆਂ ਦੀ ਇੰਟਰਨੈਸ਼ਨ ਜ਼ਬਤੀ ਦਾ ਜਵਾਬ ਦੇਵੇਗਾ।

ਯੂਕ੍ਰੇਨ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਭਾਰਤ ਸਰਕਾਰ ਦੀ ਮੁਹਿੰਮ ਜਾਰੀ ਹੈ। ਲਿਹਾਜਾ ਐਤਵਾਰ ਨੂੰ ਯੂਕ੍ਰੇਨ ਤੋਂ ਉੱਡਿਆ ਏਅਰ ਇੰਡੀਆ ਦਾ ਜਹਾਜ਼ ਭਾਰਤ ਪਹੁੰਚਿਆ। ਜਾਣਕਾਰੀ ਮੁਤਾਬਕ ਫਲਾਈਟ ਦਿੱਲੀ ਵਿਚ ਲੈਂਡ ਕਰ ਚੁੱਕੀ ਹੈ। ਇਸ ਫਲਾਈਟ ਵਿਚ 240 ਲੋਕਾਂ ਨੂੰ ਲਿਆਂਦਾ ਗਿਆ ਹੈ। ਇੱਥੇ ਦੱਸ ਦਈਏ ਕਿ ਹੁਣ ਤੱਕ ਯੂਕ੍ਰੇਨ ਤੋਂ ਕੁੱਲ 709 ਲੋਕਾਂ ਨੂੰ ਸੁਰੱਖਿਅਤ ਲਿਆਂਦਾ ਗਿਆ ਹੈ। ਇਹ ਫਲਾਈਟ ਹੰਗਰੀ ਦੇ ਰਸਤੇ ਭਾਰਤ ਪਹੁੰਚੀ ਹੈ।

Related posts

ਅੰਕੜਿਆਂ ’ਚ ਖ਼ੁਲਾਸਾ 16 ਲੱਖ ਪ੍ਰਵਾਸੀ ਦੇਸ਼ ਦੀ ਦੱਖਣੀ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਏ

editor

ਕਵਿਤਾ ਕ੍ਰਿਸ਼ਨਾਮੂਰਤੀ ਬਿ੍ਰਟੇਨ ’ਚ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ

editor

ਭਾਰਤੀ ਮੁੰਡੇ ਦੀ ਈਮਾਨਦਾਰੀ ਦੀ ਦੁਬਈ ਪੁਲਿਸ ਨੇ ਕੀਤੀ ਤਾਰੀਫ਼, ਕੀਤਾ ਸਨਮਾਨਤ

editor