India

ਲਖੀਮਪੁਰ ’ਚ ਭੁੱਖ ਹੜਤਾਲ ’ਤੇ ਬੈਠੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ, ਕਿਹਾ – ਗ੍ਰਿਫ਼ਤਾਰੀ ਤਕ ਜਾਰੀ ਰਹੇਗਾ ਸੰਘਰਸ਼

ਲਖੀਮਪੁਰ – ਖੇਤੀ ਕਾਨੂੰਨ ਵਿਰੋਧੀ ਅੰਦੋਲਨ ਵਿਚ ਮਾਰੇ ਗਏ ਅੱਠ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਆਪਣਾ ਸਨੇਹ ਦਿਖਾਉਣ ਆਏ ਪੰਜਾਬ ਦੇ ਉੱਘੇ ਕਾਂਗਰਸੀ ਨੇਤਾ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਨਿਘਾਸਨ ’ਚ ਪੱਤਰਕਾਰ ਰਮਨ ਕਸ਼ਯਪ ਦੇ ਘਰ ਦੇ ਬਾਹਰ ਮੌਨ ਧਰਨਾ ਸ਼ੁਰੂ ਕਰ ਦਿੱਤਾ। ਨਿਘਾਸਨ ਵਿਚ ਸ਼ੁਕਰਵਾਰ ਸ਼ਾਮ ਪੱਤਰਕਾਰ ਰਮਨ ਕਸ਼ਯਪ ਦੇ ਘਰ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਕਾਂਗਰਸ ਪਾਰਟੀ ਤੁਹਾਡੇ ਨਾਲ ਹੈ ਤੇ ਤੁਹਾਡੀ ਹਰ ਸੰਭਵ ਮਦਦ ਵੀ ਕਰੇਗੀ।ਸਿੱਧੂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੇਰੇ ਲਈ ਸੰਵਿਧਾਨ ਤੋਂ ਵੱਡਾ ਕੁਝ ਨਹੀਂ ਉਸੇ ਸੰਵਿਧਾਨ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਥੇ ਇਨਸਾਨੀਅਤ ਮਰ ਚੁੱਕੀ ਹੈ ਜਿਸ ਤਰ੍ਹਾਂ ਕਿਸਾਨਾਂ ਦੇ ਉੱਪਰ ਪਿੱਠ ਪਿੱਛੇ ਸੋਚ ਸਮਝ ਕੇ ਤੇਜ਼ ਰਫਤਾਰ ਨਾਲ ਗੱਡੀਆਂ ਚੜ੍ਹਾਈਆਂ ਗਈਆਂ ਹਨ ਇਹ ਇਨਸਾਨੀਅਤ ਦਾ ਕਤਲ ਹੈ। ਦੋਸ਼ ਲਗਾਇਆ ਕਿ ਕਿਸਾਨ ਅੰਦੋਲਨ ਵਿਚ ਹੋਈ ਘਟਨਾ ਦੇ ਸਾਰੇ ਸਬੂਤ ਤੇ ਵੀਡੀਓ ਹੋਣ ਦੇ ਬਾਵਜੂਦ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਆਸ਼ੀਸ਼ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਮੰਤਰੀ ਦੇ ਬੇਟੇ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤਕ ਨਾ ਕੁਝ ਖਾਣਗੇ ਤੇ ਨਾ ਕੁਝ ਪੀਣਗੇ। ਇੰਨਾ ਕਹਿ ਕੇ ਨਵਜੋਤ ਸਿੰਘ ਸਿੱਧੂ ਮਿ੍ਤਕ ਪੱਤਰਕਾਰ ਰਮਨ ਦੇ ਘਰ ਮੌਨ ਵਰਤ ’ਤੇ ਬੈਠ ਗਏ।ਨਿਘਾਸਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਚੌਖੜਾ ਫਾਰਮ ਦੇ ਰਹਿਣ ਵਾਲੇ ਨੌਜਵਾਨ ਕਿਸਾਨ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਸ਼ੋਕ ਪ੍ਰਗਟ ਕੀਤਾ। ਉਨ੍ਹਾਂ ਨੇ ਲਵਪ੍ਰੀਤ ਦਾ ਫੋਟੋ ਦੇਖ ਕੇ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਚੂਰ ਨੇਤਾਵਾਂ ਨੇ ਇਕ ਮਾਸੂਮ ਨੌਜਵਾਨ ਦੀ ਜਾਨ ਲੈ ਲਈ। ਉਨ੍ਹਾਂ ਨੇ ਕਿਹਾ ਭਾਜਪਾ ਦੇ ਵੱਡੇ ਆਗੂ ਆਪਣੇ ਮੰਤਰੀ ਨੂੰ ਬਚਾਉਣ ਵਿਚ ਲੱਗੇ ਹਨ ਜੋ ਲੋਕਤੰਤਰ ਤੇ ਦੇਸ਼ ਦੋਵਾਂ ਲਈ ਖ਼ਤਰਨਾਕ ਹੈ। ਲਵਪ੍ਰੀਤ ਵਰਗੇ ਨੌਜਵਾਨ ਦਾ ਛੋਟੀ ਉਮਰ ਵਿਚ ਚਲੇ ਜਾਣਾ ਉਸਦੇ ਪਰਿਵਾਰ ਲਈ ਜੀਵਨ ਭਰ ਦਾ ਦਰਦ ਬਣ ਗਿਆ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਨਾਲ ਦੂਰ ਨਹੀਂ ਕੀਤਾ ਜਾ ਸਕਦਾ ਹੈ। ਸਰਕਾਰ ਜੇਕਰ ਉਨ੍ਹਾਂ ਦਾ ਦਰਦ ਘੱਟ ਕਰਨਾ ਚਾਹੁੰਦੀ ਹੈ ਤਾਂ ਗੁਨਾਹਗਾਰਾਂ ਨੂੰ ਫੜ ਕੇ ਤੁਰੰਤ ਜੇਲ੍ਹ ਭੇਜੇ।

Related posts

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ 8 ਰਾਜਾਂ ਦੀਆਂ 49 ਸੀਟਾਂ ’ਤੇ ਵੋਟਿੰਗ ਅੱਜ

editor

‘ਆਪ’ ਨੂੰ ਚੁਣੌਤੀ ਸਮਝਦੀ ਹੈ ਭਾਜਪਾ, ਪਾਰਟੀ ਨੂੰ ਕੁਚਲਣ ਲਈ ‘ਅਪਰੇਸ਼ਨ ਝਾੜੂ’ ਚਲਾਇਆ: ਕੇਜਰੀਵਾਲ

editor

ਮਾਓਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਰਾਹੁਲ:ਮੋਦੀ

editor