Story

ਲੜਾਈ ਜਾਰੀ ਰਹੇਗੀ …

ਲੇਖ਼ਕ: ਭਾਰਤ ਭੂਸ਼ਨ ਆਜ਼ਾਦ, ਕੋਟਕਪੂਰਾ

ਅਦਾਲਤ ’ਚ ਕੁਰਸੀ ’ਤੇ ਬੈਠੇ ਨਿਆਂ-ਮੂਰਤੀ ਅੱਜ ਆਪਣੇ ਫ਼ੈਸਲੇ ਵਿੱਚ ਚਾਰ ਪੁਲੀਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਰਹੇ ਸਨ। ਅਦਾਲਤ ਦੇ ਅੰਦਰ ਹੀ ਮੌਜੂਦ ਖੂੰਜੇ ’ਚ ਖੜੀ ਇੱਕ ਔਰਤ ਦੇ ਚਿਹਰੇ ’ਤੇ ਇਹ ਫ਼ੈਸਲਾ ਸੁਣ ਕੇ ਹਲ਼ਕੀ ਜਿਹੀ ਖ਼ੁਸ਼ੀ ਝਲਕ ਰਹੀ ਸੀ। ਆਖ਼ਰ ਹੋਵੇ ਵੀ ਕਿਉਂ ਨਾ!  ਉਹ ਪਿਛਲੇ ਵੀਹ ਸਾਲ ਤੋਂ ਇਨਸਾਫ਼ ਦੇ ਇਸ ਮੰਦਰ ’ਚ ਇਨਸਾਫ਼ ਲੈਣ ਲਈ ਲਗਾਤਾਰ ਆ ਰਹੀ ਤੇ ਅੱਜ ਉਸ ਨੂੰ ਆਪਣੇ ਪਤੀ ਦੀ ਹੱਤਿਆ ਦਾ ਇਨਸਾਫ਼ ਮਿਲ ਰਿਹਾ ਸੀ। ਫ਼ੈਸਲਾ ਸੁਣਦਿਆਂ ਹੀ ਇਹ ਔਰਤ ਅਦਾਲਤ ਦੇ ਅੰਦਰ ਹੀ ਰੱਖੇ ਇੱਕ ਸਟੂਲ ’ਤੇ ਬਹਿ ਗਈ ਤੇ ਡੂੰਘੀਆਂ ਸੋਚਾਂ ਦੇ ਸਮੁੰਦਰ ਵਿੱਚ ਪੂਰੀ ਤਰ੍ਹਾਂ ਗੁੰਮ ਹੋ ਗਈ।

ਉਹ ਸੋਚ ਰਹੀ ਸੀ ਕਿ ਕਾਸ਼ ! ਉਸ ਦਿਨ ਆਪਣੇ ਪਤੀ ਦੇ ਨਾਲ ਹੁੰਦੀ ਤਾਂ ਸ਼ਾਇਦ ਉਸਦਾ ਪਤੀ ਅੱਜ ਜ਼ਿੰਦਾ ਹੁੰਦਾ ਤੇ ਉਹਦੇ ਨਾਲ ਹੁੰਦਾ। ਇਤਫ਼ਾਕ ਨਾਲ ਉਸ ਦਿਨ ਘਰ ਵਿਚ ਬੱਚੇ ਵੀ ਨਹੀਂ ਸਨ, ਉਹ ਸਕੂਲ ਗਏ ਸੀ। ਘਰ ’ਚ ਹਰਬੀਰ ਇਕੱਲਾ ਹੋਣ ਕਰਕੇ ਵਿਹੜੇ ’ਚ ਕਾਰ ਧੋ ਰਿਹਾ ਸੀ। ਉਹ ਇਸ ਗੱਲ ਤੋਂ ਬਿੱਲਕੁੱਲ ਹੀ ਅਣਜਾਣ ਸੀ ਕਿ ਇੱਕ ਵੱਡੀ ਮੁਸੀਬਤ ਉਸਦੇ ਨੇੜੇ ਆ ਚੁੱਕੀ। ਅਚਾਨਕ ਕੁਝ ਵਰਦੀਧਾਰੀ ਪੁਲੀਸ ਵਾਲੇ ਉਸਦੇ ਘਰ ਕੋਲ ਆ ਕੇ ਰੁਕੇ ਤੇ ਉਹਨਾਂ ਹਰਬੀਰ ਤੋਂ ਉਸਦਾ ਨਾਂ ਪੁੱਛਿਆ। ਜਦ ਹਰਬੀਰ ਨੇ ਜੁਵਾਬ ਹਾਂ ਵਿਚ ਦਿੱਤਾ ਤਾਂ ਅੱਗੋਂ ਪੁਲੀਸ ਵਾਲੇ ਉਸ ਨੂੰ ਥਾਣੇ ਆਪਣੇ ਨਾਲ ਲੈ ਜਾਣ ਲਈ ਕਹਿਣ ਲੱਗੇ। ਹੈਰਾਨੀ ਦੇ ਆਲਮ ਵਿੱਚ ਹਰਬੀਰ ਨੇ ਇਨ੍ਹਾਂ ’ਚੋਂ ਸੀਨੀਅਰ ਅਧਿਕਾਰੀ ਤੋਂ ਆਪਣਾ ਕਸੂਰ ਪੁੱਛਿਆ ਪਰ ਪੁਲੀਸ ਵਾਲਿਆਂ ਨੇ ਉਸਦਾ ਬਿਨਾਂ ਕਸੂਰ ਦੱਸਦਿਆਂ ਉਸ ਨੂੰ ਇਹ ਕਹਿ ਕੇ ਜੀਪ ਵਿਚ ਬੈਠਣ ਲਈ ਇਸ਼ਾਰਾ ਕੀਤਾ ਕਿ ਤੈਥੋਂ ਥੋੜ੍ਹੀ ਪੁੱਛਗਿੱਛ ਕਰਨੀ ਐ, ਤੂੰ ਥਾਣੇ ਚੱਲ। ਥੋੜ੍ਹੇ ਚਿਰ ਮਗਰੋਂ ਵਾਪਸ ਆ ਜਾਵੀਂ…। ਹਰਬੀਰ ਸਮਝ ਗਿਆ ਕਿ ਹੁਣ ਉਸ ਕੋਲ ਇਨ੍ਹਾਂ ਦੀ ਗੱਲ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ । ਉਹ ਜੀਪ ਵਿਚ ਬੈਠ ਕੇ ਥਾਣੇ ਚਲਾ ਗਿਆ।
ਜਦੋਂ ਇਹ ਖ਼ਬਰ ਉਸਦੀ ਪਤਨੀ ਸਤਵਿੰਦਰ ਨੂੰ ਮਿਲੀ ਤਾਂ ਉਹ ਤੁਰੰਤ ਥਾਣੇ ਗਈ ਤੇ ਉਸਨੇ ਪੁਲਸ ਵਾਲਿਆਂ ਕੋਲ ਆਪਣੇ ਪਤੀ ਨਾਲ ਇਕ ਵਾਰ ਮੁਲਾਕਾਤ ਕਰਵਾਉਣ ਦੇ ਤਰਲੇ ਪਾਏ ਪਰ ਪੱਥਰ ਦਿਲ ਇਨ੍ਹਾਂ ਪੁਲੀਸ ਵਾਲਿਆਂ ਦੇ ਅੰਦਰ ਕੋਈ ਰਹਿਮ ਨਹੀਂ ਆਇਆ ਤੇ ਉਸ ਨੂੰ ਬਿਨਾਂ ਮਿਲਿਆ ਵਾਪਸ ਘਰ ਪਰਤਣਾ ਪਿਆ।
ਘੰਟੇ, ਪਹਿਰ, ਦਿਨ ਬੀਤਣ ਤੇ ਵੀ ਜਦ ਹਰਬੀਰ ਦਾ ਕੋਈ ਥਹੁ-ਪਤਾ ਨਹੀਂ ਲੱਗਿਆ ਤਾਂ ਸਤਵਿੰਦਰ ਦਾ ਚਿੱਤ ਘਬਰਾਉਣ ਲੱਗ ਪਿਆ । ਕਦੇ ਉਸਨੂੰ ਹਰਬੀਰ ਸਾਹਮਣੇ ਖਲੋਤਾ ਨਜ਼ਰ ਆਉਂਦਾ ਤੇ ਕਦੇ ਆਪਣੇ ਤੋਂ ਦੂਰ ਹੁੰਦਾ ਨਜ਼ਰ ਆਉਂਦਾ। ਉਸ ਦੀਆਂ ਅੱਖਾਂ ਇਸ ਵੇਲੇ ਇਸ ਆਸ ’ਤੇ ਰਹਿੰਦੀਆਂ ਕਿ ਹਰਬੀਰ ਜਿਵੇਂ ਹੁਣੇ ਹੀ ਆਉਂਦਾ ਹੋਵੇਗਾ।
ਦਿਨ ਬੀਤਦੇ ਗਏ। ਹੁਣ ਸਤਿੰਦਰ ਨੂੰ ਲੱਗਣ ਲੱਗ ਪਿਆ ਕਿ ਉਸਦੇ ਸਿਰ ਦਾ ਸਾਈਂ ਉਸ ਤੋਂ ਕੋਹਾਂ ਦੂਰ ਚਲਾ ਗਿਆ, ਜਿਥੋਂ ਉਹ ਵਾਪਸ ਨਹੀਂ ਆਵੇਗਾ। ਬੱਚੇ ਮਾਂ ਤੋਂ ਆਪਣੇ ਪਿਤਾ ਬਾਰੇ ਪੁੱਛਦੇ। ਉਹ ਇਹ ਕਹਿ ਕੇ ਧਰਵਾਸ ਦਿੰਦੀ ਕਿ ਪਾਪਾ ਕੰਮ ਗਏ ਹਨ, ਜਲਦੀ ਆਉਣਗੇ। ਸਤਿੰਦਰ ਨੂੰ ਬੱਚੇ ਵੀ ਸੁਰੱਖਿਅਤ ਮਹਿਸੂਸ ਨਹੀਂ ਹੋ ਰਹੇ ਸਨ। ਚਹੁੰ ਪਾਸਿਓਂ ਹਾਲਾਤ ਮਾਰੀ ਸਤਿੰਦਰ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਪਰ ਜ਼ੁਲਮਾਂ ਦੇ ਅੱਗੇ ਝੁਕਣ ਲਈ ਤਿਆਰ ਨਹੀਂ ਸੀ। ਮੁਸ਼ਕਿਲਾਂ ਨਾਲ ਨਜਿੱਠਦੀ ਸਤਿੰਦਰ ਦੇ ਸਹਿਣਸ਼ੀਲ ਤੇ ਨਰਮ ਸੁਭਾਅ ਵਿਚ ਓਸ ਅਕਾਲ ਪੁਰਖ ਨੇ ਵੀ ਸਿਸਟਮ ਦੇ ਖ਼ਿਲਾਫ਼ ਲੜਣ ਦੀ ਤਾਕਤ ਬਖ਼ਸ਼ਣੀ ਸ਼ੁਰੂ ਕਰ ਦਿੱਤੀ ।
ਸਮਾਂ ਲੰਘਣ ਮਗਰੋਂ ਹਰਬੀਰ ਜਦ ਵਾਪਸ ਨਹੀਂ ਪਰਤਿਆ ਤਾਂ ਮਾਮਲਾ ਸੰਜੀਦਾ ਹੋ ਚੁੱਕਿਆ ਸੀ। ਪਤੀ ਨੂੰ ਅਗਵਾ ਕਰਨ ਦਾ ਇਲਜ਼ਾਮ ਸਮਾਜ ਦੀ ਰੱਖਿਆ ਕਰਨ ਵਾਲੀ ਖ਼ਾਕੀ ’ਤੇ ਲੱਗਾ। ਸਤਿੰਦਰ ਸਮਝ ਗਈ ਕਿ ਹੁਣ ਉਸਦਾ ਔਖਾ ਸਮਾਂ ਸ਼ੁਰੂ ਹੋ ਗਿਆ ਹੈ। ਉਸਨੂੰ ਆਪਣੇ ਪਤੀ ਨੂੰ ਵਾਪਸ ਲੁਆਉਣ ਲਈ ਸਿਸਟਮ ਨਾਲ ਸਿੱਧਾ ਮੱਥਾ ਲਾਉਣਾ ਹੀ ਪਵੇਗਾ।
ਸਤਿੰਦਰ ਨੇ ਆਪਣੀ ਕਾਨੂੂੰਨੀ ਲੜਾਈ ਸ਼ੁਰੂ ਕੀਤੀ। ਉਹ ਹਰ ਉਸ ਸਰਕਾਰੇ-ਦਰਬਾਰੇ ਗਈ, ਜਿੱਥੇ ਉਸ ਨੂੰ ਮਦਦ ਮਿਲਣ ਦੀ ਆਸ ਸੀ ਪਰ ਉਹ ਹਰ ਦਰਵਾਜੇ ’ਚੋਂ ਉਹ ਨਿਰਾਸ਼ ਹੀ ਪਰਤੀ। ਹਰਬੀਰ ਅਗਵਾ-ਕਾਂਡ ਨੇ ਹੁਣ ਮੀਡੀਏ ਵਿਚ ਵੀ ਪ੍ਰਮੁੱਖਤਾ ਹਾਸਲ ਕਰ ਲਈ ਸੀ। ਚਰਚਿਤ ਮਸਲਾ ਹੋਣ ਕਰਕੇ ਕੇਂਦਰ ਸਰਕਾਰ ਤੇ ਜਾਂਚ ਏਜੰਸੀਆਂ ਦਾ ਧਿਆਨ ਵੀ ਇਸ ਮਸਲੇ ਵੱਲ ਖਿੱਚਿਆ ਗਿਆ। ਜਾਂਚ ਹੋਈ ਤਾਂ ਇਕ ਪੁਲੀਸ ਮੁਲਾਜ਼ਮ ਨੇ ਹਰਬੀਰ ਅਗਵਾ-ਕੇਸ ਦਾ ਸਾਰਾ ਭੇਦ ਉਜਾਗਰ ਕਰ ਦਿੱਤਾ ਤੇ ਉਸਤੇ ਹੋਏ ਜ਼ਬਰ ਦੀ ਦਾਸਤਾਨ ਸੁਣਾਈ। ਹਰਬੀਰ ਦੀ ਝੂਠੇ ਪੁਲੀਸ-ਮੁਕਾਬਲੇ ਵਿਚ ਮਾਰੇ ਜਾਣ ਦੀ ਪੁਸ਼ਟੀ ਹੋ ਗਈ। ਸਤਿੰਦਰ ਦੇ ਪੈਰ੍ਹਾਂ ਹੇਠੋਂ ਇਹ ਸੁਣ ਕੇ ਜਮੀਨ ਖਿਸਕ ਗਈ। ਮੁਸ਼ਕਿਲ ਨਾਲ ਉਸ ਨੇ ਆਪਣੇ ਆਪ ਨੂੰ ਸੰਭਾਲ ਕੇ ਪਤੀ ਦੇ ਹੱਤਿਆਰਿਆਂ ਨੂੰ ਸਜ਼ਾ ਸੁਣਾਉਣ ਦੀ ਲਈ ਅਦਾਲਤ ਵੱਲ ਗਈ।
ਲੰਮੀਂ ਕਾਨੂੰਨੀ-ਪ੍ਰਕਿ੍ਰਆ ਨੇ ਉਸਦਾ ਸੁੱਖ-ਚੈਨ ਖੋਹ ਲਿਆ ਛੋਟੇ-ਛੋਟੇ ਬੱਚੇ ਵੀ ਰੱਬ ਆਸਰੇ ਪਲਦੇ ਰਹੇ। ਬੱਚਿਆਂ ਨੂੰ ਘਰ ਛੱਡ ਕੇ ਅਦਾਲਤ ਜਾਂਦੀ ਤੇ ਕੇਸ ਦੀ ਪੈਰ੍ਹਵੀਂ ਕਰਦੀ। ਸੀਮਿਤ ਸਾਧਨਾਂ ਰਾਹੀਂ ਵਕੀਲਾਂ ਦੀਆਂ ਮੋਟੀਆਂ ਫ਼ੀਸਾਂ ਤੇ ਹੋਰ ਖਰਚਿਆਂ ਦਾ ਬੰਦੋਬਸਤ ਕਰਦੀ। ਦੋ ਦਹਾਕਿਆਂ ਦੀ ਲੰਮੀਂ ਕਾਨੂੰਨੀ ਲੜਾਈ ਨੇ ਜਵਾਨੀ ਤੋਂ ਬੁਢਾਪੇ ਵਿਚ ਲੈ ਆਂਦਾ ਪਰ ਉਹ ਆਪਣਾ ਸੁਪਨੇ ਨੂੰ ਸਾਕਾਰ ਕਰਨ ਵਿਚ ਲੱਗੀ ਰਹੀ ਕਿ ਉਹ ਦਿਨ ਕਦੋਂ ਆਵੇਗਾ ਜਦੋਂ ਉਸਦੇ ਪਤੀ ਦੇ ਕਾਤਲ ਜ਼ੇਲ੍ਹ ਦੀਆਂ ਸੀਖ਼ਾ ਪਿਛੇ ਹੋਣਗੇ।
ਉਹ ਆਪਣੇ ਖ਼ਿਆਲਾਂ ਵਿਚ ਖੋਹੀ ਹੋਈ ਸੀ ਕਿ ਉਸਨੂੰ ਇਹ ਬਿੱਲਕੁੱਲ ਅਹਿਸਾਸ ਨਹੀਂ ਹੋਇਆ ਕਿ ਅਦਾਲਤ ਵਿਚ ਉਹ ਸਿਰਫ ਇਕੱਲੀ ਬੈਠੀ ਹੈ। ਅਰਦਲੀ ਨੇ ਪੁੱਛਿਆ,’‘ਮਾਤਾ ਕੀ ਸੋਚ ਰਹੀ ਹੈ…? ਤੇਰੀ ਤਪੱਸਿਆ ਪੂਰੀ ਹੋ ਗਈ।” ਉਸਨੇ ਉੱਠਦਿਆਂ ਕਿਹਾ, “ਮਨੁੱਖੀ ਅਧਿਕਾਰਾਂ ਦੀ ਮੇਰੀ ਇਹ ਲੜਾਈ ਮੇਰੇ ਆਖਰੀ ਦਮ ਤੱਕ ਜਾਰੀ ਰਹੇਗੀ…!”

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin