Story

ਵਿਆਹ

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਪਾਰਕ ਵਿੱਚ ਬੈਠੇ ਦਸੰਬਰ ਦੀ ਕੋਸੀ ਕੋਸੀ ਧੁੱਪ ਸੇਕ ਰਹੇ ਕੁਝ ਬਜ਼ੁਰਗ ਦੁਨੀਆਂ ਜਹਾਨ ਦੇ ਮਸਲਿਆਂ ‘ਤੇ ਵਿਚਾਰ ਚਰਚਾ ਕਰ ਰਹੇ ਸਨ। ਹੌਲੀ ਹੌਲੀ ਗੱਲ ਬਾਤ ਅੱਜ ਕਲ੍ਹ ਦੀ ਨਵੀਂ ਪੀੜ੍ਹੀ ਅਤੇ ਬਦਲ ਰਹੇ ਸਮਾਜਿਕ ਸਮੀਕਰਣਾਂ ਵੱਲ ਮੁੜ ਗਈ। ਰਾਮ ਸ਼ਰਣ ਬੋਲਿਆ, “ਅੱਜ ਕਲ੍ਹ ਤਾਂ ਭਰਾਉ ਬੱਚੇ ਮਾਂ ਬਾਪ ਦੀ ਮੰਨਦੇ ਈ ਨਈਂ ਤੇ ਨਾ ਹੀ ਮਾਪਿਆਂ ਵੱਲੋਂ ਲੱੱਭੇ ਗਏ ਰਿਸ਼ਤੇ ਮੰਨਜ਼ੂਰ ਕਰਦੇ ਨੇ। ਕਹਿੰਦੇ ਆ ਅਸੀਂ ਆਪੇ ਲੱਭ ਲਵਾਂਗੇ, ਸਾਡੀ ਜ਼ਿੰਦਗੀ ਵਿੱਚ ਦਖਲ ਦੇਣ ਦੀ ਕੋਈ ਜਰੂਰਤ ਨਹੀਂ ਹੈ। ਮੈਨੂੰ ਤਾਂ ਡਰ ਲੱਗਾ ਰਹਿੰਦਾ ਕਿਤੇ ਦੂਸਰੀ ਜ਼ਾਤ ਵਿੱਚ ਈ ਨਾ ਕਰਵਾ ਲੈਣ ਸ਼ਾਦੀ। ਮੈਂ ਤਾਂ ਕਿਸੇ ਨੂੰ ਮੂੰਹ ਵਿਖਾਉਣ ਦੇ ਕਾਬਲ ਨਹੀਂ ਰਹਿਣਾ।” ਸਾਰਿਆਂ ਨੇ ਉਸ ਦੀ ਹਾਂ ਵਿੱਚ ਹਾਂ ਮਿਲਾਈ। ਇੱਕ ਹੰਡਿਆ ਵਰਤਿਆ ਵਰਤਿਆ ਬਜ਼ੁਰਗ ਇਕਬਾਲ ਸਿੰਘ ਬੋਲਿਆ, “ਜ਼ਾਤ ਪਾਤ ਨੂੰ ਛੱਡੋ। ਜੇ ਧੀ ਪੁੱਤ ਨੂੰ ਕਾਬਲ ਕਮਾਊ ਜੀਵਨ ਸਾਥੀ ਮਿਲਦਾ ਹੈ ਤਾਂ ਸ਼ੁਕਰ ਮਨਾਉ ਕਿ ਕੁੜੀ ਮੁੰਡੇ ਨਾਲ ਤੇ ਮੁੰਡਾ ਕਿਸੇ ਕੁੜੀ ਨਾਲ ਵਿਆਹ ਕਰਵਾ ਲਵੇ। ਕਿਤੇ ਇਹ ਨਾ ਹੋਵੇ ਕਿ ਇਸ ਘੋਰ ਕਲਯੁੱਗ ਵਿੱਚ ਮੁੰਡਾ ਮੁੰਡੇ ਨਾਲ ਤੇ ਕੁੜੀ ਕੁੜੀ ਨਾਲ ਵਿਆਹ ਕਰਵਾ ਕੇ ਨਵਾਂ ਈ ਚੰਦ ਚਾੜ੍ਹ ਦੇਣ। ਫਿਰ ਬੈਠੇ ਪਰਖੀ ਜਾਇਉ ਜ਼ਾਤ ਪਾਤ।” ਸੁਣ ਕੇ ਸਾਰਿਆਂ ਦੇ ਰੰਗ ਉੱਡ ਗਏ ਤੇ ਦਿਲ ਹੀ ਦਿਲ ਵਿੱਚ ਰੱਬ ਨੂੰ ਧਿਆਉਣ ਲੱਗ ਪਏ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin