Story

ਸਮਝਦਾਰੀ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਪੰਜਾਬ ਵਿੱਚ ਚੋਣਾਂ ਦਾ ਐਲਾਨ ਸ਼ੁਰੂ ਹੁੰਦੇ ਸਾਰ ਵੋਟਰਾਂ ਦੀ ਕੀਮਤ ਪੈਣੀ ਸ਼ੁਰੂ ਹੋ ਜਾਂਦੀ ਹੈ। ਵੋਟਰਾਂ ਨੂੰ ਭਰਮਾਉਣ ਲਈ ਜਗ੍ਹਾ ਜਗ੍ਹਾ ਚਾਹ ਪਕੌੜਿਆਂ ਅਤੇ ਦਾਰੂ ਸਿੱਕੇ ਦੇ ਲੰਗਰ ਲੱਗਣੇ ਸ਼ੁਰੂ ਹੋ ਜਾਂਦੇ ਹਨ। ਅੱਜ ਦੇ ਵੋਟਰ ਵੀ ਬਹੁਤ ਸਿਆਣੇ ਹੋ ਗਏ ਹਨ। ਸਵੇਰੇ ਚਾਹ ਇੱਕ ਪਾਰਟੀ ਦੇ ਆਗੂ ਦੇ ਘਰੋਂ ਪੀਂਦੇ ਹਨ ਤੇ ਸ਼ਾਮ ਨੂੰ ਦਾਰੂ ਦੂਸਰੇ ਦੇ ਘਰ ਤੋਂ। ਘਾਗ ਤੋਂ ਘਾਗ ਸਿਆਸਤਦਾਨ ਨੂੰ ਵੀ ਸਮਝ ਨਹੀਂ ਆ ਰਹੀ ਕਿ ਇਸ ਵਾਰ ਲੋਕ ਵੋਟਾਂ ਕਿਸ ਨੂੰ ਪਾਉਣਗੇ। ਜਿਹੜੇ ਵੋਟਰ ਅੱਜ ਇੱਕ ਪਾਰਟੀ ਦੇ ਜਲਸੇ ਵਿੱਚ ਸ਼ਾਮਲ ਹੁੰਦੇ ਹਨ, ਉਹ ਦੋ ਦਿਨਾਂ ਬਾਅਦ ਦੂਸਰੀ ਪਾਰਟੀ ਦੇ ਜਲਸੇ ਵਿੱਚ ਬੈਠੇ ਨਾਹਰੇ ਮਾਰ ਰਹੇ ਹੁੰਦੇ ਹਨ।
ਇੱਕ ਦਿਨ ਬੇਗੋਵਾਲ ਪਿੰਡ ਦੇ ਸਰਪੰਚ ਤਾਰਾ ਸਿੰਘ ਦੇ ਘਰ ਦਾਰੂ ਪਾਰਟੀ ਸੀ। ਘਰ ਦੀ ਕੱਢੀ ਰੂੜੀ ਮਾਰਕਾ ਸ਼ਰਾਬ ਦੇ ਖੁਲ੍ਹੇ ਲੰਗਰ ਚੱਲ ਰਹੇ ਸਨ। ਲੋਕ ਵੀ ਮੁਫਤ ਦਾ ਮਾਲ ਸਮਝ ਕੇ ਗਲਾਸ ਭਰ ਭਰ ਕੇ ਅੰਦਰ ਸੁੱਟ ਰਹੇ ਸਨ। ਐਨੇ ਨੂੰ ਵੱਢ ਖਾਣਿਆਂ ਦਾ ਮਿੰਦਾ ਵੱਧ ਪੀਣ ਕਾਰਨ ਕੁਰਸੀ ਤੋਂ ਥੱਲੇ ਜਾ ਡਿੱਗਾ। ਤਾਰੇ ਨੇ ਆਪਣੇ ਭਤੀਜੇ ਗੈਰੀ ਨੂੰ ਅਵਾਜ਼ ਮਾਰੀ, “ਉਏ ਗੈਰੀ, ਜਾ ਇਸ ਨੂੰ ਕਾਰ ‘ਚ ਸੁੱਟ ਕੇ ਘਰ ਛੱਡ ਆ। ਭੂਤਨੀ ਦਾ ਕਿਤੇ ਐਥੇ ਈ ਨਾ ਫੁੜਕ ਜਾਵੇ। ਸਾਲੇ ਵਿਰੋਧੀ ਪਾਰਟੀ ਤਾਂ ਪਹਿਲਾਂ ਈ ਮੌਕਾ ਭਾਲ ਰਹੇ ਨੇ। ਜੇ ਕਿਤੇ ਜਾ ਜਾਂਦੀ ਹੋ ਗਈ ਤਾਂ ਉਨ੍ਹਾਂ ਨੇ ਆਪਣੇ ‘ਤੇ ਪਰਚਾ ਕਰਾਉਣ ਲੱਗਿਆਂ ਮਿੰਟ ਨਈਂ ਲਾਉਣਾ।” ਗੈਰੀ ਸ਼ਰਾਬ ਨਾਲ ਭਰਿਆ ਸਟੀਲ ਦਾ ਜੱਗ ਮੰਜੇ ‘ਤੇ ਰੱਖ ਕੇ ਬੋਲਿਆ, “ਚਾਚਾ ਦਸ ਕੁ ਮਿੰਟ ਠਹਿਰ ਜਾ। ਇਹਦੇ ਘਰ ਲਾਗੇ ਦੇ ਦੋ ਤਿੰਨ ਹੋਰ ਬੰਦੇ ਵੀ ਬੱਸ ਡਿੱਗਣ ਈ ਵਾਲੇ ਆ। ਮੈਂ ਸਾਰਿਆਂ ਨੂੰ ਕੱਠਿਆਂ ਈ ਛੱਡ ਆਊਂ। ਕਿਹੜਾ ਘੜੀ ਮੁੜੀ ਤੇਲ ਫੂਕੇ।” ਭਤੀਜੇ ਦੀ ਸਮਝਦਾਰੀ ਵੇਖ ਕੇ ਤਾਰੇ ਦਾ ਦਿਲ ਗਦਗਦ ਹੋ ਗਿਆ। ਉਸ ਨੂੰ ਲੱਗਿਆ ਕਿ ਹੁਣ ਗੈਰੀ ਉਸ ਦੀ ਰਾਜਨੀਤਕ ਵਿਰਾਸਤ ਸੰਭਾਲਣ ਦੇ ਯੋਗ ਹੋ ਗਿਆ ਹੈ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin