India

ਭਾਰਤੀ ਹਵਾਈ ਫ਼ੌਜ ਨੇ 89ਵਾਂ ਸਥਾਪਨਾ ਦਿਵਸ ਮਨਾਇਆ

ਫੋਟੋ ਤੇ ਵੇਰਵਾ: ਏ ਐਨ ਆਈ ।

ਗਾਜ਼ੀਆਬਾਦ – ਗਾਜ਼ੀਆਬਾਦ ਦੇ ਹਿੰਡਨ ਏਅਰਫੋਰਸ ਸਟੇਸ਼ਨ ’ਚ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਫ਼ੌਜ ਦਾ 89ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਦੌਰਾਨ ਹਵਾਈ ਫ਼ੌਜ ਮੁਖੀ ਵੀਆਰ ਚੌਧਰੀ ਨੇ ਚੀਨ ਅਤੇ ਪਾਕਿਸਤਾਨ ਨੂੰ ਸਿੱਧਾ ਸੰਦੇਸ਼ ਦਿੱਤਾ। ਹਵਾਈ ਫ਼ੌਜ ਮੁਖੀ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਸਰਹੱਦਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ। ਪੂਰਬੀ ਲੱਦਾਖ ’ਚ ਕੀਤੀ ਗਈ ਤੁਰੰਤ ਕਾਰਵਾਈ ਹਵਾਈ ਫ਼ੌਜ ਦੀ ਜੰਗੀ ਤਾਕਤ ਦੀ ਉਦਾਹਰਣ ਹੈ। ਇਸ ਹਵਾਈ ਫ਼ੌਜ ਦਿਵਸ ਦਾ ਥੀਮ ਆਤਮਨਿਰਭਰਤਾ ਹੈ, ਜਿਸ ਨਾਲ ਹਵਾਈ ਫ਼ੌਜ ਵਿਚ ਜ਼ਿਆਦਾ ਤੋਂ ਜ਼ਿਆਦਾ ਭਾਰਤ ’ਚ ਹੀ ਵਿਕਸਤ ਜਹਾਜ਼ ਅਤੇ ਉਪਕਰਣ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਵਾਈ ਫ਼ੌਜ ਦਿਵਸ ਸਮਾਗਮ ਵਿਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਥਲ ਸੈਨਾ ਮੁਖੀ ਐੱਮਐੱਮ ਨਰਵਾਣੇ ਅਤੇ ਨੇਵੀ ਚੀਫ ਕਰਮਵੀਰ ਸਿੰਘ ਮੌਜੂਦ ਰਹੇ। ਜ਼ਮੀਨ ’ਤੇ ਹਵਾਈ ਫ਼ੌਜ ਦੇ ਜਵਾਨਾਂ ਨੇ ਕਦਮਤਾਲ ਕਰਦੇ ਹੋਏ ਤਾਲਮੇਲ ਦਾ ਪ੍ਰਦਰਸ਼ਨ ਕੀਤਾ ਅਤੇ ਹਵਾਈ ਫ਼ੌਜ ਮੁਖੀ ਨੂੰ ਸਲਾਮੀ ਦਿੱਤੀ। ਇਸ ਦੇ ਨਾਲ ਹੀ ਅਸਮਾਨ ਵਿਚ ਰਾਫੇਲ, ਤੇਜਸ, ਸੁਖੋਈ, ਜਗੁਆਰ ਅਤੇ ਮਿਰਾਜ-2000 ਜਹਾਜ਼ਾਂ ਨੇ ਕਰਤੱਬ ਦਿਖਾਉਂਦੇ ਹੋਏ ਫਲਾਈਪਾਸਟ ਕੀਤਾ। ਹਵਾਈ ਫ਼ੌਜ ਮੁਖੀ ਵੀਆਰ ਚੌਧਰੀ ਨੇ ਕਿਹਾ ਕਿ ਵੀਰਤਾ ਸਾਨੂੰ ਵਿਰਾਸਤ ਵਿਚ ਮਿਲੀ ਹੈ, ਇਸ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ। ਕੋਰੋਨਾ ਕਾਲ ਵਿਚ ਦੇਸ਼ ਦੇ ਲੋਕਾਂ ਤਕ ਹਜ਼ਾਰਾਂ ਮੀਟ੍ਰਿਕ ਟਨ ਆਕਸੀਜਨ ਪਹੁੰਚਾਉਣੀ ਹੋਵੇ ਜਾਂ ਅਫ਼ਗਾਨਿਸਤਾਨ ਤੋਂ ਭਾਰਤੀ ਨਾਗਰਿਕਾਂ ਦੀ ਦੇਸ਼ ਵਾਪਸੀ, ਸਾਰੀਆਂ ਥਾਵਾਂ ’ਤੇ ਹਵਾਈ ਫ਼ੌਜ ਨੇ ਆਪਣੇ ਸਾਹਸ ਦਾ ਪਰਿਚੈ ਦਿੱਤਾ ਹੈ। ਦੁਸ਼ਮਣ ਭਾਵੇਂ ਕੋਈ ਵੀ ਹੋਵੇ, ਹਰ ਕੀਮਤ ’ਤੇ ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਦੀ ਰੱਖਿਆ ਲਈ ਹਵਾਈ ਫ਼ੌਜ ਪੂਰੀ ਤਰ੍ਹਾਂ ਤਿਆਰ ਹੈ। ਪਿਛਲੇ ਕੁਝ ਸਾਲਾਂ ਵਿਚ ਜੰਗ ਦਾ ਤਰੀਕਾ ਬਦਲ ਗਿਆ ਹੈ। ਇਹੀ ਕਾਰਨ ਹੈ ਕਿ ਅਸੀਂ ਖ਼ੁਦ ਨੂੰ ਲਗਾਤਾਰ ਨਵੇਂ ਤਰੀਕਿਆਂ ਵਿਚ ਢਾਲ ਰਹੇ ਹਾਂ। ਹਵਾਈ ਫ਼ੌਜ ਨੂੰ ਘੱਟੋ-ਘੱਟ ਕੀਮਤ ਵਿਚ ਸਰਬੋਤਮ ਜਹਾਜ਼ ਅਤੇ ਰੱਖਿਆ ਉਪਕਰਣ ਮਿਲ ਸਕਣ, ਇਹੀ ਇਸ ਸਾਲ ਦੀ ਹਵਾਈ ਫ਼ੌਜ ਦਿਵਸ ਦੀ ਥੀਮ ‘ਆਤਮਨਿਰਭਰ’ ਦਾ ਉਦੇਸ਼ ਹੈ। ਹਵਾਈ ਫ਼ੌਜ ਲਗਾਤਾਰ ਆਪਣੇ ਕਰਮੀਆਂ ਨੂੰ ਨਵੀਂ ਤਕਨੀਕ ਅਤੇ ਪ੍ਰੋਗਰਾਮਾਂ ਰਾਹੀਂ ਸਿੱਖਿਅਤ ਕਰ ਰਹੀ ਹੈ।

Related posts

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ 8 ਰਾਜਾਂ ਦੀਆਂ 49 ਸੀਟਾਂ ’ਤੇ ਵੋਟਿੰਗ ਅੱਜ

editor

‘ਆਪ’ ਨੂੰ ਚੁਣੌਤੀ ਸਮਝਦੀ ਹੈ ਭਾਜਪਾ, ਪਾਰਟੀ ਨੂੰ ਕੁਚਲਣ ਲਈ ‘ਅਪਰੇਸ਼ਨ ਝਾੜੂ’ ਚਲਾਇਆ: ਕੇਜਰੀਵਾਲ

editor

ਮਾਓਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਰਾਹੁਲ:ਮੋਦੀ

editor