Punjab

ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ‘ਆਪ’ ’ਚ ਸ਼ਾਮਲ

ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੰਗਰੂਰ ਵਿੱਚ ਕਾਂਗਰਸ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਆਪ ਆਗਾਮੀ ਲੋਕ ਸਭਾ ਚੋਣਾਂ ਵਿੱਚ ਇਹ ਸੀਟ ਜਿੱਤਣ ਦੇ ਇੱਕ ਹੋਰ ਕਦਮ ਨੇੜੇ ਪਹੁੰਚ ਗਈ ਹੈ। ਬੁੱਧਵਾਰ ਨੂੰ ਸੰਗਰੂਰ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਕੱਦਾਵਰ ਆਗੂ ਦਲਵੀਰ ਸਿੰਘ ਗੋਲਡੀ ਆਪਣੇ ਪੂਰੇ ਪਰਿਵਾਰ ਅਤੇ ਸੈਂਕੜੇ ਸਾਥੀਆਂ ਸਮੇਤ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੀ.ਐਮ.ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਅਤੇ ‘ਆਪ’ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਹੇਅਰ ਦੀ ਮੌਜੂਦਗੀ ’ਚ ‘ਆਪ’ ’ਚ ਸ਼ਾਮਲ ਹੋ ਗਏ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਲਈ ਖਾਸ ਦਿਨ ਹੈ ਕਿਉਂਕਿ ਦਲਵੀਰ ਸਿੰਘ ਗੋਲਡੀ ਇੱਕ ਨੌਜਵਾਨ, ਜੋਸ਼ੀਲੇ ਅਤੇ ਮਿਹਨਤੀ ਆਗੂ ਹਨ ਜੋ ਅੱਜ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ਭਗਵੰਤ ਮਾਨ ਨੇ ਗੋਲਡੀ ਦਾ ‘ਆਪ’ ’ਚ ਸਵਾਗਤ ਕੀਤਾ ਅਤੇ ਰਸਮੀ ਤੌਰ ’ਤੇ ਉਨ੍ਹਾਂ ਨੂੰ ‘ਆਪ’ ਦਾ ਸਿਰੋਪਾ ਪਾ ਕੇ ਪਾਰਟੀ ’ਚ
ਸ਼ਾਮਲ ਕੀਤਾ। ਸੀਅਐਮ ਮਾਨ ਨੇ ਧੂਰੀ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਦਲਵੀਰ ਗੋਲਡੀ ਨੂੰ ਜੱਫੀ ਪਾ ਕੇ ਗਲੇ ਲਗਾਇਆ।
ਦਲਵੀਰ ਸਿੰਘ ਖੰਗੂੜਾ (41), ਸਾਬਕਾ ਵਿਧਾਇਕ ਧੂਰੀ (2017-22) ਇੱਕ ਵਿਦਿਆਰਥੀ ਸਿਆਸਤਦਾਨ ਸਨ। ਉਹ 2002 ਵਿੱਚ ਐਸ.ਡੀ. ਕਾਲਜ ਦੇ ਕਾਲਜ ਪ੍ਰਤੀਨਿਧੀ ਬਣੇ ਸਨ, 2003-04 ਵਿੱਚ ਸੌਪੂ (ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ) ਦੇ ਪ੍ਰਧਾਨ ਬਣੇ, 2006-07 ਵਿੱਚ ਉਹ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ ਦੇ ਪ੍ਰਧਾਨ ਬਣੇ ਅਤੇ 2007 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ। ਉਨਾਂ ਨੇ 2017 ਵਿੱਚ ਧੂਰੀ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਅਤੇ 2,838 ਵੋਟਾਂ ਨਾਲ ਜਿੱਤੇ। 2022 ਵਿੱਚ ਉਹ ਇਹ ਸੀਟ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਾਰ ਗਏ ਅਤੇ ਬਾਅਦ ਵਿੱਚ ਸੰਗਰੂਰ ਉਪ ਚੋਣ ਵੀ ਲੜੇ ਸਨ।
ਇਸ ਮੌਕੇ ਮਾਨ ਨੇ ਕਿਹਾ ਕਿ ’ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਨੂੰ ਬਹੁਤ ਸਾਰੇ ਨੌਜਵਾਨ, ਮਿਹਨਤੀ, ਇਮਾਨਦਾਰ ਅਤੇ ਦੇਸ਼ ਭਗਤ ਆਗੂਆਂ ਦੀ ਲੋੜ ਹੈ, ਜੋ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਹਨ। ਜਦੋਂ ਅਰਵਿੰਦ ਕੇਜਰੀਵਾਲ ਨੇ ’ਆਪ’ ਦੀ ਸਥਾਪਨਾ ਕੀਤੀ ਤਾਂ ਉਹ ਜਾਣਦੇ ਸਨ ਕਿ ਦੂਜੀਆਂ ਪਾਰਟੀਆਂ ਵਿੱਚ ਕੁਝ ਚੰਗੇ ਅਤੇ ਇਮਾਨਦਾਰ ਆਗੂ ਹਨ ਜੋ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਇਸ ਲਈ ਸਾਡੀ ਪਾਰਟੀ ਉਨ੍ਹਾਂ ਆਗੂਆਂ ਨੂੰ ਇੱਕ ਪਲੇਟਫਾਰਮ ਦੇਵੇਗੀ। ਤਾਂ ਜੋ ਉਹ ਆਪਣੇ ਸੁਪਨੇ ਪੂਰੇ ਕਰ ਸਕਣ ਅਤੇ ਆਪਣੀ ਕੌਮ ਦੀ ਸੇਵਾ ਕਰ ਸਕਣ। ਦਲਵੀਰ ਗੋਲਡੀ ਵਿਦਿਆਰਥੀ ਰਾਜਨੀਤੀ ਤੋਂ ਆਏ ਹਨ। ਜਦੋਂ ਮੈਂ ਸੰਗਰੂਰ ਤੋਂ ਐਮਪੀ ਸੀ, ਉਹ ਵਿਧਾਇਕ ਸਨ, ਅਸੀਂ ਮਿਲਦੇ-ਜੁਲਦੇ ਰਹਿੰਦੇ ਸਨ, ਇਹ ਲੋਕਤੰਤਰ ਦੀ ਸੁੰਦਰਤਾ ਹੈ ਕਿ ਵੱਖ-ਵੱਖ ਪਾਰਟੀਆਂ ਦੇ ਲੋਕ ਇਕੱਠੇ ਕੰਮ ਕਰਦੇ ਹਨ। ਮਾਨ ਨੇ ਕਿਹਾ ਕਿ ਵਿਧਾਇਕ ਅਤੇ ਸੰਸਦ ਮੈਂਬਰ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਹੁੰਦੇ, ਚੋਣ ਨਤੀਜੇ ਆਉਣ ਤੋਂ ਬਾਅਦ ਉਹ ਹਰ ਕਿਸੇ ਦੇ ਵਿਧਾਇਕ ਅਤੇ ਸੰਸਦ ਮੈਂਬਰ ਹੁੰਦੇ ਹਨ। ਜਿਵੇਂ ਮੈਂ ਸਾਰਿਆਂ ਦਾ ਮੁੱਖ ਮੰਤਰੀ ਹਾਂ, ੳਨਾਂ ਦਾ ਵੀ ਜਿਨ੍ਹਾਂ ਨੇ ਮੈਨੂੰ ਵੋਟ ਵੀ ਨਹੀਂ ਪਾਈ।
ਮਾਨ ਨੇ ਕਿਹਾ ਕਿ ਦਲਵੀਰ ਗੋਲਡੀ ਇੱਕ ਮਿਹਨਤੀ ਆਗੂ ਹਨ, ਉਹ ਇੱਕ ਆਮ ਪਰਿਵਾਰ ਵਿੱਚੋਂ ਆਏ ਹਨ ਅਤੇ ਵਿਧਾਇਕ ਬਣੇ। ਉਨ੍ਹਾਂ ਕਿਹਾ ਕਿ ਹਰ ਪਾਰਟੀ ਕਹਿੰਦੀ ਹੈ ਕਿ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸਰਗਰਮ ਰਾਜਨੀਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਪਰ ਜਦੋਂ ਨੌਜਵਾਨ ਆਗੂਆਂ ਦੇ ਕੰਮ ਨੂੰ ਇਨਾਮ ਦੇਣ ਦੀ ਗੱਲ ਆਉਂਦੀ ਹੈ ਤਾਂ ਉਹ ਅਕਸਰ ਪੈਰ ਪਿੱਛੇ ਖਿੱਚ ਲੈਂਦੇ ਹਨ। ਜਦੋਂ ਇਨ੍ਹਾਂ ਨੌਜਵਾਨ ਆਗੂਆਂ ਨੂੰ ਕੁਝ ਦੇਣ ਦੀ ਗੱਲ ਆਉਂਦੀ ਹੈ ਤਾਂ ਰਵਾਇਤੀ ਸਿਆਸੀ ਪਾਰਟੀਆਂ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਪੁਰਾਣੇ ਸਿਆਸਤਦਾਨਾਂ ਨੂੰ ਉਪਰੋਂ ਲਿਆ ਕੇ ਚੁਣਦੀਆਂ ਹਨ। ਮਾਨ ਨੇ ਕਿਹਾ ਕਿ ਗੋਲਡੀ ਨੇ ਆਪਣੀ ਮਿਹਨਤ ਨਾਲ ਕਾਂਗਰਸ ਅਤੇ ਪੰਜਾਬ ਦੀ ਸਿਆਸਤ ਵਿੱਚ ਆਪਣੀ ਥਾਂ ਬਣਾਈ ਹੈ ਪਰ ਜਦੋਂ ਕੋਈ ਪਾਰਟੀ ਅਜਿਹੇ ਆਗੂਆਂ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਉਨ੍ਹਾਂ ਦਾ ਦਿਲ ਟੁੱਟ ਜਾਂਦਾ ਹੈ। ਜਦੋਂ ਕਿਸੇ ਦੀ ਮਿਹਨਤ ਦਾ ਫਲ ਕਿਸੇ ਹੋਰ ਨੂੰ ਚਾਂਦੀ ਦੇ ਥਾਲ ਵਿੱਚ ਦਿੱਤਾ ਜਾਂਦਾ ਹੈ, ਤਾਂ ਇਹ ਨਿਰਾਸ਼ਾਜਨਕ ਹੈ। ਮਾਨ ਨੇ ਕਿਹਾ ਕਿ ਉਹ ਦਲਵੀਰ ਗੋਲਡੀ ਦਾ ’ਆਪ’ ’ਚ ਛੋਟੇ ਭਰਾ ਵਜੋਂ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਿੱਚ ਕੋਈ ਹਾਈ ਕਮਾਂਡ ਜਾਂ ਬੌਸ ਕਲਚਰ ਨਹੀਂ ਹੈ, ਅਸੀਂ ਇੱਕ ਪਰਿਵਾਰ ਹਾਂ। ਸਾਡੇ ਕੋਲ ਸੰਗਰੂਰ ਵਿੱਚ ਮੀਤ ਹੇਅਰ ਵਰਗਾ ਨੌਜਵਾਨ ਆਗੂ ਹੈ ਜੋ ਦੂਜੀ ਵਾਰ ਵਿਧਾਇਕ ਅਤੇ ਕੈਬਨਿਟ ਮੰਤਰੀ ਬਣਿਆ ਹੈ ਅਤੇ ਹੁਣ ਸਾਡੇ ਕੋਲ ਇੱਕ ਹੋਰ ਨੌਜਵਾਨ ਆਗੂ ਦਲਵੀਰ ਗੋਲਡੀ ਹੈ, ਉਹ ਸੰਗਰੂਰ ਵਿੱਚ ਮੇਰੀਆਂ ਦੋ ਬਾਹਾਂ ਵਾਂਗ ਹਨ। ਉਨ੍ਹਾਂ ਕਿਹਾ ਕਿ ਗੋਲਡੀ ਦਾ ‘ਆਪ’ ਵਿੱਚ ਸਵਾਗਤ ਕਰਕੇ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ ਕਿਉਂਕਿ ਉਹ ਸੰਗਰੂਰ ਦੇ ਇੱਕ ਸੁਹਿਰਦ ਅਤੇ ਜ਼ਮੀਨੀ ਆਗੂ ਹਨ।
ਮਾਨ ਨੇ ਕਿਹਾ ਕਿ ਸਾਡੀ ਪਾਰਟੀ ਵਿੱਚ ਅੱਜ ਬਹੁਤ ਸਾਰੇ ਨੌਜਵਾਨ ਆਗੂ ਵਿਧਾਇਕ ਹਨ। ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਸਿਆਸਤ ਵਿੱਚ ਪੀੜ੍ਹੀ ਹੀ ਬਦਲ ਦਿੱਤੀ ਹੈ। ਇਹ ਆਗੂ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਕੰਮ ਕਰ ਰਹੇ ਹਨ। ਆਪਣੀ ਲਗਨ ਨਾਲ ਉਹ ਨਵੇਂ ਅਧਿਆਏ ਲਿਖਣਗੇ। ਉਨ੍ਹਾਂ ਕਿਹਾ ਕਿ ਅਸੀਂ ਇਕ-ਦੂਜੇ ਖਿਲਾਫ ਚੋਣ ਲੜ ਚੁੱਕੇ ਹਾਂ, ਪਰ ਸਾਡੇ ਕੋਈ ਨਿੱਜੀ ਮਤਭੇਦ ਨਹੀਂ ਹਨ। ਮਾਨ ਨੇ ਕਿਹਾ ਕਿ ਜੇਕਰ ਕੋਈ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਮੌਕਾ ਅਤੇ ਪਲੇਟਫਾਰਮ ਦੇ ਕੇ ਖੁਸ਼ੀ ਹੁੰਦੀ ਹੈ। ਮਾਨ ਨੇ ਕਿਹਾ ਕਿ ਸਾਡੀ ਸਿਆਸਤ ਨੂੰ ਅਜਿਹੇ ਨੌਜਵਾਨ ਚਿਹਰਿਆਂ ਦੀ ਲੋੜ ਹੈ ਜੋ ਪੜ੍ਹੇ ਲਿਖੇ ਹੋਣ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋਣ ਅਤੇ ਲੋਕਾਂ ਦੇ ਹੱਕਾਂ ਲਈ ਲੜ ਸਕਣ।
ਮਾਨ ਨੇ ਕਿਹਾ ਕਿ ਗੋਲਡੀ ’ਤੇ ’ਆਪ’ ’ਚ ਸ਼ਾਮਲ ਹੋਣ ਦਾ ਕੋਈ ਦਬਾਅ ਨਹੀਂ ਹੈ, ਉਹ ਅਜਿਹੀ ਪਾਰਟੀ ’ਚ ਆ ਰਿਹੇ ਹਨ, ਜੋ ਉਨਾਂ ਵਰਗੇ ਨੌਜਵਾਨ ਆਗੂਆਂ ਨੂੰ ਪਲੇਟਫਾਰਮ ਦਿੰਦੀ ਹੈ। ਮਾਨ ਨੇ ਕਿਹਾ ਕਿ ਦਲਵੀਰ ਗੋਲਡੀ ਨੇ ਕਾਂਗਰਸ ਨਹੀਂ ਛੱਡੀ ਪਰ ਕਾਂਗਰਸ ਨੇ ਗੋਲਡੀ ਨੂੰ ਛੱਡ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ’ਤੇ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਉਨ੍ਹਾਂ ਨੂੰ 19000 ਵੋਟਾਂ ਵੀ ਨਹੀਂ ਮਿਲੀਆਂ ਸਨ ਤਾਂ ਉਨ੍ਹਾਂ ਬਠਿੰਡਾ ਦੇ ਲੋਕਾਂ ਤੋਂ ਮੁਆਫੀ ਮੰਗੀ ਸੀ, ਇਸ ਵਾਰ ਉਹ 4 ਜੂਨ ਨੂੰ ਸੰਗਰੂਰ ਦੇ ਲੋਕਾਂ ਤੋਂ ਮੁਆਫੀ ਮੰਗਣਗੇ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਲਵੀਰ ਗੋਲਡੀ ਨੇ ਕਿਹਾ ਕਿ ਉਹ ਭਗਵੰਤ ਮਾਨ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੇ ਮੈਨੂੰ ਇਕ ਯੋਗ ਆਗੂ ਮੰਨਿਆ ਅਤੇ ਮੈਨੂੰ ਉਨ੍ਹਾਂ ਦੀ ਟੀਮ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ। ਗੋਲਡੀ ਨੇ ਕਿਹਾ ਕਿ ਮੈਂ ਬਾਈ ਜੀ (ਭਗਵੰਤ ਮਾਨ ਨੂੰ ਵੱਡਾ ਭਰਾ ਦੱਸਦਿਆਂ) ਦੇ ਖਿਲਾਫ ਚੋਣ ਲੜੀ ਸੀ, ਮੇਰੀ ਪਿਛਲੀ ਪਾਰਟੀ ਦੇ ਲੋਕ ਮੇਰੇ ਕੰਮ ਅਤੇ ਆਮ ਲੋਕਾਂ ਵਿੱਚ ਸਤਿਕਾਰ ਹੋਣ ਕਾਰਨ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ, ਪਰ ਇਹ ਮਾਨ ਸਾਹਿਬ ਦੀ ਮਹਾਨਤਾ ਹੈ ਕਿ ਉਹ ਆਪਣੀ ਪਾਰਟੀ ਵਿੱਚ ਸਵਾਗਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਹਰ ਡਿਊਟੀ ਅਤੇ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਭਗਵੰਤ ਮਾਨ ਸੰਸਦ ਮੈਂਬਰ ਸਨ, ਅਤੇ ਮੈਂ ਵਿਧਾਇਕ ਸੀ, ਉਦੋਂ ਉਹ ਮੈਨੂੰ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਮਿਲੇ ਸਨ, ਤਾਂ ਮਾਨ ਨੇ ਮੇਰੇ ਚੰਗੇ ਕੰਮ ਲਈ ਮੇਰੀ ਤਾਰੀਫ਼ ਕੀਤੀ ਅਤੇ ਕਿਹਾ ਕਿ ਜੇਕਰ ਉਨ੍ਹਾਂ (ਗੋਲਡੀ) ਨੂੰ ਕੁਝ ਚਾਹੀਦਾ ਹੈ ਤਾਂ ਉਹ ਉਨ੍ਹਾਂ (ਮਾਨ) ਨੂੰ ਦੱਸਣ। .
ਗੋਲਡੀ ਨੇ ਕਿਹਾ ਕਿ ਭਗਵੰਤ ਮਾਨ ਨੇ ਉਨ੍ਹਾਂ ਵਰਗੇ ਨੌਜਵਾਨ ਆਗੂਆਂ ਲਈ ਰਾਹ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਨੌਜਵਾਨ ਰਾਜਨੀਤੀ ਨੂੰ ਬਦਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਰਾਜਨੀਤੀ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਤੋਂ ਵਧੀਆ ਪਲੇਟਫਾਰਮ ਕੋਈ ਨਹੀਂ ਹੈ ਅਤੇ ਉਨ੍ਹਾਂ ਨੂੰ ਇਕੱਠੇ ਹੋ ਕੇ ‘ਆਪ’ ਨਾਲ ਜੁੜ ਕੇ ਪੰਜਾਬ ਨੂੰ ਰੰਗਲਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਦੀ ਵੀਡੀਓ ਹਰ ਕਿਸੇ ਕੋਲ ਹੈ, ਜਿੱਥੇ ਉਹ ਸੰਗਰੂਰ ਦੇ 10 ਪਿੰਡਾਂ ਦਾ ਨਾਂ ਵੀ ਨਹੀਂ ਲੈ ਸਕੇ, ਇਹੋ ਸਮੱਸਿਆ ਹੈ ਕਿ ਕਾਂਗਰਸ ਪਾਰਟੀ ਵਿੱਚ ਯੋਗ ਆਗੂਆਂ ਦੀ ਥਾਂ ਅਣਚਾਹੇ ਲੋਕਾਂ ਨੂੰ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਅਤੇ ਮੇਰੀ ਪਤਨੀ ਨੇ ਟਿਕਟ ਲਈ ਅਪਲਾਈ ਕੀਤਾ ਕਿਉਂਕਿ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਗਿਆ ਸੀ, ਪਰ ਹੁਣ ਸੁਖਪਾਲ ਖਹਿਰਾ ਕਹਿ ਰਹੇ ਹਨ ਕਿ ਉਨ੍ਹਾਂ ਨੂੰ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਪਤਾ ਸੀ ਕਿ ਉਹ ਸੰਗਰੂਰ ਤੋਂ ਚੋਣ ਲੜਨਗੇ। ਗੋਲਡੀ ਨੇ ਕਿਹਾ ਕਿ ਇਹ ਉਨ੍ਹਾਂ ਵਰਗੇ ਨੌਜਵਾਨ ਆਗੂ ਲਈ ਨਿਰਾਸ਼ਾਜਨਕ ਗੱਲ ਹੈ ਜਿਸ ਨੇ ਹਰ ਰੋਜ਼ ਕੰਮ ਕੀਤਾ ਅਤੇ ਜ਼ਿਮਨੀ ਚੋਣਾਂ ਤੋਂ ਬਾਅਦ ਸੰਗਰੂਰ ਤੋਂ ਚੋਣ ਲੜਨ ਦੀ ਤਿਆਰੀ ਕੀਤੀ।
ਗੋਲਡੀ ਨੇ ਕਿਹਾ ਕਿ ਉਹ ਕਾਂਗਰਸ ਦੇ ਸਾਰੇ ਗੰਦੇ ਰਾਜ਼ਾਂ ਦਾ ਪਰਦਾਫਾਸ਼ ਕਰਨਗੇ, ਕਿਵੇਂ ਉਨ੍ਹਾਂ ਨੇ ਇੰਨੇ ਘਰ ਬਰਬਾਦ ਕੀਤੇ, ਕਿਵੇਂ ਇਹ 5-7 ਲੋਕਾਂ ਦਾ ਟੋਲਾ ਹੈ ਜੋ ਸਭ ਕੁਝ ਆਪਸ ਵਿੱਚ ਸਾਂਝਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਨਹੀਂ ਛੱਡੀ ਪਰ ਉਨ੍ਹਾਂ ਨੂੰ ਇਸ ਵਿੱਚੋਂ ਕੱਢ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਮੈਨੂੰ 2022 ਦੀਆਂ ਚੋਣਾਂ ਲੜਨ ਲਈ ਮਜਬੂਰ ਕੀਤਾ ਗਿਆ ਸੀ ਜਦੋਂ ਬਾਕੀ ਸਾਰਿਆਂ ਨੇ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਟਿਕਟਾਂ ਅਤੇ ਅਹੁਦਿਆਂ ਦੀ ਗੱਲ ਨਹੀਂ, ਕਈ ਵਾਰ ਆਤਮ ਸਨਮਾਨ ਦੀ ਗੱਲ ਹੁੰਦੀ ਹੈ।

Related posts

ਅਮਿਤ ਸ਼ਾਹ ਅਤੇ ਭਗਵੰਤ ਮਾਨ ‘ਇਕੱਠੇ’ ; ਚੋਣਾਂ ਤੋਂ ਬਾਅਦ ਭਾਜਪਾ ਦੀ ਮਦਦ ਨਾਲ ਭਗਵੰਤ ਮਾਨ ਬਣਾਉਣਗੇ ‘ਆਪ’ ਪੰਜਾਬ ਪਾਰਟੀ  *ਰਾਮਪੁਰਾ ਫੂਲ ਦੀ ਚੋਣ ਰੈਲੀ ਚੋਂ ਮਲੂਕਾ ਨਦਾਰਦ

editor

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ

editor

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor