Punjab

ਸੀਐੱਮ ਚੰਨੀ ਦੇ ਲਖੀਮਪੁਰ ਖੀਰੀ ਪੀੜਤਾਂ ਨੂੰ 50-50 ਲੱਖ ਦੇਣ ਦੇ ਐਲਾਨ ਨਾਲ ਪੰਜਾਬ ‘ਚ ਭਖਿਆ ਸਿਆਸੀ ਮਾਹੌਲ

ਚੰਡੀਗੜ੍ਹ – ਲਖੀਮਪੁਰ ਖੀਰੀ ਦੀ ਘਟਨਾ ‘ਚ ਮਾਰੇ ਗਏ ਚਾਰ ਕਿਸਾਨਾਂ ਨੂੰ ਚੰਨੀ ਸਰਕਾਰ ਵੱਲੋਂ 50-50 ਲੱਖ ਰੁਪਏ ਦੇਣ ਦਾ ਮਾਮਲਾ ਪੰਜਾਬ ‘ਚ ਸਿਆਸੀ ਰੰਗਤ ਲੈਂਦਾ ਜਾ ਰਿਹਾ ਹੈ। ਅਸਲ ਵਿਚ ਇਸ ਵੇਲੇ ਮਾਲਵੇ ਦੀ ਕਪਾਹ ਪੱਟੀ ਗੁਲਾਬੀ ਸੁੰਡੀ ਦੇ ਹਮਲੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਕਿਸਾਨ ਉਸ ਦੇ ਮੁਆਵਜ਼ੇ ਸਬੰਧੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਨੂੰ ਘੇਰੀ ਬੈਠੇ ਹਨ। ਫ਼ਸਲ ਬਰਬਾਦ ਹੋਣ ਕਾਰਨ ਅੱਧਾ ਦਰਜਨ ਕਿਸਾਨਾਂ ਨੇ ਪਿਛਲੇ ਇਕ ਹਫ਼ਤੇ ‘ਚ ਆਤਮਹੱਤਿਆ ਕਰ ਲਈ ਹੈ। ਨਾਲ ਹੀ ਤਿੰਨ ਖੇਤੀ ਕਾਨੂੰਨਾਂ ਸਬੰਧੀ ਦਿੱਲੀ ਦੀਆਂ ਹੱਦਾਂ ‘ਤੇ ਅੰਦੋਲਨ ‘ਚ ਬੈਠੇ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੂੰ ਸਰਕਾਰ ਨੇ 5-5 ਲੱਖ ਰੁਪਏ ਮੁਆਵਜ਼ੇ ਦੇ ਤੌਰ ‘ਤੇ ਦਿੱਤੇ ਹਨ। ਯੂਪੀ ਦੇ ਲਖੀਮਪੁਰ ਖੀਰੀ ‘ਚ ਕਿਸਾਨਾਂ ਦੀ ਮੌਤ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 50-50 ਲੱਖ ਰੁਪਏ ਦਾ ਐਲਾਨ ਕਰ ਦਿੱਤਾ ਜੋ ਸਿਆਸੀ ਪਾਰਟੀਆਂ ਨੂੰ ਰਾਸ ਨਹੀਂ ਆ ਰਿਹਾ।

ਆਮ ਆਦਮੀ ਪਾਰਟੀ (AAP) ਪੰਜਾਬ ਦੇ ਵਿਧਾਇਕ ਤੇ ਪ੍ਰਦੇਸ਼ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਘੱਦੂਵਾਲਾ ਦੇ ਕਿਸਾਨ ਦਰਸ਼ਨ ਸਿੰਘ ਨੂੰ ਕਪਾਹ ਦੀ ਫ਼ਸਲ ਬਰਬਾਦ ਹੋਣ ਤੇ ਕਰਜ਼ ਦਾ ਭਾਰ ਸਹਿਣ ਨਾ ਹੋਣ ‘ਤੇ ਜ਼ਹਿਰ ਪੀਣ ਨੂੰ ਮਜਬੂਰ ਹੋਣਾ ਪਿਆ। ਇਸ ਤੋਂ ਸਪੱਸ਼ਟ ਹੈ ਕਿ ਕਾਂਗਰਸ ਸਰਕਾਰ ਨੂੰ ਕਿਸਾਨ ਅਤੇ ਖੇਤ ਮਜ਼ਦੂਰਾਂ ਦੀ ਕੋਈ ਪਰਵਾਹ ਨਹੀਂ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਡਰਾਮੇਬਾਜ਼ੀ ਤੋਂ ਵੱਧ ਕੇ ਕੁਝ ਨਹੀਂ ਕਰ ਰਹੇ। ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਹੁਣ ਤਕ ਕੋਈ ਰਾਹਤ ਨਹੀਂ ਦਿੱਤੀ ਹੈ।ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਕਿਸਾਨਾਂ ਦੀ ਸੱਚੀ ਹਮਦਰਦ ਹੈ ਤਾਂ ਤੁਰੰਤ ਉਨ੍ਹਾਂ ਦਾ ਕਰਜ਼ ਮਾਫ਼ ਕਰੇ। ਪੰਜਾਬ ਦੇ ਸ਼ਹੀਦ ਕਿਸਾਨਾਂ ਨੂੰ ਵੀ ਯੂਪੀ ਦੀ ਤਰ੍ਹਾਂ 50-50 ਲੱਖ ਰੁਪਏ ਦੀ ਆਰਥਿਕ ਮਦਦ ਦੇਵੇ ਤੇ ਗੁਲਾਬੀ ਸੁੰਡੀ ਨਾਲ ਬਰਬਾਦ ਹੋਈ ਕਪਾਹ ਦੀ ਫ਼ਸਲ ਦਾ ਪ੍ਰਤੀ ਏਕੜ ਘੱਟੋ-ਘੱਟ 50 ਹਜ਼ਾਰ ਤੋਂ ਇਕ ਲੱਖ ਰੁਪਏ ਤਕ ਦਾ ਮੁਆਵਜ਼ਾ ਤੁਰੰਤ ਜਾਰੀ ਕਰੇ।ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉੱਤਰ ਪ੍ਰਦੇਸ਼ ਦੇ ਸ਼ਹੀਦ ਕਿਸਾਨਾਂ ਨੂੰ ਦਿੱਤੀ ਗਈ 50-50 ਲੱਖ ਰੁਪਏ ਦੀ ਆਰਥਿਕ ਮਦਦ ਚੰਗਾ ਕਦਮ ਹੈ। ਚੰਨੀ ਸਰਕਾਰ ਇਹ ਵੀ ਦੱਸੇ ਕਿ ਪੰਜਾਬ ਦੇ ਕਿਸਾਨਾਂ ਲਈ ਕੀ ਕੀਤਾ ਜਾ ਰਿਹਾ ਹੈ? ਕਿਸਾਨ ਅੰਦੋਲਨ ਦੌਰਾਨ 700 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋਏ ਹਨ ਪਰ ਚੰਨੀ ਸਰਕਾਰ ਉਨ੍ਹਾਂ ਲਈ ਕੁਝ ਕਿਉਂ ਨਹੀਂ ਕਰ ਰਹੀ? ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਦੇ ਕਿਸਾਨ ਕਰਜ਼ ਦੇ ਭਾਰ ਹੇਠ ਦੱਬੇ ਹਨ। ਸਾਲ 2017 ‘ਚ ਕਾਂਗਰਸ ਪਾਰਟੀ ਨੇ ਕਿਸਾਨ ਅਤੇ ਮਜ਼ਦੂਰਾਂ ਦਾ ਹਰ ਤਰ੍ਹਾਂ ਦਾ ਕਰਜ਼ ਮਾਫ਼ ਕਰਨ ਦਾ ਵਾਅਦਾ ਕੀਤਾ ਸੀ। ਬਾਦਲ ਸਰਕਾਰ ਦੀ ਤਰ੍ਹਾਂ ਅੱਜ ਵੀ ਕਪਾਹ ਦੇ ਖਰਾਬ ਬੀਜ ਅਤੇ ਖਰਾਬ ਕੀਟਨਾਸ਼ਕ ਦਵਾਈਆਂ ਕਿਸਾਨਾਂ ਨੂੰ ਦਿੱਤੀਆਂ ਗਈਆਂ। ਇਸੇ ਕਾਰਨ ਕਪਾਹ ਦੀ ਤਿਆਰ ਫ਼ਸਲ ਗੁਲਾਬੀ ਸੁੰਡੀ ਨਾਲ ਬਰਬਾਦ ਹੋ ਗਈ।ਸੰਧਵਾ ਨੇ ਦੋਸ਼ ਲਗਾਇਆ ਕਿ ਚੰਨੀ ਸਰਕਾਰ ਨੇ ਕਿਸਾਨਾਂ ਨੂੰ ਨਾ ਹੀ ਕਪਾਹ ਦੀ ਬਰਬਾਦ ਫ਼ਸਲ ਦਾ ਕੋਈ ਮੁਆਵਜ਼ਾ ਦਿੱਤਾ ਤੇ ਨਾ ਹੀ ਪੂਰੀ ਤਰ੍ਹਾਂ ਕਰਜ਼ ਮਾਫ਼ ਕੀਤਾ। ਜੇਕਰ ਸਰਕਾਰ ਨੇ ਕਿਸਾਨਾਂ ਦਾ ਪੂਰਾ ਕਰਜ਼ ਮਾਫ਼ ਕੀਤਾ ਹੁੰਦਾ ਤੇ ਫ਼ਸਲਾਂ ਦੇ ਚੰਗੇ ਬੀਜ ਤੇ ਬਿਹਤਰ ਕੀਟਨਾਸ਼ਕ ਦਵਾਈਆਂ ਦਿੱਤੀਆਂ ਹੁੰਦੀਆਂ ਤਾਂ ਦਰਸ਼ਨ ਸਿੰਘ ਸਮੇਤ ਦਰਜਨਾਂ ਹੋਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਮੌਤ ਨੂੰ ਗਲ਼ੇ ਨਾ ਲਗਾਉਂਦੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਪ੍ਰਦੇਸ਼ ‘ਚ ਚੱਲ ਰਹੇ ਮਾਫ਼ੀਆ ਰਾਜ ‘ਤੇ ਨਕੇਲ ਕੱਸੀ ਹੁੰਦੀ ਤੇ ਗ਼ਲਤ ਬਿਜਲੀ ਸਮਝੌਤੇ ਰੱਦ ਕੀਤੇ ਹੁੰਦੇ ਤਾਂ ਕਿਸਾਨ-ਮਜ਼ਦੂਰਾਂ ਦੇ ਮਾਮੂਲੀ ਕਰਜ਼ ਮਾਫ਼ ਕਰਨ ਲਈ ਸਰਕਾਰ ਨੂੰ ਕਰਜ਼ ਲੈਣ ਦੀ ਜ਼ਰੂਰਤ ਨਹੀਂ ਪੈਂਦੀ।

Related posts

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor

ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ

editor

ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ- ਔਜਲਾ

editor