India

ਸੀ.ਐਮ. ਕੇਜਰੀਵਾਲ ਨੂੰ ਮਿਲਣ ਤਿਹਾੜ ਜੇਲ੍ਹ ਪਹੁੰਚੀਆਂ ਪਤਨੀ ਸੁਨੀਤਾ ਅਤੇ ਮੰਤਰੀ ਆਤਿਸ਼ੀ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਸੋਮਵਾਰ ਯਾਨੀ ਕਿ ਅੱਜ ਤਿਹਾੜ ਜੇਲ੍ਹ ’ਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਆਮ ਆਦਮੀ ਪਾਰਟੀ (ਆਪ) ਮੁਤਾਬਕ ਸੁਨੀਤਾ ਕੇਜਰੀਵਾਲ ਨੂੰ ਸੋਮਵਾਰ ਨੂੰ ਆਪਣੇ ਪਤੀ ਨੂੰ ਮਿਲਣ ਦੀ ਆਗਿਆ ਦੇ ਦਿੱਤੀ ਗਈ। ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ ਮਗਰੋਂ ਆਤਿਸ਼ੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਮੁੱਖ ਮੰਤਰੀ ਕੇਜਰੀਵਾਲ ਤੋਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਬਾਰੇ ਗੱਲ ਕਰਨ ਦੀ ਬਜਾਏ ਇਹ ਸਵਾਲ ਕੀਤਾ ਕਿ ਕੀ ਸਕੂਲੀ ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ ਹਨ? ਕੀ ਮੁਹੱਲਾ ਕਲੀਨਿਕ ਵਿਚ ਦਵਾਈਆਂ ਪਹੁੰਚ ਰਹੀਆਂ ਹਨ? ਉਨ੍ਹਾਂ ਨੂੰ ਦਿੱਲੀ ਦੇ ਲੋਕਾਂ ਦੀ ਬਹੁਤ ਚਿੰਤਾ ਹੈ।
ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਨੇ ਮੈਨੂੰ ਕਿਹਾ ਹੈ ਕਿ ਦਿੱਲੀ ਵਾਲਿਆਂ ਨੂੰ ਪਾਣੀ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ। ਗਰਮੀਆਂ ਆ ਰਹੀਆਂ ਹਨ, ਦਿੱਲੀ ਦੀ ਜਨਤਾ ਨੂੰ ਪਾਣੀ ਮਿਲਦਾ ਰਹੇ। ਆਤਿਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਤੋਂ ਇੰਨੀ ਪਰੇਸ਼ਾਨੀ ਹੈ ਕਿ ਉਹ ਹਰ ਰੋਜ਼ ਨਵੇਂ ਕਾਨੂੰਨ ਬਣਾ ਦਿੰਦੀ ਹੈ। ਆਤਿਸ਼ੀ ਨੇ ਇਹ ਸਵਾਲ ਵੀ ਉਠਾਇਆ ਕਿ ਸੁਨੀਤਾ ਕੇਜਰੀਵਾਲ ਨੂੰ ਸ਼ੁਰੂ ਵਿਚ ਮਿਲਣ ਤੋਂ ਕਿਉਂ ਇਨਕਾਰ ਕਰ ਦਿੱਤਾ ਗਿਆ। ’ਆਪ’ ਪਾਰਟੀ ਨੇ ਦਾਅਵਾ ਕੀਤਾ ਕਿ ਪਹਿਲਾਂ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਆਗਿਆ ਨਹੀਂ ਦਿੱਤੀ ਸੀ। ’ਆਪ’ ਪਾਰਟੀ ਨੇ ਐਤਵਾਰ ਨੂੰ ਕਿਹਾ ਸੀ ਕਿ ਜੇਲ੍ਹ ਅਧਿਕਾਰੀਆਂ ਨੇ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਹੈ। ਤਿਹਾੜ ਜੇਲ੍ਹ ਅਧਿਕਾਰੀਆਂ ਨੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਸੀ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ।
ਦੱਸ ਦੇਈਏ ਕਿ ਦਿੱਲੀ ਆਬਕਾਰੀ ਨੀਤੀ ਘਪਲੇ ਵਿਚ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਨੂੰ ਲੈ ਕੇ ਈਡੀ ਨੇ 21 ਮਾਰਚ ਨੂੰ ਗਿ੍ਰਫ਼ਤਾਰ ਕੀਤੇ ਗਏ ਮੁੱਖ ਮੰਤਰੀ ਕੇਜਰੀਵਾਲ ਤਿਹਾੜ ਜੇਲ੍ਹ ਨੰਬਰ-2 ਵਿਚ ਬੰਦ ਹਨ। ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਨੇ 6 ਵਿਅਕਤੀਆਂ ਦੀ ਇਕ ਸੂਚੀ ਪ੍ਰਦਾਨ ਕੀਤੀ ਹਨ, ਜਿਨ੍ਹਾਂ ਤੋਂ ਉਹ ਜੇਲ੍ਹ ਵਿਚ ਮਿਲਣਾ ਚਾਹੁੰਦੇ ਹਨ।

Related posts

ਡਾ. ਵਿਜੇ ਸਤਬੀਰ ਸਿੰਘ ਵੱਲੋਂ ਪੀੜਤ ਸ਼ਿਕਲੀਗਰ ਪਰਿਵਾਰਾਂ ਲਈ ਰਾਹਤ ਸਮੱਗਰੀ ਰਵਾਨਾ

editor

ਭਾਰਤ ਵਿੱਚ 4 ਜੂਨ ਨੂੰ ਬਣੇਗੀ ਗੱਠਜੋੜ ਸਰਕਾਰ : ਅਰਵਿੰਦ ਕੇਜਰੀਵਾਲ

editor

ਦੇਸ਼ ’ਚ ਕੋਵਿਡ ਟੀਕਾਕਰਨ ਦਾ ਅੰਕੜਾ 220.68 ਕਰੋੜ ਤੋਂ ਪਾਰ

editor