Punjab

ਸੁਖਬੀਰ ਸਿੰਘ ਬਾਦਲ ਨੇ ਵਪਾਰ ਲਈ ਕੌਮਾਂਤਰੀ ਬਾਰਡਰ ਖੋਲ੍ਹਣ ਤੇ ਭਾਰਤੀ ਪਾਸੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਲਈ ਮੁਵਆਜ਼ੇ ਵਿਚ ਵਾਧੇ ਦੀ ਕੀਤੀ ਮੰਗ

ਅਟਾਰੀ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਜ਼ੀਰੋ ਲਾਈਨ ਤੋਂ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਤੇ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਨੂੰ ਖੋਲ੍ਹਣ ਦੀ ਮੰਗ ਕੀਤੀ ਤਾਂ ਜੋ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਹੋ ਸਕੇ ਤੇ ਉਹਨਾਂ ਇਹ ਵੀ ਮੰਗ ਕੀਤੀ ਕਿ ਭਾਰਤੀ ਪਾਸੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਲਈ ਮੁਆਵਜ਼ਾ ਵਧਾਇਆ ਜਾਵੇ।

ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਪਾਰਟੀ ਦੀ ਪੰਜਾਬ ਬਚਾਓ ਯਾਤਰਾ ਦੀ ਸਫਲਤਾ ਲਈ ਅਰਦਾਸ ਕੀਤੀ ਤੇ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ। ਇਸ ਮਗਰੋਂ ਯਾਤਰਾ ਅਟਾਰੀ ਤੋਂ ਸ਼ੁਰੂ ਹੋਈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਟਰੈਕਟਰਾਂ, ਕਾਰਾਂ ਤੇ ਮੋਟਰ ਸਾਈਕਲਾਂ ਸਮੇਤ ਹਜ਼ਾਰਾਂ ਵਾਹਨਾਂ ਦੇ ਵੱਡੇ ਕਾਫਲੇ ਦੀ ਅਗਵਾਈ ਕੀਤੀ ਜਿਸ ਦੌਰਾਨ ’ਉਠੋ ਵੇ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ..’ਗੀਤ ਵੀ ਚਲਾਇਆ ਗਿਆ।

ਪਾਰਟੀ ਦੇ ਸੀਨੀਅਰ ਆਗੂ ਸਰਦਾਰ ਗੁਲਜ਼ਾਰ ਸਿੰਘ ਰਣੀਕੇ, ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਸ੍ਰੀ ਅਨਿਲ ਜੋਸ਼ੀ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ ਜਦੋਂ ਉਹ ਪੈਦਲ ਚਲ ਰਹੇ ਹਜ਼ਾਰਾਂ ਨੌਜਵਾਨਾਂ ਦੇ ਨਾਲ ਕਾਫਲੇ ਦੀ ਅਗਵਾਈ ਕਰ ਰਹੇ ਸਨ। ਅਟਾਰੀ ਤੋਂ ਰਾਜਾਸਾਂਸੀ ਤੰਕ ਹਜ਼ਾਰਾਂ ਟਰੈਕਟਰਾਂ ’ਤੇ ਨੌਜਵਾਨ ਯਾਤਰਾ ਵਿਚ ਸ਼ਾਮਲ ਹੋਏ। ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਥਾਂ-ਥਾਂ ’ਤੇ ਫੁੱਲ ਪੱਤੀਆਂ ਦੀ ਵਰਖਾ ਕੀਤੀ ਗਈ ਤੇ ਫੁੱਲਾਂ ਦੇ ਹਾਰ ਪਹਿਨਾਏ ਗਏ ਤੇ ਨੌਜਵਾਨ ਉਹਨਾਂ ਦੀ ਜੀਪ ਨਾਲ ਚਲਦੇ ਰਹੇ ਤੇ ਉਹਨਾਂ ਨੂੰ ਮਿਲ ਕੇ ਹੱਥ ਮਿਲਾਉਂਦੇ ਰਹੇ।

ਅਕਾਲੀ ਦਲ ਦੇ ਪ੍ਰਧਾਨ ਨੇ ਜ਼ੀਰੋ ਪੁਆਇੰਟ ’ਤੇ ਸਰਹੱਦੀ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਿਹਨਾਂ ਨੇ ਦੱਸਿਆ ਕਿ ਵਾਹਗਾ ਵਿਖੇ ਇੰਟੀਗ੍ਰੇਟਡ ਚੈਕ ਪੋਸਟ (ਆਈ ਸੀ ਪੀ) ਬੰਦ ਹੋਣ ਨਾਲ ਹਜ਼ਾਰਾਂ ਲੋਕਾਂ ਨੇ ਰੋਜ਼ਗਾਰ ਗੁਆਇਆ ਹੈ। ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਉਹਨਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਖੇਤੀ ਲਈ ਮਿਲਦਾ 12 ਹਜ਼ਾਰ ਰੁਪਏ ਪ੍ਰਤੀ ਸਾਲ ਦਾ ਮੁਆਵਜ਼ਾ ਵੀ ਨਹੀਂ ਮਿਲਿਆ। ਕਿਸਾਨਾਂ ਨੇ ਕੰਡਿਆਲੀ ਤਾਰ ਵੀ ਜ਼ੀਰੋ ਲਾਈਨ ਨੇੜੇ ਲਾਉਣ ਦੀ ਮੰਗ ਕੀਤੀ ਤੇ ਕਿਹਾ ਕਿ ਰੋਕਾਂ ਕਾਰਨ ਉਹਨਾਂ ਨੂੰ ਜਿਣਸ ਦੀ ਸੰਭਾਲ ਕਰਨ ਵਿਚ ਬਹੁਤ ਮੁਸ਼ਕਿਲਾਂ ਆਉਂਦੀਆਂ ਹਨ।

ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਸਰਹੱਦੀ ਕਿਸਾਨਾਂ ਲਈ ਕੰਡਿਆਲੀ ਤਾਰ ਤੋਂ ਪਾਰਲੀ 21600 ਏਕੜ ਜ਼ਮੀਨ ਵਾਸਤੇ ਮੁਆਵਜ਼ਾ ਵਧਾ ਕੇ 35 ਹਜ਼ਾਰ ਰੁਪਏ ਕੀਤਾ ਜਾਵੇ। ਕਿਸਾਨਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਇਕ ਸਰਕਾਰੀ ਹਸਪਤਾਲ ਜੋ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤਾ ਸੀ, ਉਹ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਨਾਲ ਹੈ। ਉਹਨਾਂ ਕਿਹਾ ਕਿ ਅਸੀਂ ਕੰਡਿਆਲੀ ਤਾਰ ਤੋਂ ਬਾਅਦ ਖੇਤੀਬਾੜੀ ਵਿਚ ਹੋਏ ਨੁਕਸਾਨ ਵਿਚ ਮੁਆਵਜ਼ਾ ਵਧਵਾਉਣ ਵਾਸਤੇ ਅਸੀਂ ਪੂਰਾ ਜ਼ੋਰ ਲਗਾਵਾਂਗੇ। ਉਹਨਾਂ ਕਿਹਾ ਕਿ ਪਾਰਟੀ ਕੌਮਾਂਤਰੀ ਸਰਹੱਦ ਵਿਖੇ ਵਪਾਰ ਮੁੜ ਸ਼ੁਰੂ ਕਰਵਾਉਣ ਦਾ ਵੀ ਯਤਨ ਕਰੇਗੀ ਕਿਉਂਕਿ ਇਸ ਨਾਲ ਇਲਾਕੇ ਦੇ ਅਰਥਚਾਰੇ ਨੂੰ ਵੱਡਾ ਹੁਲਾਰਾ ਮਿਲਣ ਦੀ ਸੰਭਾਵਨਾ ਹੈ।

ਬਾਅਦ ਵਿਚ ਵੀਰ ਸਿੰਘ ਲੋਪੋਕੇ ਦੇ ਨਾਲ ਚੋਗਾਵਾਂ ਵਿਖੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ (ਆਪ) ਅਤੇ ਇਸਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਬੋਲੇ ਜਾ ਰਹੇ ਝੂਠ ਨੂੰ ਅਗਲੇ ਇਕ ਮਹੀਨੇ ਦੌਰਾਨ ਬੇਨਕਾਬ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਸਾਬਤ ਕਰਾਂਗੇ ਕਿ ਬਾਹਰਲੇ ਲੋਕਾਂ ਦੀ ਇਸ ਪਾਰਟੀ ਤੇ ਇਸਦੇ ਕਠਪੁਤਲੀ ਮੁੱਖ ਮੰਤਰੀ ਜਿਸਨੂੰ ਦਿੱਲੀ ਤੋਂ ਚਲਾਇਆ ਜਾਂਦਾ ਹੈ, ਕਦੇ ਵੀ ਪੰਜਾਬੀਆਂ ਨੂੰ ਨਿਆਂ ਨਹੀਂ ਦੇਣਗੇ।

ਉਹਨਾਂ ਕਿਹਾ ਕਿ ਪੰਜਾਬ ਬਚਾਓ ਯਾਤਰਾ ਭ੍ਰਿਸ਼ਟ, ਘੁਟਾਲਿਆਂ ਨਾਲ ਭਰੀ, ਸਿੱਖ ਵਿਰੋਧੀ ਤੇ ਪੰਜਾਬੀ ਵਿਰੋਧੀ ਆਪ ਨੂੰ ਸੱਤਾ ਵਿਚੋਂ ਬਾਹਰ ਕਰਨ ਦਾ ਆਧਾਰ ਰੱਖੇਗੀ ਅਤੇ ਸਮੇਂ ਦੀ ਕਸਵੱਟੀ ’ਤੇ ਪਰਖੇ ਅਕਾਲੀ ਦਲ ਜਿਸਦੀ ਸਰਕਾਰ ਦਾ ਤੇਜ਼ ਰਫਤਾਰ ਵਿਕਾਸ ਅਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਦਾ ਰਿਕਾਰਡ ਹੈ, ਦੀ ਵਾਪਸੀ ਕਰਵਾਏਗੀ।

Related posts

ਉੱਤਰਾਖੰਡ ਵਿਖੇ ਹੋਈ 6ਵੀਂ ਨੈਸ਼ਨਲ ਕਰਾਸਬੋ ਸ਼ੂਟਿੰਗ ਚੈਂਪੀਅਨਸ਼ਿਪ ਦੀ ਟਰਾਫੀ ’ਤੇ ਪਟਿਆਲਾ ਦੇ ਬੱਚਿਆਂ ਨੇ ਕੀਤਾ ਕਬਜ਼ਾ

editor

ਪੰਜਾਬ ਸਰਕਾਰ ਨੇ  ਦੋ ਸਾਲਾਂ ਦੌਰਾਨ 70000 ਕਰੋੜ ਤੋ ਵੱਧ ਕਰਜ਼ਾ ਚੁੱਕਿਆ  ਕਿ ਸੂਬੇ ਵਿੱਚ ਵਿਤੀ ਐਮਰਜੈਂਸੀ ਵਾਲੇ ਹਾਲਾਤ ਪੈਦਾ ਹੋ ਗਏ : ਸੁਖਬੀਰ ਸਿੰਘ ਬਾਦਲ 

editor

ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼; ਮੁੱਖ ਸੰਚਾਲਕ ਗੁਰਵਿੰਦਰ ਸ਼ੇਰਾ ਸਮੇਤ ਚਾਰ ਮੈਂਬਰ ਕਾਬੂ

editor