Story

ਸੇਵਾ ਬਨਾਮ ਸਾਹਿਤ ਸਮਾਗਮ/ -ਸਰਵਨ ਸਿੰਘ ਪਤੰਗ

ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਐਤਕੀਂ ਸਭਾ ਦਾ ਸਾਲਾਨਾ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਜਾਵੇ। ਤਾਰੀਖ਼ ਮਿਥੀ ਗਈ ਅਤੇ ਨਾਮਵਰ ਲੇਖਕਾਂ ਨੂੰ ਸੱਦਾ-ਪੱਤਰ ਦੇਣ ਲਈ ਸੂਚੀ ਬਣਾਈ ਗਈ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਵਿਸ਼ੇਸ਼ ਮਹਿਮਾਨ ਵਜੋਂ ‘ਸੂਰਜਾਂ’ ਵਾਲੇ ਬਾਬਿਆਂ ਨੂੰ ਸੱਦਾ ਦਿੱਤਾ ਜਾਵੇ ਜੋ ਬੜੇ ਦਿਆਲੂ ਅਤੇ ਦਾਨੀ ਹਨ ਤੇ ਸਭਾ ਨੂੰ ਫੰਡ ਵਜੋਂ ਵੱਡਾ ਗੱਫ਼ਾ ਦੇਣਗੇ। ਅੱਗੇ ਤਾਂ ਆਪਾਂ ਟੁੱਕੜ-ਬੋਚ ਬੰਦਿਆਂ ਨੂੰ ਹੀ ਮਹਿਮਾਨ-ਨਿਵਾਜ਼ੀ ਲਈ ਬੁਲਾ ਲੈਂਦੇ ਹਾਂ। ਸਭਾ ਦੀ ਬੱਲੇ-ਬੱਲੇ ਹੋ ਜਾਵੇਗੀ। ਅਗਲੀ ਸਵੇਰ ਸਭਾ ਦੇ ਪ੍ਰਧਾਨ ਸ਼ੇਰ ਸਿੰਘ ਡਰਪੋਕ ਤੇ ਜਨਰਲ ਸਕੱਤਰ ਤੋਤਾ ਸਿੰਘ ਪੰਛੀ, ਬਾਬਾ ਜੀ ਨੂੰ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਦਰਸ਼ਨ ਦੇਣ ਦੀ ਬੇਨਤੀ ਕਰਨ ਚਲੇ ਗਏ ਜੋ ਸੰਤਾਂ ਨੇ ਪ੍ਰਵਾਨ ਕਰ ਲਈ। ਬਾਬਿਆਂ ਮੂਹਰੇ ਮਾਇਆ ਦੇ ਢੇਰ ਵੇਖ ਕੇ ਪ੍ਰਧਾਨ ਦੇ ਮੂੰਹ ਵਿੱਚ ਪਾਣੀ ਆ ਗਿਆ। ਮੌਕਾ ਤਾੜ ਕੇ ਪ੍ਰਧਾਨ ਨੇ ਇਹ ਸੋਚ ਕੇ ਕਿ ਸ਼ਾਇਦ ਬਾਬੇ ਆਪਣੇ ਮੂਹਰੇ ਲੱਗੇ ਮਾਇਆ ਦੇ ਢੇਰ ‘ਚੋਂ ਰੁੱਗ ਭਰ ਕੇ ਸਾਡੀ ਝੋਲੀ ਵਿੱਚ ਪਾ ਦੇਣ, ਦੱਬਵੀਂ ਆਵਾਜ਼ ਵਿੱਚ ਬੜੀ ਨਿਮਰਤਾ ਨਾਲ ਅਰਜੋਈ ਕੀਤੀ, “ਬਾਬਾ ਜੀ ਕੋਈ ਸੇਵਾ? ਅਸੀਂ ਕਾਰਡ ਆਦਿ ਛਪਵਾਏ ਹਨ।” “ਓਏ ਭਗਤੋ ਥੋਡੇ ਕੋਲੋਂ ਸੇਵਾ? ਨਾ ਬਈ ਨਾ, ਅਸੀਂ ਤਾਂ ਮੁਫ਼ਤ ਵਿੱਚ ਹੀ ਆ ਜਾਵਾਂਗੇ। ਜੇ ਸਾਡੇ ਪ੍ਰਤੀ ਜ਼ਿਆਦਾ ਹੀ ਸੇਵਾ-ਭਾਵ ਹੈ ਤਾਂ ਸਾਡੀ ਗੱਡੀ ਵਿੱਚ ਤੇਲ ਪੁਆ ਦੇਣਾ। ਵੈਸੇ ਸਾਡੇ ਓਸ ਸਰੋਵਰ ਦੀ ਸੇਵਾ ਚੱਲ ਰਹੀ ਹੈ, ਜੋ ਸ਼ਰਧਾ ਹੋਈ ਦੇ ਦਿਓ।” ਏਨੀ ਆਖ ਕੇ ਸੰਤਾਂ ਨੇ ਕੋਲ ਪਈ ਰਸੀਦ ਬੁੱਕ ਖਿਸਕਾ ਕੇ ਨੇੜੇ ਕਰ ਲਈ। ਹੁਣ ਪ੍ਰਧਾਨ ਅਤੇ ਸਕੱਤਰ ਨੂੰ ਵਾਪਸ ਭੱਜਣ ਲਈ ਬੱਸ ਅੱਡਾ ਦਿੱਲੀ ਦੱਖਣ ਲੱਗ ਰਿਹਾ ਸੀ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin