Breaking News Latest News News Punjab

ਹੁਣ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਡਿੱਪੂਆਂ ‘ਤੇ ਵੀ ਮਿਲਣਗੇ ਮਾਰਕਫੈੱਡ ਦੇ ਉਤਪਾਦ

ਚੰਡੀਗੜ੍ਹ – ਪੰਜਾਬ ਦੇ ਸਹਿਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਅਤੇ ਇਨ੍ਹਾਂ ਦਾ ਦਾਇਰਾ ਵਧਾਉਣ ਲਈ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਵੇਲੇ ਬੂਰ ਪਿਆ ਜਦੋਂ ਮਾਰਕਫੈੱਡ ਤੇ ਹਿਮਾਚਲ ਪ੍ਰਦੇਸ਼ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਿਚਾਲੇ ਆਪਸੀ ਸਹਿਮਤੀ ਦਾ ਸਮਝੌਤਾ (ਐੱਮਓਯੂ) ਹੋਇਆ ਜਿਸ ਨਾਲ ਮਾਰਕਫੈੱਡ ਦੇ ਵੱਖ-ਵੱਖ ਉਤਪਾਦ ਹੁਣ ਹਿਮਾਚਲ ਦੇ 5000 ਦੇ ਕਰੀਬ ਜਨਤਕ ਵੰਡ ਪ੍ਰਣਾਲੀ ਦੇ ਡਿੱਪੂਆਂ ‘ਤੇ ਉਪਲੱਬਧ ਹੋਣਗੇ।

ਇਹ ਫੈਸਲਾ ਅੱਜ ਸ਼ਿਮਲਾ ਵਿਖੇ ਹਿਮਾਚਲ ਪ੍ਰਦੇਸ਼ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਸ੍ਰੀ ਪੌਲ ਰਾਸੂ ਤੇ ਡਾਇਰੈਕਟਰ ਸ੍ਰੀ ਲਲਿਤ ਜੈਨ ਨਾਲ ਪੰਜਾਬ ਦੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਮਾਰਕਫੈਡ ਦੇ ਐੱਮਡੀ ਸ੍ਰੀ ਵਰੁਣ ਰੂਜ਼ਮ ਤੇ ਤੇਲ ਮਿੱਲ ਖੰਨਾ ਦੇ ਜਨਰਲ ਮੈਨੇਜਰ ਸ੍ਰੀ ਰਵਿੰਦਰ ਸ਼ਰਮਾ ਵੱਲੋਂ ਮਾਰਕਫੈੱਡ ਤੇ ਸ਼ੂਗਰਫੈੱਡ ਦੇ ਉਤਪਾਦ ਹਿਮਾਚਲ ਪ੍ਰਦੇਸ਼ ਨੂੰ ਜਨਤਕ ਵੰਡ ਪ੍ਰਣਾਲੀ ਲਈ ਮੁਹੱਈਆ ਕਰਵਾਉਣ ਬਾਰੇ ਕੀਤੀ ਮੀਟਿੰਗ ਦੌਰਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੁਝ ਸਮਾਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਸਹਿਕਾਰੀ ਅਦਾਰਿਆਂ ਦੇ ਉਤਪਾਦਾਂ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਇਹ ਐੱਮਓਯੂ ਸੰਭਵ ਹੋਇਆ।

ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਅੱਜ ਹੋਏ ਸਮਝੌਤੇ ਤਹਿਤ ਮਾਰਕਫੈੱਡ ਦੇ ਉਚ ਮਿਆਰਾਂ ਦੇ ਖਾਣਯੋਗ ਉਤਪਾਦ ਹੁਣ ਹਿਮਾਚਲ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਵਾਜਬ ਕੀਮਤਾਂ ਉਤੇ ਮਿਲਣਗੇ। ਇਸ ਦੌਰਾਨ ਸ਼ੂਗਰਫੈੱਡ ਪੰਜਾਬ ਵੱਲੋਂ ਹਿਮਾਚਲ ਪ੍ਰਦੇਸ਼ ਨੂੰ ਖੰਡ ਦੀ ਸਪਲਾਈ ਕਰਨ ਬਾਰੇ ਵੀ ਗੱਲਬਾਤ ਹੋਈ ਜਿਸ ਦੀਆਂ ਸੰਭਾਵਨਾਵਾਂ ਤਲਾਸ਼ਣ ਬਾਰੇ ਹਿਮਾਚਲ ਪ੍ਰਦੇਸ਼ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਭਵਿੱਖ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸ੍ਰੀ ਵਰੁਣ ਰੂਜ਼ਮ ਨੇ ਕਿਹਾ ਕਿ ਅੱਜ ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ ਮਾਰਕਫੈੱਡ ਵੱਲੋਂ ਆਪਣਾ ਦਾਇਰਾ ਵਧਾਉਣ ਦੀਆਂ ਕੋਸ਼ਿਸ਼ਾਂ ਹੋਰ ਬਲ ਮਿਲਿਆ ਹੈ ਅਤੇ ਹੁਣ ਹਿਮਾਚਲ ਵਾਸੀ ਵੀ ਮਾਰਕਫੈੱਡ ਦੇ ਉਚ ਮਿਆਰੀ ਤੇ ਸਵਾਦਲੇ ਉਤਪਾਦ ਵਾਜਬ ਕੀਮਤਾਂ ਉਤੇ ਆਪਣੇ ਹੀ ਘਰਾਂ ਕੋਲੋਂ ਲੈ ਸਕਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀਐੱਸਈ) ਵੱਲੋਂ ਕਰਵਾਏ ਐੱਨਐੱਮਆਰ ਸ਼ੁੱਧਤਾ ਪ੍ਰੀਖਣ ਵਿੱਚ ਮਾਰਕਫੈੱਡ ਦਾ ਉਤਪਾਦ ਸੋਹਣਾ ਬਰਾਂਡ ਸ਼ਹਿਦ ਪਾਸ ਹੋਇਆ ਸੀ। ਇਹ ਟੈਸਟ ਕੌਮਾਂਤਰੀ ਪੱਧਰ ‘ਤੇ ਮਾਨਤਾ ਪ੍ਰਾਪਤ ਹੈ।

Related posts

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor

ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ

editor

ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ- ਔਜਲਾ

editor