Articles

21ਵੀ ਸਦੀ ਦੀ ਸੰਸਾਰ ਦੀ ਸਭ ਤੋਂ ਵੱਡੀ ਸਮੱਸਿਆ: ਜਲਵਾਯੂ ਪਰਿਵਰਤਨ !

ਲੇਖਕ: ਹਰਬੰਸ ਸਿੰਘ ਸੰਧੂ, ਰਿਟਾ. ਡੀ. ਪੀ. ਆਈ ਪੰਜਾਬ, ਮੈਲਬੌਰਨ

ਪਵਨ ਗੁਰੂ ਪਾਣੀ ਪਿਤਾ

ਮਾਤਾ ਧਰਤਿ ਮਹਤੁ …

ਗੁਰਬਾਣੀ ਦੇ ਪਵਿੱਤਰ ਸਲੋਕ ਵਿੱਚ ਦਰਜ ਕਰਕੇ ਸਾਨੂੰ ਵਾਤਾਵਰਨ ਨੂੰ ਸੰਭਾਲਣ ਦੀ ਹਦਾਇਤ ਕੀਤੀ ਸੀ ਪਰ ਨਾਂ ਅਸੀਂ ਪੰਜਾਬੀਆਂ ਅਤੇ ਨਾ ਹੀ ਪੂਰੇ ਸੰਸਾਰ ਨੇ ਇਸ ਤੇ ਅਮਲ ਕੀਤਾ। ਹਾਲਤ ਅੱਜ ਇਹ ਬਣ ਗਈ ਹੈ ਕਿ ਸਾਨੂੰ ਪੀਣ ਲਈ ਸ਼ੁੱਧ ਪਾਣੀ ਨਹੀਂ ਮਿਲ ਰਿਹਾ, ਸਾਹ ਲੈਣ ਲਈ ਸ਼ੁੱਧ ਹਵਾ ਨਹੀਂ ਮਿਲ ਰਹੀ ਅਤੇ ਖਾਣ ਲਈ ਸ਼ੁੱਧ ਖੁਰਾਕ ਨਹੀਂ ਮਿਲ ਰਹੀ। ਇਹਨਾਂ ਕਾਰਣਾ ਕਰਕੇ ਮਨੁੱਖ ਦੀ ਔਸਤ ਉਮਰ ਘਟ ਰਹੀ ਹੈ । IPCC (inter governmental penal for climate changes) ਦੀ ਰਿਪੋਰਟ ਅਨੁਸਾਰ ਪ੍ਰਦੂਸ਼ਣ ਕਾਰਣ  ਮਨੁੱਖ ਦੀ ਔਸਤ ਉਮਰ 9 ਸਾਲ ਘਟ ਗਈ ਹੈ। ਸੂਝਵਾਨਾ ਦੇ ਇਕੱਠ ਵਿੱਚ ਮੈ ਸੰਸਾਰ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਬਾਰੇ ਪੁਛਿਆ। ਜਵਾਬ ਵਿੱਚ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ,ਕਾਰਪੋਰੇਟ ਅਤੇ ਰਾਜਨੀਤੀ ਵਰਗੇ ਵਿਸ਼ੇ ਘੁਮਦੇ ਰਹੇ,ਵਾਤਾਵਰਣ ਪ੍ਰਦੂਸ਼ਣ ਸਾਡੇ ਲੋਕਾਂ ਨੂੰ ਅਜੇ ਤੱਕ ਵੱਡੀ ਸਮੱਸਿਆ ਨਹੀਂ ਜਾਪਦੀ। ਇਸ ਆਰਟੀਕਲ ਰਾਹੀਂ ਮੈ ਪਾਠਕਾਂ ਨੂੰ ਇਸ ਬਾਰੇ ਸੁਚੇਤ ਕਰਨ ਦਾ ਉਪਰਾਲਾ ਕਰਾਗਾ।
ਮਹਾਨ ਵਿਗਿਆਨੀ ਸਟੀਫਨ ਹਾਕਨਜ ਅਨੁਸਾਰ ਪ੍ਰਦੂਸ਼ਣ ਕਾਰਨ ਧਰਤੀ ਦੀ ਉਮਰ ਇਕ ਹਜਾਰ ਸਾਲ ਤੋਂ ਵੱਧ ਨਹੀ ਹੋ ਸਕਦੀ। IPCC ਦੀ ਰਿਪੋਰਟ ਅਨੁਸਾਰ ਅਉਦੇ ਵੀਹ ਸਾਲਾਂ ਤੱਕ ਵਾਤਾਵਰਣ ਦਾ ਤਾਪਮਾਨ ਵਧ ਜਾਣ ਤੇ ਗਲੋਬਲ ਵਾਰਮਿੰਗ ਕਾਰਣ ਵਿਸ਼ਵ ਦੇ ਅਨੇਕਾਂ ਸ਼ਹਿਰ ਜਿਆਦਾ ਬਰਫ ਨਿਗਲਣ ਕਰਕੇ ਪਾਣੀ ਵਿੱਚ ਡੁੱਬ ਜਾਣ ਗੇ ,ਹਵਾ ਇਤਨੀ ਪ੍ਰਦੂਸ਼ਤ ਹੋ ਜਾਵੇਗੀ ਕੇ ਅਸੀ ਖੁੱਲੇ ਵਿੱਚ ਸਾਹ ਨਹੀਂ ਲੈ ਸਕਾਂਗੇ। ਸਾਹ ਲਈ ਸਾਨੂੰ ਕੋਈ ਬਨਾਉਟੀ ਪਰਬੰਧ ਕਰਨਾ ਪਵੇਗਾ।
ਧਰਤੀ ਦਾ ਤਾਪਮਾਨ 50°C ਤੱਕ ਪਹੁੰਚਣਾ ਪਹੁੰਚਣਾ ਆਮ ਗੱਲ ਹੋਵੇਗੀ। ਇਤਨਾ ਤਾਪਮਾਨ ਅਤੇ ਪ੍ਰਦੂਸ਼ਨ ਕਾਰਨ ਧਰਤੀ ਮਨੁੱਖ ਅਤੇ ਜੀਵ ਜੰਤੂਆਂ ਲਈ ਰਹਿਣ ਯੋਗ ਨਹੀਂ ਹੋਵੇਗੀ। ਵਾਤਾਵਰਨ ਪ੍ਰਦੂਸ਼ਨ ਇਤਨੀ ਵੱਡੀ ਸਮੱਸਿਆ ਹੋਣ ਦੇ ਬਾਵਜੂਦ ਇਹ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਜਾਪਦੀ ਅਤੇ ਵੱਡੀ ਗਿਣਤੀ ਅਬਾਦੀ ਇਸ ਪ੍ਰਤੀ ਬੇਖਬਰ ਹੈ। ਸਾਡੀ ਸੋਚ ਨੂੰ ਸਿਰਫ ਰਾਜਨੀਤੀ,ਫੈਸ਼ਨ ਪ੍ਰਸਤੀ, ਫਿਲਮ ਅਤੇ ਹੋਰ ਮਨ ਪਰਚਾਵੇ ਦੇ ਸਾਧਨਾਂ  ਤੱਕ ਸੀਮਤ ਰੱਖਿਆ ਹੋਇਆ ਹੈ। ਸਰਕਾਰ ਦਾ ਇਸ ਦਿਸ਼ਾ ਵਿੱਚ ਸਭ ਤੋਂ ਪਹਿਲਾਂ ਫਰਜ ਬਣਦਾ ਹੈ ਕਿ ਉਹ ਲੋਕਾਂ ਨੂੰ ਸੱਚੇ ਦਿਲੋਂ ਇਸ ਪ੍ਰਤੀ ਜਾਗਰੂਕ ਕਰੇ ਅਤੇ ਹਰ ਪਰੋਗਰਾਮ ਦੀ ਅਗਵਾਈ ਸਰਕਾਰ ਅਤੇ ਧਾਰਮਿਕ ਆਗੂਆਂ ਵੱਲੋ ਕੀਤੀ ਜਾਣੀ ਚਾਹੀਦੀ ਹੈ। ਇਕੱਲੇ ਸਰਕਾਰ ਦੇ ਯਤਨ ਕਦੀ ਵੀ ਵੱਡੇ ਸਿਟੇ ਨਹੀਂ ਕੱਢ ਸਕਦੇ। ਜਿਤਨੀ ਜਰੂਰੀ ਸਰਕਾਰ ਦੀ ਅਗਵਾਈ ਦੀ ਹੈ ਉਤਨਾ ਵੱਡੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ।
ਅਰਬਦ ਨਰਬਦ ਧੰਦੂਕਾਰਾ … ਪਵਿਤਰ ਗੁਰਬਾਣੀ ਅਨੁਸਾਰ  ਅਤੇ ਵਿਗਿਆਨ ਦੀਬਿਗ ਬੈਗ ਬਲੈਕ ਹੋਲ ਥੀਊਰੀ ਅਨੁਸਾਰ ਧਮਾਕੇ ਤੋ ਬਾਅਦ, ਕਰੋੜਾਂ ਸਾਲ ਪਹਿਲਾਂ ਸੂਰਜ ਮੰਡਲ ਅਤੇ ਧਰਤੀ ਹੋਂਦ ਵਿੱਚ ਆਈ। ਲੱਖਾਂ ਸਾਲਾਂ ਬਾਅਦ ਧਰਤੀ ਤੇ ਜੀਵਨ ਦੇ ਲੱਛਣ ਨਜਰ ਆਏ। ਹੋਰ ਲੱਖਾ ਸਾਲਾ ਬਾਅਦ ਧਰਤੀ ਦੀ ਸਾਰੀ ਬਨਸਪਤੀ ਅਤੇ ਜੀਵ ਜੰਤੂ ਬਣੇ ।
ਧਰਤੀ ਤੇ ਬਨਸਪਤੀ ਅਤੇ ਜੀਵ ਜੰਤੂਆਂ ਦਾ ਸੁੰਦਰ ਸੰਗਠਨ ਲੱਖਾ ਸਾਲਾਂ ਤੋਂ ਚੱਲ ਰਿਹਾ ਹੈ। ਕੁਦਰਤ ਨੇ ਹਰ ਜੀਵ ਜੰਤੂ ਅਤੇ ਬਨਸਪਤੀ ਨੂੰ ਇਕ ਦੂਜੇ ਤੇ ਨਿਰਭਰ ਅਤੇ ਇਕ ਦੂਜੇ ਦਾ ਪੂਰਕ ਬਣਾਇਆ ਹੈ। ਕੁਦਰਤ ਦੇ ਅਸੂਲ ਅਨੁਸਾਰ ਕਿਸੇ ਨੂੰ ਵੀ ਕੁਦਰਤੀ ਸੰਤੁਲਨ ਵਿਗਾੜਨ ਦੀ ਆਗਿਆ ਨਹੀਂ ਹੈ। ਪਰ ਧਰਤੀ ਦੇ ਸਭ ਤੋਂ ਜਿਆਦਾ ਸੂਝਬੂਝ ਰੱਖਣ ਵਾਲੇ ਇਨਸਾਨ ਨੇ ਕੁਦਰਤ ਦੇ ਨਿਯਮਾਂ ਦੀ ਪਰਵਾਹ ਨਹੀਂ ਕੀਤੀ ਅਤੇ ਇਸ ਦੇ ਸੰਤੁਲਨ ਨੂੰ ਵਿਗਾੜਨ ਦਾ ਹਰ ਉਪਰਾਲਾ ਕੀਤਾ ਹੈ। ਵਿਕਾਸ ਦੇ ਨਾਮ ਤੇ, ਮਨੁੱਖ ਦੀ ਜਿੰਦਗੀ ਨੂੰ ਆਰਾਮਦਾਇਕ ਬਣਾਉਣ ਲਈ ਧਰਤੀ ਸਮੁੰਦਰ ਅਤੇ ਵਾਯੂਮੰਡਲ ਨੂੰ  ਹਰ ਢੰਗ ਨਾਲ ਪੁਲੀਤ ਕੀਤਾ ਹੈ। ਵਿਕਾਸ ਅਤੇ ਦੂਜਿਆਂ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਕਾਰਪੋਰੇਟ ਨੇ ਵਿਗਿਆਨ ਅਤੇ ਤਕਨੀਕ ਨੂੰ ਮਨੁੱਖ ਦੀ ਭਲਾਈ ਲਈ ਵਰਤਨ ਦੇ ਉਲਟ ਇਸ ਨੂੰ ਮਨੁੱਖ ਦੀ ਬਰਬਾਦੀ ਲਈ ਵਰਤਿਆ ਹੈ।
ਆਮ ਤੌਰ ਤੇ ਇਕ ਲੱਖ ਸਾਲ ਤੋਂ ਬਾਅਦ ਧਰਤੀ ਦਾ ਤਾਪਮਾਨ 1°C ਵਧਦਾ ਹੈ। ਮਨੁੱਖ ਨੇ ਵਿਕਾਸ ਦੇ ਨਾਮ ਕਾਰਖਾਨਿਆਂ ਰਾਹੀਂ, ਆਧੁਨਿਕ ਖੇਤੀ ਦੇ ਸੰਕਲਪ,ਸਾਡੇ ਫੈਸ਼ਨ ਬਰੈਡਾਂ ਰਾਹੀਂ, ਯੁਧ ਸਮੱਗਰੀ ਦੀ ਤਿਆਰੀ, ਨਿਉਕਲੀ ਵਿਸਫੋਟਾ ਦੁਆਰਾ,ਆਵਾਜਾਈ ਦੇ ਆਧੁਨਿਕ ਸਾਧਨਾਂ  ਨਾਲ ਪਲਾਸਟਿਕ, ਸੀਮਿੰਟ, ਦਵਾਈਆਂ, ਬਿਲਡਿੰਗ ਇੰਡਸਟਰੀ ਅਤੇ ਹੋਰ ਅਨੇਕਾਂ ਢੰਗਾ ਨਾਲ ਵਾਤਾਵਰਣ ਨੂੰ ਬਰਬਾਦ ਕੀਤਾ ਹੈ। ਇਹਨਾਂ ਸਾਰਿਆਂ ਕਾਰਣ ਕਰਕੇ ਕਾਰਬਨ ਇਮੀਸ਼ਨ ਵਿੱਚ ਵਾਧਾ ਹੋ ਰਿਹਾ ਹੈ ਅਤੇ ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਕਾਰਬਨ ਇਮਿਸ਼ਨ ਨੂੰ ਘਟਾਉਣ ਲਈ ਸੰਸਾਰ ਪੱਧਰ ਤੇ ਅਨੇਕਾਂ ਸੰਮੇਲਨ ਹੋ ਚੁੱਕੇ ਹਨ ਅਤੇ ਹੁੰਦਾ ਰਹਿਣਗੇ ।ਹਰ ਸੰਮੇਲਨ ਵਿਚ ਕਾਰਬਨ ਇਮਿਸ਼ਨ ਘਟਾਉਣ ਲਈ ਮਿਆਦ ਫੈਕਸ ਕੀਤੀ ਜਾਂਦੀ ਹੈ ਪਰ ਕੋਈ ਵੀ ਦੇਸ਼ ਇਸ ਦਿਸ਼ਾ ਵਿੱਚ ਪੂਰਾ ਉਤਰਦਾ ਨਜਰ ਨਹੀਂ ਆਉਂਦਾ। ਹਰ ਸੰਮੇਲਨ ਵਿਚ ਫਿਕਸ ਕੀਤੀ ਮਿਆਦ ਨੂੰ  ਹੋਰ ਅੱਗੇ ਵਧਾਉਣ ਦੀ ਬੇਨਤੀ ਕੀਤੀ ਜਾਂਦੀ ਹੈ। ਦੁਨੀਆਂ ਦੇ ਸਭ ਤੋਂ ਵੱਧ ਕਾਰਬਨ ਇਮਿਸ਼ਨ ਵਾਲੇ20 ਦੇਸ਼ ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਲ ਹੈ, ਵੱਲੋਂ ਹਰ ਵਾਰ ਮਿਆਦ ਵਧਾਉਣ ਦੀ ਗੱਲ ਕੀਤੀ ਜਾਂਦੀ ਹੈ। ਸਮੰਦਰੀ ਪਾਣੀ ਨੂੰ ਅਸੀਂ ਅਨੇਕਾਂ ਢੰਗਾਂ ਨਾਲ ਪੁਲਿਤ ਕਰ ਦਿੱਤਾ ਹੈ। ਇਸ ਨਾਲ ਸਮੁੰਦਰੀ ਜੀਵਨ ਖਤਰੇ ਵਿੱਚ ਹੈ। ਮਾਈਨਿੰਗ ਰਾਹੀਂ ਅਸੀਂ ਧਰਤੀ ਦੀ ਅੰਦਰਲੀ ਤਹਿ ਨੂੰ ਖੁਰਚ ਲਿਆ ਹੈ, ਧਰਤੀ ਦੇ ਤਲ ਨੂੰ ਅਸੀਂ ਧਰਤੀ ਹੇਠਲੇ ਪਾਣੀ ਦੀ ਬੇਥਾਹ ਵਰਤੋਂ ਕਰਕੇ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਇਸ ਦੀ ਸੋਖਣ ਸਮਰਥਾ ਨੂੰ ਬਰਬਾਦ ਕਰ ਦਿੱਤਾ ਹੈ। ਧਰਤੀ ਦੇ ਉਪਰਲੇ ਵਾਯੂਮੰਡਲ ਨੂੰ ਅਸੀਂ ਨਿਉਕਲੀ ਧਮਾਕਿਆਂ ਅਤੇ ਕਾਰਬਨ ਇਮਿਸ਼ਨ ਰਾਹੀਂ ਕਈ ਵੱਡੇ ਘੁਮੋਰਿਆਂ ਵਿੱਚ ਬਦਲ ਦਿੱਤਾ ਹੈ। ਅਸਟ੍ਰੇਲੀਆ ਜਿਸ ਦੀ ਸਾਫ ਸੁਥਰੀ ਹਵਾ ਨੂੰ ਸਲੈਡਰਾਂ ਵਿੱਚ ਭਰ ਕੇ ਬਾਹਰਲੇ ਦੇਸ਼ਾਂ ਵਿਚ ਵੇਚਿਆ ਜਾਂਦਾ ਸੀ, ਹੁਣ ਇਥੇ ਵਾਯੂਮੰਡਲ ਦੇ ਘੁਮੋਰਿਆਂ ਕਾਰਣ ਅਸਟ੍ਰੇਲੀਆ ਵਿਚ ਦੁਨੀਆਂ ਭਰ ਤੌ ਵੱਧ ਚਮੜੀ ਦੇ ਕੈਂਸਰ ਦੇ ਮਰੀਜ ਹਨ।ਧਰਤੀ, ਸਮੁੰਦਰ ਅਤੇ ਜੰਗਲ ਸਭ ਤੋਂ ਵੱਧ ਪ੍ਰਦੂਸ਼ਨ ਨੂੰ ਸੋਖਣ ਵਾਲੇ ਸਾਧਨ ਹਨ।ਧਰਤੀ ਅਤੇ ਸਮੁੰਦਰ ਦੀ ਸੋਖਣ  ਸਮਰਥਾ ਅਸੀਂ ਖਤਮ ਕਰ ਦਿੱਤੀ ਹੈ। ਜੰਗਲ ਕੱਟ ਕੇ ਅਸੀ ਤੀਸਰੇ ਕੁਦਰਤੀ ਸਾਧਨ ਨੂੰ ਵੀ ਬਰਬਾਦ ਕਰ ਦਿੱਤਾ। ਕਾਰਬਨ ਇਮਿਸ਼ਨ ਘਟਾਉਣ ਲਈ ਸਾਰੇ ਦੇਸ਼ਾਂ ਨੂੰ UNO ਵੱਲੋਂ ਪਾਬੰਦ ਕਰਨਾ ਬਣਦਾ ਹੈ। ਮਨੁੱਖੀ ਭਲਾਈ ਵਾਲੇ ਕੰਮਾਂ ਵਿਚੋ ਵੀਟੋ ਪਾਵਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।ਵੱਧ ਤੋਂ ਵੱਧ ਦਰੱਖਤ ਲਗਾ ਕੇ ਪ੍ਰਦੂਸ਼ਣ ਕਣਾਂ ਨੂੰ ਸੌਖਿਆਂ ਜਾਣਾ ਚਾਹੀਦਾ ਹੈ। ਆਪਣੇ ਘਰ ਵਿੱਚ ਦਸ ਦਰਖਤ ਲਗਾ ਕੇ ਅਸੀ ਅਪਣੀ ਔਸਤ ਉਮਰ ਵਿੱਚ ਸੱਤ ਸਾਲ ਦਾ ਵਾਧਾ ਕਰ ਸਕਦੇ ਹਾਂ। ਇਕ ਦਰਖਤ ਸਲਾਨਾ 20 kg ਧੂੜ ਦੇ ਕਣ, 70kg. ਕਾਰਬਨ ਕਣ 85kg. ਮਰਕਰੀ, ਲੀਥੀਅਮ, ਨਿਕਲ, ਕੈਡਮੀਅਮ ਅਤੇ ਸਿਲੀਕਾਨ ਵਰਗੇ ਜ਼ਹਿਰੀਲੇ  ਕਣ ਸੋਖਣ ਦੀ ਸਮਰਥਾ ਰੱਖਦਾ ਹੈ। ਬੂਟੇ ਸਾਡੇ ਦੁਆਰਾ ਛੱਡੀ ਗਈ ਕਾਰਬਨ ਡਾਈਆਕਸਾਈਡ ਨੂੰ ਲੈ ਕੇ ਸਾਰੇ ਜੀਵਾਂ ਨੂੰ ਜੀਵਨ ਦਾ ਆਧਾਰ ਆਕਸੀਜਨ ਦਿੰਦੇ ਹਨ। ਵਾਤਾਵਰਨ ਪ੍ਰਦੂਸ਼ਣ ਸਾਨੂੰ ਫਿਰ ਆਈਸ ਯੁੱਗ ਵੱਲ ਲੈ ਜਾਵੇਗਾ।ਸਲਫਰ ਅਤੇ ਨਾਈਟ੍ਰੋਜਨ ਦੇ ਕਣ ਪਾਣੀ ਦੇ ਕਣਾਂ ਨਾਲ ਮਿਲ ਕੇ ਤੇਜ਼ਾਬੀ ਵਰਖਾ ਕਰ ਰਹੇ ਹਨ ਜੋ ਬਨਸਪਤੀ ਦੀ ਤਬਾਹੀ ਹੈ। ਕੁਝ ਸਾਲ ਪਹਿਲਾਂ ਹਵਾ ਵਿੱਚ ਕਾਰਬਨ ਕਣਾਂ ਦਾ ਪੱਧਰ 311ppm ਸੀ ਜੋ ਹੁਣ 388ppm ਹੈ ਜੋ ਹੋਰ 20 ਸਾਲਾ ਬਾਅਦ 470ppm ਹੋ ਜਾਣ ਦੀ ਸੰਭਾਵਨਾ ਹੈ।
ਯੂਰਪੀ ਦੇਸ਼ਾਂ ਨੇ ਕਾਰਬਨ ਇਮਿਸ਼ਨ ਘਟਾਉਣ ਲਈ ਬਿਜਲਈ ਕਾਰਾਂ ਚਲਾਉਣ ਦਾ ਫੈਸਲਾ ਕੀਤਾ ਹੈ। ਬਿਜਲੀ ਪੈਂਦਾ ਕਰਨ ਲਈ ਅਸੀਂ ਸਭ ਤੋਂ ਨਖਿਧ ਸਾਧਨ ਕੋਲੇ ਦੀ ਵਰਤੋਂ ਕਰ ਰਹੇ ਹਾਂ। ਇਸ ਕੰਮ ਲਈ ਵਾਯੂ ਅਤੇ ਸੂਰਜਈ ਊਰਜਾ ਨੂੰ ਵਰਤੋਂ ਵਿੱਚ ਲਿਆਉਣ ਚਾਹੀਦਾ ਹੈ। ਸੰਸਾਰ ਯੁੱਧਾ ਵਿੱਚ ਬਰਬਾਦ ਹੋਇਆਂ ਜਰਮਨੀ ਵਾਤਾਵਰਣ ਪ੍ਰਦੂਸ਼ਣ ਲਈ ਸਭ ਤੋਂ ਵਧੀਆ ਕੰਮ ਕਰ ਰਿਹਾ ਹੈ। ਇਸ ਦੇਸ਼ ਨੇ ਇਸ ਦਿਸ਼ਾ ਵਿੱਚ ਕੰਮ ਕਰਨ ਲਈ 57 ਬਿਲੀਅਨ ਡਾਲਰ ਖਰਚ ਕੀਤੇ ਹਨ। ਇਸ ਕੰਮ ਲਈ ਅਸਟ੍ਰੇਲੀਆ ਨੇ ਸਿਰਫ 2ਬਿਲੀਅਨ ਡਾਲਰ ਖਰਚੇ ਹਨ।ਜਰਮਨੀ ਨੇ ਇਸ ਕੰਮ ਵਿੱਚ ਲੋਕਾਂ ਦਾ ਸਹਿਯੋਗ ਲੈਣ ਲਈ ਕਾਉਸਲ ਪੱਧਰ ਦੀਆਂ ਕਮੇਟੀਆਂ ਬਣਾਈਆਂ ਹਨ। ਇਸ ਦਿਸ਼ਾ ਵਿਚ ਭਾਰਤ ਸਰਕਾਰ ਦੇ ਯਤਨ ਵੀ ਸਲਾਹੁਣਯੋਗ ਨਹੀਂ ਹਨ। ਸਕੂਲਾਂ ਦੇ ਬੱਚਿਆਂ ਨੇ ਸਰਕਾਰਾਂ ਨੂੰ ਜਗਾਉਣ ਲਈ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਹ ਸਭ ਹੋਣ ਦੇ ਬਾਵਜੂਦ ਸਰਕਾਰਾਂ ਦੀ ਕਾਰਜਕਾਰੀ ਨਿਰਾਸ਼ਾਜਨਕ ਹੈ। ਲੋਕਾਂ ਦੀ ਜਾਗਰੂਕਤਾ ਅਤੇ ਲੋਕ ਸੰਘਰਸ਼ ਹੀ ਸਰਕਾਰਾਂ ਨੂੰ ਯੋਗ ਫੈਸਲੇ ਲੈਣ ਲਈ ਮਜਬੂਰ ਕਰ ਸਕਦੀਆਂ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin