India

ਪਾਰਟੀ ਦੀ ਸਫਲਤਾ ਲਈ ਗਾਂਧੀ ਪਰਿਵਾਰ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ – ਸੋਨੀਆ ਗਾਂਧੀ

ਨਵੀਂ ਦਿੱਲੀ – “ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਲਈ ਜੇਕਰ ਗਾਂਧੀ ਪਰਿਵਾਰ ਜ਼ਿੰਮੇਵਾਰ ਹੈ ਤਾਂ ਉਹ ਪਾਰਟੀ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਕੋਈ ਵੀ ‘ਕੁਰਬਾਨੀ’ ਦੇਣ ਲਈ ਤਿਆਰ ਹਨ।”

ਪੰਜ ਸੂਬਿਆਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਐਤਵਾਰ ਨੂੰ ਸੋਨੀਆ ਗਾਂਧੀ ਦੀ ਪ੍ਰਧਾਨਗੀ ‘ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਮੀਟਿੰਗ ਵਿੱਚ ਸੋਨੀਆ ਗਾਂਧੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਲਈ ਗਾਂਧੀ ਪਰਿਵਾਰ ਜ਼ਿੰਮੇਵਾਰ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਪਾਰਟੀ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਕੋਈ ਵੀ ‘ਕੁਰਬਾਨੀ’ ਦੇਣ ਲਈ ਤਿਆਰ ਹਨ। ਸੂਤਰਾਂ ਨੇ ਦੱਸਿਆ ਕਿ ਬੈਠਕ ‘ਚ ਸ਼ਾਮਲ ਹੋਣ ਵਾਲੇ ਲਗਭਗ ਸਾਰੇ ਨੇਤਾ ਇਸ ਗੱਲ ‘ਤੇ ਸਹਿਮਤ ਸਨ ਕਿ ਸੋਨੀਆ ਨੂੰ ਹੀ ਕਮਾਨ ਸੰਭਾਲੀ ਰੱਖਣੀ ਚਾਹੀਦੀ ਹੈ। ਚਾਰ ਘੰਟੇ ਤੱਕ ਚੱਲੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਸੋਨੀਆ ਗਾਂਧੀ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ ਅਤੇ ਪਾਰਟੀ ਦਾ ਕੋਈ ਵੀ ਮੈਂਬਰ ਅਸਤੀਫ਼ਾ ਨਹੀਂ ਦੇਵੇਗਾ। ਬੈਠਕ ‘ਚ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ ਪਾਰਟੀ ਦੇ ਚੋਟੀ ਦੇ ਨੇਤਾਵਾਂ ਨੇ ਹਿੱਸਾ ਲਿਆ।

ਇਸ ਮੀਟਿੰਗ ਤੋਂ ਪਹਿਲਾਂ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਕਿਹਾ ਕਿ ਰਾਹੁਲ ਨੂੰ ਪਾਰਟੀ ਦੀ ਵਾਗਡੋਰ ਸੰਭਾਲਣੀ ਚਾਹੀਦੀ ਹੈ ਅਤੇ ਪੰਜਾਬ ਵਿੱਚ ਨੁਕਸਾਨ “ਅੰਦਰੂਨੀ ਲੋਕਾਂ” ਦੁਆਰਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੋਨੀਆ ਗਾਂਧੀ ਅਤੇ ਰਾਹੁਲ ਦੀ ਅਗਵਾਈ ‘ਤੇ ਸਵਾਲ ਨਹੀਂ ਉਠਾਏ ਜਾ ਸਕਦੇ। ਗਹਿਲੋਤ ਨੇ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਗਾਂਧੀ ਪਰਿਵਾਰ ਦਾ ਕੋਈ ਵੀ ਪ੍ਰਧਾਨ ਮੰਤਰੀ ਜਾਂ ਮੰਤਰੀ ਨਹੀਂ ਬਣਿਆ, ਕਾਂਗਰਸ ਦੀ ਏਕਤਾ ਲਈ ਗਾਂਧੀ ਪਰਿਵਾਰ ਬਹੁਤ ਜ਼ਰੂਰੀ ਹੈ।

ਇਥੇ ਇਹ ਵੀ ਵਰਨਣਯੋਗ ਹੈ ਕਿ ਕਾਂਗਰਸ ਨੇ ਸ਼ਨੀਵਾਰ ਸ਼ਾਮ ਨੂੰ ਸਪੱਸ਼ਟ ਤੌਰ ‘ਤੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਗਾਂਧੀ ਪਰਿਵਾਰ – ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ – ਐਤਵਾਰ ਨੂੰ ਆਪਣੀ ਚੋਟੀ ਦੀ ਫੈਸਲਾ ਲੈਣ ਵਾਲੀ ਸੰਸਥਾ ਕਾਂਗਰਸ ਵਰਕਿੰਗ ਕਮੇਟੀ ਜਾਂ ਸੀਡਬਲਯੂਸੀ ਦੀ ਮੀਟਿੰਗ ਵਿੱਚ ਅਸਤੀਫਾ ਦੇਣਗੇ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸ਼ਨੀਵਾਰ ਸ਼ਾਮ ਨੂੰ ਕਿਹਾ, “ਕਥਿਤ ਅਸਤੀਫੇ ਦੀ ਖਬਰ ਅਣਪਛਾਤੇ ਸਰੋਤਾਂ ‘ਤੇ ਆਧਾਰਿਤ ਹੈ ਅਤੇ ਪੂਰੀ ਤਰ੍ਹਾਂ ਗੈਰ-ਵਾਜਬ ਅਤੇ ਝੂਠੀ ਹੈ।”

ਵਰਨਣਯੋਗ ਹੈ ਕਿ ਪਾਰਟੀ ਵਿਚ ਜ਼ਰੂਰੀ ਬਦਲਾਅ ਕਰਨ ਦੀ ਮੰਗ ਕਰਦੇ ਆ ਰਹੇ ਜੀ-23 ਦੇ ਆਗੂਆਂ ਦੀ ਸ਼ੁੱਕਰਵਾਰ ਸ਼ਾਮ ਨੂੰ ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਦੀ ਰਿਹਾਇਸ਼ ਵਿਖੇ ਮੀਟਿੰਗ ਹੋਈ, ਜਿਸ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਅਗਲੀ ਰਣਨੀਤੀ ਉਲੀਕੀ ਗਈ। ਆਜ਼ਾਦ ਅਤੇ ਸੀਨੀਅਰ ਆਗੂ ਆਨੰਦ ਸ਼ਰਮਾ ਦੋ ਅਜਿਹੇ ਆਗੂ ਹਨ ਜੋ ਕਿ ਜੀ-23 ਤੋਂ ਇਲਾਵਾ ਕਾਂਗਰਸ ਵਰਕਿੰਗ ਕਮੇਟੀ ਦਾ ਹਿੱਸਾ ਵੀ ਹਨ। ਮੁਕੁਲ ਵਾਸਨਿਕ ਨੇ ਸਮੂਹ ਵੱਲੋਂ ਸੋਨੀਆ ਗਾਂਧੀ ਨੂੰ ਇਕ ਪੱਤਰ ਲਿਖਿਆ ਸੀ। 23 ਆਗੂਆਂ ਦੇ ਇਸ ਸਮੂਹ ਨੇ ਸ਼ੁੱਕਰਵਾਰ ਨੂੰ ਮੀਟਿੰਗ ਵਿਚ ਪਾਰਟੀ ਦੀ ਹਾਰ ’ਤੇ ਹੈਰਾਨੀ ਜ਼ਾਹਿਰ ਕੀਤੀ। ਸੂਤਰਾਂ ਨੇ ਕਿਹਾ ਕਿ ਆਗੂਆਂ ਨੇ ਬਿਲਕੁਲ ਹਾਸ਼ੀਏ ’ਤੇ ਪਹੁੰਚ ਚੁੱਕੀ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਬਾਰੇ ਚਰਚਾ ਕੀਤੀ। ਉਨ੍ਹਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਲੋੜੀਂਦੇ ਕਦਮ ਨਾ ਉਠਾਏ ਜਾਣ ’ਤੇ ਨਿਰਾਸ਼ਾ ਜ਼ਾਹਿਰ ਕੀਤੀ। ਕੁਝ ਆਗੂਆਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਅਸਾਮ, ਪੱਛਮੀ ਬੰਗਾਲ, ਕੇਰਲ ਅਤੇ ਪੁੱਡੂਚੇਰੀ ਵਿਚ ਹੋਈ ਪਾਰਟੀ ਦੀ ਹਾਰ ਦੇ ਕਾਰਨਾਂ ਬਾਰੇ ਚਰਚਾ ਕਰਨ ਲਈ ਬਣਾਈ ਕਮੇਟੀ ਦੀ ਰਿਪੋਰਟ ਬਾਰੇ ਵੀ ਚਰਚਾ ਨਹੀਂ ਕੀਤੀ ਗਈ।

Related posts

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ 8 ਰਾਜਾਂ ਦੀਆਂ 49 ਸੀਟਾਂ ’ਤੇ ਵੋਟਿੰਗ ਅੱਜ

editor

‘ਆਪ’ ਨੂੰ ਚੁਣੌਤੀ ਸਮਝਦੀ ਹੈ ਭਾਜਪਾ, ਪਾਰਟੀ ਨੂੰ ਕੁਚਲਣ ਲਈ ‘ਅਪਰੇਸ਼ਨ ਝਾੜੂ’ ਚਲਾਇਆ: ਕੇਜਰੀਵਾਲ

editor

ਮਾਓਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਰਾਹੁਲ:ਮੋਦੀ

editor