Articles

ਕਿਸਾਨ ਅੰਦੋਲਨ ਅਤੇ ਆਗੂਆਂ ਦੇ ਬਿਆਨਾਂ ਦਾ ਹੁਣ ਤੱਕ ਦਾ ਸਫ਼ਰ

ਫੋਟੋ: ਏ ਐੱਨ ਆਈ।
ਲੇਖਕ: ਸੁਖਵੀਰ ਸਿੰਘ ਕੰਗ, ਕੋਟਲਾ ਸ਼ਮਸ਼ਪੁਰ, ਸਮਰਾਲਾ

ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਦੀ ਮਾਲਕੀ ਨੂੰ ਬਚਾਉਣ ਅਤੇ ਖੇਤੀ ਸਬੰਧੀ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾ ਕੇ ਦੇਸ਼ ਦੇ ਕਿਸਾਨਾਂ ਅਤੇ ਮਜਦੂਰਾਂ ਦੇ ਹੱਕਾਂ ਦੀ ਰੱਖੀ ਹਿਤ ਅਰੰਭੇ ਦੇਸ਼ ਵਿਆਪੀ ਅੰਦੋਲਨ ਦੌਰਾਨ ਸ਼ੰਘਰਸ਼ੀ ਜਥੇਬੰਦੀਆਂ ਦੇ 25 ਨਵੰਬਰ ਨੂੰ ਦਿੱਲੀ ਵੱਲ ਚਾਲੇ ਪਾਉਣਾ, ਹਰਿਆਣੇ ਸਮੇਤ ਕਈ ਰਾਜਾਂ ਦਾ ਡਟ ਕੇ ਸਾਥ ਦੇਣਾ, ਰਸਤੇ ਵਿੱਚ ਸਰਕਾਰ ਵਲੋਂ ਪਾਈਆਂ ਰੁਕਾਵਟਾਂ ਅਤੇ ਬੈਰੀਕੇਡਾਂ ਨੂੰ ਸਲੀਕੇ ਨਾਲ ਪਾਰ ਕਰਨਾ, 26 ਨਵੰਬਰ ਨੂੰ ਦਿੱਲੀ ਦਿੱਲੀ ਦੀਆਂ ਸਰਹੱਦਾਂ ਮੱਲ ਲੈਣਾ, ਦਿੱਲੀ ਦੀਆਂ ਬਰੂਹਾਂ ਤੇ ਮੋਰਚੇ ਕਾਇਮ ਕਰਨਾ, ਮੋਰਚਿਆਂ ਤੋਂ ਸਰਕਾਰ ਨੂੰ ਤਕੜੀ ਚੁਣੌਤੀ ਦੇਣਾ, ਵਿਦੇਸ਼ਾਂ ਤੋਂ ਸਿਆਸੀ ਅਤੇ ਵਿਚਾਰਧਾਰਕ ਹਮਾਇਤ ਮਿਲਣਾ, ਸਰਕਾਰ ਵਲੋਂ ਮੀਟਿੰਗਾਂ ਦੀ ਪੇਸ਼ਕਸ਼ ਆਉਣਾ, ਮੀਟਿੰਗਾਂ ਵਿੱਚ ਤਿੰਨੋਂ ਕਾਨੂੰਨਾਂ ਨੂੰ ਮਾਰੂ ਸਾਬਤ ਕਰ ਦੇਣਾ, ਇੱਕਜੁੱਟਤਾ ਅਤੇ ਤਕਨੀਕ ਨਾਲ ਸਰਕਾਰ ਦੇ ਨੈੱਟ ਹਮਲੇ ਦਾ ਭਾਂਡਾ ਭੰਨਣਾ ਅਤੇ ਇਸਨੂੰ ਟੱਕਰ ਦੇਣਾ, ਸਮੁੱਚੇ ਦੇਸ਼ ਦੀ ਅਨੇਕ ਰਾਜਾਂ ਅਤੇ ਵਰਗਾਂ ਦੇ ਨਾਲ ਖੜ੍ਹ ਜਾਣ ਨਾਲ ਅੰਦੋਲਨ ਦਾ ਕੱਦ ਬੁਲੰਦ ਹੋ ਜਾਣ ਦੇ ਬਾਵਜੂਦ ਸਫ਼ਾਈ ਤੇ ਅਨੁਸ਼ਾਸਨ ਦਾ ਕਾਇਮ ਰਹਿਣਾ ਇਸ ਅੰਦੋਲਨ ਦੀਆਂ ਮੁੱਖ ਪ੍ਰਾਪਤੀਆਂ ਸਨ । ਇਸ ਸਭ ਦੀ ਬਦੌਲਤ ਅੰਦੋਲਨ ਦੀ ਅੰਤਰ-ਰਾਸ਼ਟਰੀ ਪਛਾਣ ਬਣ ਜਾਣਾ, 26 ਜਨਵਰੀ ਦੀ ਟਰੈਕਟਰ ਪਰੇਡ ਦੀ ਧੁੰਮ ਅਤੇ ਵਿਸ਼ਵ ਪ੍ਰਸਿੱਧ ਹਸਤੀਆਂ ਦਾ ਦੇਸ਼ ਦੇ ਕਿਸਾਨ ਅੰਦੋਲਨ ਦੇ ਪੱਖ ਵਿੱਚ ਟਵੀਟ ਕਰਨਾ ਆਦਿ ਇਸ ਕਿਸਾਨ ਅੰਦੋਲਨ ਦੀ ਸਿਖਰ ਮੰਨੇ ਜਾ ਸਕਦੇ ਹਨ । ਦੇਸ਼ ਦੀ ਕੇਂਦਰ ਸਰਕਾਰ ਕਿਸਾਨਾਂ ਦੀਆਂ ਜਮੀਨਾਂ, ਖੇਤੀ ਅਤੇ ਉਪਜਾਂ ਦੀ ਮਾਲਕੀ ਹੌਲੀ ਹੌਲੀ ਕਰਕੇ ਨਿੱਜੀ ਕਾਰਪੋਰੇਟ ਘਰਾਣਿਆਂ ਦੇ ਕਾਬੂ ਵਿੱਚ ਲਿਆਉਣ ਲਈ ਤਾਂ ਕਈ ਸਾਲਾਂ ਤੋਂ ਸਰਗਰਮ ਸੀ ਅਤੇ ਇਸ ਲਈ ਗੁਪਤ ਯਤਨ ਵੀ ਹੋ ਰਹੇ ਸਨ ਪਰ ਪਿਛਲੇ ਸਾਲ ਦੇ ਜੂਨ ਮਹੀਨੇ ਵਿੱਚ ਕਾਲੇ ਕਾਨੂੰਨਾਂ ਦੀ ਇਹ ਬਿੱਲੀ ਥੈਲਿਓਂ ਬਾਹਰ ਆਈ ਤਾਂ ਸਾਰੇ ਦੇਸ਼ ਕਿਸਾਨਾਂ ਅਤੇ ਚਿੰਤਕਾਂ ਵਿੱਚ ਹਲਚਲ ਸ਼ੁਰੂ ਹੋ ਗਈ । ਕਰੋਨਾਂ ਮਹਾਂ ਮਾਰੀ ਦੇ ਪ੍ਰਕੋਪ ਦੇ ਬਾਵਜੂਦ ਸਰਕਾਰ ਵਲੋਂ ਪਹਿਲਾਂ ਆਰਡੀਨੈਂਸ ਜਾਰੀ ਕੀਤਾ ਅਤੇ ਭਾਰੀ ਹੰਗਾਮੇ ਨੂੰ ਅਣਗੌਲਿਆਂ ਕਰਕੇ ਕਾਹਲੀ ਵਿੱਚ ਕਾਹਲੀ ਵਿੱਚ ਰਾਸ਼ਟਰਪਤੀ ਤੋਂ ਵੀ ਮੋਹਰ ਲਗਾ ਲਈ ਤਾਂ ਵਿਰੋਧ ਵਜੋਂ ਸਤੰਬਰ ਮਹੀਨੇ ਤੋਂ ਪੰਜਾਬ ਵਿੱਚ ਰੇਲਾਂ ਰੋਕੀਆਂ ਗਈਆਂ ਅਤੇ ਥਾਂ ਥਾਂ ਧਰਨੇ- ਮੁਜਾਹਰੇ ਹੋਣ ਲੱਗੇ । ਇਹ ਸਭ ਦੋ ਮਹੀਨੇ ਤੱਕ ਜਾਰੀ ਰਿਹਾ ਪਰ ਕੇਂਦਰ ਸਰਕਾਰ ਉੱਪਰ ਕੋਈ ਅਸਰ ਨਾ ਪਿਆ ਫਿਰ ਅੱਕ ਕੇ ਕਿਸਾਨਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਲਿਆ ਤਾਂ ਕਿ ਸਰਕਾਰ ਖਿਲਾਫ਼ ਆਵਾਜ ਹੋਰ ਬੁਲੰਦ ਤਰੀਕੇ ਨਾਲ ਉਠਾਈ ਜਾ ਸਕੇ ।

ਕਿਸਾਨ ਅੰਦੋਲਨ ਦੇ ਇਸ ਸਾਰੇ ਸਫ਼ਰ ਦੌਰਾਨ ਵਰਤੇ ਬਹੁਤ ਸਾਰੇ ਵਰਤਾਰਿਆਂ ਨੇ ਲੋਕਾਂ ਦਾ ਬਹੁਤ ਧਿਆਨ ਖਿੱਚਿਆ । ਇਹਨਾਂ ਵਰਤਾਰਿਆ ਵਿੱਚੋਂ ਸਭ ਤੋਂ ਅਹਿਮ ਵਰਤਾਰਾ ਉੱਭਰ ਕੇ ਸਾਹਮਣੇ ਆਉਂਦਾ ਹੈ – ਉਹ ਹੈ ਕਿਸਾਨ ਅੰਦੋਲਨ ਦੇ ਆਗੂਆਂ ਦੇ ਬਿਆਨ । ਜਦੋਂ ਕਿਸਾਨ ਦੇ ਹੱਕਾਂ ਤੇ ਪੈਣ ਵਾਲੇ ਡਾਕੇ ਦਾ ਪਰਦਾ ਫਾਸ਼ ਹੋਇਆ ਤਾਂ ਆਮ ਦੀ ਤਰ੍ਹਾਂ ਕਿਸਾਨ ਜਥੇਬੰਦੀਆਂ ਆਪੋ ਆਪਣੇ ਵਰਕਰਾਂ ਅਤੇ ਝੰਡਿਆਂ ਸਮੇਤ ਧਰਨੇ ਮੁਜਾਹਰੇ ਕਰਕੇ ਆਪਣੇ ਵੱਖ-ਵੱਖ ਜੱਦੀ ਜਾਂ ਪ੍ਰਭਾਵ ਵਾਲੇ ਹਲਕਿਆਂ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲੱਗੀਆਂ । ਅਰੰਭ ਵਿਚ ਆਗੂਆਂ ਦੀ ਸਰਗਰਮੀ ਅਤੇ ਬਿਆਨ ਰਵਾਇਤੀ ਝੰਡਾਵਾਦੀ ਸੁਰ ਵਾਲੇ ਸਨ । ਇੱਕ ਹੀ ਮੁਜਾਹਰੇ ਵਿਚ ਕਈ-ਕਈ ਜਥੇਬੰਦੀਆਂ ਦੇ ਝੰਡੇ ਦੇਖਣ ਨੂੰ ਮਿਲਦੇ ਸਨ । ਵੱਖ-ਵੱਖ ਇਲਾਕਿਆ ਵਿੱਚ ਹੋਂਦ ਰੱਖਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਨਿੱਜੀ ਵਿਚਾਰਧਾਰਾ ਉੱਪਰ ਅਧਾਰਿਤ ਸਨ ਅਤੇ ਇਹਨਾਂ ਦਾ ਵਿਸ਼ਾ ਖੇਤੀ ਸਬੰਧੀ ਮੁਸ਼ਕਿਲਾਂ ਤੱਕ ਹੀ ਸੀਮਤ ਹੁੰਦਾ ਸੀ । ਫਿਰ ਰੇਲ ਰੋਕੋ ਮੁਹਿੰਮ ਅਧੀਨ ਰੇਲਵੇ ਲਾਈਨਾਂ ਅਤੇ ਸਟੇਸ਼ਨਾਂ ਉੱਪਰ ਧਰਨੇ ਲਗਾਏ ਗਏ ਨਾਲ ਹੀ ਰਾਜ ਅੰਦਰ ਚੱਲ ਰਹੇ ਟੌਲ-ਪਲਾਜ਼ਿਆਂ ਨੂੰ ਬੰਦ ਕਰਾਉਣ ਲਈ ਵੀ ਧਰਨੇ ਲਗਾਏ ਗਏ ਇਸ ਪੜਾਅ ਤੱਕ ਆਗੂਆਂ ਅਤੇ ਬੁਲਾਰਿਆਂ ਦੇ ਬਿਆਨ ਆਪਣੀ ਪੱਧਰ ਦੀ ਲਾਮਬੰਦੀ ਵਾਲੇ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੁਆਲੇ ਹੀ ਘੁੰਮਦੇ ਸਨ । ਇਹਨਾਂ ਧਰਨਿਆਂ ਉੱਪਰ ਵੱਖ-ਵੱਖ ਪਿੰਡਾਂ ਦੇ ਸਭ ਜਥੇਬੰਦੀਆਂ ਨਾਲ ਸਬੰਧਤ ਲੋਕ ਇੱਕੋ ਥਾਂ ਇਕੱਠੇ ਬੈਠਦੇ ਸਨ ਤਾਂ ਇਹਨਾਂ ਧਰਨਿਆਂ ਉੱਪਰ ਦਿਖਾਈ ਦਿੰਦੇ ਵੱਖੋ ਵੱਖਰੇ ਝੰਡਿਆਂ ਦੀ ਮੌਜੂਦਗੀ ਆਮ ਲੋਕਾਂ ਨੂੰ ਚੁਭਣ ਲੱਗੀ ਅਤੇ ਵੱਖਰੇ ਝੰਡੇ ਲੈ ਕੇ ਇੱਕੋ ਧਰਨੇ ਤੇ ਬੈਠਣਾ ਉਹਨਾਂ ਦੀ ਸਾਂਝ ਨੂੰ ਠੇਸ ਪਹੁੰਚਾਉਂਦਾ ਸੀ । ਕਿਸਾਨਾਂ ਦੇ ਆਪਸੀ ਏਕੇ ਵਿੱਚ ਰੁਕਾਵਟ ਬਣ ਰਹੇ ਇਹ ਝੰਡੇ ਵੀ ਧਰਨਿਆਂ ਵਿੱਚ ਘੱਟ ਦਿਖਾਈ ਦੇਣ ਲੱਗੇ ਇਸ ਨਾਲ ਕਿਸਾਨ ਆਗੂਆਂ ਦੇ ਬਿਆਨਾਂ ਨੂੰ ਵੀ ਸਾਂਝੇ ਯਤਨਾਂ ਲਈ ਪ੍ਰੇਰਿਤ ਕਰਨ ਦੀ ਪੁੱਠ ਚੜ੍ਹਨ ਲੱਗੀ ਜੋ ਅੱਗੇ ਚੱਲ ਕੇ ਇੱਕ ਸਾਂਝਾ ਮੋਰਚਾ ਬਣਾਉਣ ਵਿੱਚ ਕਾਫੀ ਸਹਾਈ ਹੋਈ ਅਤੇ ਖਿਲਰੀ ਹੋਈ ਕਿਸਾਨ ਅਗਵਾਈ ਨੂੰ ਘੱਟੋ-ਘੱਟ ਇੱਕ ਸਾਂਝਾ ਝੰਡਾ ਨਸੀਬ ਹੋਇਆ । ਇਸ ਪੜਾਅ ਤੇ ਕਿਸਾਨ ਆਗੂਆਂ ਨੇ ਖੇਤੀ ਕਾਨੂੰਨਾਂ ਦੀਆਂ ਡੂੰਘੀਆਂ ਰਮਜਾਂ ਅਤੇ ਮਾਰਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਸੀ ਹੁਣ ਉਹਨਾਂ ਦੇ ਬਿਆਨ ਲਾਮਬੰਦੀ, ਖੇਤੀ ਨੂੰ ਦਰਪੇਸ਼ ਚੁਣੌਤੀਆ ਵਿਚਾਰਨ ਦਾ ਨਾਲ ਨਾਲ ਨਵੇਂ ਆ ਰਹੇ ਖੇਤੀ ਕਾਨੂੰਨਾਂ ਤੋਂ ਪੈਦਾ ਹੋਣ ਵਾਲੇ ਖਤਰਿਆਂ ਦਆਲੇ ਕੇਂਦਰਤ ਹੋਣੇ ਸ਼ੁਰੂ ਹੋ ਗਏ । ਕੁੱਝ ਆਗੂਆਂ ਨੇ ਪਹਿਲਾਂ ਹੀ ਅਤੇ ਕੁੱਝ ਨੇ ਇਕ ਦੂਸਰੇ ਦੇ ਸੰਪਰਕ ਨਾਲ ਖੇਤੀ ਕਾਨੂੰਨਾਂ ਨੂੰ ਘੋਖਣਾ ਅਤੇ ਵਿਚਾਰਨਾਂ ਸ਼ੁਰੂ ਕੀਤਾ ਤਾਂ ਕਿ ਆਮ ਕਿਸਾਨਾਂ ਨੂੰ ਇਹਨਾਂ ਦੀ

ਫੋਟੋ: ਏ ਐੱਨ ਆਈ।

ਗੰਭੀਰਤਾ ਬਾਰੇ ਸੁਚੇਤ ਕੀਤਾ ਜਾ ਸਕੇ । ਇਸ ਸਮੇਂ ਤੱਕ ਕਿਸਾਨ ਸੰਘਰਸ਼ ਪੰਜਾਬ ਦੇ ਸਭ ਜਿਲ੍ਹਿਆਂ ਤੋਂ ਵੱਖਰੇ- ਵੱਖਰੇ ਮੁਹਾਜ਼ਾਂ ਤੋਂ ਆਪੋ ਆਪਣੇ ਤਰੀਕੇ ਨਾਲ ਲੜਿਆ ਜਾ ਰਿਹਾ ਸੀ । ਮੁਹਾਜਾਂ ਦੀ ਆਪਸੀ ਦੂਰੀ ਅਤੇ ਵੱਖਰੀਆਂ ਵਿਚਾਰਧਾਰਾਵਾਂ ਹੋਣ ਦੇ ਬਾਵਜੂਦ ਸਭ ਦਾ ਮਕਸਦ ਸ਼ਾਂਝਾ ਸੀ ਜਿਸ ਨਾਲ ਜਿਸ ਨਾਲ ਕਿਸਾਨ ਆਗੂਆਂ ਦੇ ਬਿਆਨਾਂ ਨੂੰ ਏਕਤਾ ਦੀ ਰੰਗਤ ਚੜ੍ਹਨ ਲੱਗੀ । ਪੂਰੇ ਪੰਜਾਬ ਅੰਦਰ ਚੱਲ ਰਹੇ ਪਰਸਪਰ ਮੁਕਾਬਲੇ ਦੇ ਮੋਰਚਿਆਂ ਦੀ ਹੀ ਦੇਣ ਸੀ ਕਿ ਕਿਸਾਨ ਆਗੂ ਬਹੁਤ ਸੋਚ ਸਮਝ ਕੇ ਬਿਆਨ ਦੇ ਰਹੇ ਸਨ ਇਮਾਨਦਾਰ ਅਗਵਾਈ ਦੇ ਪਾਬੰਦ ਬਣੇ ਹੋਏ ਸਨ । ਇਸ ਮੁਕਾਮ ਤੇ ਕਿਸਾਨ ਆਗੂਆਂ ਦੇ ਬਿਆਨ ਸੰਭਲੇ ਹੋਏ, ਜਿੰਮੇਵਾਰ, ਏਕੇ ਦੇ ਹਾਮੀ ਅਤੇ ਖੇਤੀ ਕਨੂੰਨਾਂ ਤੋਂ ਪੈਦਾ ਹੋਣ ਵਾਲੀਆਂ ਪ੍ਰਸਥਿਤੀਆਂ ਤੋਂ ਕਿਸਾਨਾਂ ਤੋਂ ਇਲਾਵਾ ਬਾਕੀ ਸਬੰਧਤ ਵਰਗਾਂ ਨੂੰ ਜਾਗ੍ਰਿਤ ਕਰਨ ਦੇ ਸਮਰੱਥ ਹੋ ਗਏ ਸਨ ਪਰ ਆਪਸੀ ਦੂਰੀ ਕਾਰਨ ਹਾਲੇ ਜਥੇਬੰਦੀ ਅਤੇ ਵਿਚਾਰਧਾਰਾ ਦੇ ਅਸਰ ਨੇ ਪਿੱਛਾ ਨਹੀਂ ਸੀ ਛੱਡਿਆ । ਹੁਣ ਤੱਕ ਬਹੁਤ ਲਾਮਬੰਦੀ ਹੋ ਚੁੱਕੀ ਸੀ ਅਤੇ ਕਿਸਾਨਾਂ ਨਾਲ ਮਜ਼ਦੂਰ ਵਰਗ ਵੀ ਮਿਲ ਚੁੱਕਾ ਸੀ । ਧਰਨਿਆਂ ਅਤੇ ਮੋਰਚਿਆਂ ਉੱਪਰ ਕਿਸਾਨਾਂ ਦੇ ਨਾਲ ਨਾਲ ਹੋਰ ਵਰਗ ਵੀ ਵੱਡੀ ਗਿਣਤੀ ਵਿੱਚ ਜੁੜਨ ਲੱਗੇ । ਵੱਖ ਵੱਖ ਖੇਤਰਾਂ ਦੇ ਚਿੰਤਕਾਂ, ਬੁੱਧੀਜੀਵੀਆਂ, ਵਿਦਵਾਨਾਂ ਅਤੇ ਕਲਾਕਾਰ ਹਸਤੀਆਂ ਦੇ ਮੋਰਚਿਆਂ ਵਿਚ ਸ਼ਮੂਲੀਅਤ ਕਰਨ ਨਾਲ ਅੰਦੋਲਨ ਅਤੇ ਆਗੂਆਂ ਨੂੰ ਬਹੁਤ ਤਾਕਤ ਮਿਲੀ ਅਤੇ ਅੰਦੋਲਨ ਨੂੰ ਨਵੇਂ ਬੁਲਾਰੇ ਮਿਲੇ ਇਸ ਨਾਲ ਮੁਹਾਜ਼ਾਂ ਦੀ ਆਵਾਜ ਹੋਰ ਵੀ ਪ੍ਰਚੰਡ ਹੋ ਗਈ ਇਸ ਨਾਲ ਆਗੂਆਂ ਦੇ ਬਿਆਨ ਇੱਕ ਵਾਰ ਤਾਂ ਆਤਮ ਵਿਸ਼ਵਾਸ ਨਾਲ ਭਰ ਗਏ । ਅੰਦੋਲਨ ਹੁਣ ਜਵਾਨ ਹੋ ਚੁੱਕਿਆ ਸੀ ਅਤੇ ਮੋਰਚਿਆਂ ਤੋਂ ਅੰਦੋਲਨ ਦੀ ਤੀਬਰਤਾ ਵਧਾਉਣ ਦੇ ਹੌਸਲੇ ਭਰਪੂਰ ਅਤੇ ਏਕੇ ਵਾਲੇ ਬਿਆਨ ਆਉਣੇ ਸ਼ੁਰੂ ਹੋਏ । ਸਾਂਝੇ ਲੋਕਾਂ ਅਤੇ ਸਾਂਝੇ ਚਿੰਤਕਾਂ ਦੀ ਮੌਜੂਦਗੀ ਸਦਕਾ ਕਿਸਾਨ ਜਥੇਬੰਦੀਆਂ ਦੀ ਨੇੜਤਾ ਵਧਣ ਲੱਗੀ ਜਿਸ ਨਾਲ ਏਕਤਾ, ਸਾਂਝੀ ਨੀਤੀ ਅਤੇ ਸਾਂਝੇ ਪ੍ਰੋਗਰਾਮਾਂ ਦੀ ਲੋੜ ਮਹਿਸੂਸ ਹੋਈ ਅਤੇ ਖਿੱਲਰੇ ਹੋਏ ਸੰਘਰਸ਼ ਦਾ ਕੇਂਦਰ ਸਰਕਾਰ ਤੇ ਅਸਰ ਨਾ ਹੁੰਦਾ ਦੇਖ ਕੇ ਸਾਰੀਆਂ ਜਥੇਬੰਦੀਆਂ ਅਤੇ ਮੋਰਚਿਆਂ ਨੇ ਸਾਂਝੀ ਰਣਨੀਤੀ ਬਣਾਈ ਅਤੇ ਦਿੱਲੀ ਕੂਚ ਕਰਨ ਦਾ ਪ੍ਰੋਗਰਾਮ ਤੈਅ ਹੋਇਆ । ਹੁਣ ਆਗੂਆਂ ਦੇ ਬਿਆਨਾਂ ਨੂੰ ਭਰੋਸੇ ਤੇ ਏਕਤਾ ਦਾ ਬਲ ਮਿਲ ਚੁੱਕਾ ਸੀ ਅਤੁ ਹੁਣ ਉਹ ਉੱਪਰਲੀ ਸੁਰ ਵਿਚ ਹੋ ਚੁੱਕੇ ਸਨ । ਇਸ ਪੜਾਅ ਤੇ ਕਿਸਾਨ ਆਗੂਆਂ ਦੇ ਬਿਆਨ ਆਪਣੇ ਵਰਕਰਾਂ, ਕਿਸਾਨਾਂ ਅਤੇ ਹੋਰ ਲੋਕਾਂ ਨੂੰ ਉਤਸ਼ਾਹਿਤ ਕਰਕੇ ਵੱਡੀ ਗਿਣਤੀ ਵਿੱਚ ਨਾਲ ਤੋਰਨ, ਉਹਨਾਂ ਵਿੱਚ ਜੋਸ਼ ਭਰਨ ਅਤੇ ਹੱਲਾ ਬੋਲ ਤਿਆਰੀ ਕਰਨ ਲਈ ਪ੍ਰੇਰਨ ਵਾਲੇ ਸਨ ।

ਫੋਟੋ: ਏ ਐੱਨ ਆਈ।

ਪੰਜਾਬ ਦੇ ਕਿਸਾਨਾਂ ਦੇ ਦਿੱਲੀ ਕੂਚ ਦੌਰਾਨ ਸਰਕਾਰ ਵਲੋਂ ਪਈਆਂ ਭਾਰੀ ਰੁਕਾਵਟਾਂ ਨੂੰ ਪਾਰ ਕਰਨ ਵਿੱਚ ਪੰਜਾਬ ਦੇ ਨੌਜਵਾਨ ਵਰਗ ਨੇ ਲਾਸਾਨੀ ਹਿੰਮਤ ਦਿਖਾਈ ਅਤੇ ਆਪਣੇ ਉੱਪਰ ਲੰਬੇ ਸਮੇਂ ਤੋਂ ਲਗਦੇ ਆ ਰਹੇ ਦਾਗ ਧੋ ਦਿੱਤੇ । ਹਰਿਆਣੇ ਦੀ ਭਰਪੂਰ ਹਮਾਇਤ ਸਦਕਾ ਕਿਸਾਨਾਂ ਦੇ ਮੋਰਚੇ ਕੇਂਦਰ ਸਰਕਾਰ ਦੀ ਨੀਅਤ ਨੂੰ ਭਾਂਪਦਿਆਂ ਦਿੱਲੀ ਦੀਆਂ ਸਰਹੱਦਾਂ ਤੇ ਡਟ ਗਏ ਅਤੇ ਸਟੇਜਾਂ ਸਜਾ ਲਈਆਂ ਗਈਆਂ । ਇੱਥੇ ਟਿਕ ਜਾਣ ਤੇ ਕਿਸਾਨ ਆਗੂਆਂ ਦੇ ਬਿਆਨਾਂ ਵਿੱਚ ਬੁਲੰਦ ਹੌਸਲੇ ਅਤੇ ਆਤਮ ਵਿਸ਼ਵਾਸ ਹੋਰ ਵਧ ਗਿਆ । ਅੰਦੋਲਨ ਦੇ ਸ਼ਾਂਤਮਈ, ਅਨੁਸ਼ਾਸਿਤ ਅਤੇ ਹੱਕੀ ਹੋਣ ਕਾਰਨ ਇਸ ਨੂੰ ਦੇਸ਼ ਦੇ ਅੰਦਰੋਂ ਅਤੇ ਬਾਹਰੋਂ ਭਰਵੀਂ ਹਮਾਇਤ ਮਿਲਣੀ ਆਰੰਭ ਹੋ ਗਈ ਤਾਂ ਕਿਸਾਨ ਆਗੂਆਂ ਦੇ ਬਿਆਨ ਦੇਸ਼ ਦੀ ਮੁੱਖ ਵਿਰੋਧੀ ਧਿਰ ਦੇ ਹਾਣ ਦੇ ਹੋ ਗਏ ਕਿਓਂਕਿ ਵਿਰੋਧੀ ਧਿਰ ਦੀ ਭੂਮਿਕਾ ਨਦਾਰਦ ਹੀ ਰਹੀ । ਇਸ ਪੜਾਅ ਤੇ ਪੂਰੇ ਦੇਸ਼ ਹੀ ਨਹੀਂ ਬਲਕਿ ਦੁਨੀਆਂ ਦੇ ਕੰਨ ਕਿਸਾਨ ਆਗੂਆਂ ਦੇ ਬਿਆਨਾਂ ਵੱਲ ਲੱਗੇ ਹੋਏ ਸਨ । ਕਿਸਾਨ ਮੋਰਚੇ ਦੀ ਹਰ ਗੱਲ ਅਤੇ ਹਰ ਗਤੀ ਵਿਧੀ ਸੁਰਖੀ ਬਣਨ ਲੱਗੀ । ਕਿਸਾਨ ਅੰਦੋਲਨ ਦੇ ਇਸ ਹੱਦ ਤੱਕ ਪਹੁੰਚ ਜਾਣ ਅਤੇ ਇਸਦਾ ਕੱਦ ਵਿਸ਼ਵ ਪੱਧਰ ਤੱਕ ਉੱਚਾ ਹੋ ਜਾਣ ਦਾ ਕਿਆਸ ਤਾਂ ਆਗੂਆਂ ਨੇ ਵੀ ਨਹੀਂ ਲਗਾਇਆ ਸੀ । ਇਥੇ ਇੱਕ ਵਿਲੱਖਣ ਚੀਜ ਵੀ ਦੇਖਣ ਨੂੰ ਮਿਲੀ ਕਿ ਅੰਦੋਲਨ ਦੇ ਅੰਦਰ ਹੀ ਇੱਕ ਮੁਕਾਬਲੇ ਦਾ ਦਬਾਓ ਸਮੂਹ ਪਰਗਟ ਹੋ ਚੁੱਕਾ ਸੀ ਜੋ ਆਗੂਆਂ ਦੀ ਹਰ ਗਤੀ ਵਿਧੀ ਨੂੰ ਵਾਚ ਰਿਹਾ ਸੀ । ਜਿਸ ਸਦਕਾ ਆਗੂਆਂ ਦੇ ਯਤਨ, ਬਿਆਨ ਅਤੇ ਰਵੱਈਆ ਲੋਕ ਤਰਜਮਾਨੀ ਨਾਲ ਲਬਾਲਬ ਸੀ । ਫਿਰ ਸਰਕਾਰ ਵਲੋਂ ਗੱਲਬਾਤ ਦਾ ਸੱਦਾ ਆਇਆ ਅਤੇ ਮੀਟਿੰਗਾਂ ਦਾ ਦੌਰ ਕਾਫੀ ਸਮਾਂ ਚੱਲਿਆ ਤਾਂ ਹਰ ਮੀੰਟਿੰਗ ਤੋਂ ਬਾਅਦ ਦੇ ਆਗੂਆਂ ਦੇ ਬਿਆਨ ਕਾਫੀ ਖਿੱਚ ਦਾ ਕੇਂਦਰ ਰਹੇ । ਇੱਥੋਂ ਕਿਸਾਨ ਆਗੂਆਂ ਦੇ ਬਿਆਨਾਂ ਨੂੰ ਸ੍ਵੈ-ਸਿਫ਼ਤੀ ਅਤੇ ਸਿਆਸੀ ਵਲ਼ੇਵੇਂਦਾਰ ਪੁੱਠ ਚੜ੍ਹਨ ਲੱਗੀ । ਮੀਟਿੰਗਾਂ ਦੇ ਦੌਰ ਦੇ ਸ਼ੁਰੂ ਵਿੱਚ ਤਾਂ ਉਹਨਾਂ ਦੇ ਬਿਆਨਾਂ ਵਿੱਚ ਹੋਈ ਗੱਲਬਾਤ ਦਾ ਵੇਰਵਾ ਹੀ ਹੁੰਦਾ ਸੀ ਪਰ ਹੌਲੀ ਹੌਲੀ ਰੁਤਬਾ ਵਧਣ ਨਾਲ ਪਹੁੰਚ ਦੀ ਹਉਮੈ ਭਾਰੂ ਹੋ ਗਈ । ਇਸ ਪੜਾਅ ਤੇ ਉਹਨਾਂ ਨੂੰ ਅੰਦੋਲਨ ਦੇ ਕੱਦ ਅਨੁਸਾਰ ਵਿਸ਼ਾਲ ਵਿਚਾਰਧਾਰਾ ਵਾਲੇ ਦਾਇਰੇ ਦੀ ਤਪੱਸਿਆ ਦੀ ਲੋੜ ਸੀ ਪਰ ਉਹ ਆਪਣੇ ਬਿਆਨਾਂ ਨੂੰ ਨਿੱਜੀ ਵਿਚਾਰਧਾਰਾ ਦਾ ਰੰਗ ਦੇਣ ਵਿੱਚ ਰੁੱਝ ਗਏ ਜਦਕਿ ਲੋੜ ਸਰਬ ਸਾਂਝੀ ਵਿਚਾਰਧਾਰਾ ਅਪਨਾਉਣ ਦੀ ਸੀ । ਇਸ ਪੜਾਅ ਤੇ ਕਿਸਾਨ ਆਗੂ ਕੋਈ ਵੀ ਦਖ਼ਲ ਜਾਂ ਮੁਕਾਬਲਾ ਬਰਦਾਸ਼ਤ ਕਰਨ ਦੇ ਰੌਂਅ ਵਿੱਚ ਦਿਖਾਈ ਨਹੀਂ ਦਿੰਦੇ ਸਨ ਹੁਣ ਉਹਨਾਂ ਦੇ ਬਿਆਨਾਂ ਵਿੱਚ ਉੱਚਤਾ ਦੀ ਭਾਵਨਾ ਦਿਖਾਈ ਦੇਣ ਲੱਗੀ ਸੀ ।

ਫਿਰ 26 ਜਨਵਰੀ ਦੀ ਟਰੈਕਟਰ ਪਰੇਡ ਦਾ ਪ੍ਰੋਗਰਾਮ ਬਣਿਆ ਜਿਸ ਦੌਰਾਨ ਲਾਲ ਕਿਲ੍ਹੇ ਤੇ ਕਿਸਾਨੀ ਅਤੇ ਖਾਲਸਈ ਝੰਡੇ ਲਹਿਰਾਉਣ ਦੀ ਘਟਨਾ ਵੀ ਵਾਪਰੀ । ਇਸ ਘਟਨਾ ਨੇ ਵੀ ਕਿਸਾਨ ਅੰਦੋਲਨ ਅਤੇ ਕਿਸਾਨ ਆਗੂਆਂ ਦੇ ਬਿਆਨਾਂ ਵਿੱਚ ਇੱਕ ਨਵਾਂ ਮੋੜ ਲਿਆਂਦਾ । ਇਸ ਮੋੜ ਤੇ ਲਗਾਤਾਰ ਕਈ ਦਿਨ ਅੰਦੋਲਨ ਵਿੱਚ ਘਟਨਾਵਾਂ ਦੀ ਝੜੀ ਲੱਗੀ ਰਹੀ ਜਿਹਨਾਂ ਨੇ ਅੰਦੋਲਨ ਅਤੇ ਆਗੂਆਂ ਦੇ ਬਿਆਨਾਂ ਨੂੰ ਇਕ ਦਮ ਬਦਲ ਕੇ ਰੱਖ ਦਿੱਤਾ । ਕਿਸਾਨ ਆਗੂਆਂ ਨੂੰ ਟੱਕਰ ਅਤੇ ਦਖ਼ਲ ਦੇ ਕੇ ਟਿਕਾਣੇ ਰੱਖਣ ਵਾਲੀਆਂ ਧਿਰਾਂ ਸਰਕਾਰੀ ਅਤੇ ਸਿਆਸੀ ਦਮਨ ਦਾ ਸ਼ਿਕਾਰ ਹੋ ਗਈਆਂ । ਇਸ ਨਵੇਂ ਦੌਰ ਦੌਰਾਨ ਕਿਸਾਨ ਆਗੂਆਂ ਦੇ ਬਿਆਨਾਂ ਦਾ ਰੁਖ ਸਰਕਾਰ ਵਲੋਂ ਭਟਕ ਕੇ ਅੰਦਰੂਨੀ ਭੰਡੀ ਪਰਚਾਰ ਵੱਲ ਹੋ ਗਿਆ ਜੋ ਅੰਦੋਲਨ ਵਾਸਤੇ ਸਭ ਤੋਂ ਮਾੜਾ ਵਰਤਾਰਾ ਸਾਬਤ ਹੋਇਆ ।ਇਸ ਘਟਨਾਕ੍ਰਮ ਦੌਰਾਨ ਕਿਸਾਨ ਆਗੂਆਂ ਦੇ ਬਿਆਨਾਂ ਉੱਪਰ ਆਪਸੀ ਖਿੱਚੋਤਾਣ, ਨਿੱਜੀ ਹੈਂਕੜ, ਗੁੰਮਰਾਹਕੁੰਨ ਬਿਰਤਾਂਤ ਅਤੇ ਨਾ ਮਿਲਵਰਤਨ ਵਾਲੀ ਭਾਵਨਾਂ ਭਾਰੂ ਹੋ ਗਈ ਜੋ ਹਾਲੇ ਤੱਕ ਵੀ ਜਾਰੀ ਹੈ । ਆਗੂਆਂ ਦੀ ਨੌਜਵਾਨਾਂ ਅਤੇ ਬਰਾਬਰ ਦੀਆਂ ਜਥੇਬੰਦੀਆਂ ਬਾਰੇ ਦਿੱਤੇ ਕੌੜੇ-ਕਸੈਲੇ ਬਿਆਨਾਂ ਨਾਲ ਅੰਦੋਲਨ ਵਿੱਚੋਂ ਨੋਜਵਾਨਾਂ ਦੀ ਗਿਣਤੀ ਘਟਣ ਲੱਗੀ ਸੀ ਪਰ ਫਿਰ ਵੀ ਕਿਸਾਨ ਆਗੂਆਂ ਦੇ ਪਰਦਾ ਪਾਊ ਬਿਆਨ ਆਉਂਦੇ ਰਹੇ । 26 ਜਨਵਰੀ ਦੀਆਂ ਘਟਨਾਵਾਂ ਅਤੇ ਸਰਕਾਰੀ ਤਸ਼ੱਦਦ ਦੇ ਸ਼ਿਕਾਰ ਬੇਕਸੂਰ ਨੌਜਵਾਨਾਂ ਪ੍ਰਤੀ ਕਿਸਾਨ ਆਗੂਆਂ ਦੇ ਬਿਆਨਾਂ ਅਤੇ ਯਤਨਾਂ ਵਿੱਚੋਂ ਹਮਦਰਦੀ ਦੀ ਅਣਹੋਂਦ ਵੀ ਸੰਘਰਸ਼ੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ । ਕਿਸਾਨ ਆਗੂ ਬਿਆਨਾਂ ਵਿੱਚ ਚਾਹੇ ਨਹੀਂ ਮੰਨੇ ਪਰ ਇਸ ਵਰਤਾਰੇ ਤੋਂ ਬਾਅਦ ਇੱਕ ਵਾਰ ਨੌਜਵਾਨਾਂ ਦਾ ਮੋਰਚਿਆਂ ਤੋਂ ਮੋਹ ਵੀ ਭੰਗ ਹੋਇਆ । ਕਿਸਾਨ ਆਗੂਆਂ ਵਲੋਂ ਨਦਾਰਦ ਅਤੇ ਤਿਰਸਕਾਰੇ ਹੋਣ ਦੇ ਬਾਵਜੂਦ ਮੁਕਾਬਲੇ ਦੀਆਂ ਧਿਰਾਂ ਨੇ ਫਿਰ ਵੀ ਲੋਕਾਂ ਨੂੰ ਆਗੂਆਂ ਦੇ ਨਾਲ ਖੜ੍ਹਨ ਲਈ ਪ੍ਰੇਰਨਾ ਜਾਰੀ ਰੱਖਿਆ ਜਿਸ ਬਦੌਲਤ ਮੋਰਚਾ ਦੁਬਾਰਾ ਪੈਰਾਂ ਸਿਰ ਹੋ ਗਿਆ ਪਰ ਕਿਸਾਨ ਆਗੂਆਂ ਦੇ ਬਿਆਨ ਅਤੇ ਰਵੱਈਆ ਹਾਲੇ ਵੀ ਨਾ ਮਿਲਵਰਤਨ ਅਤੇ ਹੈਂਕੜ ਵਾਲਾ ਹੀ ਰਿਹਾ । ਲੋਕਾਂ ਨੂੰ ਹੁਣ ਕਿਸਾਨ ਅੰਦੋਲਨ ਤੇ ਆਪਣਾ ਨਹੀਂ ਬਲਕਿ ਬਿਗਾਨਾ ਕਬਜ਼ਾ ਹੋਣ ਦਾ ਅਹਿਸਾਸ ਹੋਣ ਲੱਗਾ ਹੈ ਕਿਓਂਕਿ ਹੁਣ ਕਿਸਾਨ ਆਗੂਆਂ ਦੀਆਂ ਤਕਰੀਰਾਂ ਅਤੇ ਬਿਆਨਾਂ ਉੱਪਰ ਤੱਥਾਂ, ਹਾਲਾਤਾਂ, ਸਥਿਤੀਆਂ ਅਤੇ ਘਟਨਾਵਾਂ ਨੂੰ ਮੁਲੰਮਾ ਚੜਾਅ ਕੇ ਪੇਸ਼ ਕਰਨ ਦੇ ਸ਼ੱਕ ਪੈਦਾ ਹੋ ਗਏ ਹਨ । ਆਪਸੀ ਕਿੜਾਂ, ਮਨਮਰਜੀ ਅਤੇ ਕਬਜੇ ਦੀ ਬਿਆਨਬਾਜੀ ਵਿੱਚ ਉਲ਼ਝ ਕੇ ਕਿਸਾਨ ਅੰਦੋਲਨ ਨੂੰ ਮਿਲੇ ਵਿਦੇਸ਼ੀ ਸਮੱਰਥਨ ਨੂੰ ਸਾਂਭਣ ਬਾਰੇ ਵੀ ਆਗੂ ਬਣਦੀ ਸਾਕਾਰਾਤਮਕ ਭੂਮਿਕਾ ਨਿਭਾਉਣ ਤੋਂ ਖੁੰਝ ਗਏ । ਅੱਜ ਕਿਸਾਨ ਆਗੂਆਂ ਦਾ ਲੋਕ ਸੰਪਰਕ ਖਤਮ ਦੇ ਬਰਾਬਰ ਹੈ ਬਸ ਨਿੱਜੀ ਵਿਚਾਰਧਾਰਾ ਅਧਾਰਤ ਫੈਸਲੇ ਥੋਪਣ ਤੇ ਜੋਰ ਹੈ । ਕਿਸਾਨ ਅਗੂਆਂ ਦੇ ਬਿਆਨਾਂ ਵਿੱਚੋਂ ਲੋਕ ਤਰਜਮਾਨੀ, ਜੁਆਬਦੇਹੀ, ਵੇਦਨਾ ਅਤੇ ਮੁੱਖ ਮੁੱਦਿਆਂ ਪ੍ਰਤੀ ਅਸਲ ਗੰਭੀਰਤਾ ਲੱਗਭੱਗ ਗਾਇਬ ਹੈ ਅਤੇ ਸਿਆਸੀ ਰੰਗਤ ਦਾ ਬੋਲ ਬਾਲਾ ਹੈ । ਅੰਦੋਲਨ ਰੱਬ ਆਸਰੇ ਹੀ ਸ਼ੁਰੂ ਹੋਇਆ ਸੀ ਅਤੇ ਅੱਜ ਫਿਰ ਰੱਬ ਆਸਰੇ ਹੀ ਚੱਲ ਰਿਹਾ ਹੈ । ਜਿਸ ਅਣ-ਕਿਆਸੇ ਪੱਧਰ ਤੇ ਕਿਸਾਨ ਅੰਦੋਲਨ ਪਹੁੰਚ ਗਿਆ ਸੀ ਸ਼ਾਇਦ ਆਗੂ ਉਸ ਪੱਧਰ ਦੀ ਆਪਣੀ ਸਰਬ ਸਾਂਝੀ ਵਿਚਾਰਧਾਰਾ ਨਹੀਂ ਬਣਾ ਸਕੇ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin