Punjab

ਪੰਜਾਬ ਸਰਕਾਰ ਨੂੰ ਵੱਡਾ ਝਟਕਾ: ਹਾਈ ਕੋਰਟ ਵਲੋਂ ਪਟਿਆਲਾ ਦੇ ਮੇਅਰ ਦੀ ਮੁਅੱਤਲੀ ਰੱਦ

ਪਟਿਆਲਾ – ਬੀਤੇ 25 ਨਵੰਬਰ ਨੂੰ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਮੁਅੱਤਲ ਕਰ ਦਿੱਤੇ ਜਾਣ ਕਾਰਨ ਮੇਅਰ ਵੱਲੋਂ ਪੰਜਾਬ ਸਰਕਾਰ ਖਿਲਾਫ ਦਾਇਰ ਕੀਤੀ ਪਟੀਸ਼ਨ ‘ਤੇ ਸੋਮਵਾਰ ਫੈਸਲਾ ਸੁਣਾਉਂਦਿਆਂ ਮਾਣਯੋਗ ਅਦਾਲਤ ਵੱਲੋਂ ਮੇਅਰ ਦੀ ਮੁਅੱਤਲੀ ਨੂੰ ਰੱਦ ਕਰਦਿਆਂ ਉਹਨਾ ਦੀ ਕੁਰਸੀ ਨੂੰ ਬਰਕਰਾਰ ਰੱਖਿਆ ਗਿਆ, ਜਿਸ ਨਾਲ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ| ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਮੇਅਰ ਦੇ ਨਾਲ-ਨਾਲ ਇਸ ਨੂੰ ਕੈਪਟਨ ਦੀ ਵੀ ਵੱਡੀ ਜਿੱਤ ਸਮਝਿਆ ਜਾ ਰਿਹਾ ਹੈ| ਸ਼ਾਮੀ ਨਗਰ ਨਿਗਮ ਵਿਚ ਆਪਣੇ ਦਫਤਰ ‘ਚ ਪ੍ਰੈੱਸ ਮੀਟਿੰਗ ਕਰਕੇ ਮੇਅਰ ਸੰਜੀਵ ਸ਼ਰਮਾ ਨੇ ਜਿੱਥੇ ਮਾਣਯੋਗ ਅਦਾਲਤ ਦਾ ਧੰਨਵਾਦ ਕੀਤਾ, ਉਥੇ ਇਸ ਨੂੰ ਸੱਚਾਈ ਦੀ ਜਿੱਤ ਦੱਸਿਆ ਹੈ| ਉਹਨਾ ਕਿਹਾ ਕਿ ਗੈਰ-ਲੋਕਤੰਤਰੀ ਤਰੀਕੇ ਨਾਲ ਸਿਆਸੀ ਦਬਾਅ ਹੇਠ ਮੈਨੂੰ ਸਸਪੈਂਡ ਕਰ ਦਿੱਤਾ ਗਿਆ ਸੀ| ਇਸ ਸਸਪੈਂਸ਼ਨ ਨੂੰ ਮਾਣਯੋਗ ਅਦਾਲਤ ਵਲੋਂ ਰੱਦ ਕਰ ਦਿੱਤਾ ਗਿਆ ਹੈ| ਮੇਅਰ ਨੇ ਇਸ ਨੂੰ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪਰਨੀਤ ਕੌਰ, ਬੀਬਾ ਜੈਇੰਦਰ ਕੌਰ ਅਤੇ ਸਮੁੱਚੇ ਪਟਿਆਲਾ ਵਾਸੀਆਂ ਦੀ ਜਿੱਤ ਦੱਸਿਆ ਹੈ| ਉਹਨਾ ਕਿਹਾ ਜ਼ੋਰ-ਜ਼ਬਰਦਸਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ |

ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਸੱਤਾ ਤਬਦੀਲੀ ਦੌਰਾਨ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਤੋਂ ਬਾਅਦ ਪਟਿਆਲਾ ਨਗਰ ਨਿਗਮ ਦੇ ਮੇਅਰ ਦਾ ਤਖਤਾ ਪਲਟਣ ਦੀ ਯੋਜਨਾਬੰਦੀ ਤਹਿਤ ਨਿਗਮ ਦੇ ਕੁਝ ਕੌਂਸਲਰਾਂ ਵੱਲੋਂ ਮੇਅਰ ਵਿਰੁੱਧ ਬੇਭਰੋਸਗੀ ਦਾ ਪ੍ਰਸਤਾਵ ਲਿਆਂਦੇ ਜਾਣ ਕਾਰਨ ਨਗਰ ਨਿਗਮ ਦੀ ਵਿਸ਼ੇਸ਼ ਮੀਟਿੰਗ ਦੌਰਾਨ ਮੇਅਰ ਨੂੰ ਅਹੁਦੇ ਤੋਂ ਸਸਪੈਂਡ ਕਰਕੇ ਡਿਪਟੀ ਮੇਅਰ ਜੋਗਿੰਦਰ ਸਿੰਘ ਯੋਗੀ ਨੂੰ ਕਾਰਜਕਾਰੀ ਮੇਅਰ ਨਿਯੁਕਤ ਕਰ ਦਿੱਤਾ ਗਿਆ ਸੀ| ਕੈਪਟਨ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਇਸ ਦੌਰਾਨ ਇਸ ਹਾਈ ਪ੍ਰੋਫਾਈਲ ਸਿਆਸੀ ਡਰਾਮੇ ਦੌਰਾਨ ਕਾਫੀ ਹੰਗਾਮਾ ਵੀ ਹੋਇਆ ਸੀ| ਹਾਲਾਂਕਿ ਕੈਪਟਨ ਦੇ ਖਾਸ ਨਜ਼ਦੀਕੀ ਮੇਅਰ ਦੇ ਪੱਖ ਵਿੱਚ 25 ਵੋਟ ਅਤੇ ਵਿਰੋਧ ਵਿਚ 36 ਵੋਟਾਂ ਪਈਆਂ ਸਨ, ਜਦੋਂ ਕਿ ਮੇਅਰ ਨੂੰ ਕੁਰਸੀ ਤੋਂ ਉਤਾਰਨ ਲਈ 41 ਵੋਟਾਂ ਚਾਹੀਦੀਆਂ ਸਨ, ਪਰੰਤੂ ਫਿਰ ਵੀ ਮੇਅਰ ਨੂੰ ਅਹੁਦੇ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਮੇਅਰ ਵੱਲੋਂ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ| ਸ਼ਹਿਰ ਦੇ ਲੋਕਾਂ ਦੀਆਂ ਨਜ਼ਰਾਂ ਇਸ ਮਾਮਲੇ ‘ਤੇ ਟਿਕੀਆਂ ਹੋਈਆਂ ਸਨ ਕਿ ਅਦਾਲਤ ਮੁਅੱਤਲੀ ਨੂੰ ਰੱਦ ਕਰਦੀ ਹੈ ਜਾਂ ਫਿਰ ਮੇਅਰ ਦੀ ਕੁਰਸੀ ਪੱਕੀ ਹੀ ਚਲੀ ਜਾਂਦੀ ਹੈ, ਕਿਉਂਕਿ ਇਹ ਮਾਮਲਾ ਬਹੁਤ ਹੀ ਹਾਈ ਪ੍ਰੋਫਾਈਲ ਸੀ ਤੇ ਇਹ ਲੜਾਈ ਕੈਪਟਨ ਅਮਰਿੰਦਰ ਸਿੰਘ ਬਨਾਮ ਮੁੱਖ ਮੰਤਰੀ ਚੰਨੀ ਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਮੰਨੀ ਜਾ ਰਹੀ ਸੀ|

Related posts

ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ

editor

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ

editor

ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ ‘ਚ ‘ਆਪ’ ਨੂੰ ਮਿਲਿਆ ਹੁਲਾਰਾ, ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਥਾਪਰ ‘ਆਪ’ ‘ਚ ਸ਼ਾਮਲ

editor