Punjab

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਦੀ ਟੂਰਨਾਮੈਂਟ ਦੌਰਾਨ ਹੱਤਿਆ !

ਨਕੋਦਰ – ਕੱਲ੍ਹ ਸ਼ਾਮ ਸਵਾ ਛੇ ਵਜੇ ਦੇ ਕਰੀਬ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਪਿੰਡ ਮੱਲੀਆਂ ਖੁਰਦ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰੰਤ ਛਾਬੜਾ ਹਸਪਤਾਲ ਨਕੋਦਰ ਵਿਖੇ ਲਿਜਾਇਆ ਗਿਆ ਜਿੱਥੇ ਇਸ ਖਿਡਾਰੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਹੋਰ ਵਿਅਕਤੀ ਵੀ ਗੋਲੀਆਂ ਲੱਗਣ ਨਾਲ ਫੱਟੜ ਹੋਏ ਹਨ।

ਇਸ ਘਟਨਾ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਮੱਲੀਆਂ ਖੁਰਦ ਵਿਖੇ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ। ਇਸ ਦੌਰਾਨ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਜੋ ਆਪਣੀ ਟੀਮ ਲੈ ਕੇ ਇੱਥੇ ਪੁੱਜਾ ਹੋਇਆ ਸੀ ਅਤੇ ਆਪਣਾ ਸਟੇਜ ਤੋਂ ਸਨਮਾਨ ਲੈ ਕੇ ਜਦੋਂ ਆਪਣੇ ਸਾਥੀਆਂ ਨਾਲ ਸੜਕ ‘ਤੇ ਪੁੱਜਾ ਤਾਂ ਪਹਿਲਾਂ ਤੋਂ ਹੀ ਮੌਜੂਦ ਖੜ੍ਹੇ ਚਾਰ ਅਣਪਛਾਤੇ ਵਿਅਕਤੀਆਂ ਨੇ ਪਿਸਤੌਲਾਂ ਨਾਲ ਗੋਲੀਆਂ ਦੀ ਵਾਛੜ ਕਰ ਦਿੱਤੀ। ਗੋਲੀਆਂ ਕਬੱਡੀ ਖਿਡਾਰੀ ਸੰਦੀਪ ਦੇ ਸਿਰ ਵਿੱਚ ਲੱਗੀਆਂ ਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਹੀ ਇਕ ਵਿਅਕਤੀ ਜਤਿਨ ਪੁੱਤਰ ਪ੍ਰੇਮ ਸਿੰਘ ਵਾਸੀ ਮੱਲ੍ਹੀਆਂ ਖੁਰਦ ਉਸ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਨੂੰ ਕਮਲ ਹਸਪਤਾਲ ਨਕੋਦਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਕ ਹੋਰ ਵਿਅਕਤੀ ਪ੍ਰਤਾਪ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਹੁੰਦਲ ਢੱਡਾ ਦੇ ਵੀ ਛਾਤੀ ਦੇ ਕੋਲ ਸ਼ਰਾ ਲੱਗ ਕੇ ਨਿਕਲ ਗਿਆ ਜੋ ਮਾਮੂਲੀ ਫੱਟੜ ਹੋਇਆ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਹਫੜਾ ਦਫੜੀ ਵਿੱਚ ਸਟੈਂਡ ਤੇ ਬੈਠੇ ਵਿਅਕਤੀ ਥੱਲੇ ਡਿੱਗਣ ਨਾਲ ਜ਼ਖ਼ਮੀ ਹੋ ਗਏ। ਗੋਲੀਆਂ ਚਲਾਉਣ ਉਪਰੰਤ ਹਮਲਾਵਰ ਜੋ ਕਿ ਚਿੱਟੀ ਸਵਿਫਟ ਕਾਰ ਦੇ ਵਿਚ ਆਏ ਸਨ ਪਿੰਡ ਗਿੱਲਾਂ ਵੱਲ ਨੂੰ ਗੱਡੀ ਵਿੱਚ ਬੈਠ ਕੇ ਫ਼ਰਾਰ ਹੋ ਗਏ। ਚਸ਼ਮਦੀਦਾਂ ਮੁਤਾਬਕ, ਗੱਡੀ ਵਿੱਚ ਇੱਕ ਵਿਅਕਤੀ ਗੱਡੀ ਸਟਾਰਟ ਕਰਕੇ ਵਿਚ ਹੀ ਬੈਠਾ ਰਿਹਾ ਤੇ ਚਾਰ ਹਮਲਾਵਰ ਆਪਣੇ ਹੱਥਾਂ ਵਿੱਚ ਪਿਸਤੌਲ ਲੈ ਕੇ ਕਬੱਡੀ ਖਿਡਾਰੀ ਵੱਲ ਵਧੇ ਜਿਨ੍ਹਾਂ ਨੇ ਕਬੱਡੀ ਖਿਡਾਰੀ ਉਪਰ ਤਾਬੜਤੋੜ ਗੋਲੀਆਂ ਨਾਲ ਹਮਲਾ ਕਰ ਦਿੱਤਾ ਜੋ ਪਹਿਲਾਂ ਹੀ ਉਸ ਦੀ ਤਾਕ ਵਿਚ ਸਨ।

ਐੱਸ ਐੱਸ ਪੀ ਦਿਹਾਤੀ ਮੁਤਾਬਕ ਘਟਨਾ ਵਾਲੀ ਥਾਂ ਦੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਅਤੇ ਸੜਕਾਂ ‘ਤੇ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਨਕੋਦਰ ਦੇ ਡੀਐੱਸਪੀ ਲਖਵਿੰਦਰ ਸਿੰਘ ਮੱਲ ਅਤੇ ਥਾਣਾ ਸਦਰ ਨਕੋਦਰ ਦੇ ਐਸਐਚਓ ਪਰਮਿੰਦਰ ਸਿੰਘ ਤੇ ਪੁਲਸ ਚੌਕੀ ਉੱਗੀ ਦੇ ਇੰਚਾਰਜ ਬਲਜਿੰਦਰ ਸਿੰਘ ਐੱਸਆਈ ਮੌਕੇ ‘ਤੇ ਪੁੱਜੇ ਜਿਨ੍ਹਾਂ ਨੇ ਘਟਨਾ ਦੀ ਜਾਂਚ ਕੀਤੀ। ਐੱਸਐੱਚਓ ਪਰਮਿੰਦਰ ਸਿੰਘ ਨੇ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਟਰੇਸ ਕਰ ਲਿਆ ਜਾਵੇਗਾ। ਘਟਨਾ ਸਥਾਨ ਤੋਂ ਪੁਲੀਸ ਨੇ ਦਸ ਬਾਰਾਂ ਦੇ ਕਰੀਬ ਰਿਵਾਲਵਰ ਚੋਂ ਚਲੇ ਖਾਲੀ ਰੌਂਦ ਬਰਾਮਦ ਕੀਤੇ ਹਨ । ਘਟਨਾ ਸਥਾਨ ‘ਤੇ ਕਬੱਡੀ ਖਿਡਾਰੀ ਦੇ ਸਿਰ ਵਿੱਚ ਗੋਲੀਆਂ ਲੱਗਣ ਨਾਲ ਮੌਕੇ ਤੇ ਉਸ ਦਾ ਕਾਫ਼ੀ ਖ਼ੂਨ ਵਹਿ ਗਿਆ। ਇਸ ਉਪਰੰਤ ਪ੍ਰਬੰਧਕਾਂ ਨੂੰ ਆਪਣਾ ਟੂਰਨਾਮੈਂਟ ਵੀ ਸਮਾਪਤ ਕਰਨਾ ਪਿਆ। ਟੂਰਨਾਮੈਂਟ ਦੇ ਪ੍ਰਬੰਧਕਾਂ ਅਤੇ ਨਗਰ ਨਿਵਾਸੀਆਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ।

ਵਰਨਣਯੋਗ ਹੈ ਕਿ ਨਕੋਦਰ ਦੇ ਮੱਲੀਆਂ ਖੁਰਦ ‘ਚ ਮੱਲੀਆਂ ਖੁਰਦ ‘ਚ ਹਰ ਸਾਲ ਦੀ ਤਰ੍ਹਾਂ ਸਾਬਕਾ ਖਿਡਾਰੀ ਸਾਬੀ ਮੱਲੀਆਂ ਦੀ ਯਾਦ ‘ਚ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਕੱਲ੍ਹ ਕਲੱਬਾਂ ਦੇ ਮੈਚ ਚੱਲ ਰਹੇ ਸਨ ਤੇ ਪਹਿਲਾ ਮੈਚ ਸ਼੍ਰੋਮਣੀ ਕਮੇਟੀ ‘ਤੇ ਖੀਰਾਂਵਾਲੀ ਵਿਚਾਲੇ ਚੱਲ ਰਿਹਾ ਸੀ। ਦੂਸਰਾ ਮੈਚ ਸ਼ਾਹਕੋਟ ਅਤੇ ਤੋਤਾ ਸਿੰਘ ਵਾਲਾ ਵਿਚਾਲੇ ਹੋਣਾ ਸੀ ਪਰ ਪਹਿਲੇ ਮੈਚ ‘ਚ ਹੀ ਕਾਰ ‘ਤੇ ਸਵਾਰ ਹੋ ਕੇ ਆਏ ਅਣਪਛਾਤੇ ਚਾਰ ਹਮਲਾਵਰਾਂ ਨੇ ਸੰਦੀਪ ਨੰਗਲ ਅੰਬੀਆਂ ‘ਤੇ ਤਾਬੜਤੋੜ ਹਮਲਾ ਕਰ ਦਿੱਤਾ। ਸਿਰ ਵਿੱਚ ਗੋਲੀ ਲੱਗਣ ਨਾਲ ਸੰਦੀਪ ਨੰਗਲ ਅੰਬੀਆਂ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੰਦੀਪ ਨੰਗਲ ਅੰਬੀਆਂ ਦੇ ਕੋਚ ਇੰਦਰ ਨੇ ਦੱਸਿਆ ਕਿ ਕਬੱਡੀ ਖਿਡਾਰੀ ਸੰਦੀਪ ਦਾ ਕਿਸੇ ਨਾਲ ਕੋਈ ਵੀ ਵੈਰ-ਵਿਰੋਧ ਨਹੀਂ ਸੀ, ਕਬੱਡੀ ਨੂੰ ਪਿਆਰ ਕਰਨ ਵਾਲਾ ਸੰਦੀਪ ਹਮੇਸ਼ਾ ਖੇਡ ਦੇ ਮੈਦਾਨ ‘ਚ ਹੀ ਰਹਿੰਦਾ ਸੀ। ਜੇਕਰ ਉਸ ਦਾ ਕਿਸੇ ਨਾਲ ਵੈਰ-ਵਿਰੋਧ ਹੁੰਦਾ ਹੁਣ ਤਕ ਉਹ ਸਾਡੇ ਨਾਲ ਵੀ ਗੱਲ ਸਾਂਝੀ ਕਰਦਾ ਅਤੇ ਜੇ ਕਿਸੇ ਨਾਲ ਰੰਜਿਸ਼ ਹੁੰਦੀ ਵੀ ਤਾਂ ਉਹ ਇਕੱਲਾ ਨਾ ਘੁੰਮਦਾ। ਹੁਣ ਤੱਕ ਸੰਦੀਪ ਨੰਗਲ ਅੰਬੀਆਂ ਜਿੱਥੇ ਵੀ ਜਾਂਦਾ ਸੀ, ਇਕੱਲਾ ਹੀ ਜਾਂਦਾ ਸੀ ਕਿਉਂਕਿ ਉਸ ਦੀ ਕਿਸੇ ਨਾਲ ਲਾਗ-ਡਾਟ ਨਹੀਂ ਸੀ। ਸੰਦੀਪ ਅੰਬੀਆਂ ਦੇ ਚਾਹੁਣ ਵਾਲਿਆਂ ਨੇ ਵੀ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।

ਇਸ ਘਟਨਾਂ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਪ੍ਰਮੋਟਰ ਬਲਵਿੰਦਰ ਸਿੰਘ ਚੱਠਾ ਯੂਕੇ ਅਤੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਸੁੱਖਾ ਨੇ ਦੱਸਿਆ ਕਿ ਸੰਦੀਪ ਸਿੰਘ ਦਾ ਜਨਮ ਪਿੰਡ ਨੰਗਲ ਅੰਬੀਆਂ ਵਿਖੇ ਹੋਇਆ ਤੇ ਉਸਦੀ ਉਮਰ 38 ਸਾਲ ਸੀ। ਇਸ ਵੇਲੇ ਉਹ ਇੰਗਲੈਂਡ ਦਾ ਸਿਟੀਜ਼ਨ ਹੈ। ਉਨ੍ਹਾਂ ਦੱਸਿਆ ਕਿ ਸੰਦੀਪ ਨੇ 17-18 ਸਾਲ ਦੀ ਉਮਰ ‘ਚ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਇਕ ਵੱਡਾ ਕਬੱਡੀ ਖਿਡਾਰੀ ਬਣ ਕੇ ਉਭਰਿਆ। ਸੰਦੀਪ ਨੇ ਪਿੰਡ ਤੇ ਇਲਾਕੇ ਦਾ ਨਾਮ ਪੂਰੀ ਦੁਨੀਆਂ ਵਿਚ ਰੌਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਸੰਦੀਪ ਇਕ ਨੇਕ ਦਿਲ ਇਨਸਾਨ ਸੀ ਤੇ ਉਸਦੀ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਸੀ। 6 ਫਰਵਰੀ ਨੂੰ ਪਿੰਡ ਨੰਬਲ ਅੰਬੀਆਂ ਵਿਖੇ ਕਬੱਡੀ ਕੱਪ ਵਿੱਚ ਸੰਦੀਪ ਦੇ ਪਿਤਾ ਸਵਰਨ ਸਿੰਘ ਵੀ ਭਾਰਤ ਆਏ ਹੋਏ ਸਨ ਤੇ ਉਸਦੇ ਮਾਤਾ ਕਸ਼ਮੀਰ ਕੌਰ ਇੰਗਲੈਂਡ ‘ਚ ਹਨ। ਸੰਦੀਪ ਹੁਰੀਂ 5 ਭੈਣ-ਭਰਾ ਹਨ। ਉਹ ਵਿਆਹਿਆ ਹੋਇਆ ਸੀ ਅਤੇ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਪਤਨੀ ਤੇ 2 ਬੇਟੇ ਛੱਡ ਗਿਆ।

ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੌਤ ਤੋਂ ਬਾਅਦ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਆਉਣ ਵਾਲੇ ਦਿਨਾਂ ਲਈ ਸਾਰੇ ਕਬੱਡੀ ਟੂਰਨਾਮੈਂਟ ਰੱਦ ਕਰ ਦਿੱਤੇ ਹਨ। ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਦੱਸਿਆ ਕਿ ਸੰਦੀਪ ਨੰਗਲ ਅੰਬੀਆਂ ਦੀ ਮੌਤ ਨਾਲ ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਫੈਡਰੇਸ਼ਨ ਵੱਲੋਂ ਮੰਗਲਵਾਰ ਨੂੰ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਸੰਦੀਪ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ੍ਹਿਆ ਜਾਵੇ।

Related posts

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor

ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ

editor

ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ- ਔਜਲਾ

editor