Punjab

ਨਿਜ਼ਾਮਪੁਰ ‘ਚ ਬੇਅਦਬੀ ਕਰਨ ਵਾਲੇ ਦਾ ਪੁਲਿਸ ਦੀ ਮੌਜੂਦਗੀ ‘ਚ ਕਤਲ

ਕਪੂਰਥਲਾ – ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿਚ ਐਤਵਾਰ ਤਕੜਸਾਰ ਕਥਿਤ ਤੌਰ ‘ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਦੇ ਦੋਸ਼ ਵਿਚ ਲੋਕਾਂ ਨੇ ਇਕ ਨੌਜਵਾਨ ਨੂੰ ਮਾਰ ਦਿੱਤਾ| ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਬਾਬਾ ਅਮਰਦੀਪ ਸਿੰਘ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਇਲਾਕੇ ਦੀਆਂ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਵੱਡੀ ਗਿਣਤੀ ‘ਚ ਪਹੁੰਚਣ ਦੀ ਅਪੀਲ ਕੀਤੀ| ਹਾਲਾਂਕਿ ਨੇੜਲੇ ਥਾਣੇ ਸੁਭਾਨਪੁਰ ਤੋਂ ਪੁਲਸ ਪਹੁੰਚ ਗਈ ਸੀ ਪਰ ਲੋਕਾਂ ਨੇ ਫੜੇ ਮੁਲਜ਼ਮ ਨੂੰ ਪੁਲਸ ਹਵਾਲੇ ਕਰਨ ਦੀ ਥਾਂ ਉਸ ਦੀ ਹਾਜ਼ਰੀ ‘ਚ ਹੀ ਕੁੱਟ-ਕੁੱਟ ਕੇ ਮਾਰ ਦਿੱਤਾ| ਗੁੱਸੇ ਵਿਚ ਆਏ ਲੋਕਾਂ ਨੇ ਨੈਸ਼ਨਲ ਹਾਈਵੇ ‘ਤੇ ਜਾਮ ਲਾ ਦਿੱਤਾ| ਜਾਮ ਲੱਗਣ ਨਾਲ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ|

ਗ੍ਰੰਥੀ ਸਿੰਘ ਬਾਬਾ ਅਮਰਦੀਪ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਤੜਕੇ 4 ਵਜੇ ਦੇ ਕਰੀਬ ਗੁਰਦੁਆਰੇ ਵਿਚ ਦੇਖਿਆ ਗਿਆ ਅਤੇ ਇਸ ਨੂੰ ਜਦੋਂ ਉਨ੍ਹਾਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜ ਗਿਆ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ| ਫੜੇ ਗਏ ਮੁਲਜ਼ਮ ਦੀ ਲੋਕਾਂ ਨੇ ਕੁੱਟਮਾਰ ਕੀਤੀ ਅਤੇ ਪੁੱਛ ਪੜਤਾਲ ਕੀਤੀ ਪਰ ਉਸ ਨੇ ਸਿਰਫ ਇਹੀ ਦੱਸਿਆ ਕਿ ਉਹ ਦਿੱਲੀ ਦਾ ਰਹਿਣ ਵਾਲਾ ਹੈ| ਲੋਕਾਂ ਨੇ ਉਸ ਨੂੰ ਪੁਲਸ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ|

ਇਸ ਸਬੰਧੀ ਕਪੂਰਥਲਾ ਦੇ ਐੱਸ ਐੱਸ ਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਚੋਰ ਸਿਲੰਡਰ ਚੋਰੀ ਕਰਨ ਦੇ ਇਰਾਦੇ ਨਾਲ ਗੁਰਦੁਆਰੇ ‘ਚ ਆਇਆ ਸੀ| ਗੁਰਦੁਆਰਾ ਸਾਹਿਬ ਦੇ ਤਿੰਨ ਕਮਰਿਆਂ ‘ਚ ਬਣੀ ਪੁਲਸ ਚੌਕੀ ਦਾ ਇੱਕ ਪੁਰਾਣਾ ਝਗੜਾ ਵੀ ਚੱਲ ਰਿਹਾ ਹੈ| ਉਥੇ ਕੋਈ ਚੋਰ ਫੜਿਆ ਗਿਆ, ਜੋ ਸਿਲੰਡਰ ਚੋਰੀ ਕਰਨ ਆਇਆ ਸੀ ਤੇ ਉਸ ਨੂੰ ਬਾਬੇ ਨੇ ਬੇਅਦਬੀ ਬਣਾ ਦਿੱਤਾ| ਪੁਲਸ ਨੇ ਕਿਹਾ ਕਿ ਲੋਕਾਂ ਨੇ ਮੁਲਜ਼ਮ ਉਸ ਨੂੰ ਨਹੀਂ ਸੌਂਪਿਆ ਤੇ ਇਸ ਸਾਰੀ ਘਟਨਾ ਨੂੰ ਦਰਬਾਰ ਸਾਹਿਬ ਵਿਚ ਵਾਪਰੀ ਘਟਨਾ ਨਾਲ ਜੋੜ ਦਿੱਤਾ| ਖੱਖ ਨੇ ਦੱਸਿਆ ਕਿ ਨੌਜਵਾਨ ਨੂੰ ਮਾਰਨ ਵਾਲਿਆਂ ‘ਤੇ ਕਤਲ ਦਾ ਕੇਸ ਦਰਜ ਕੀਤਾ ਜਾਵੇਗਾ| ਉਨ੍ਹਾ ਕਿਹਾ ਕਿ ਬਾਬਾ ਅਮਰਦੀਪ ਸਿੰਘ ਨੇ ਐਤਵਾਰ ਸਵੇਰੇ ਚਾਰ ਵਜੇ ਨੌਜਵਾਨ ਨੂੰ ਦੇਖਿਆ| ਗੁਰਦੁਆਰੇ ਵਿਚ ਬਾਹਰੀ ਰਾਜਾਂ ਦੇ ਦੋ ਸੇਵਾਦਾਰ ਵੀ ਰੱਖੇ ਹੋਏ ਸਨ| ਚੋਰੀ ਕਰਨ ਆਇਆ ਬਾਹਰੀ ਵਿਅਕਤੀ ਸੀ| ਬਾਬੇ ਨੇ ਆਪਣੇ ਸੇਵਾਦਾਰਾਂ ਤੋਂ ਉਸ ਨੂੰ ਕਾਬੂ ਕਰਵਾ ਲਿਆ| ਖੱਖ ਨੇ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਈ, ਕਿਉਂਕਿ ਉਹ ਉਤਲੀ ਮੰਜ਼ਲ ਵਿਚ ਸੁਸ਼ੋਭਤ ਹਨ| ਪ੍ਰਬੰਧਕਾਂ ਨੇ ਦੱਸਿਆ ਕਿ ਮੁਲਜ਼ਮ ਨੇ ਜਿਹੜੀ ਜੈਕਟ ਪਾਈ ਹੋਈ ਸੀ, ਉਹ ਉਨ੍ਹਾਂ ਦੇ ਇਕ ਸੇਵਾਦਾਰ ਦੀ ਸੀ| ਸ਼ਾਇਦ ਉਹ ਜੈਕਟ ਚੋਰੀ ਕਰਕੇ ਲਿਜਾ ਰਿਹਾ ਸੀ| ਖੱਖ ਨੇ ਕਿਹਾ ਕਿ ਪੁਲਸ ਨੇ ਭੀੜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਵੀਡੀਓ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਪਾ ਦੇਣ ਕਾਰਨ ਹਾਲਾਤ ਵਿਗੜ ਗਏ| ਨੌਜਵਾਨ ਦੇ ਗਲੇ ਵਿਚ ਕੁਝ ਆਈ ਕਾਰਡ ਮਿਲੇ ਹਨ| ਇਹ ਉਸ ਨੇ ਕਿਸੇ ਮਹਿਲਾ ਦੇ ਘਰੋਂ ਚੋਰੀ ਕੀਤੇ ਸਨ| ਇਹ ਬੱਚਿਆਂ ਦੇ ਪੁਰਾਣੇ ਆਈ ਕਾਰਡ ਸਨ, ਜਿਸ ਨੂੰ ਉਹ ਗਲ ਵਿਚ ਪਾਈ ਫਿਰਦਾ ਰਿਹਾ| ਕਤਲ ਲਈ ਗੁਰਦੁਆਰੇ ਤੋਂ ਐਲਾਨ ਕੀਤਾ ਗਿਆ ਕਿ ਹਰ ਕੋਈ ਹਥਿਆਰ ਲੈ ਕੇ ਆਵੇ। ਇਸ ਤੋਂ ਬਾਅਦ ਵੱਡੀ ਭੀੜ ਖਿੜਕੀ ਤੋੜ ਕੇ ਉਸ ਕਮਰੇ ‘ਚ ਦਾਖਲ ਹੋ ਗਈ, ਜਿੱਥੇ ਦੋਸ਼ੀ ਨੌਜਵਾਨ ਨੂੰ ਰੱਖਿਆ ਗਿਆ ਸੀ। ਇਸ ਤੋਂ ਬਾਅਦ ਭੀੜ ਨੇ ਨੌਜਵਾਨ ਦੀ ਹੱਤਿਆ ਕਰ ਦਿੱਤੀ। ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਕਪੂਰਥਲਾ ਦੇ ਐਸ ਐਸ ਪੀ ਐਚ ਪੀ ਐਸ ਖੱਖ ਭਾਰੀ ਪੁਲੀਸ ਫੋਰਸ ਨਾਲ ਗੇਟ ਦੇ ਬਾਹਰ ਖੜ੍ਹੇ ਸਨ। ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਦੀ ਭੀੜ ਨਾਲ ਝੜਪ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਹਵਾਈ ਫਾਇਰਿੰਗ ਵੀ ਕੀਤੀ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਜ਼ਬਰਦਸਤ ਝੜਪ ਵੀ ਹੋਈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਪਰ ਭੀੜ ਨੇ ਕੋਈ ਗੱਲ ਨਹੀਂ ਮੰਨੀ ਅਤੇ ਦੋਸ਼ੀ ਨੌਜਵਾਨ ਦਾ ਕਤਲ ਕਰ ਦਿੱਤਾ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਬੇਅਦਬੀ ਦੇ ਦੋਸ਼ੀ ਦੀ ਹੱਤਿਆ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੇ ਦੋਸ਼ੀ ਨੌਜਵਾਨ ਦੀ ਕੁੱਟ-ਕੁੱਟਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਨਾਲ ਪੰਜਾਬ ਦੀ ਪੁਲਿਸ ਦੀ ਸਥਿਤੀ ‘ਤੇ ਵੀ ਸਵਾਲ ਖੜ੍ਹੇ ਹੋ ਗਏ ਹਨ ਕਿ ਉਨ੍ਹਾਂ ਦੀ ਮੌਜੂਦਗੀ ‘ਚ ਅਜਿਹੀ ਘਟਨਾ ਵਾਪਰੀ ਹੈ।

ਪੁਲਿਸ ਅਧਿਕਾਰੀ ਦਬਾਅ ਹੇਠ

ਕਪੂਰਥਲਾ ‘ਚ ਬੇਅਦਬੀ ਦੇ ਦੋਸ਼ ‘ਚ ਨੌਜਵਾਨ ਦੀ ਮੌਬ ਲਿੰਚਿੰਗ ਦੇ ਮਾਮਲੇ ‘ਚ ਪੰਜਾਬ ਸਰਕਾਰ ਅਤੇ ਪੁਲਸ ਪੂਰੀ ਤਰ੍ਹਾਂ ਘਿਰ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਆਈ ਜੀ ਗੁਰਿੰਦਰ ਸਿੰਘ ਢਿੱਲੋਂ ਅਤੇ ਐਸ ਐਸ ਪੀ ਐਚ ਪੀ ਐਸ ਖੱਖ ਨੇ ਕਿਹਾ ਕਿ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਸਨੇ ਐਫ ਆਈ ਆਰ ਨੰਬਰ ਵੀ ਦੱਸਿਆ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਐਫ ਆਈ ਆਰ ਵਿਚ 4 ਲੋਕਾਂ ਦੇ ਨਾਵਾਂ ਦਾ ਜ਼ਿਕਰ ਹੈ, ਜਦਕਿ 100 ਅਣਜਾਣ ਹਨ। ਇਸ ਤੋਂ ਬਾਅਦ ਉਹਨਾਂ ਨੂੰ ਦਾ ਫੋਨ ਆਉਣ ਲੱਗ ਪਏ। ਚੱਲ ਰਹੀ ਪ੍ਰੈਸ ਕਾਨਫਰੰਸ ਦੌਰਾਨ 45 ਮਿੰਟਾਂ ਵਿੱਚ 8 ਕਾਲਾਂ ਆਈਆਂ। ਇਸ ਵਿੱਚ 5 ਫੋਨ ਆਈ ਜੀ ਅਤੇ 3 ਐਸ ਐਸ ਪੀ ਨੇ ਸੁਣੇ। ਇਸ ਤੋਂ ਬਾਅਦ ਉਨ੍ਹਾਂ ਨੇ ਉਕਤ ਪ੍ਰੈੱਸ ਕਾਨਫਰੰਸ ‘ਚ ਹੀ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਪਹਿਲਾਂ ਐਸ ਐਸ ਪੀ ਨੇ ਕਿਹਾ ਕਿ 2 ਐਫ ਆਈ ਆਰ ਦਰਜ ਕਰ ਲਈਆਂ ਹਨ, ਕਪੂਰਥਲਾ ਦੇ ਐਸ ਐਸ ਪੀ ਐਚ ਪੀ ਐਸ ਖੱਖ ਨੇ ਦੱਸਿਆ ਕਿ ਨਿਜ਼ਾਮਪੁਰ ਮੋੜ ਵਿੱਚ ਕੈਂਪਰ ਨੇ ਬਿਆਨ ਦਿੱਤੇ ਹਨ ਕਿ ਨੌਜਵਾਨ ਚੋਰੀ ਦੀ ਨੀਅਤ ਨਾਲ ਆਏ ਸਨ। ਉਸ ਨੇ ਨਿਸ਼ਾਨ ਸਾਹਿਬ ਦਾ ਕੱਪੜਾ ਹੇਠਾਂ ਤੋਂ ਖੋਲ੍ਹ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਐਫ ਆਈ ਆਰ ਨੰਬਰ 305 ਦਰਜ ਕੀਤੀ ਗਈ ਹੈ। ਕਤਲ ਕੇਸ ਵਿੱਚ ਦੂਜੀ ਐਫ ਆਈ ਆਰ ਨੰਬਰ 306 ਦਰਜ ਹੈ। ਇਸ ਸਬੰਧੀ ਪੁਲੀਸ ਨੂੰ ਡਿਊਟੀ ਤੋਂ ਰੋਕਣ, ਪੁਲੀਸ ਮੁਲਾਜ਼ਮਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਸੀਂ ਸੋਸ਼ਲ ਮੀਡੀਆ ਦੀ ਜਾਂਚ ਕਰ ਰਹੇ ਹਾਂ। ਇਹ ਸਾਰਾ ਮਾਮਲਾ ਸੋਸ਼ਲ ਮੀਡੀਆ ਰਾਹੀਂ ਭੜਕਿਆ ਹੈ।

4 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ – ਆਈ ਜੀ

ਇਸ ਤੋਂ ਬਾਅਦ ਆਈ ਜੀ ਨੇ ਕਿਹਾ ਕਿ ਐੱਸ ਐੱਚ ਓ ਦੇ ਬਿਆਨ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ‘ਤੇ ਬੇਅਦਬੀ ਦੇ ਦੋਸ਼ ਲਗਾਏ ਜਾ ਰਹੇ ਹਨ, ਉਹ ਪ੍ਰਵਾਸੀ ਮਜ਼ਦੂਰ ਲੱਗਦਾ ਹੈ। ਉਸ ਦੀ ਕੁੱਟਮਾਰ ਕੀਤੀ ਗਈ। ਉਸ ਦੀ ਵੀਡੀਓ ਬਣਾਈ ਗਈ ਅਤੇ ਭੀੜ ਇਕੱਠੀ ਹੁੰਦੀ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ। ਜਦੋਂ ਪੁਲਿਸ ਗਈ ਤਾਂ ਭੀੜ ਨੇ ਪੁਲਿਸ ‘ਤੇ ਵੀ ਹਮਲਾ ਕੀਤਾ ਗਿਆ। ਪੁਲਿਸ ਲੋਕਾਂ ਨੂੰ ਸ਼ਾਂਤ ਕਰਦੀ ਰਹੀ, ਪਰ ਉਨ੍ਹਾਂ ਨੇ ਜਾਣਬੁੱਝ ਕੇ ਹੋਰ ਲੋਕਾਂ ਨੂੰ ਇਕੱਠੇ ਕਰਦੇ ਰਹੇ। ਆਈ ਜੀ ਨੇ ਦੱਸਿਆ ਕਿ ਐਫ ਆਈ ਆਰ ਨੰਬਰ 306 ਵਿੱਚ 4 ਲੋਕਾਂ ਦੇ ਨਾਮ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ 100 ਦੇ ਕਰੀਬ ਲੋਕ ਅਣਪਛਾਤੇ ਹਨ। ਹਾਲਾਂਕਿ, ਉਸਨੇ ਇਹਨਾਂ ਨਾਮਾਂ ਦਾ ਖੁਲਾਸਾ ਨਹੀਂ ਕੀਤਾ ਅਤੇ ਇਸ ਕੇਸ ਨੂੰ ਸੰਵੇਦਨਸ਼ੀਲ ਹੋਣ ਦੀ ਦਲੀਲ ਦਿੱਤੀ।

ਫਿਰ ਆਈਜੀ ਨੇ ਕਿਹਾ – ਕੋਈ ਐਫਆਈਆਰ ਦਰਜ ਨਹੀਂ ਹੋਈ ਹੈ

ਇਸ ਤੋਂ ਬਾਅਦ ਆਈ ਜੀ ਨੇ ਯੂ-ਟਰਨ ਲਿਆ ਕਿ ਅਜੇ ਤੱਕ ਐਫ ਆਈ ਆਰ ਨੰਬਰ 306 ਦਰਜ ਨਹੀਂ ਕੀਤੀ ਗਈ। ਸਿਰਫ਼ 305 ਨੰਬਰ ਹੀ ਦਰਜ ਕੀਤਾ ਗਿਆ ਹੈ। ਹੁਣ ਉਹ ਵੈਰੀਫਿਕੇਸ਼ਨ ਕਰਵਾ ਰਹੇ ਹਨ। ਅਜੇ ਤੱਕ 302 ਯਾਨੀ ਕਤਲ ਦਾ ਕੇਸ ਦਰਜ ਨਹੀਂ ਹੋਇਆ ਹੈ। ਅਜੇ ਤੱਕ ਦੋਸ਼ੀਆਂ ਦੀ ਪਛਾਣ ਨਹੀਂ ਹੋ ਸਕੀ ਹੈ।

Related posts

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor

ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ

editor

ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ- ਔਜਲਾ

editor