Articles Pollywood

ਮਹਾਨ ਮੁੱਕੇਬਾਜ ਅਧਾਰਤ ਫ਼ਿਲਮ ‘ਪਦਮਸਿਰੀ ਕੌਰ ਸਿੰਘ’ ਨਵੇਂ ਝੰਡੇ ਗੱਡੇਗੀ

ਲੇਖਕ: ਸੁਰਜੀਤ ਜੱਸਲ

ਪੰਜਾਬੀ ਸਿਨੇ ਪ੍ਰੇਮੀਆ ਲਈ ਇਹ ਗੱਲ ਬੜੇ ਅਚੰਭੇ ਵਾਲੀ ਹੋਵੇੇਗੀ ਕਿ ਸੰਗਰੂਰ ਜਿਲ੍ਹੇ ਦੇ ਇੱਕ ਅਣਗੌਲ੍ਹੇ ਬਾਕਸਰ ਕੌਰ ਸਿੰਘ ਦੀ ਠੋਕਰਾਂ ਭਰੀ ਜ਼ਿੰਦਗੀ ਅਧਾਰਤ ਕਿਸੇ ਕਲਾ ਪ੍ਰੇਮੀ ਨੇ ਪੰਜਾਬੀ ਫ਼ਿਲਮ ਬਣਾਉਣ ਦਾ ਜ਼ੇਰਾ ਕੀਤਾ ਹੈ। ਅਕਸਰ ਹੀ ਵੇਖਿਆ ਗਿਆ ਹੈ ਕਿ ਬਹੁਤੇ ਫ਼ਿਲਮਕਾਰ ਚਾਲੂ ਵਿਸ਼ਿਆ ਅਧਾਰਤ ਮਸਾਲੇਦਾਰ ਫ਼ਿਲਮਾਂ ਬਣਾ ਕੇ ਆਪਣੀਆਂ ਜੇਬਾਂ ਭਰਨ ਤੱਕ ਹੀ ਸੋਚਦੇ ਹਨ। ਪੰਜਾਬੀ ਸਿਨਮੇ ਵਿੱਚ ਅਜਿਹਾ ਪਹਿਲੀ ਵਾਰ ਵੇਖਣ ‘ਚ ਆਇਆ ਹੈ। ਬੀਤੇ ਦਿਨੀਂ ਇਸ ਫਿਲਮ “ਪਦਮਸਿਰੀ ਕੌਰ ਸਿੰਘ “ਦਾ ਟਰੇਲਰ ਰਿਲੀਜ਼ ਹੋਇਆ ਹੈ। ਜਿਸ ਵਿੱਚ ਕੌਰ ਸਿੰਘ ਦੇ ਫੌਜੀ ਜੀਵਨ ਅਤੇ ਬਾਕਸਿੰਗ ਦੇ ਖੇਤਰ ਵਿੱਚ ਸੰਘਰਸ਼ ਦੇ ਦਿਨਾਂ ਨੂੰ ਵਿਖਾਇਆ ਗਿਆ ਹੈ।

ਬਹੁਤ ਸਾਰੇ ਸ਼ਾਇਦ ਇਸ ਮਹਾਨ ਬੌਕਸਰ ਦੇ ਨਾਮ ਤੋਂ ਅਣਜਾਣ ਹੋਣਗੇ ਪਰ ਇਹ ਇਕਲੌਤਾ ਪੰਜਾਬੀ ਮੁੱਕੇਬਾਜ਼ ਹੈ ਜਿਸਨੇ ਮਹਾਨ ਬੌਕਸਰ ਮੁਹੰਮਦ ਅਲੀ ਨਾਲ ਵੀ ਮੈਚ ਖੇਡਿਆ ਸੀ। ਪਦਮਸਿਰੀ ਅਤੇ ਅਰਜੁਨ ਐਵਾਰਡ ਜਿਹੇ ਦੇਸ਼ ਦੇ ਵੱਕਾਰੀ ਪੁਰਸਕਾਰ ਹਾਸਿਲ ਕਰਨ ਵਾਲੇ ਇਸ ਬੌਕਸਰ ਵੱਲੋਂ ਜੀਵਨ ਵਿੱਚ ਘਾਲੀ ਘਾਲਣਾ ਨੂੰ ਪਰਦੇ ਤੇ ਦਿਖਾਇਆ ਜਾਵੇਗਾ। ਉਹ 1971 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਸ ਨੇ ਰਾਜਸਥਾਨ ਦੇ ਅਹਿਮਦਾਬਾਦ ਸੈਕਟਰ ਵਿੱਚ ਜੰਗ ਦਾ ਮੈਦਾਨ ਲਿਆ ਅਤੇ ਜਿੱਤ ਪ੍ਰਾਪਤ ਕੀਤੀ। ਫੌਜ ਵਿੱਚ ਆਪਣੀ ਬਹਾਦਰੀ ਨਾਲ ਲੜਨ ਲਈ, ਉਸਨੂੰ ਸੰਗਰਾਮ ਮੈਡਲ ਅਤੇ ਵੈਸਟ ਸਟਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਪਦਮਸ਼੍ਰੀ ਕੌਰ ਸਿੰਘ ਫਿਲਮ ਦਾ ਨਿਰਮਾਣ ਕਰਮ ਬਾਠ ਵੱਲੋਂ ਸਲੇਅ ਰਿਕਾਰਡਜ਼ ਨਾਲ ਮਿਲਕੇ ਕੀਤਾ ਗਿਆ ਕੀਤਾ ਗਿਆ ਹੈ। ਵਿਕਰਮ ਪ੍ਰਧਾਨ ਫਿਲਮ ਲੇਖਕ ਤੇ ਨਿਰਦੇਸ਼ਕ ਹਨ।  ਫਿਲਮ ਦੇ ਮੁੱਖ ਅਦਾਕਾਰ ਕਰਮ ਬਾਠ ਇਸ ਫਿਲਮ ਰਾਹੀਂ ਆਪਣੇ ਕੈਰੀਅਰ ਦਾ ਆਗਾਜ਼ ਕਰਨ ਜਾ ਰਹੇ ਹਨ। ਫਿਲਮ ਵਿੱਚ ਪ੍ਰਭ ਗਰੇਵਾਲ, ਰਾਜ ਕਾਕੜਾ, ਬਨਿੰਦਰ ਬਨੀ, ਮਲਕੀਤ ਰੌਣੀ, ਸੁੱਖੀ ਚਾਹਲ ਸੁਖਬੀਰ ਗਿੱਲ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਜਿਹੇ ਸਾਨਦਾਰ ਸਿਤਾਰੇ ਸ਼ਾਮਿਲ ਹਨ। ਫਿਲਮ ਦੇ ਗੀਤ ਰਾਜ ਕਾਕੜਾ ਨੇ ਲਿਖੇ ਹਨ ਤੇ ਇਸਦਾ ਸੰਗੀਤ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ, ਜੀਆ ਠੱਕਰ ਫਿਲਮ ਦੇ ਸਹਿ ਲੇਖਕ ਤੇ ਸਹਿ ਨਿਰਦੇਸ਼ਕ ਹਨ। ਕਰਮ ਬਾਠ ਤੇ ਵਿੱਕੀ ਮਾਨ ਫਿਲਮ ਦੇ ਮੁੱਖ ਪ੍ਰੋਡਿਊਸਰ ਨੇ ਅਤੇ ਗੁਰਲਵ ਸਿੰਘ ਰਟੌਲ ਅਤੇ ਕੰਵਰਨਿਹਾਲ ਸਿੰਘ ਇਸਦੇ ਕੋ-ਪ੍ਰੋਡਿਊਸਰ ਹਨ । ਦੁਨੀਆਂ ਭਰ ਵਿੱਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੇ ਟਰੇਲਰ ਵੇਖਦਿਆਂ ਪੰਜਾਬੀ ਦਰਸ਼ਕਾਂ ਵਿੱਚ ਉਤਸੁਕਤਾ ਵੇਖੀ ਜਾ ਰਹੀ ਹੈ। ਨੌਜਵਾਨਾਂ ਨੂੰ ਨਸ਼ਿਆਂ ਦੂਰ ਤੇ ਖੇਡਾਂ ਦੇ ਨੇੜੇ ਕਰਦੀ ਇਹ ਫ਼ਿਲਮ ਪੰਜਾਬੀ ਸਿਨੇਮੇ ‘ਚ ਨਵੇਂ ਝੰਡੇ ਗੱਡੇਗੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor