Punjab

ਪ੍ਰਧਾਨ ਮੰਤਰੀ ਮੋਦੀ ਨੂੰ ਰਸਤੇ ‘ਚੋ ਵਾਪਸ ਮੁੜਨਾ ਪਿਆ: ਕਿਸਾਨਾਂ ਨੇ ਰੋਕੀ ਰੱਖਿਆ ਮੋਦੀ ਦਾ ਕਾਫ਼ਲਾ !

ਫਿਰੋਜ਼ਪੁਰ – ਪੰਜਾਬ ਦੇ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੱਲ੍ਹ ਦੀ ਰੈਲੀ ਰੱਦ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਥੇ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਾ ਸੀ ਅਤੇ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਾ ਸੀ। ਦੌਰਾ ਰੱਦ ਕਰਨ ਦਾ ਕਾਰਨ ਭਾਵੇਂ ਮੌਸਮ ਦੀ ਖਰਾਬੀ ਦੱਸਿਆ ਜਾ ਰਿਹਾ ਹੈ ਪਰ ਕਿਸਾਨਾਂ ਵੱਲੋਂ ਸੜਕ ਜਾਮ ਕੀਤੇ ਜਾਣ ਕਾਰਨ ਉਨ੍ਹਾਂ ਦੌਰਾ ਰੱਦ ਕਰ ਦਿੱਤਾ। ਕਿਸਾਨ ਇਸ ਦੌਰੇ ਦਾ ਵਿਰੋਧ ਕਰ ਰਹੇ ਸਨ। ਪੀਐਮ ਮੋਦੀ ਹੁਸੈਨੀਵਾਲ ਤੋਂ ਬਠਿੰਡਾ ਰਾਹੀਂ ਦਿੱਲੀ ਵਾਪਸ ਪਰਤ ਗਏ। ਇਸ ਦੌਰਾਨ ਬਠਿੰਡਾ ਏਅਰਪੋਰਟ ‘ਤੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਾਪਸੀ ਵੇਲੇ ਇਹ ਕਹਿ ਕਿ ਗਏ “ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਨਾ, ਕਿ ਮੈਂ ਬਠਿੰਡਾ ਏਅਰਪੋਰਟ ਤੱਕ ਜ਼ਿੰਦਾ ਪਹੁੰਚ ਗਿਆ।”

ਦਰਅਸਲ, ਪ੍ਰਦਰਸ਼ਨ ਕਾਰੀਆਂ ਨੇ ਰੈਲੀ ਵਾਲੀ ਥਾਂ ਤੋਂ ਸਿਰਫ਼ 8 ਕਿਲੋਮੀਟਰ ਦੂਰ ਰਸਤੇ ‘ਚ ਹੀ ਪ੍ਰਧਾਨ ਮੰਤਰੀ ਦਾ ਕਾਫਲਾ ਰੋਕ ਦਿੱਤਾ ਜਿਸ ਕਾਰਨ ਪ੍ਰਧਾਨ ਮੰਤਰੀ ਨੂੰ 20 ਮਿੰਟਾਂ ਲਈ ਇੱਕ ਫਲਾਈ ਓਵਰ ‘ਤੇ ਇੰਤਜ਼ਾਰ ਕਰਨਾ ਪਿਆ। ਮੋਦੀ ਹਵਾਈ ਜਹਾਜ਼ ਰਾਹੀਂ ਬਠਿੰਡਾ ਉਤਰੇ ਜਿਥੇ ਉਨ੍ਹਾਂ ਦਾ ਸਵਾਗਤ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਅਤੇ ਫਿਰ ਮੋਦੀ ਸੜਕ ਰਾਹੀਂ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਫਿਰੋਜ਼ਪੁਰ ਵੱਲ ਚੱਲ ਪਏ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿੱਚ ਰੈਲੀ ਹੋਣੀ ਸੀ ਪਰ ਖਰਾਬ ਮੌਸਮ ਕਾਰਨ ਪੀਐਮ ਨੂੰ ਹੈਲੀਕਾਪਟਰ ਦੀ ਬਜਾਏ ਸੜਕ ਮਾਰਗ ਰਾਹੀਂ ਜਾਣਾ ਪਿਆ। ਜਦੋਂ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਰਾਸ਼ਟਰੀ ਸ਼ਹੀਦ ਸਮਾਰਕ ਤੋਂ ਲਗਭਗ 30 ਕਿਲੋਮੀਟਰ ਪਹਿਲਾਂ ਫਲਾਈਓਵਰ ‘ਤੇ ਪਹੁੰਚਿਆ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਇੱਥੇ ਰਸਤਾ ਰੋਕ ਦਿੱਤਾ। ਕਿਸਾਨਾਂ ਨੇ ਥਾਂ-ਥਾਂ ਸੜਕਾਂ ਘੇਰੀਆਂ ਹੋਈਆਂ ਸਨ, ਜਿਸ ਕਾਰਨ ਪੀਐਮ ਨੂੰ ਆਪਣਾ ਕਾਫਲਾ ਵਾਪਸ ਮੋੜਨਾ ਪਿਆ। ਇਸ ਕਾਰਨ ਮੋਦੀ ਦੇ ਕਾਫ਼ਲੇ ਨੂੰ ਫਲਾਈਓਵਰ ‘ਤੇ 20 ਮਿੰਟ ਰੁਕਣਾ ਪਿਆ ਅਤੇ ਲੰਬਾ ਇੰਤਜ਼ਾਰ ਕਰਨ ਤੋਂ ਬਾਅਦ ਵਾਪਸ ਮੁੜਨ ਦਾ ਫੈਸਲਾ ਲਿਆ ਗਿਆ। ਇਸ ਨੂੰ ਸੁਰੱਖਿਆ ਦੇ ਵਿੱਚ ਵੱਡੀ ਚੂਕ ਮੰਨਿਆ ਜਾ ਰਿਹਾ ਹੈ। ਪੀਐਮ ਮੋਦੀ ਨੇ ਵਾਪਸੀ ‘ਤੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਸੀਐਮ ਚੰਨੀ ‘ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਹੈ ਕਿ ਮੈਂ ਹਵਾਈ ਅੱਡੇ ‘ਤੇ ਜ਼ਿੰਦਾ ਪਹੁੰਚ ਗਿਆ, ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਕਹਿਣਾ।
ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੇ ਪੰਜਾਬ ਫੇਰੀ ਦੌਰਾਨ ਸੁਰੱਖਿਆ ਦੀ ਗੰਭੀਰ ਉਲੰਘਣਾ ਤੋਂ ਬਾਅਦ ਵਾਪਸ ਪਰਤਣ ਦਾ ਫੈਸਲਾ ਕੀਤਾ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਇਸ ਕੁਤਾਹੀ ਲਈ ਜਵਾਬਦੇਹੀ ਤੈਅ ਕਰਨ ਅਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਮੰਤਰੀ ਦੇ ਦੌਰੇ ਦੀ ਪੂਰੀ ਜਾਣਕਾਰੀ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਦਿੱਤੀ ਗਈ ਸੀ। ਇਹ ਵੀ ਦੱਸਿਆ ਗਿਆ ਹੈ ਕਿ ਪੀਐਮ ਦੇ ਰਸਤੇ ਬਾਰੇ ਸਿਰਫ਼ ਪੁਲਿਸ ਨੂੰ ਹੀ ਪਤਾ ਸੀ ਪਰ ਫਿਰ ਵੀ ਇੰਨੀ ਵੱਡੀ ਗਲਤੀ ਹੋ ਗਈ ਅਤੇ ਉਸ ਦੇ ਕਾਫਲੇ ਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ। ਗ੍ਰਹਿ ਮੰਤਰਾਲੇ ਦੀ ਤਰਫੋਂ ਪੰਜਾਬ ਸਰਕਾਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਗਈ ਹੈ। ਪ੍ਰਧਾਨ ਮੰਤਰੀ ਬਠਿੰਡਾ ਤੋਂ ਹੁਸੈਨੀਵਾਲਾ ਸਥਿਤ ਰਾਸ਼ਟਰੀ ਸ਼ਹੀਦ ਸਮਾਰਕ ‘ਤੇ ਜਾ ਰਹੇ ਸਨ, ਜਦੋਂ ਇਹ ਘਟਨਾ ਵਾਪਰੀ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੂੰ ਲਾਠੀਚਾਰਜ ਅਤੇ ਕਿਸਾਨ ਪ੍ਰਦਰਸ਼ਨਕਾਰੀਆਂ ‘ਤੇ ਬਲ ਪ੍ਰਯੋਗ ਕਰਨ ਤੋਂ ਮਨ੍ਹਾ ਕੀਤਾ ਗਿਆ ਸੀ। ਪੰਜਾਬ ਸਰਕਾਰ ਨਹੀਂ ਚਾਹੁੰਦੀ ਸੀ ਕਿ ਵਿਰੋਧ ਕਰਨ ‘ਤੇ ਪੁਲਿਸ ਦੀ ਲੋਕਾਂ ‘ਤੇ ਸਖ਼ਤੀ ਹੋਵੇ ਅਤੇ 2015 ਦੇ ਬੇਅਦਬੀ ਮਾਮਲੇ ਦੇ ਬਾਅਦ ਵਰਗੀ ਸਿਥਤੀ ਫਿਰ ਬਣੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਪੂਰੇ ਮਾਮਲੇ ‘ਤੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ। ਉਧਰ ਪੰਜਾਬ ਭਾਜਪਾ ਦੇ ਲੀਡਰ ਵੀ ਇਸ ਘਟਨਾ ਮਗਰੋਂ ਪੰਜਾਬ ਸਰਕਾਰ ‘ਤੇ ਹਮਲਾਵਾਰ ਹੋ ਗਏ ਹਨ।

ਭਾਰਤੀ ਕਿਸਾਨ ਸੰਘ ਨੇ ਲਈ ਜਿੰਮੇਵਾਰੀ

ਫਿਰੋਜ਼ਪੁਰ ਜ਼ਿਲ੍ਹੇ ਦੇ ਪਿਯਾਰੇਨਾ ਪਿੰਡ ਵਿਚ ਬੁੱਧਵਾਰ ਨੂੰ ਪੀਐੱਮ ਮੋਦੀ ਦੇ ਕਾਫ਼ਲੇ ਨੂੰ ਰੋਕਣ ਦੀ ਜ਼ਿੰਮੇਵਾਰੀ ਭਾਰਤੀ ਕਿਸਾਨ ਸੰਘ (ਕ੍ਰਾਂਤੀਕਾਰੀ) ਦੇ ਮੈਂਬਰਾਂ ਨੇ ਲਈ ਹੈ। ਪੀਐੱਮ ਮੋਦੀ ਨੇ ਅੱਜ ਪੰਜਾਬ ਦੌਰੇ ਦੇ ਵਿਰੋਧ ਵਿਚ ਕਿਸਾਨਾਂ ਦੇ ਇਕ ਸਮੂਹ ਨੇ ਪਿਯਾਰੇਨਾ ਪਿੰਡ ਕੋਲ ਫਲਾਈਓਵਰ ਨੂੰ ਜਾਮ ਕਰ ਦਿੱਤਾ ਸੀ। ਜਿਸ ਸਮੇਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਘੁੜਸਵਾਰਾਂ ਨੂੰ ਆਉਂਦੇ ਦੇਖਿਆ, ਉਹ ਕਥਿਤ ਤੌਰ ’ਤੇ ਸੜਕਾਂ ’ਤੇ ਬੈਠ ਗਏ ਤੇ ਨਾਅਰੇਬਾਜ਼ੀ ਕਰਨ ਲੱਗੇ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ ਹਰੇ ਤੇ ਲਾਲ ਝੰਡੇ ਲਏ ਹੋਏ ਸਨ, ਜੋ ਕਿ ਬੀਕੇਯੂ ਕ੍ਰਾਂਤੀਕਾਰੀ ਦੇ ਝੰਡੇ ਹਨ। ਬੀਕੇਯੂ (ਕ੍ਰਾਂਤੀਕਾਰੀ) ਦੇ ਜਨਰਲ ਸਕੱਤਰ ਬਲਦੇਵ ਜੀਰਾ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੇ ‘ਹੰਕਾਰੀ ਮੋਦੀ’ ਨੂੰ ਸਬਕ ਸਿਖਾਇਆ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰੈੱਸ ਸਕੱਤਰ ਅਵਤਾਰ ਮਹਮਾ ਨੇ ਦੱਸਿਆ ਕਿ 31 ਦਸੰਬਰ ਨੂੰ ਬਰਨਾਲਾ ਵਿਚ ਸੱਤ ਕਿਸਾਨ ਯੂਨੀਅਨਾਂ ਦੀ ਬੈਠਕ ਹੋਈ ਸੀ, ਜਿਸ ਵਿਚ ਪੀਐੱਮ ਦੇ ਦੌਰੇ ਦੌਰਾਨ ਵੱਡੇ ਪੈਮਾਨੇ ’ਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਉਨ੍ਹਾਂ ਨੇ ਕਿਹਾ, ਹਰੇਕ ਸੰਗਠਨ ਨੂੰ ਇਕ ਪਿੰਡ ਵਿਚ ਆਪਣੀ ਤਾਕਤ ਦੇ ਆਧਾਰ ’ਤੇ ਵੱਖ-ਵੱਖ ਥਾਵਾਂ ’ਤੇ ਵਿਰੋਧ ਕਰਨਾ ਸੀ। ਬੀਕੇਯੂ ਕ੍ਰਾਂਤੀਕਾਰੀ ਪਿਯਾਰੇਨਾ ਪਿੰਡ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਨੇ ਸਵੇਰੇ ਸਾਢੇ ਦਸ ਵਜੇ ਤੋਂ ਰਸਤੇ ਦੀ ਘੇਰਾਬੰਦੀ ਕਰ ਰੱਖੀ ਸੀ।

ਭਾਜਪਾ ਵਰਕਰਾਂ ‘ਤੇ ਵਰ੍ਹਾਈਆਂ ਪੁਲਿਸ ਨੇ ਡਾਂਗਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ‘ਚ ਸ਼ਾਮਲ ਹੋਣ ਗਏ ਭਾਜਪਾ ਵਰਕਰਾਂ ‘ਤੇ ਪੁਲਿਸ ਵੱਲੋਂ ਬੇਰਹਿਮੀ ਨਾਲ ਲਾਠੀਚਾਰਜ ਅਤੇ ਪਸ਼ੂਆਂ ਵਾਂਗ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੀਆਂ ਡਾਂਗਾਂ ਦੀ ਮਾਰ ਐਨੀ ਜਬਰਦਸਤ ਸੀ ਕਿ ਭਾਜਪਾ ਦੇ ਇੱਕ ਆਗੂ ਦੇ ਸਿਰ ‘ਚ ਗੰਭੀਰ ਸੱਟ ਲੱਗੀ। ਦੂਸਰੇ ਵਰਕਰ ਦੇ ਵੀ ਮੱਥੇ ਅਤੇ ਸਿਰ ਤੇ ਸੱਟਾਂ ਹਨ। ਦੋਵੇਂ ਹੀ ਭਾਜਪਾ ਵਰਕਰ ਬਠਿੰਡਾ ਜਿਲ੍ਹੇ ਦੇ ਕਸਬਾ ਭਗਤਾ ਭਾਈ ਨਾਲ ਸਬੰਧਤ ਹਨ ਜਿੱਥੋਂ ਅੱਜ ਭਾਜਪਾ ਵਰਕਰਾਂ ਦਾ ਵੱਡਾ ਜੱਥਾ ਰੈਲੀ ‘ਚ ਸ਼ਾਮਲ ਹੋਣ ਲਈ ਗਿਆ ਸੀ। ਬੀਜੇਪੀ ਆਗੂ ਪਵਨ ਕੁਮਾਰ ਨੇ ਦੱਸਿਆ ਕਿ ਵੱਡੀ ਗਿਣਤੀ ਪਾਰਟੀ ਸਮਰਥਕ ਜਿਨ੍ਹਾਂ ‘ਚ ਕਈ ਸੀਨੀਅਰ ਆਗੂ ਵੀ ਸ਼ਾਮਲ ਸਨ। ਜਦੋਂ ਉਹ ਮੁੱਦਕੀ ਤੋਂ ਅੱਗੇ ਫਲਾਈਓਵਰ ਤੇ ਪੁੱਜੇ ਜਿੱਥੇ ਪੁਲਿਸ ਨੇ ਕਾਫੀ ਵੱਡਾ ਨਾਕਾ ਲਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪਾਰਟੀ ਵਰਕਰਾਂ ਨੇ ਅੱਗੇ ਜਾਣਾ ਚਾਹਿਆ ਤਾਂ ਕੁੱਝ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਵਰਕਰਾਂ ਨੇ ਬੈਰੀਕੇਡ ਲਾਕੇ ਰੋਕਣ ਦਾ ਕਾਰਨ ਪੁੱਛਿਆ ਤਾਂ ਪੁਲਿਸ ਮੁਲਾਜਮ ਤੈਸ਼ ਵਿੱਚ ਆ ਗਏ ਅਤੇ ਡਾਂਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅਫਰਾ ਤਫਰੀ ਮੱਚ ਗਈ ਜਿਸ ਦੌਰਾਨ ਕਈਆਂ ਦੇ ਸੱਟਾਂ ਵੱਜੀਆਂ ਜਦੋਂਕਿ ਪੁਲਿਸ ਨੇ ਡਿੱਗੇ ਪਏ ਭਾਜਪਾ ਵਰਕਰਾਂ ਤੇ ਲਾਠੀਚਾਰਜ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਖੁਦ ਉਨ੍ਹਾਂ ਦੇ ਗੰਭੀਰ ਜਖਮ ਹੋਏ ਅਤੇ ਉਨ੍ਹਾਂ ਨੂੰ ਸਾਥੀਆਂ ਨੇ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਲਾਠੀਚਾਰਜ ਦੌਰਾਨ ਭਗਤਾ ਭਾਈ ਦੇ ਆਗੂ ਬਿਕਰਮਜੀਤ ਗਰਗ ਸਮੇਤ ਤਿੰਨ ਦਰਜਨ ਤੋਂ ਵੀ ਵੱਧ ਵਰਕਰ ਤੇ ਪਾਰਟੀ ਦੇ ਹਮਾਇਤੀ ਜਖਮੀ ਹੋਏ ਹਨ। ਪਵਨ ਕੁਮਾਰ ਨੇ ਦੱਸਿਆ ਕਿ ਉਹ ਤਾਂ ਹੈਰਾਨ ਹਨ ਕਿ ਪੁਲਿਸ ਮੁਲਾਜਮ ਭਾਜਪਾ ਵਰਕਰਾਂ ਨੂੰ ਇਸ ਤਰਾਂ ਕੁੱੱਟ ਰਹੇ ਸਨ ਜਿਸ ਤਰਾਂ ਉਹ ਦੁਸ਼ਮਣ ਦੇਸ਼ ਦੇ ਨਾਗਰਿਕ ਹੋਣ । ਜਖਮੀਆਂ ਦੇ ਸਿਰ ਤੇ ਸੱਟਾਂ ਹਨ ਜਿੰਨ੍ਹਾਂ ਦੀ ਹਸਪਤਾਲ ‘ਚ ਮੱਲ੍ਹਮ ਪੱਟੀ ਕਰਵਾਈ ਗਈ। ਇਸੇ ਦੌਰਾਨ ਭਾਰਤੀ ਜੰਤਾ ਪਾਰਟੀ ਕਿਸਾਨ ਮੋਰਚਾ ਦੇ ਸੂਬਾ ਆਗੂ ਸਾਬਕਾ ਜਿਲ੍ਹਾ ਪ੍ਰਧਾਨ ਬਠਿੰਡਾ ਗੁਰਬਿੰਦਰ ਸਿੰਘ ਭਗਤਾ ਨੇ ਜਖਮੀਆਂ ਦਾ ਹਾਲ ਚਾਲ ਪੁੱਛਿਆ ਅਤੇ ਪੁਲਿਸ ਕਾਰਵਾਈ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਉੱਚ ਪੱਧਰੀ ਜਾਂਚ ਕਰਕੇ ਲਾਠੀਚਾਰਜ ਲਈ ਦੋਸ਼ੀ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਅਸਲ ‘ਚ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਦੇ ਇਸ਼ਾਰੇ ਤਹਿਤ ਭਾਜਪਾ ਵਰਕਰਾਂ ਤੇ ਲਾਠੀਆਂ ਚਲਾਈਆਂ ਹਨ ਤਾਂ ਜੋ ਰੈਲੀ ਨੂੰ ਸਾਬੋਤਾਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੀ ਚਰਚਾ ਉਪਰੰਤ ਪਿਛਲੇ ਕੁੱਝ ਦਿਨਾਂ ਦੌਰਾਨ ਪੰਜਾਬ ‘ਚ ਬੀਜੇਪੀ ਦੇ ਹੱਕ ‘ਚ ਬਣਨ ਲੱਗੇ ਹਾਲਾਤਾਂ ਅਤੇ ਪਾਰਟੀ ਨੂੰ ਮਿਲਣ ਲੱਗੇ ਹੁੰਗਾਰੇ ਦੇ ਨਾਲ ਨਾਲ ਵਰਕਰਾਂ ‘ਚ ਪੈਦਾ ਹੋਏ ਉਤਸ਼ਾਹ ਕਾਰਨ ਕਾਂਗਰਸ ਸਰਕਾਰ ਬੌਖਲਾਹਟ ‘ਚ ਆਈ ਹੋਈ ਹੈ ਜਿਸ ਕਰਕੇ ਅੱਜ ਪੁਲਿਸ ਦੇ ਨਾਲ ਨਾਲ ਕਿਸਾਨਾਂ ਦੇ ਭੇਸ ‘ ਚ ਕਾਂਗਰਸੀਆਂ ਨੇ ਬੀਜੇਪੀ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਗਵਰਨਰ ਪੰਜਾਬ ਤੋਂ ਚੰਨੀ ਸਰਕਾਰ ਨੂੰ ਤੁਰੰਤ ਬਰਖਾਸਤ ਕਰਕੇ ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਪੱਸ਼ਟੀਕਰਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਵੱਡੀ ਚੂਕ ‘ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੋਈ ਕਮੀ ਨਹੀਂ ਆਈ ਹੈ। ਉਨ੍ਹਾਂ ਖ਼ੁਦ ਕੱਲ ਦੇਰ ਰਾਤ ਤੱਕ ਉਨ੍ਹਾਂ ਦੀ ਸੁਰੱਖਿਆ ਦੇ ਸਾਰੇ ਪ੍ਰਬੰਧ ਦੇਖੇ ਸਨ। ਉਨ੍ਹਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਹੈਲੀਕਾਪਟਰ ਰਾਹੀਂ ਆਉਣਾ ਸੀ ਪਰ ਆਖਰੀ ਸਮੇਂ ਉਨ੍ਹਾਂ ਦਾ ਰਸਤਾ ਬਦਲ ਦਿੱਤਾ ਗਿਆ ਅਤੇ ਉਹ ਸੜਕ ਰਾਹੀਂ ਆਏ।

ਕਾਂਗਰਸ ਹਾਈਕਮਾਂਡ ਵੀ ਆਪਣੇ ਸਟੈਂਡ ‘ਤੇ ਕਾਇਮ ਹੈ। ਹਰ ਬੁਲਾਰਾ, ਹਰ ਵਰਕਰ ਅਤੇ ਹੁਣ ਸੀਐਮ ਚੰਨੀ ਵੀ ਕਹਿ ਰਹੇ ਹਨ ਕਿ ਸੁਰੱਖਿਆ ਵਿੱਚ ਕੋਈ ਕੁਤਾਹੀ ਨਹੀਂ ਹੋਈ। ਆਖਰੀ ਸਮੇਂ ਪ੍ਰੋਗਰਾਮ ਬਦਲਿਆ ਗਿਆ ਅਤੇ ਇਹ ਘਟਨਾ ਵਾਪਰ ਗਈ। ਰਣਦੀਪ ਸੁਰਜੇਵਾਲਾ ਨੇ ਵੀ ਕਈ ਵਾਰ ਟਵੀਟ ਕਰਕੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੇ ਪੱਖ ਤੋਂ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ 10 ਹਜ਼ਾਰ ਜਵਾਨ ਮੌਕੇ ‘ਤੇ ਤਾਇਨਾਤ ਸਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਹੈਲੀਕਾਪਟਰ ਰਾਹੀਂ ਆਉਣਾ ਸੀ ਪਰ ਆਖਰੀ ਸਮੇਂ ‘ਤੇ ਸੜਕ ਮਾਰਗ ਚੁਣਿਆ ਗਿਆ , ਜਿਸ ਬਾਰੇ ਸਰਕਾਰ ਨੂੰ ਜਾਣਕਾਰੀ ਨਹੀਂ ਸੀ।

ਕਾਂਗਰਸ ਦੀ ਖੂਨੀ ਮਨਸ਼ਾ – ਇਰਾਨੀ

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਪੂਰੀ ਘਟਨਾ ਨੂੰ ਕਾਂਗਰਸ ਦੀ ਖੂਨੀ ਮਨਸ਼ਾ ਦੱਸਿਆ ਹੈ। ਕਿਹਾ ਗਿਆ ਹੈ ਕਿ ਕਾਂਗਰਸ ਪੀਐਮ ਮੋਦੀ ਨੂੰ ਨਫ਼ਰਤ ਕਰਦੀ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਅਤੇ ਅਜਿਹੇ ਯਤਨ ਕਰਨ ਵਾਲਿਆਂ ਨਾਲ ਇਨਸਾਫ਼ ਕੀਤਾ ਜਾਵੇਗਾ।

ਸੁਰੱਖਿਆ ‘ਚ ਕੁਤਾਹੀ ਜਾਂ ਫਿਰ ਕਿਸਾਨਾਂ ਦਾ ਗੁੱਸਾ – ਟਿਕੈਤ

ਫਿਰੋਜ਼ਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਮੁਲਤਵੀ ਹੋਣ ਮਗਰੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਆਹਮੋ-ਸਾਹਮਣੇ ਹਨ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਇਸ ਗੱਲ ਦੀ ਜਾਂਚ ਹੋਣੀ ਜ਼ਰੂਰੀ ਹੈ ਕਿ ਪੀਐਮ ਦੀ ਵਾਪਸੀ ਦਾ ਕਾਰਨ ਸੁਰੱਖਿਆ ਵਿਚ ਕੁਤਾਹੀ ਹੈ ਜਾਂ ਕਿਸਾਨਾਂ ਦਾ ਗੁੱਸਾ। ਉਹਨਾਂ ਟਵੀਟ ਕਰਦਿਆਂ ਕਿਹਾ, ” ਭਾਜਪਾ ਵਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਕਾਰਨ ਰੈਲੀ ਰੱਦ ਹੋਣ ਦੀ ਗੱਲ ਕਹੀ ਜਾ ਰਹੀ ਹੈ ਜਦਕਿ ਪੰਜਾਬ ਦੇ ਮੁੱਖ ਮੰਤਰੀ ਖਾਲੀ ਕੁਰਸੀਆਂ ਕਾਰਨ ਪੀਐਮ ਦੇ ਵਾਪਸ ਪਰਤਣ ਦਾ ਦਾਅਵਾ ਕਰ ਰਹੇ ਹਨ। ਹੁਣ ਇਸ ਗੱਲ ਦੀ ਜਾਂਚ ਜ਼ਰੂਰੀ ਹੈ ਕਿ ਵਾਪਸੀ ਦਾ ਕਾਰਨ ਸੁਰੱਖਿਆ ਵਿਚ ਕੁਤਾਹੀ ਹੈ ਜਾਂ ਫਿਰ ਕਿਸਾਨਾਂ ਦਾ ਗੁੱਸਾ”।

ਸਾਜ਼ਿਸ਼ ਵਿੱਚ ਕੌਣ ਸ਼ਾਮਲ ਹੈ – ਚੁੱਘ

ਤਰੁਣ ਚੁੱਘ ਨੇ ਟਵੀਟ ਕਰ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਢਿੱਲ ਦੇਣ ਦੀ ਸਾਜ਼ਿਸ਼ ਵਿੱਚ ਕੌਣ ਸ਼ਾਮਲ ਹੈ? ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕੇ ਵਿੱਚ ਇੰਨੀ ਵੱਡੀ ਸੁਰੱਖਿਆ ਕੁਤਾਹੀ ‘ਚ “ਇਮਰਾਨ ਖਾਨ ਦੇ ਯਾਰ” ਦੀ ਪੰਜਾਬ ਸਰਕਾਰ ਵਿੱਚੋਂ ਕੌਣ-ਕੌਣ ਇਸ ਸਾਜ਼ਿਸ਼ ਵਿੱਚ ਸ਼ਾਮਲ ਹੈ? ਕਿਸ ਦੇ ਇਸ਼ਾਰੇ ‘ਤੇ ਸੁਰੱਖਿਆ ਵਿਚ ਢਿੱਲ ਮੱਠ ਹੋਈ ਹੈ?”

Related posts

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor

ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ

editor

ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ- ਔਜਲਾ

editor