Articles

ਮੁੱਦਾ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਗੰਭੀਰਤਾ ਨਾਲ ਵਿਚਾਰਨ ਦਾ !

Harkirat Kaur Sabhara
ਲੇਖਕ: ਹਰਕੀਰਤ ਕੌਰ, ਤਰਨਤਾਰਨ

ਪੰਜਾਬ ਇੱਕ ਖੇਤੀ ਪ੍ਧਾਨ ਸੂਬਾ ਹੈ,ਜਿਸਦੇ ਕਣ ਕਣ ਵਿੱਚ ਮਿੱਟੀ ਦੀ ਖੁਸ਼ਬੂ,ਖੇਤਾ ਵਿੱਚ ਲਹਿਰਾਉਂਦੀਆਂ ਫਸਲਾਂ, ਖਾਲਾਂ ਵਿੱਚ ਵੱਗਦਾ ਚਾਂਦੀ ਵਰਗਾ ਪਾਣੀ, ਚਿੜੀਆਂ ,ਕਬੂਤਰਾਂ ਦੀ ਚਹਿਕ ਤੇ ਵਿਹੜਿਆਂ  ਵਿੱਚ ਲੱਗੇ ਫਲ ਤੇ ਫੁੱਲਦਾਰ ਬੂਟਿਆਂ ਦੀ ਮਹਿਕ ਪੰਜਾਬ ਦੀ ਧਰਤ ਨੂੰ ਚੁਫੇਰਿਓ ਮਹਿਕਾਈ ਰੱਖਦੀ ਹੈ ।ਪੰਜਾਬ ਦੇ ਕਿਸਾਨਾਂ ਨੂੰ ਅੰਨਦਾਤੇ ਦੇ ਨਾਮ ਨਾਲ ਨਿਵਾਜਿਆ ਗਿਆ ਹੈ। ਥੋੜ੍ਹੇ ਸਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਪੰਜਾਬ ਦੀ ਅਸਲ ਪਹਿਚਾਣ ਇਸਦੀ ਕਿਸਾਨੀ, ਖੇਤੀਬਾੜੀ ਹੈ। ਖੇਤੀਬਾੜੀ ਦੇ ਖੇਤਰ ਵਿੱਚ ਵਿਕਾਸ ਅਤੇ ਵਿਦਿਆਰਥੀ ਨੂੰ ਇਸ ਖੇਤਰ ਨਾਲ ਜੋੜਣ ਲਈ 1962 ਵਿੱਚ ਸੁੰਯੁਕਤ ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਖੇਤੀਬਾੜੀ ਯੂਨੀਵਰਸਿਟੀ ਬਣਾਈ ਗਈ। ਇਹ ਪੰਜਾਬ ਲਈ ਬਹੁਤ ਵੱਡਾ ਮਾਣ ਹੈ। ਹੁਣ ਹਰਿਆਣਾ ਤੇ ਪੰਜਾਬ ਦੀਆਂ ਵੱਖ ਵੱਖ ਖੇਤੀਬਾੜੀ ਯੂਨੀਵਰਸਿਟਿਆਂ ਹਨ। ਯੂਨਿਵਰਸਿਟੀ ਵਿੱਚ ਚਾਰ ਕਾਲਜ ਹਨ: ਕਾਲਜ ਆਫ ਐਗਰੀਕਲਚਰ, ਕਾਲਜ ਆਫ ਐਗਰੀਕਲਚਰਲ ਇੰਜੀਨਅਰਿੰਗ, ਕਾਲਜ ਆਫ ਹੋਮ ਸਾਇੰਸ ਤੇ ਕਾਲਜ ਆਫ ਬੇਸਿਕ ਸਾਇੰਸਸ ਐਂਡ ਹੁਮੈਨਿਅਟੀਜ। 2005 ਵਿੱਚ ਇਸ ਯੂਨੀਵਰਸਿਟੀ ਵਿੱਚੋਂ ਹੀ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਂਇਸਸ ਯੂਨੀਵਰਸਿਟੀ ਨੇ ਜਨਮ ਲਿਆ। ਪੰਜਾਬ ਦੀ ਅੰਨ ਸੁਰੱਖਿਆ ਤੇ ਪੈਦਾਵਾਰ ਵਧਾਉਣ ਲਈ ਇਸ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਹੈ। ਪਸ਼ੂ ਪਾਲਣ, ਮੁਰਗੀ ਪਾਲਣ ਆਦਿ ਵਰਗੇ ਧੰਦਿਆਂ ਵਿੱਚ ਇਸ ਯੂਨੀਵਰਸਿਟੀ ਨੇ ਸਲਾਹੁਣਯੋਗ ਕੰਮ ਕੀਤਾ ਹੈ। ਖੇਤੀਬਾੜੀ ਖੋਜ਼, ਪੜ੍ਹਾਈ ਤੇ ਪਸਾਰ ਦੇ ਖੇਤਰ ਵਿੱਚ 1995 ਵਿੱਚ ਇਸ ਨੂੰ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਵੀ ਐਲਾਨਿਆ ਗਿਆ। ਕਈ ਖੇਤੀਬਾੜੀ ਮਾਹਿਰ ਇਸੇ ਯੂਨੀਵਰਸਿਟੀ ਦੀ ਦੇਣ ਹਨ। ਅੱਜ ਵੀ ਹਜ਼ਾਰਾਂ ਵਿਦਿਆਰਥੀ ਇਸ ਯੂਨੀਵਰਸਿਟੀ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਆਪਣੀ ਉਚੇਰੀ ਸਿੱਖਿਆ ਹਾਸਿਲ ਕਰ ਰਹੇ ਹਨ।

ਅਸੀਂ ਅਕਸਰ ਹੀ ਪੰਜਾਬ ਦੀ ਜਵਾਨੀ ਦਾ ਪੰਜਾਬ ਛੱਡਣ, ਵਿਦੇਸ਼ਾਂ ਵਿੱਚ ਜਾ ਪੜ੍ਹਾਈ ਕਰਨ ਦੀ ਚਿੰਤਾਂ ਜਾਹਿਰ ਕਰਦੇ ਹਾਂ ਕਿ ਜੇਕਰ ਇਹ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਵਿੱਚ ਤਾਂ ਜਵਾਨੀ ਬਚੇਗੀ ਹੀ ਨਹੀ! ਫਿਰ ਸਵਾਲ ਉੱਠਦਾ ਹੈ ਕਿ ਅਜਿਹੇ ਕਿਹੜੇ ਹੀਲੇ ਵਸੀਲੇ ਕੀਤੇ ਜਾਣ ਕਿ ਨੌਜਵਾਨੀ ਨੂੰ ਪੰਜਾਬ ਛੱਡ ਕੇ ਨਾ ਜਾਣਾ ਪਵੇ, ਜਿਸਦਾ ਜਵਾਬ ਇਹ ਹੈ ਕਿ ਪੰਜਾਬ ਵਿੱਚ ਹੀ ਵਿਦਿਆਰਥੀਆਂ ਨੂੰ ਮਿਆਰੀ ਤੇ ਸਸਤੀ ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਪ੍ਦਾਨ ਕੀਤੇ ਜਾਣ। ਪਰ ਅੱਜ ਪੰਜਾਬ ਦੀ ਅੱਧੇ ਤੋਂ  ਜਿਆਦਾ ਨੌਜਵਾਨੀ ਵਿਦੇਸ਼ ਤੁਰ ਗਈ ਜੋ ਬਾਕੀ ਬਚੀ ਹੈ, ਉਹ ਆਪਣੇ ਹੱਕਾਂ ਲਈ, ਨੌਕਰੀਆਂ ਲਈ ਸੜਕਾਂ ਉੱਪਰ ਧਰਨੇ ਲਗਾ ਰਹੀ ਹੈ, ਮਰਨ ਵਰਤ ਰੱਖ ਰਹੀ ਹੈ, ਭੁੱਖ ਹੜਤਾਲਾਂ ਕਰ ਰਹੀ ਹੈ। ਵੇਰਵਾ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਜਾਏ ਇਕੱਲੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਮੰਗਵਾਉਣ ਲਈ ਸੜਕਾਂ ਤੇ ਧੱਕੇ ਨਹੀਂ ਖਾਣੇ ਪੈਂਦੇ ਬਲਕਿ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਨੂੰ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਤਕਰੀਬਨ ਪਿਛਲੇ ਇੱਕ ਮਹੀਨੇ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਹੁਤ ਸਾਰੇ ਵਿਦਿਆਰਥੀ ਆਪਣੀਆਂ ਕੁਝ ਖਾਸ ਮੰਗਾਂ ਨੂੰ ਲੈਕੇ ਧਰਨੇ ਉੱਪਰ ਬੈਠੇ ਹਨ। ਇਹ ਮੰਗਾਂ ਇਸ ਪ੍ਰਕਾਰ ਹਨ :

  • ‌ਪੰਜਾਬ ਖੇਤੀਬਾੜੀ ਅਤੇ ਬਾਗਬਾਨੀ  ਵਿਭਾਗ ਵਿੱਚ ਜਿੰਨੀਆਂ ਵੀ ਅਸਾਮੀਆਂ ਖਾਲੀ ਹਨ ਉਹਨਾਂ ਨੂੰ ਭਰਿਆ ਜਾਵੇ।
  • ‌ਖੇਤੀਬਾੜੀ ਵਿਭਾਗ ਦੀਆਂ ਅਸਾਮੀਆਂ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਤਕਨੀਕੀ ਜਾਣਕਾਰੀ ਕਿਸਾਨਾਂ ਤੱਕ ਸਮੇਂ ਸਿਰ ਪੁਹੰਚਾਈ ਜਾ ਸਕੇ ।
  • ‌ਖੇਤੀਬਾੜੀ ਵਿਕਾਸ ਅਧਿਕਾਰੀਆਂ ਅਤੇ ਬਾਗਬਾਨੀ ਵਿਕਾਸ ਅਧਿਕਾਰੀਆਂ ਦੀ ਤਨਖਾਹ ਸਕੇਲ ਵੈਟਰਨਰੀ ਅਧਿਕਾਰੀਆਂ ਦੇ ਬਰਾਬਰ ਨੀਯਤ ਕੀਤਾ ਜਾਵੇ।
  • ‌ਇਸਦੇ ਨਾਲ ਹੀ ਹਰ ਸਾਲ ਜਿੰਨੀਆਂ ਵੀ ਅਸਾਮੀਆਂ ਖਾਲੀ ਹਨ ਵਿੱਤੀ ਸਾਲ ਦੇ ਖਤਮ ਹੋਣ ਦੇ ਨਾਲ  ਹੀ ਅਸਾਮੀਆਂ ਨੂੰ ਭਰਿਆ ਜਾਵੇ।

ਜੇਕਰ ਅਸੀ ਖੇਤੀਬਾੜੀ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਦੀਆਂ ਕੁੱਲ 934 ਅਸਾਮੀਆਂ ਹਨ, ਜਿੰਨਾਂ ਵਿਚੋਂ  501 ਅਸਾਮੀਆਂ ਖਾਲੀ ਹਨ, ਬਾਗਬਾਨੀ ਵਿਕਾਸ ਅਫ਼ਸਰ ਦੀਆਂ ਕੁੱਲ 225 ਅਸਾਮੀਆਂ ਹਨ ਜਿਸ ਵਿੱਚੋਂ 133 ਖਾਲੀ ਹਨ, ਸੋਇਲ ਕੰਜ਼ਰਵੇਸ਼ਨ ਅਫ਼ਸਰ ਦੀਆਂ ਕੁੱਲ 226 ਅਸਾਮੀਆਂ ਹਨ ਜਿੰਨਾਂ ਵਿੱਚ 129 ਖਾਲੀ ਹਨ, ਖੇਤੀਬਾੜੀ ਸਬ ਇੰਸਪੈਕਟਰ ਦੀਆਂ ਕੁੱਲ 725 ਅਸਾਮੀਆਂ ਹਨ ਜਿਸ ਵਿੱਚ  372 ਅਸਾਮੀਆਂ ਖਾਲੀ ਹਨ ਅਤੇ ਮਾਰਕੀਟ ਸੈਕਟਰੀ ਮੰਡੀ ਬੋਰਡ ਦੀਆਂ ਕੁੱਲ 120 ਅਸਾਮੀਆਂ ਹਨ ਜਿਸ ਵਿਚੋਂ 56 ਖਾਲੀ ਹਨ। ਇਹਨਾਂ ਅੰਕੜਿਆਂ ਤੋਂ ਇਹ ਸਿੱਧ ਹੁੰਦਾ ਹੈ  ਕਿ ਪੰਜਾਬ ਦੇ  24 ਪਿੰਡਾਂ ਪਿੱਛੇ ਇੱਕ ਐਗਰੀਕਲਚਰਲ ਡਿਵੈਲਪਮੈਂਟ ਅਫ਼ਸਰ ਹੈ ਅਤੇ 135 ਪਿੰਡਾਂ ਪਿੱਛੇ ਇੱਕ ਹਾਰਟੀਕਲਚਰ ਡਵੈਲਪਮੈਂਟ ਅਫਸਰ ਤਾਇਨਾਤ ਹੈ।  ਇਹ ਅੰਕੜੇ ਬਹੁਤ ਕੁਝ ਬਿਆਨ ਕਰਦੇ ਹਨ। ਜੇਕਰ ਇਹਨਾਂ ਵਿਦਿਆਰਥੀਆਂ ਨੂੰ ਮੌਕਾ ਦਿੱਤਾ ਜਾਵੇ ਤਾਂ ਕੀ ਜਿਹੜੇ ਕਿਸਾਨ ਕਰਜੇ ਦੇ ਸਤਾਏ, ਵੱਧ ਖਰਚਿਆਂ ਅਤੇ ਘੱਟ ਆਮਦਨ, ਮਾੜਾ ਝਾੜ ਆਦਿ ਸਮੱਸਿਆਵਾਂ ਦੇ ਵਸ ਪੈ ਅੰਤ ਖੁਦਕੁਸ਼ੀਆਂ ਕਰਦੇ ਹਨ ਕੀ ਇਹ ਨੌਜਵਾਨ ਉਹਨਾਂ ਕਿਸਾਨਾਂ ਦੀ ਸਹੀ ਅਗਵਾਈ ਕਰ ਉਹਨਾਂ ਦੀਆਂ ਜਾਨਾਂ ਨਹੀਂ ਬਚਾ ਸਕਦੇ। ਜੇਕਰ ਇਹਨਾਂ ਨੌਜਵਾਨ  ਵਿਦਿਆਰਥੀਆਂ ਨੂੰ ਪੰਜਾਬ ਦੀ ਫ਼ਿਕਰ ਹੈ ਸ਼ਾਇਦ ਤਾਂ ਹੀ ਹੋਰਾਂ ਨੌਜਵਾਨਾਂ ਦੀ ਤਰ੍ਹਾਂ ਪੰਜਾਬ ਛੱਡ ਵਿਦੇਸ਼ ਨਹੀ ਗਏ, ਪਰ ਜੇਕਰ  ਸਾਡੀਆਂ ਸਰਕਾਰਾਂ, ਸਾਡੀ ਵਿਵਸਥਾ ਇਹਨਾਂ ਵਿਦਿਆਰਥੀਆਂ ਦੀ ਸਾਰ ਨਹੀਂ ਲੈਂਦੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਨਾ ਤਾਂ ਇਹਨਾਂ ਯੂਨੀਵਰਸਿਟੀਆਂ, ਕਾਲਜਾਂ ਵਿੱਚ ਵਿਦਿਆਰਥੀ ਹੋਣਗੇ ਨਾ ਇਹ ਚਹਿਲ ਪਹਿਲ ਹੋਵੇਗੀ ਅਤੇ ਨਾ ਹੀ ਪੰਜਾਬ ਕੋਲ ਪੰਜਾਬ ਦੇ ਹਿੱਤ ਚ ਸੋਚਣ ਵਾਲੀ ਜਵਾਨੀ ਹੋਵੇਗੀ।

ਇਹ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ, ਜੋ ਪੰਜਾਬ ਦੀਆਂ ਸੱਜੀਆਂ ਖੱਬੀਆਂ ਬਾਹਾਂ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਨਾਲ ਜੁੜਿਆ ਹੋਇਆ ਮੁੱਦਾ ਹੈ। ਇਸ ਮੁੱਦੇ ਪ੍ਤੀ ਵਰਤਿਆ ਅਵੇਸਲਾਪਣ ਪੰਜਾਬ ਦੀ ਕਿਸਾਨੀ, ਜਵਾਨੀ ਤੇ ਭਵਿੱਖ ਤਿੰਨਾਂ ਦੀ ਨੁਕਸਾਨ ਕਰੇਗਾ। ਇਹ ਉਹ ਨੌਜਵਾਨ ਹਨ ਜੋ ਆਪਣੇ ਹੁਨਰ ਆਪਣੀ ਕਾਬਲੀਅਤ ਦੇ ਬਲਬੂਤੇ ਪੰਜਾਬ ਦੀ ਕਿਸਾਨੀ ਦੀ ਨੁਹਾਰ ਬਦਲਣਾ ਚਾਹੁੰਦੇ ਹਨ, ਇਹਨਾਂ ਨੂੰ ਲੋੜ ਹੈ ਇੱਕ ਮੌਕੇ ਦੀ, ਸਹਿਯੋਗ ਦੀ। ਪ੍ਸਾਸ਼ਨ ਨੂੰ ਚਾਹੀਦਾ ਹੈ ਕਿ ਇਹਨਾਂ ਵਿਦਿਆਰਥੀਆਂ ਦੀ ਇਹ ਸਾਰੀਆਂ ਮੰਗਾਂ ਵੱਲ ਗੌਰ ਫੁਰਮਾਇਆ ਜਾਵੇ ਤਾਂ ਜੋ ਛੇ ਛੇ ਫੁੱਟੇ ਨੌਜਵਾਨਾਂ ਨੂੰ ਆਪਣੇ ਹੱਕਾਂ ਲਈ ਮਰਨ ਵਰਤ ਨਾ ਰੱਖਣਾ ਪਵੇ, ਕਿਤੇ ਇਹਨਾਂ ਪੁੰਗਰਦੀਆਂ ਕਰੂਬਲਾਂ ਦੇ ਸਾਹ ਖਿੜਣ ਤੋਂ ਪਹਿਲਾਂ ਹੀ ਨਾ ਦੱਬੇ ਜਾਣ, ਕਿਤੇ ਇਹਨਾਂ ਪਰਿੰਦਿਆਂ ਦੀ ਪਰਵਾਜ ਲਈ ਅਸਮਾਨ ਨਾ ਖੋਹ ਲਿਆ ਜਾਵੇ, ਇਹ ਪੰਜਾਬ ਦੇ ਬੱਚੇ ਮਿੱਟੀ ਦੇ ਜਾਏ, ਮਿੱਟੀ ਦੀ ਰਾਖੀ ਲਈ ਲੜ੍ ਰਹੇ ਹਨ, ਆਓ ਇਹਨਾਂ ਦੀ ਵਾਤ ਪੁੱਛੀਏ, ਆਓ ਇਹਨਾਂ ਦੇ ਕਦਮ ਨਾਲ ਕਦਮ ਮਿਲਾ ਪੰਜਾਬ ਦੇ ਖੇਤਾਂ ਦੀ ਖੁਸ਼ਹਾਲੀ ਵਾਪਿਸ ਲੈਕੇ ਆਈਏ ,ਆਓ ਪੰਜਾਬ ਦੀ ਜਵਾਨੀ ਨੂੰ ਸੜਕਾਂ ਤੇ ਰੁਲਣ ਤੋਂ ਬਚਾ ਲਈਏ। ਸਰਕਾਰ ਨੂੰ ਚਾਹੀਦਾ ਹੈ ਕਿ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ, ਆਪਣੇ ਕੀਤੇ ਹੋਏ ਵਾਅਦਿਆਂ ਨੂੰ ਯਾਦ ਕਰਦੇ ਹੋਏ, ਇਹਨਾਂ ਨੌਜਵਾਨਾਂ ਦੀ ਸਾਰ ਲਈ ਜਾਵੇ, ਪੰਜਾਬ ਅਤੇ ਨੌਜਵਾਨੀ ਦੋਨਾਂ ਦੇ ਭਵਿੱਖ ਨੂੰ ਉੱਜਲਾ ਬਣਾਉਣ ਲਈ ਇਹਨਾਂ ਨੌਜਵਾਨਾਂ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜੋ ਪੰਜਾਬ ਦੀ  ਖੇਤੀਬਾੜੀ ਵਿਕਾਸ ਦੇ ਰਾਹਾਂ ਤੇ ਆਪਣੀ ਰਫ਼ਤਾਰ ਤੇਜ਼ ਕਰ ਸਕੇ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin