Articles

ਬਰਤਾਨੀਆਂ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਸ਼ੋਸ਼ਲ ਮੀਡੀਏ ‘ਤੇ ਭੰਬਲ ਭੂਸਾ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਬੌਰਿਸ ਜੌਹਨਸਨ ਦੇ ਅਸਤੀਫ਼ੇ ਤੋਂ ਬਾਅਦ ਬਰਤਾਨੀਆ ਇਸ ਵੇਲੇ ਨਵੇਂ ਪ੍ਰਧਾਨਮੰੜਰੀ ਦੀ ਭਾਲ ਚ ਹੈ । ਬੇਸ਼ੱਕ ਬੌਰਿਸ ਜੌਹਨਸਨ ਆਰਜੀ ਤੌਰ ‘ਤੇ ਇਸ ਸਾਲ ਦੇ ਸਤੰਬਰ ਮਹੀਨੇ ਤੱਕ ਪਰਧਾਨਮੰਤਰੀ ਦੇ ਤੌਰ ਤੇ ਕੰਮ-ਕਾਰ ਕਰਦੇ ਰਹਿਣਗੇ ਪਰ ਇਹ ਵੀ ਤਹਿ ਹੈ ਕਿ ਅਗਾਮੀ ਸਤੰਬਰ ਦੀ ਪੰਜ ਤਰੀਕ ਨੂੰ ਬਰਤਾਨੀਆ ਦੇ ਨਵੇਂ ਪ੍ਰਧਾਨਮੰਤਰੀ ਦਾ ਫੈਸਲਾ ਵੀ ਹੋ ਜਾਵੇਗਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸ਼ੋਸ਼ਲ ਮੀਡੀਏ ਉੱਤੇ ਇਹਨੀ ਦਿਨੀਂ ਇਹ ਅਫ਼ਵਾਹ ਪੂਰੇ ਜ਼ੋਰਾਂ ‘ਤੇ ਫੈਲਾਈ ਜਾ ਰਹੀ ਹੈ ਕਿ ਬਰਤਾਨੀਆਂ ਦਾ ਸਾਬਕਾ ਵਿੱਤ ਮੰਤਰੀ ਰਿਸ਼ੀ ਸ਼ੁਨਾਕ ਮੁਲਕ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਗਿਆ ਹੈ ਤੇ ਉਸ ਨੇ ਆਪਣਾ ਆਹੁਦਾ ਸੰਭਾਲ਼ ਕੇ ਕੰਮ-ਕਾਜ ਵੀ ਕਰਨਾ ਸ਼ੁਰੂ ਦਿੱਤਾ ਹੈ ।
ਬਰਤਾਨੀਆ ਵਿੱਚ ਲੋਕ-ਤੰਤਰ ਹੈ ਤੇ ਇਹ ਇਸ ਮੁਲਕ ਵਿੱਚ ਪੂਰੀ ਤਰਾਂ ਬਹਾਲ ਹੈ । ਮੈਨੂੰ ਇਹਨਾਂ ਦੇ ਚੋਣ ਪਰੋਸੈਸ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਦਾ ਰਿਹਾ ਹੈ ਜਿਸ ਕਰਕੇ ਇਹ ਪਰੋੋਸੈਸ ਆਪ ਸਭ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਤਾਂ ਕਿ ਕੋਈ ਦੁਬਿੱਧਾ ਬਾਕੀ ਨਾ ਰਹੇ ।
ਬੌਰਿਸ ਜੋਹਨਸਨ ਵਲੋਂ ਪਾਰਟੀ ਲੀਡਰ ਦੇ ਆਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਕੰਜਰਵੇਟਿਵ ਹਾਈ ਕਮਾਂਡ ਨੇ ਨਵਾਂ ਪਾਰਟੀ ਲੀਡਰ ਚੁਣਨ ਵਾਸਤੇ ਪਰਕਿਰਿਆ ਸ਼ੁਰੂ ਕਰ ਜਿਸ ਦੌਰਾਨ ਕੁਲ ਬਾਰਾਂ ਕੰਜਰਵੇਟਿਵ ਮੈਂਬਰਾਂ ਨੇ ਦਾਅਵੇ ਦਾਰੀ ਪੇਸ਼ ਕੀਤੀ ਭਾਵ ਪਹਿਲੇ ਪੜਾਅ ਚ 12 ਉਮੀਦਵਾਰ ਮੈਦਾਨ ਚ ਨਿੱਤਰੇ ।
ਪਾਰਟੀ ਹਾਈਕਮਾਂਡ ਨੇ ਸਭ ਤੋਂ ਪਹਿਲਾ ਉਹਨਾ ਦੇ ਪੋਰਟ ਫੋਲਿਓ ਚੈੱਕ ਕੀਤੇ ਤੇ ਮੈਰਿਟ ਦੇ ਹਿਸਾਬ ਸਭ ਤੋਂ ਹੇਠਾਂ ਰਹਿ ਜਾਣ ਵਾਲੇ ਆਖਰੀ ਦੋ ਉਮੀਦਵਾਰਾਂ ਦੀ ਉਮੀਦਵਾਰੀ ਖ਼ਾਰਜ ਕਰ ਦਿੱਤੀ ।
ਬਾਕੀ ਬਚੇ ਦਸ ਉਮੀਦਵਾਰਾਂ ਵਿੱਚੋਂ ਸਹੀ ਉਮੀਦਵਾਰ ਦੀ ਚੋਣ ਕਰਨ ਵਾਸਤੇ ਹਾਉਸ ਆਫ ਕੌਮਨਜ ਦੇ ਕੰਜਰਵੇਟਿਵ ਮੈਂਬਰਾਂ ਨੇ ਦੂਜੇ ਪੜਾਅ ਚ ਉਹਨਾਂ ਦੇ ਵਿਚਾਰ ਸੁਣਨ ਤੋਂ ਬਾਅਦ ਵੋਟਿੰਗ ਕੀਤੀ ਤੇ ਸਭ ਤੋ ਘੱਟ ਵੋਟਾਂ ਪ੍ਰਾਪਤ ਕਰਨ ਵਾਲੇ ਦੋ ਹੋਰ ਉਮੀਦਵਾਰ ਛਾਂਟ ਦਿੱਤੇ ।
ਤੀਜੇ ਪੜਾਅ ਚ ਬਾਕੀ ਰਹਿੰਦੇ ਅੱਠਾਂ ਦਾ ਮੁਕਾਬਲਾ ਕਰਵਾਇਆ ਗਿਆ ਜਿਹਨਾ ‘ਚੋਂ ਸਭ ਤੋ ਘੱਟ ਵੋਟਾਂ ਲੈਣ ਵਾਲੇ ਦੋ ਹੋਰ ਪ੍ਰਧਾਨਮੰਤਰੀ ਬਣਨ ਦੀ ਦੌੜ ਚੋ ਬਾਹਰ ਕਰ ਦਿੱਤੇ ਗਏ । ਫਿਰ ਇਸੇ ਤਰਾਂ ਜਦੋਂ ਹੋਰ ਪੜਾਵਾਂ ਚ ਡਿਬੇਟ ਟੈਸਟ ਤੋਂ ਬਾਅਦ ਹਾਊਸ ਆਫ ਕਾਮਨਾ ਦੇ ਕੰਜਰਵੇਟਿਵ ਮੈਂਬਰਾਂ ਨੇ ਵੋਟਾਂ ਪਾ ਕੇ ਪੜਾਅਵਾਰ ਚਾਰ ਹੋਰ ਮੁਕਾਬਲੇ ਚੋ ਬਾਹਰ ਕਰ ਦਿੱਤੇ ।
ਇਸ ਵੇਲੇ ਪਿਛਲੇ ਸਾਰੇ ਪੜਾਅ ਪਾਰ ਕਰਨ ਤੋਂ ਬਾਅਦ ਪਰਧਾਨਮੰਤਰੀ ਦੀ ਦੌੜ ਚ ਦੀ ਦਾਅਵੇਦਾਰੀ ਵਾਸਤੇ ਸਿਰਫ ਦੋ ਉਮੀਦਵਾਰ ਲਿੱਜ ਟਰੱਸ ਤੇ ਰਿਸ਼ੀ ਸ਼ੁਨਕ, ਬਾਕੀ ਬਚੇ ਹਨ ਜਿਹਨਾ ਦਾ ਆਪਸੀ ਮੁਕਾਬਲਾ ਬਹੁਤ ਹੀ ਕਠਿਨ ਹੋਣ ਵਾਲਾ ਹੈ ।
ਇੱਥੇ ਸਮਝਣ ਵਾਲੀ ਗੱਲ ਇਹ ਹੈ ਜਿੱਥੇ ਪਹਿਲੇ ਸਾਰੇ ਪੜਾਵਾਂ ਵਿੱਚ ਪਾਰਟੀ ਦੇ ਐਮ ਪੀਜ ਨੇ ਮੁੱਖ ਰੋਲ ਅਦਾ ਕੀਤਾ ਹੈ ਉੱਥੇ ਆਖਰੀ ਦੋ ਉਮੀਦਵਾਰਾਂ ਵਿੱਚੋਂ ਕਿਸੇ ਇਕ ਦੀ ਚੋਣ ਕਰਨ ਵਾਸਤੇ ਹੁਣ ਪਾਰਟੀ ਦੇ ਐਮ ਪੀਜ ਦੇ ਨਾਲ ਨਾਲ ਪਾਰਟੀ ਮੈਂਬਰ ਜਿਹਨਾ ਦੀ ਕੁਲ ਸੰਥਿਆ ਦੋ ਢਾਈ ਕਰੋੜ ਦੱਸੀ ਜਾਂਦੀ ਹੈ, ਉਹ ਸਾਰੇ ਮੈਂਬਰ ਵੀ ਪਾਰਟੀ ਮੈਂਬਰ ਹੋਣ ਕਰਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਤੇ ਪਾਰਟੀ ਲੀਡਰ ਦੀ ਚੋਣ ਕਰਕੇ ਮੁਲਕ ਨੂੰ ਨਵਾਂ ਪਰਧਾਨ ਮੰਤਰੀ ਦੇਣਗੇ ।
ਬਰਤਾਨੀਆ ਵਿੱਚਲੀਆ ਸਾਰੀਆਂ ਸਿਆਸੀ ਪਾਰਟੀਆਂ ਪਾਰਟੀ ਆਪਣਾ ਨੇਤਾ ਚੁਣਨ ਸਮੇਂ ਇਸ ਉਕਤ ਪ੍ਰਕਿਰਿਆ ਨੂੰ ਅਪਣਾ ਕੇ ਆਪਣਾ ਨੇਤਾ ਚੁਣਦੀਆਂ ਹਨ ਜੋ ਪਾਰਟੀ ਵਲੋਂ ਚੋਣਾਂ ਚ ਬਹੁਮੱਤ ਨਾਲ ਜਿੱਤਣ ਉਪਰੰਤ ਮੁਲਕ ਦਾ ਪ੍ਰਧਾਨਮੰਤਰੀ ਬਣਦਾ ਹੈ । ਨੇਤਾ ਚੁਣਨ ਦੀ ਇਹ ਪ੍ਰਕਿਰਿਆ ਬਹੁਤ ਹੀ ਨਿਰਪੱਖ ਤੇ ਪਾਰਦਰਸ਼ੀ ਹੁੰਦੀ ਹੈ । ਸਮੁੱਚੀ ਪ੍ਰਕਿਰਿਆ ਦੌਰਾਨ ਡਿਬੇਟ ਇਕ ਅਬਜਰਵਰ ਦੀ ਨਿਗਰਾਨੀ ਹੇਠ ਕਰਵਾਇਆਂ ਜਾਂਦਾ ਹੈ ਜਿਸ ਨੂੰ ਮੁੱਖ ਤੌਰ ‘ਤੇ ਚਾਰ ਭਾਗਾਂ ਚ ਵੰਡਿਆ ਗਿਆ ਹੁੰਦਾ ਹੈ । ਪਹਿਲੇ ਭਾਗ ਵਿੱਚ ਦੋ ਮਿੰਟ ਵਾਸਤੇ ਉਮੀਦਵਾਰ ਨੇ ਆਪਣੀ ਜਾਣ ਪਹਿਚਾਣ ਦੇਣੀ ਹੁੰਦੀ ਹੈ , ਦੂਸਰੇ ਭਾਗ ਵਿੱਚ ਅਬਜਰਵਰ ਹਰ ਉਮੀਦਵਾਰ ਤੋਂ ਕੁਝ ਸਵਾਲ ਪੁੱਛਦਾ ਹੈ ਜਿਹਨਾਂ ਦੇ ਉਤਰ ਦੇਣ ਦਾ ਨਿਸਚਤ ਸਮਾਂ ਪੰਦਰਾਂ ਮਿੰਟ ਹੁੰਦਾ ਹੈ , ਤੀਸਰੇ ਭਾਗ ਵਿੱਚ ਹਾਜ਼ਰ ਮੈਂਬਰ, ਉਮੀਦਵਾਰਾਂ ਨੂੰ ਉਹਨਾਂ ਦੇ ਵਿਜਨ ਬਾਰੇ ਸਵਾਲ ਪੁੱਛਦੇ ਹਨ ਤੇ ਚੌਥਾ ਭਾਗ ਵੋਟਾਂ ਪਾਉਣ ਦਾ ਹੁੰਦਾ ਹੈ ਜਿਸ
ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਦੇ ਮੁਤਾਬਿਕ ਪੜਾਅ ਜਿੱਤਣ ਤੇ ਹਾਰਨ ਵਾਲੇ ਉਮੀਦਵਾਰਾਂ ਦਾ ਐਲਾਨ ਹੁੰਦਾ ਹੈ ।
ਸਹੀ ਉਮੀਦਵਾਰ ਦੀ ਚੋਣ ਵਾਸਤੇ ਉਕਤ ਪ੍ਰਕਿਰਿਆ ਬਹੁਤ ਹੀ ਯੋਜਨਾਬੱਧ ਹੁੰਦੀ ਹੈ । ਹਰ ਉਮੀਦਵਾਰ ਅਵਾਜ ਪੈਣ ‘ਤੇ ਇਕੱਲੇ ਤੌਰ ‘ਤੇ ਕਾਨਫਰੰਸ ਹਾਲ ਵਿੱਚ ਆਉਦਾ ਹੈ ਤੇ ਪਰੋਸੈਸ ਪ੍ਰਕਿਰਿਆ ਪੂਰੀ ਕਰਕੇ ਹਾਲ ਤੋ ਬਾਹਰ ਨਿਕਲ ਜਾਂਦਾ ਹੈ ਤੇ ਉਸ ਤੋ ਬਾਅਦ ਬਾਕੀ ਉਮੀਦਵਾਰ ਵਾਰੀ ਸਿਰ ਪਰਕਿਰਿਆ ਪੂਰੀ ਕਰਦੇ ਹਨ । ਇਹ ਵੀ ਦੱਸਣਯੋਗ ਹੈ ਕਿ ਕਿ ਜੇਕਰ ਇਕ ਉਮੀਦਵਾਰ ਹਾਲ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕਰਨ ਵਾਸਤੇ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਹੈ ਤਾਂ ਬਾਕੀ ਜਿੰਨੇ ਹੋਰ ਉਮੀਦਵਾਰ ਹਨ ਉਹ ਨਾ ਹੀ ਹਾਲ ਦੇ ਵਿੱਚ ਬੈਠ ਸਕਦੇ ਹਨ ਕੇ ਨਾ ਹੀ ਕਾਨਫਰੰਸ ਹਾਲ ਦੇ ਨੇੜੇ ਤੇੜੇ ਫੜਕ ਸਕਦੇ ਹਨ, ਪਾਰਟੀ ਹਾਈ ਕਮਾਂਡ ਵੱਲੋਂ ਉਹਨਾਂ ਸਭਨਾ ਨੂੰ ਕਾਨਫਰੰਸ ਹਾਲ ਤੋਂ ਕਾਫ਼ੀ ਦੂਰ ਰੱਖਿਆ ਜਾਂਦਾ ਹੈ ਤੇ ਫਿਰ ਵਾਰੀ ਮੁਤਾਬਿਕ ਇਕ ਇਕ ਕਰਕੇ ਭੇਜਿਆ ਜਾਂਦਾ ਹੈ । ਉਮੀਦਵਾਰਾਂ ਨੂੰ ਉਕਤ ਪਰਕਿਰਿਆ ਦਰਮਿਆਨ ਫੋਨ ਤੇ ਕੰਪਿਊਟਰ ਆਦਿ ਦੀ ਵਰਤੋ ਕਰਨ ਤੋ ਸਖਤ ਮਨਾਹੀ ਹੁੰਦੀ ਹੈ ।
ਮੁੱਕਦੀ ਗੱਲ ਇਹ ਕਿ ਬਰਤਾਨੀਆ ਵਿੱਚ ਸਿਆਸੀ ਪਾਰਟੀ ਦਾ ਨੇਤਾ ਚੁਣਨ ਦੀ ਪ੍ਰਕੁਰਿਆ ਬਹੁਤ ਜਟਿੱਲ ਹੈ । ਇਹ ਪ੍ਰਕਿਰਿਆ ਨੂੰ ਟੇਢੀ ਖੀਰ ਕਹਿ ਲਓ ਜਾਂ ਫਿਰ ਜਲੇਬੀ ਬਾਈ, ਪਰ ਇਹ ਗੱਲ ਪੱਕੀ ਹੈ ਕਿ ਪਾਰਟੀ ਦਾ ਨੇਤਾ ਬਣਨ ਵਾਸਤੇ ਉਮੀਦਵਾਰਾਂ ਨੂੰ ਤਲਵਾਰ ਦੀ ਢਾਲ ‘ਤੇ ਚੱਲਣਾ ਪੈਂਦਾ ਹੈ ।
ਬਰਤਾਨੀਆ ਦੇ ਨਵੇਂ ਟੌਰੀ ਨੇਤਾ ਦੀ ਆਖਰੀ ਪੜਾਅ ਦੀ ਚੋਣ ਪੰਜ ਸਤੰਬਰ ਨੂੰ ਹੋਵੇਗੀ ਤੇ ਉਸੇ ਦਿਨ ਸ਼ਾਮ ਤੱਕ ਨਤੀਜਾ ਐਲਾਨ ਕਰ ਦਿੱਤਾ ਜਾਵੇਗਾ । ਇਸ ਵਾਰ ਪੰਜ ਸਤੰਬਰ ਨੂੰ ਮੁਕਾਬਲਾ ਰਿਸ਼ੀ ਸ਼ੁਨਕ ਤੇ ਲਿੱਜ ਟਰੈੱਸ ਵਿਚਕਾਰ ਹੋਵੇਗਾ । ਜਿੱਤ ਦੇ ਵਧੇਰੇ ਚਾਨਸ ਰਿਸ਼ੀ ਸੁਨਕ ਦੇ ਨਜ਼ਰ ਆ ਰਹੇ ਹਨ । ਜੇਕਰ ਰਿਸ਼ੀ ਜਿੱਤ ਜਾਂਦਾ ਹੈ ਤਾਂ ਇਹ ਬਰਤਾਨੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ ਕਿ ਕੋਈ ਪੰਜਾਬੀ ਮੂਲ ਦਾ ਪ੍ਰਧਾਨ ਮੰਤਰੀ ਬਣਿਆਂ ਹੈ । ਇਸ ਤੋ ਵੀ ਹੋਰ ਅੱਗੇ ਅਜਿਹਾ ਹੋਣ ਨਾਲ ਬਰਤਾਨੀਆ ਦਾ ਵਿੱਤ ਮੰਤਰੀ ਵੀ ਪੰਜਾਬੀ ਮੂਲ ਦਾ ਹੀ ਬਣਨ ਦੇ ਵਧੇਰੇ ਚਾਨਸ ਹਨ । ਇੱਥੇ ਜਿਕਰਯੋਗ ਹੈ ਕਿ ਰਿਸ਼ੀ ਸੁਨਕ ਤੇ ਸਾਜਿਦ ਜਾਵੇਦ ਦੋਵੇਂ ਹੀ ਬਰਤਾਨੀਆ ਦੀ ਮੌਜੂਦਾ ਸਰਕਾਰ ਦੇ ਸਾਬਕਾ ਵਿੱਤ ਮੰਤਰੀ ਰਹਿ ਚੁਕੇ ਹਨ । ਦੋਵੇਂ ਪੰਜਾਬੀ ਹਨ, ਦੋਵੇਂ ਆਪਸ ਵਿੱਚ ਬੜੇ ਚੰਗੇ ਮਿੱਤਰ ਹਨ, ਸਾਜਿਦ ਜਾਵੇਦ ਪਾਕਿਸਤਾਨੀ ਪੰਜਾਬ ਤੋ ਹੈ ਜਦ ਕਿ ਰਿਸ਼ੀ ਭਾਰਤੀ ਪੰਜਾਬ ‘ਤੋ ।
ਅਗਾਮੀ ਪੰਜ ਸਤੰਬਰ ਤਹਿ ਕਰੇਗੀ ਕਿ ਬਰਤਾਨੀਆ ਦਾ ਨਵਾਂ ਪਰਧਾਨਮੰਤਰੀ ਕੌਣ ਬਣਦਾ ਤੇ ਵਿੱਤ ਮੰਤਰੀ ਦੀ ਜ਼ੁੰਮੇਵਾਰੀ ਕਿਸਨੂੰ ਮਿਲਦੀ ਹੈ । ਇਸ ਦਿਨ ਵੋਟਿੰਗ ਆਨ ਲਾਈਨ ਹੋਵੇਗੀ ਤੇ ਨਤੀਜਾ ਸ਼ਾਮ ਤੱਕ ਸਾਹਮਣੇ ਆ ਜਾਵੇਗਾ । ਹਾਲ ਦੀ ਘੜੀ ਤਾਂ ਏਹੀ ਕਹਾਂਗਾ ਕਿ ਸ਼ੋਸ਼ਲ ਮੀਡੀਏ ਉੱਤੇ ਕੱਚੀ ਜਾਣਕਾਰੀ ਪੇਸ਼ ਕਰਕੇ ਕੋਈ ਵੀ ਵਿਅਕਤੀ ਆਪਣੀ ਅਕਲ ਦੀ ਜਨਾਜ਼ਾ ਨਾ ਕੱਢੇ । ਇਸ ਪਲੇਟਫ਼ਾਰਮ ‘ਤੇ ਜਾਣਕਾਰੀ ਪਾਉਣ ਤੋਂ ਪਹਿਲਾਂ ਪੂਰੀ ਤਰਾਂ ਦਰਿਆਫ਼ਤ ਕਰ ਲਈ ਜਾਵੇ ਤਾਂ ਬਹੁਤ ਚੰਗਾ ਹੋਵੇਗਾ ਕਿੰਉਕਿ ਜਾਣਕਾਰੀ ਸਟੀਕ ਹੋਵੇਗੀ ਤਾ ਕੋਈ ਵੀ ਭੰਬਲ ਭੂਸਾ ਪੈਦਾ ਨਹੀਂ ਹੋਵੇਗਾ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin