Story

ਵਗਾਰਾਂ

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਮੈਂ ਅਕਸਰ ਬੇਟੇ ਨੂੰ ਪਿੰਡ ਵਿਚਲੀ ਦੁਕਾਨ ਤੋਂ ਸੌਦਾ ਖਰੀਦਣ ਭੇਜਦਾ ਰਹਿੰਦਾ ਹਾਂ।ਪਿਛਲੇ ਕੁਝ ਦਿਨਾਂ ਤੋਂ ਇਹ ਵਾਪਰਨ ਲੱਗਾ ਕਿ ਬੇਟਾ ਸੌਦਾ ਲਿਆੳਣ ਗਿਆ ਕਦੇ ਕਦੇ ਕਾਫ਼ੀ ਦੇਰ ਲਗਾਉਣ ਲੱਗ  ਪਿਆ ਸੀ। ਮੈਨੂੰ ਸ਼ੱਕ ਹੋਇਆ  ਜੁਆਨ ਹੋ ਰਿਹਾ ਬੇਟਾ ਕਿਤੇ ਗ਼ਲਤ ਸੰਗਤ ‘ਚ ਨਾ ਬੈਠਣ ਲੱਗ ਪਿਆ ਹੋਵੇ। ਇਹ ਸੋਚ ਕੇ ਇਕ ਦਿਨ ਮੈਂ ਉਸ ਦਾ ਪਿੱਛਾ ਕੀਤਾ ਤਾਂ ਜੋ ਪਤਾ ਲਗਾਇਆ ਜਾ ਸਕੇ ਬਇ ਮਾਮਲਾ ਕੀ ਹੈ।

ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਵੇਖਿਆ ਕਿ ਬੇਟਾ ਸਿੱਧੇ ਰਾਹੇ ਜਾਣ ਦੀ ਥਾਂ ਵਲ਼ ਪਾ ਕੇ ਪਿੰਡ ਦੇ ਉਪਰ ਦੀ ਘੁੰਮ ਕੇ ਦੁਕਾਨ ਵੱਲ ਜਾ ਰਿਹਾ ਸੀ। ਮੇਰਾ ਮੱਥਾ ਠਣਕਿਆ ਕਿ ਜ਼ਰੂਰ ਕੋਈ ਚੱਕਰ ਹੈ।ਖ਼ੈਰ ਉਸ ਦਿਨ ਮੈਨੂੰ ਕੁਝ ਅਸੁਭਾਵਿਕ ਤਾਂ ਦਿਖਾਈ ਨਾ ਦਿੱਤਾ ਸਿਵਾਈ ਉਸ ਦੇ ਪਿੰਡ ਉਪਰ ਦੀ ਵਲ਼ ਕੇ ਜਾਣ ਦੇ।
ਮੈਂ ੳੁਸ ਤੋਂ ਪਹਿਲਾਂ ਪਹਿਲਾਂ ਘਰ ਆ ਗਿਆ। ਜਦੋਂ ਉਹ ਸੌਦਾ ਲੈ ਕੇ ਵਪਸ ਮੁੜਿਆ ਤਾਂ ਮੈੰ ਉਸ ਨੂੰ ਸਿੱਧੇ ਰਾਹੇ ਜਾਣ ਦੀ ਥਾਂ ਵਲ਼ ਪਾ ਕੇ ਉਪਰ ਦੀ ਜਾਣ ਦਾ ਕਾਰਨ ਪੁੱਛਿਆ ਤਾਂ ਬੇਟਾ ਕਹਿਣ ਲੱਗਾ, “ਡੈਡੀ ਕੀ ਦੱਸਾਂ! ਤੁਹਾਨੂੰ ਪਤਾ ਇਸ ਲਈ ਆ ਬਈ ਇਸ ਸਿੱਧੇ ਰਾਹ ਵਾਲੀ ਵੀਹ ਦੇ ਲਗਪਗ ਸਾਰੇ ਬੰਦੇ ਕੋਈ ਨਾ ਕੋਈ ਬਾਹਰਲੇ ਮੁਲਕਾਂ ਨੂੰ ਗਏ ਹੋਏ ਆ….ਲੋਕਾਂ ਆਪਣੇ ਪੋਤੇ ਪੋਤੀਆ ਵੀ ਬਾਹਲੇ ਮੁਲਕਾਂ ਨੂੰ ਪੜ੍ਹਨ ਭੇਜੇ ਹੋਇ ਆ…ਜਦੋਂ ਮੈੰ ਇਧਰ ਦੀ ਜਾਨਾਂ ਬੁੱਢੇ- ਬੁੱਢੀਆ, ਤਾਂਇਆ-ਚਾਚੀਆ ਤੇ ਭਾਬੀਆ ਬੂਹਿਆ  ‘ਚ ਖੜ੍ਹੀਆ ਹੁੰਦੀਆ ਵਗਾਰਾਂ ਪਾਉਣ ਨੂੰ….ਅਖੇ ਸਾਡਾ ਸਿਲੰਡਰ ਲਾ ਜਾ….ਸਿਲ਼ੰਡਰ ਗੱਡੀ ਕੋਲ਼ ਛੱਡ ਆ…ਆ ਮੇਰਾ ਸੌਦਾ ਵੀ ਫੜੀ ਆਈ…ਮੇਰੇ ਨਾਲ਼ ਬੈੰਕ ਨੂੰ ਚੱਲੀਂ …ਮੇਰੀ ਦਵਾਈ ਫੜ ਲਿਆ…ਫੋਨ ‘ਚ ਪੈਸੇ ਪਵਾ ਲਿਆ…ਆ ਦੇਖੀਂ ਫੋਨ ਕਾਹਤੋਂ ਨੀ ਚਲਦਾ…ਸਾਡੇ ਦਾਣੇ ਚੱਕੀ ‘ਤੇ ਛੱਡ ਆ…! ਕਰੀਬਨ ਹਰ ਰੋਜ਼ ਇਕ ਦੋ ਵਗਾਰਾਂ ਪੈਂਦੀਆ  ਪੈਂਦੀਆ…ਤਾਂ ਮੈਂ ਹੁਣ ਉਹ ਗਲ਼੍ਹੀ ਛੱਡ ਕੇ ਉਪਰ ਦੀ ਜਾਣ ਲੱਗ ਪਿਆ…ਅੱਗੇ ਵਗਾਰਾਂ ਕਰਦੇ ਨੂੰ ਮੈਨੂੰ ਕੲਮਈ ਵਾਰ ਸੱਤ ਈ ਵੱਜ ਜਾਂਦੇ ਸੀ ਸ਼ਾਮ ਦੇ..ਇਕ ਦੋ ਵਾਰ ਮੰਮੀ ਤੋਂ ਝਿੜਕਾਂ ਵੀ ਪਇਆ ਕਿਉਕਿ ਸਬਜੀ ਨੂੰ ਨ੍ਹੇਰਾ ਹੋ ਜਾਂਦਾ ਸੀ…ਤਾਂ ਕਰਕੇ ਮੈਂ ਹੁਣ ਉਪੱਰ ਦੀ ਜਾਣ ਲੱਗ ਪਿਆ! “
ਕਹਿੰਦਿਆ ਬੇਟਾ ਰਸੋਈ ‘ਚ ਸੌਦਾ ਰੱਖਣ ਚਲਾ ਗਿਆ। ਉਸ ਦੀ ਗੱਲ ਸੁਣ ਕੇ ਨਾ ਜਾਣੇ ਕਿਉ ਮੇਰੇ ਅੰਦਰੋਂ ਇਕ ਹਉਕਾ ਨਿਕਲਿਆ ਤੇ ਮੈਂ ਗਹਿਰੀ ਸੋਚ ਵਿੱਚ ਲੱਥ ਗਿਆ! ਮੈ ਸੋਚ ਰਿਹਾ ਸੀ ਕੀ ਅੱਗ ਲਾਉਣਾ ਐਹੋ ਜਿਹੀਆਂ ਕਮਾਈਆਂ ਨੂੰ, ਬਜ਼ੁਰਗ ਮਾਂ ਬਾਪ ਪੁੱਤਰਾ ਨੂੰ ਉਡੀਕਦੇ ਰਹਿੰਦੇ ਹੋਣ, ਪੋਤੇ ਪੋਤੀਆਂ ਦਾ ਮੂੰਹ ਦੇਖਣ ਨੂੰ ਤਰਸਦੇ ਤਰਸਦੇ ਇਸ ਦੁਨੀਆਂ ਤੋਂ ਤੁਰ ਜਾਣ, ਇਹ ਸੋਚ ਕੇ ਮੈਂ ਆਪਣੇ ਪੁੱਤਰ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ ਅਤੇ ਕਿਹਾ ” ਕੋਈ ਗੱਲ਼ ਨਹੀ ਪੁੱਤਰ ਇਹਨਾ ਦੇ ਆਖੇ ਲੱਗ ਜਾਇਆ ਕਰ ਇਹ ਪੋਤੇ ਪੋਤੀਆਂ ਦੇ ਪਿਆਰ ਤੋਂ ਸੱਖਣੇ ਲੋਕ ਨੇ…….!

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin