Articles

ਮੁਸ਼ਕਿਆ ਪਾਣੀ ਕਿਉਂ ਪੀਣ ਅਕਾਲੀ ?

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਪਿੰਡ ਦੀ ਸੱਥ ਵਿੱਚ ਬੈਠੇ ਬਜੁਰਗ ਇੱਕ ਲੋਕ-ਰੁਚੀ ਕਹਾਣੀ ਸੁਣਾਇਆ ਕਰਦੇ ਸਨ ਕਿ ਕੋਈ ਮੁਸਾਫਿਰ ਇੱਕ ਪਿੰਡ ਲਾਗਿਉਂ ਲੰਘਿਆ।ਉਹ ਇਹ ਦੇਖ ਕੇ ਹੈਰਾਨ ਹੋਇਆ ਕਿ ਪਿੰਡ ਵਾਸੀ ਕਈ ਜਣੇ ਖੂਹੀ ਵਿੱਚੋਂ ਪਾਣੀ ਕੱਢ ਰਹੇ ਸਨ ਤੇ ਬੱਚੇ ਬੀਬੀਆਂ ਘੜੇ ਬਾਲਟੀਆਂ ਭਰ ਭਰ ਕੇ ਬਾਹਰ ਸੁੱਟੀ ਜਾ ਰਹੇ ਸਨ।ਮੁਸਾਫਿਰ ਨੇ ਪੁੱਛਿਆ ਕਿ ਸੱਜਣੋ ਇਹ ਕੀ ਕਰਨ ਡਹੇ ਹੋ ? ਪਿੰਡ ਵਾਲ਼ਿਆਂ ਦੱਸਿਆ ਕਿ ਸਾਡੇ ਪਿੰਡ ’ਚ ਇਹੋ ਇੱਕ ਖੂਹੀ ਹੈ ਪਰ ਕਈ ਦਿਨਾਂ ਤੋਂ ਇਹਦਾ ਪਾਣੀ ਮੁਸ਼ਕ ਗਿਆ ਹੈ।ਅਸੀਂ ਕੱਲ੍ਹ ਦੇ ਪਾਣੀ ਕੱਢ ਕੱਢ ਵਗਾਉਣ ਲੱਗੇ ਹੋਏ ਹਾਂ ਕਿ ਮੁਸ਼ਕਿਆ ਪਾਣੀ ਮੁੱਕ ਜਾਵੇਗਾ। ਪਰ ਕਈ ਘੰਟੇ ਪਾਣੀ ਕੱਢਣ ਮਗਰੋਂ ਪਾਣੀ ਚੈੱਕ ਕਰ ਕੇ ਦੇਖਦੇ ਹਾਂ ਮੁਸ਼ਕ ਖਤਮ ਹੀ ਨਹੀਂ ਹੁੰਦਾ। ਅਸੀਂ ਫੇਰ ਸਾਰੇ ਜਣੇ ਖੂਹੀ ’ਚੋਂ ਪਾਣੀ ਕੱਢਣ ਡਹਿ ਪੈਂਦੇ ਹਾਂ ਪਰ ਸਫਲਤਾ ਨਹੀਂ ਮਿਲ ਰਹੀ।

ਮੁਸਾਫਿਰ ਬੜਾ ਸੂਝਵਾਨ ਸੀ। ਕਹਿੰਦੇ ਉਸਨੇ ਪਾਣੀ ਕੱਢ ਕੱਢ ਹਫੇ ਪਏ ਪਿੰਡ ਵਾਸੀਆਂ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਮੈਂ ਗੋਤਾ-ਖੋਰੀ ਵੀ ਜਾਣਦਾ ਹਾਂ, ਇਸ ਕਰਕੇ ਮੈਨੂੰ ਰੱਸਿਆਂ ਦੀ ਮੱਦਦ ਨਾਲ ਖੂਹੀ ’ਚ ਉਤਾਰੋ।ਪਿੰਡ ਵਾਲਿਆਂ ਪਲ ਨਾ ਲਾਇਆ। ਜਦ ਮੁਸਾਫਿਰ ਖੂਹੀ ’ਚੋਂ ਬਾਹਰ ਨਿਕਲਿਆ ਤਾਂ ਉਹਦੇ ਹੱਥ ਵਿੱਚ ਇੱਕ ਮਰੀ ਹੋਈ ਬਿੱਲੀ ਸੀ ! ਪਿੰਡ ਵਾਲਿਆਂ ਨੂੰ ਹੁਣ ਪਤਾ ਲੱਗਿਆ ਕਿ ਪਾਣੀ ’ਚੋਂ ਗੰਦਾ ਮੁਸ਼ਕ ਆਉਣੋ ਕਿਉਂ ਨਹੀਂ ਸੀ ਬੰਦ ਹੁੰਦਾ ।

ਇਸੇ ਤਰਾਂ ਸਿੱਖ ਜਗਤ ਦੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਖੂਹੀ, ਬੜਾ ਠੰਢਾ ਮਿੱਠਾ ਜਲ ਦੇ ਰਹੀ ਸੀ ਪਰ ਪਿਛਲੇ ਕਈ ਵਰ੍ਹਿਆਂ ਤੋਂ ਇਸਦਾ ਪਾਣੀ ਮੁਸ਼ਕ ਮਾਰਨ ਲੱਗਿਆ ਸੀ। ਕਾਫੀ ਸਮਾਂ ਤਾਂ ਇਸ ਖੂਹੀ ਦੇ ‘ਮਾਲਕ’ ਬਣੇ ਬੈਠੇ ਟੱਬਰ ਵਾਲ਼ੇ ਧੱਕੇ ਨਾਲ਼ ਹੀ ਮੁਸ਼ਕਿਆ ਪਾਣੀ ਪਿਲ਼ਾਈ ਗਏ, ਤੇ ਪੀਣ ਵਾਲ਼ੇ ਵੀ ਨੱਕ-ਬੁਲ੍ਹ ਵੱਟ ਕੇ ਪੀਈ ਗਏ। ਪਰ ਜਦ ਮਾਲਕਾਂ ਨੇ ਅੱਤਿ ਹੀ ਚੱਕ ਲਈ … ਖੂਹੀ ਵਿੱਚ ਬਿਅਦਬੀ-ਕਾਂਡ, ਬਹਿਬਲ ਕਲਾਂ ਤੇ ਕੋਟਕਪੂਰੇ ਦੇ ਗੋਲ਼ੀ-ਕਾਂਡ ਵੀ ਖੂਹੀ ਵਿੱਚ ਲੁਕਾਉਣੇ ਚਾਹੇ ਤਾਂ ਸਾਰੇ ਪੰਜਾਬ ਨੇ ਅਕਾਲੀ ਦਲ ਦੀ ਖੂਹੀ ਦਾ ਪਾਣੀ ਪੀਣ ਵਾਲ਼ਿਾਆਂ ਨੂੰ ਬੁਰੀ ਤਰਾਂ ਨਕਾਰ ਤੇ ਦੁਰਕਾਰ ਦਿੱਤਾ। ਤਦ ਕੁੱਝ ਅਕਾਲੀ ਕਹਾਉਂਦੇ ਸੱਜਣਾ ਨੂੰ ਹੋਸ਼ ਆਈ। … ਝੁਣਝੁਣੀ ਜਿਹੀ ਲੈ ਕੇ ਉਹ ਉੱਚੀ ਅਵਾਜ਼ ਵਿੱਚ ਕਹਿਣ ਲੱਗੇ ਕਿ ਅਸੀਂ ਇਸ ਖੂਹੀ ਵਿੱਚ ਡਿੱਗੀ ਹੋਈ ‘ਮਰੀਉ ਬਿੱਲੀ’ ਬਾਹਰ ਕੱਢਾਂ ਗੇ,ਇਸਦਾ ਜਲ ਪਹਿਲਾਂ ਵਰਗਾ ਹੀ ਨਿਰਮਲ ਬਣਾਵਾਂਗੇ। ਜਿਹੋ ਜਿਹਾ ਸਵੱਛ, ਇਹ ਖੂਹੀ ਬਣਾਉਣ ਵੇਲੇ ਸੀ।

ਹੁਣ ਹਾਲਾਤ ਇਹ ਬਣੇ ਹੋਏ ਨੇ ਕਿ ਖੂਹੀ ਦਾ ਮੁਸ਼ਕਿਆ ਪਾਣੀ ਕਹਿਣ ਵਾਲੇ ਭਾਵੇਂ ਗਿਣਤੀ ’ਚ ਥੋੜ੍ਹੇ ਜਾਪਦੇ ਨੇ ਪਰ ਅੰਦਰੋ ਅੰਦਰ ਬਹੁਤ ਨੇ ਜੋ ਆਪੋ ਆਪਣੇ ਭਵਿੱਖੀ ਅਹੁਦਿਆਂ ਦੀ ਆਸ ਵਿੱਚ ਬੱਧੇ-ਰੁੱਧੇ ਗੰਦਾ ਪਾਣੀ ਪੀਂਦੇ ਤਾਂ ਰਹੇ ਹਨ ਪਰ ਹੁਣ ਉਨ੍ਹਾਂ ਨੂੰ ਵੀ ਪੰਜਾਬੀ ਵੋਟਰਾਂ ਦੀ ਜਾਗਰੂਕਤਾ ਦਾ ਡਰ ਮਾਰਨ ਲੱਗ ਪਿਆ ਹੈ। ਇਸ ਕਰਕੇ ਉਹ ਫਿਲਹਾਲ ਦੁਵੱਲੇ ਚੱਲ ਰਹੇ ਹਨ। ਖੂਹੀ ਵਿੱਚ ਗੰਦ ਘੋਲਣ ਵਾਲ਼ੇ ਮਾਲਕਾਂ ਦੀ ਪ੍ਰੈੱਸ ਕਾਨਫਰੰਸ ਵਿੱਚ ਵੀ ਰੁੱਸਿਆ-ਬੁੱਸਿਆ ਜਿਹਾ ਮੂੰਹ ਬਣਾ ਕੇ ਜਾ ਬਹਿੰਦੇ ਹਨ ਤੇ ਮੀਡ੍ਹੀਏ ਨਾਲ ਪਾਰਟੀ ਦੇ ਭਵਿੱਖ ਬਾਰੇ ਵੀ ‘ਚਿੰਤਾ’ ਜਾਹਰ ਕਰ ਛੱਡਦੇ ਹਨ।

ਖੂਹੀ ਦੇ ਗੰਦੇ ਮੁਸ਼ਕ ਮਾਰਦੇ ਪਾਣੀ ਨੂੰ ‘ਮਾਨਸਰੋਵਰ ਦੀ ਝੀਲ ਵਰਗਾ ਜਲ’ ਦੱਸਣ ਵਾਲ਼ੀ ਇੱਕ ਹੋਰ ‘ਨਸਲ’ ਵੀ ਹੈ, ਜਿਹਦਾ ਵਿਵਹਾਰ ਦੇਖ ਕੇ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਕਿਤੇ ਉਹ ਚਮਚਾਗਿਰੀ ਦੇ ਨਵੇਂ ਰਿਕਾਰਡ ਬਣਾ ਰਹੇ ਹੋਣ ਜਾਂ ਖੂਹੀ ਮਾਲਕਾਂ ਦੇ ਪੁਰਾਣੇ ਚਮਚਿਆਂ ਦੀ ਥਾਂ, ਆਪ ਲੈਣੀ ਚਾਹੁੰਦੇ ਹੋਣ। ਇਹ ਭਦਰ ਪੁਰਸ਼ ਮੀਡ੍ਹੀਏ ਨਾਲ ਝੱਖਾਂ ਮਾਰਨ ਵੇਲ਼ੇ ਗੂੜ੍ਹੀਆਂ ਨੀਲੀਆਂ ਪੱਗਾਂ ਬੰਨ੍ਹ ਕੇ ਅਤੇ ਚੂਹੇ ਵਰਗੀਆਂ ਦੰਦੀਆਂ ਕੱਢਦੇ ਬੇਹਿਆਈ ਵਾਲ਼ੀ ‘ਹੀਂ…ਹੀਂ….ਹੀਂ…ਹੀਂ’ ਇਉਂ ਕਰਦੇ ਹਨ ਜਿਵੇਂ ਕਿਤੇ ਖੂਹੀ ਦੇ ਗੰਦੇ ਪਾਣੀ ਵਾਲ਼ਾ ਕੋਈ ਮਸਲਾ ਹੀ ਨਾ ਹੋਵੇ !

ਦੇਸ-ਵਿਦੇਸ਼ ਵੱਸਦੇ ਸਿੱਖ, ਬੜੀ ਨੀਝ ਨਾਲ ਇਸ ਘਟਨਾਕ੍ਰਮ ਵੱਲ੍ਹ ਦੇਖਣ ਦੇ ਨਾਲ ਨਾਲ ‘ਸਰਬਉੱਚ ਜਥੇਦਾਰਾਂ’ ਦੀ ਇੱਕ ਪਾਸੜ ਕਾਰਗੁਜਾਰੀ ਵੱਲ੍ਹ ਵੀ ਨਜਰ ਟਿਕਾਈ ਬੈਠੇ ਹਨ। ਉਹ ਅਰਦਾਸਾਂ ਕਰ ਰਹੇ ਹਨ ਕਿ ਜਿਹੜੀ ਅਕਾਲੀ ਖੂਹੀ ਬਣਾਉਣ ਦੀ ਵਿਉਂਤਬੰਦੀ, ਸਾਡੇ ਵਡਾਰੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਇਕੱਤਰ ਹੋ ਕੇ ਕੀਤੀ ਸੀ, ਉਹਦੇ ਵਿੱਚੋਂ ਹੁਣ ਮਰੀ ਹੋਈ ਬਿੱਲੀ ਬਾਹਰ ਕੱਢਣ ਵਾਲਿਆਂ ਨੂੰ ਕਾਮਯਾਬੀ ਮਿਲ਼ੇ।

ਪੰਥ ਦੀ ਇਸ ਖੂਹੀ ਰੂਪੀ ਅਮਾਨਤ ਉੱਤੇ ਸਦੀਵੀ ਤੌਰ ’ਤੇ ਖਾਨਦਾਨੀ ਕਬਜਾ ਜਮਾਈ ਰੱਖਣ ਵਾਲ਼ੇ ਹੈੰਕੜਬਾਜ ਮਾਲਕ ਲਈ ਇਹ ਸ਼ਿਅਰ ਹਾਜ਼ਰ ਹੈ-

‘ਬਹਾਰਿ ਦੁਨੀਆਂ ਹੈ ਚੰਦ ਰੋਜਾ, ਨਾ ਚਲ ਤੂ ਸਰ ਕੋ ਉਠਾ ਉਠਾ ਕਰ
ਕਜ਼ਾ ਨੇ ਐਸੇ ਹਜ਼ਾਰੋਂ ਨਕਸ਼ੇ, ਬਿਗਾੜ ਡਾਲੇ ਬਨਾ ਬਨਾ ਕਰ !’ (ਕਜ਼ਾ-ਰੱਬੀ ਹੁਕਮ)

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin