Articles Health & Fitness

ਯਾਦ-ਸ਼ਕਤੀ ਤੋ ਬਿਨਾ ਸਾਡੀ ਜਿੰਦਗੀ ਕਿਹੋ ਜਿਹੀ

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

“ਯਾਦ-ਸ਼ਕਤੀ ਤੋਂ ਬਿਨਾਂ ਸਾਡੀ ਜ਼ਿੰਦਗੀ ਕਿਹੋ ਜਿਹੀ ਹੁੰਦੀ? ਇਸ ਤੋਂ ਬਿਨਾਂ ਸਭ ਕੁਝ ਅਧੂਰਾ ਹੁੰਦਾ। ਹਰ ਰੋਜ਼ ਅਸੀਂ ਸ਼ੀਸ਼ੇ ਵਿਚ ਇਕ ਅਜਨਬੀ ਨੂੰ ਦੇਖਦੇ। ਹਰ ਦਿਨ ਨਵਾਂ ਹੁੰਦਾ, ਨਾ ਉਸ ਦਾ ਕੱਲ੍ਹ ਨਾਲ ਕੋਈ ਤਅੱਲਕ ਹੁੰਦਾ ਤੇ ਨਾ ਹੀ ਆਉਣ ਵਾਲੇ ਕੱਲ੍ਹ ਨਾਲ।”—“ਦਿਮਾਗ਼ ਦੇ ਰਾਜ਼।” (ਅੰਗ੍ਰੇਜ਼ੀ)

ਇਹ ਕਿਉਂ ਹੈ ਕਿ ਇਕ ਪੰਛੀ ਨੂੰ ਯਾਦ ਰਹਿੰਦਾ ਹੈ ਕਿ ਉਸ ਨੇ ਕਈ ਮਹੀਨੇ ਪਹਿਲਾਂ ਆਪਣੇ ਦਾਣੇ ਕਿੱਥੇ ਦੱਬੇ ਸਨ ਅਤੇ ਇਕ ਕਾਟੋ ਨੂੰ ਪਤਾ ਹੁੰਦਾ ਹੈ ਕਿ ਉਸ ਨੇ ਜ਼ਮੀਨ ਵਿਚ ਆਪਣੀਆਂ ਗਿਰੀਆਂ ਕਿੱਥੇ ਦੱਬੀਆਂ ਸਨ, ਪਰ ਸ਼ਾਇਦ ਸਾਨੂੰ ਇਹ ਵੀ ਨਾ ਯਾਦ ਰਹੇ ਕਿ ਅਸੀਂ ਇਕ ਘੰਟਾ ਪਹਿਲਾਂ ਆਪਣੀਆਂ ਚਾਬੀਆਂ ਕਿੱਥੇ ਰੱਖੀਆਂ ਸਨ! ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੀ ਯਾਦ-ਸ਼ਕਤੀ ਕਮਜ਼ੋਰ ਹੈ। ਪਰ ਅਸਲ ਵਿਚ ਸਾਡੇ ਦਿਮਾਗ਼ ਦੀ ਸਿੱਖਣ ਅਤੇ ਚੇਤੇ ਰੱਖਣ ਦੀ ਯੋਗਤਾ ਲਾਜਵਾਬ ਹੈ। ਸਾਨੂੰ ਇਸ ਯੋਗਤਾ ਦਾ ਪੂਰਾ ਫ਼ਾਇਦਾ ਉਠਾਉਣ ਦੀ ਲੋੜ ਹੈ।
ਦਿਮਾਗ਼ ਦੀ ਯੋਗਤਾ ਬੇਮਿਸਾਲ ਹੈ
ਇਨਸਾਨ ਦੇ ਦਿਮਾਗ਼ ਦਾ ਭਾਰ ਲਗਭਗ 1.4 ਕਿਲੋਗ੍ਰਾਮ ਹੈ ਅਤੇ ਇਸ ਦਾ ਸਾਈਜ਼ ਇਕ ਸੰਤਰੇ ਜਿੱਡਾ ਹੈ। ਫਿਰ ਵੀ ਸਾਡੇ ਦਿਮਾਗ਼ ਵਿਚ ਤਕਰੀਬਨ ਇਕ ਖਰਬ ਨਿਊਰਾਨਸ ਜਾਂ ਨਰਵ ਸੈੱਲ ਹਨ। ਹੋ ਸਕਦਾ ਹੈ ਕਿ ਹਰ ਨਰਵ ਸੈੱਲ ਦਾ ਸੰਬੰਧ ਇਕ ਲੱਖ ਹੋਰ ਨਰਵ ਸੈੱਲਾਂ ਨਾਲ ਜੁੜਿਆ ਹੋਵੇ। ਇਸ ਜਾਲ ਕਾਰਨ ਦਿਮਾਗ਼ ਵਿਚ ਬਹੁਤ ਸਾਰੀ ਜਾਣਕਾਰੀ ਲੈਣ ਅਤੇ ਜਮ੍ਹਾ ਕਰਨ ਦੀ ਯੋਗਤਾ ਹੈ। ਪਰ ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਅਸੀਂ ਕੋਈ ਗੱਲ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੈਰਾਨੀ ਦੀ ਗੱਲ ਹੈ ਕਿ ਕਈਆਂ ਦੀ ਯਾਦ-ਸ਼ਕਤੀ ਬਹੁਤ ਤੇਜ਼ ਹੁੰਦੀ ਹੈ, ਭਾਵੇਂ ਉਹ ਅਨਪੜ੍ਹ ਹੀ ਹੋਣ।
ਮਿਸਾਲ ਲਈ, ਪੱਛਮੀ ਅਫ਼ਰੀਕਾ ਵਿਚ ਕੁਝ ਕਬੀਲਿਆਂ ਦੇ ਲੋਕ ਅਨਪੜ੍ਹ ਹੋਣ ਦੇ ਬਾਵਜੂਦ ਇਤਿਹਾਸਕਾਰਾਂ ਵਜੋਂ ਆਪਣੇ ਪਿੰਡਾਂ ਦੇ ਲੋਕਾਂ ਦੀਆਂ ਕਈ ਪੀੜ੍ਹੀਆਂ ਦੇ ਨਾਂ ਮੂੰਹ-ਜ਼ਬਾਨੀ ਯਾਦ ਰੱਖ ਸਕਦੇ ਹਨ। ਇਨ੍ਹਾਂ ਲੋਕਾਂ ਦੀ ਮਦਦ ਨਾਲ ਅਮਰੀਕੀ ਲਿਖਾਰੀ ਐਲਿਕਸ ਹੇਲੀ ਨੇ ਇਕ ਕਿਤਾਬ ਲਿਖੀ। ਉਸ ਵਿਚ ਉਹ ਇਨ੍ਹਾਂ ਲੋਕਾਂ ਤੋਂ ਜਾਣਕਾਰੀ ਹਾਸਲ ਕਰ ਕੇ ਗੈਂਬੀਆ ਵਿਚ ਆਪਣੇ ਪਰਿਵਾਰ ਦੀਆਂ ਛੇ ਪੀੜ੍ਹੀਆਂ ਬਾਰੇ ਪਤਾ ਲਗਾ ਸਕਿਆ। ਬਾਅਦ ਵਿਚ ਉਸ ਨੂੰ ਆਪਣੀ ਕਿਤਾਬ ਲਈ ਇਨਾਮ ਮਿਲਿਆ। ਹੇਲੀ ਨੇ ਕਿਹਾ: “ਮੈਂ ਅਫ਼ਰੀਕਾ ਵਿਚ ਇਨ੍ਹਾਂ ਲੋਕਾਂ ਦੇ ਅਹਿਸਾਨਮੰਦ ਹਾਂ ਕਿਉਂਕਿ ਇਨ੍ਹਾਂ ਤੋਂ ਬਿਨਾਂ ਮੈਂ ਆਪਣੀ ਕਿਤਾਬ ਨਹੀਂ ਲਿਖ ਪਾਉਂਦਾ। ਇਹ ਗੱਲ ਸੱਚ ਹੀ ਹੈ ਕਿ ਜਦ ਇਨ੍ਹਾਂ ਲੋਕਾਂ ਵਿੱਚੋਂ ਇਕ ਗੁਜ਼ਰ ਜਾਂਦਾ ਹੈ, ਤਾਂ ਇੱਦਾਂ ਲੱਗਦਾ ਹੈ ਜਿਵੇਂ ਪੂਰੀ ਲਾਇਬ੍ਰੇਰੀ ਮਿਟ ਗਈ ਹੋਵੇ।”
ਯਾਦ-ਸ਼ਕਤੀ ਦੇ ਤਿੰਨ ਹਿੱਸੇ ਹੁੰਦੇ ਹਨ: ਸਮਝਣਾ, ਗੱਲ ਦਿਮਾਗ਼ ਵਿਚ ਬਿਠਾਉਣੀ ਅਤੇ ਫਿਰ ਉਸ ਨੂੰ ਵਾਪਸ ਚੇਤੇ ਕਰਨਾ। ਤੁਹਾਡਾ ਦਿਮਾਗ਼ ਹਰ ਵਕਤ ਜਾਣਕਾਰੀ ਹਾਸਲ ਕਰਦਾ ਅਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਉਹ ਇਸ ਨੂੰ ਸੰਭਾਲ ਕੇ ਰੱਖਦਾ ਹੈ ਤਾਂਕਿ ਜ਼ਰੂਰਤ ਪੈਣ ਤੇ ਤੁਸੀਂ ਉਸ ਨੂੰ ਦੁਬਾਰਾ ਯਾਦ ਕਰ ਸਕੋ। ਸਾਡੀ ਯਾਦ-ਸ਼ਕਤੀ ਉਦੋਂ ਕਮਜ਼ੋਰ ਹੁੰਦੀ ਹੈ ਜਦ ਇਨ੍ਹਾਂ ਵਿੱਚੋਂ ਇਕ ਹਿੱਸਾ ਸਹੀ ਤਰ੍ਹਾਂ ਕੰਮ ਨਹੀਂ ਕਰਦਾ।
ਯਾਦਾਸ਼ਤ ਵੀ ਕਈ ਤਰ੍ਹਾਂ ਦੀ ਹੁੰਦੀ ਹੈ। ਮਿਸਾਲ ਲਈ, ਸਾਨੂੰ ਕਈ ਗੱਲਾਂ ਕਿਸੇ ਚੀਜ਼ ਦੀ ਮਹਿਕ ਲੈਣ, ਦੇਖਣ ਅਤੇ ਛੋਹਣ ਤੇ ਯਾਦ ਆਉਂਦੀਆਂ ਹਨ। ਕਈ ਵਾਰ ਅਸੀਂ ਕੁਝ ਗੱਲਾਂ ਨੂੰ ਥੋੜ੍ਹੀ ਦੇਰ ਲਈ ਹੀ ਯਾਦ ਰੱਖਦੇ ਹਾਂ। ਇਸ ਲਈ ਅਸੀਂ ਆਪਣੇ ਦਿਮਾਗ਼ ਵਿਚ ਗਿਣਤੀ ਕਰ ਸਕਦੇ ਹਾਂ, ਕਿਸੇ ਦਾ ਫ਼ੋਨ ਨੰਬਰ ਭੁੱਲਣ ਤੋਂ ਪਹਿਲਾਂ ਉਸ ਨੂੰ ਮਿਲਾ ਸਕਦੇ ਹਾਂ ਅਤੇ ਇਕ ਵਾਕ ਦਾ ਪਹਿਲਾ ਹਿੱਸਾ ਭੁੱਲਣ ਤੋਂ ਪਹਿਲਾਂ ਉਸ ਦਾ ਦੂਜਾ ਹਿੱਸਾ ਪੜ੍ਹ ਜਾਂ ਸੁਣ ਸਕਦੇ ਹਾਂ। ਪਰ ਜ਼ਿੰਦਗੀ ਵਿਚ ਸਿਰਫ਼ ਇੰਨੀ ਕੁ ਯਾਦ-ਸ਼ਕਤੀ ਹੋਣੀ ਕਾਫ਼ੀ ਨਹੀਂ ਹੈ।
ਜੇ ਤੁਸੀਂ ਕੋਈ ਜਾਣਕਾਰੀ ਜ਼ਿਆਦਾ ਦੇਰ ਲਈ ਯਾਦ ਰੱਖਣੀ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਨੂੰ ਦਿਮਾਗ਼ ਵਿਚ ਬਿਠਾਉਣ ਦੀ ਲੋੜ ਹੈ। ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ? ਹੇਠ ਦਿੱਤੇ ਸੁਝਾਅ ਤੁਹਾਡੀ ਮਦਦ ਕਰਨਗੇ।
▪ ਦਿਲਚਸਪੀ ਲਓ ਕੋਈ ਗੱਲ ਸਿੱਖਣ ਵੇਲੇ ਉਸ ਵਿਚ ਦਿਲਚਸਪੀ ਲਓ ਅਤੇ ਯਾਦ ਰੱਖੋ ਕਿ ਤੁਸੀਂ ਉਹ ਕਿਉਂ ਸਿੱਖ ਰਹੇ ਹੋ। ਤੁਹਾਨੂੰ ਸ਼ਾਇਦ ਆਪਣੇ ਤਜਰਬੇ ਤੋਂ ਪਤਾ ਹੀ ਹੋਵੇ ਕਿ ਜਦ ਤੁਹਾਡੇ ਜਜ਼ਬਾਤ ਕਿਸੇ ਗੱਲ ਵਿਚ ਸ਼ਾਮਲ ਹੁੰਦੇ ਹਨ, ਤਾਂ ਤੁਸੀਂ ਉਸ ਨੂੰ ਛੇਤੀ ਭੁੱਲਦੇ ਨਹੀਂ। ਇਹ ਗੱਲ ਬਾਈਬਲ ਦੀ ਸਟੱਡੀ ਕਰਨ ਵਾਲਿਆਂ ਦੀ ਬਹੁਤ ਮਦਦ ਕਰ ਸਕਦੀ ਹੈ। ਜਦ ਉਹ ਬਾਈਬਲ ਪੜ੍ਹਦੇ ਹਨ, ਤਾਂ ਉਹ ਸਿਰਫ਼ ਗਿਆਨ ਹੀ ਨਹੀਂ ਲੈਣਾ ਚਾਹੁੰਦੇ, ਸਗੋਂ ਪਰਮੇਸ਼ੁਰ ਦੇ ਹੋਰ ਨਜ਼ਦੀਕ ਹੋਣਾ ਚਾਹੁੰਦੇ ਹਨ ਤੇ ਦੂਸਰਿਆਂ ਨੂੰ ਉਸ ਬਾਰੇ ਸਿਖਾਉਣਾ ਚਾਹੁੰਦੇ ਹਨ। ਇਸ ਕਰਕੇ ਉਨ੍ਹਾਂ ਦੀ ਯਾਦ-ਸ਼ਕਤੀ ਹੋਰ ਵੀ ਤੇਜ਼ ਹੋ ਜਾਂਦੀ ਹੈ.
▪ ਧਿਆਨ ਦਿਓ ਦਿਮਾਗ਼ ਦੇ ਰਾਜ਼ ਨਾਮ ਦੀ ਕਿਤਾਬ ਅਨੁਸਾਰ “ਜੇ ਤੁਸੀਂ ਕੋਈ ਗੱਲ ਯਾਦ ਨਹੀਂ ਕਰ ਸਕਦੇ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਚੰਗੀ ਤਰ੍ਹਾਂ ਧਿਆਨ ਨਹੀਂ ਦਿੱਤਾ।” ਸੋ ਤੁਸੀਂ ਧਿਆਨ ਦੇਣਾ ਕਿਵੇਂ ਸਿੱਖ ਸਕਦੇ ਹੋ? ਆਪਣੇ ਆਲੇ-ਦੁਆਲੇ ਜੋ ਕੁਝ ਹੋ ਰਿਹਾ ਹੈ ਉਸ ਵਿਚ ਦਿਲਚਸਪੀ ਲਓ ਅਤੇ ਜੇ ਹੋ ਸਕੇ, ਤਾਂ ਨੋਟ ਲਿਖੋ। ਨੋਟ ਲਿਖਣ ਸਮੇਂ ਤੁਸੀਂ ਨਾ ਸਿਰਫ਼ ਚੰਗੀ ਤਰ੍ਹਾਂ ਧਿਆਨ ਦਿੰਦੇ ਹੋ, ਸਗੋਂ ਤੁਸੀਂ ਬਾਅਦ ਵਿਚ ਆਪਣੇ ਨੋਟ ਦੁਬਾਰਾ ਪੜ੍ਹ ਵੀ ਸਕਦੇ ਹੋ।
▪  “ਆਪਣੀ ਸਾਰੀ ਪ੍ਰਾਪਤੀ ਨਾਲ ਸਮਝ ਨੂੰ ਪ੍ਰਾਪਤ ਕਰ।” ਜੇ ਤੁਹਾਨੂੰ ਕਿਸੇ ਗੱਲ ਦੀ ਸਮਝ ਹੀ ਨਹੀਂ ਲੱਗੀ, ਤਾਂ ਤੁਸੀਂ ਉਸ ਨੂੰ ਯਾਦ ਕਿਵੇਂ ਰੱਖ ਸਕਦੇ ਹੋ? ਇਹ ਤੁਹਾਡੇ ਲਈ ਮੁਸ਼ਕਲ ਹੋਵੇਗਾ। ਜਦ ਤੁਹਾਨੂੰ ਕਿਸੇ ਗੱਲ ਦੀ ਸਮਝ ਹੁੰਦੀ ਹੈ, ਤਾਂ ਤੁਸੀਂ ਇਹ ਵੀ ਸਮਝ ਸਕੋਗੇ ਕਿ ਇਕ ਗੱਲ ਦਾ ਦੂਸਰੀ ਗੱਲ ਨਾਲ ਕੀ ਸੰਬੰਧ ਹੈ। ਮਿਸਾਲ ਲਈ, ਜਦ ਕੋਈ ਮਕੈਨਿਕਸ ਸਿੱਖਣ ਵਾਲਾ ਵਿਦਿਆਰਥੀ ਇਹ ਗੱਲ ਸਮਝ ਲੈਂਦਾ ਹੈ ਕਿ ਇਕ ਇੰਜਣ ਕਿਵੇਂ ਕੰਮ ਕਰਦਾ ਹੈ, ਤਾਂ ਉਹ ਇੰਜਣ ਬਾਰੇ ਹੋਰ ਗੱਲਾਂ ਵੀ ਯਾਦ ਰੱਖ ਸਕੇਗਾ।
▪ ਮਨ ਵਿਚ ਮਿਲਦੀਆਂ-ਜੁਲਦੀਆਂ ਚੀਜ਼ਾਂ ਦੀ ਲਿਸਟ ਬਣਾਓ ਇਸ ਤਰ੍ਹਾਂ ਕਰਨ ਨਾਲ ਰਾਸ਼ਨ ਦੀ ਲਿਸਟ ਤੁਹਾਨੂੰ ਚੰਗੀ ਤਰ੍ਹਾਂ ਯਾਦ ਰਹੇਗੀ। ਮਿਸਾਲ ਲਈ, ਜੇ ਤੁਸੀਂ ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ ਤੇ ਫਲ ਖ਼ਰੀਦਣੇ ਚਾਹੁੰਦੇ ਹੋ, ਤਾਂ ਸਬਜ਼ੀਆਂ ਦੀ ਵੱਖਰੀ ਤੇ ਫਲਾਂ ਦੀ ਵੱਖਰੀ ਲਿਸਟ ਬਣਾਓ। ਮਨ ਵਿਚ ਪੰਜ-ਸੱਤ ਚੀਜ਼ਾਂ ਦੀ ਹੀ ਲਿਸਟ ਬਣਾਓ। ਆਮ ਤੌਰ ਤੇ ਟੈਲੀਫ਼ੋਨ ਦੇ ਨੰਬਰਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੁੰਦਾ ਹੈ ਤਾਂਕਿ ਉਨ੍ਹਾਂ ਨੂੰ ਆਸਾਨੀ ਨਾਲ ਚੇਤੇ ਰੱਖਿਆ ਜਾ ਸਕੇ।
▪ ਲਫ਼ਜ਼ਾਂ ਵਿਚ ਬਿਆਨ ਕਰੋ ਜਦ ਤੁਸੀਂ ਕੋਈ ਗੱਲ ਉੱਚੀ ਆਵਾਜ਼ ਵਿਚ ਵਾਰ-ਵਾਰ ਦੁਹਰਾਉਂਦੇ ਹੋ, ਤਾਂ ਦਿਮਾਗ਼ ਵਿਚ ਨਰਵ ਸੈੱਲਾਂ ਦਾ ਇਕ-ਦੂਜੇ ਨਾਲ ਸੰਬੰਧ ਹੋਰ ਵੀ ਪੱਕਾ ਹੋ ਜਾਂਦਾ ਹੈ। ਉਹ ਕਿਵੇਂ? ਫ਼ਰਜ਼ ਕਰੋ ਕਿ ਤੁਸੀਂ ਕੋਈ ਨਵੀਂ ਭਾਸ਼ਾ ਸਿੱਖ ਰਹੇ ਹੋ। ਜਦ ਤੁਸੀਂ ਉੱਚੀ ਆਵਾਜ਼ ਵਿਚ ਕੋਈ ਸ਼ਬਦ ਵਾਰ-ਵਾਰ ਕਹਿੰਦੇ ਹੋ, ਤਾਂ ਤੁਸੀਂ ਉਸ ਵੱਲ ਪੂਰਾ ਧਿਆਨ ਦਿੰਦੇ ਹੋ। ਫਿਰ ਸ਼ਾਇਦ ਤੁਹਾਡਾ ਟੀਚਰ ਤੁਹਾਨੂੰ ਦੱਸੇ ਕਿ ਤੁਸੀਂ ਇਹ ਲਫ਼ਜ਼ ਠੀਕ ਤਰ੍ਹਾਂ ਕਹਿ ਰਹੇ ਹੋ ਜਾਂ ਨਹੀਂ। ਇਸ ਤੋਂ ਇਲਾਵਾ ਜਦ ਤੁਸੀਂ ਆਪਣੇ-ਆਪ ਨੂੰ ਬੋਲਦੇ ਸੁਣਦੇ ਹੋ, ਤਾਂ ਤੁਸੀਂ ਆਪਣੇ ਦਿਮਾਗ਼ ਦੇ ਹੋਰ ਹਿੱਸੇ ਵੀ ਵਰਤਦੇ ਹੋ।
▪ ਮਨ ਵਿਚ ਤਸਵੀਰ ਬਣਾਓ ਆਪਣੇ ਮਨ ਵਿਚ ਉਸ ਚੀਜ਼ ਦੀ ਤਸਵੀਰ ਬਣਾਓ ਜਿਸ ਨੂੰ ਤੁਸੀਂ ਯਾਦ ਰੱਖਣਾ ਚਾਹੁੰਦੇ ਹੋ। ਤੁਸੀਂ ਇਸ ਤਸਵੀਰ ਨੂੰ ਕਾਗਜ਼ ਉੱਤੇ ਵੀ ਉਤਾਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਦਿਮਾਗ਼ ਦੇ ਹੋਰ ਹਿੱਸੇ ਵਰਤਦੇ ਹੋ। ਇਹ ਜਾਣਕਾਰੀ ਤੁਹਾਡੇ ਦਿਮਾਗ਼ ਵਿਚ ਉੱਨੀ ਹੀ ਜ਼ਿਆਦਾ ਬੈਠੇਗੀ ਜਿੰਨਾ ਤੁਸੀਂ ਆਪਣੇ ਦਿਮਾਗ਼ ਦੇ ਵੱਖ-ਵੱਖ ਹਿੱਸੇ ਵਰਤੋਗੇ।
▪ ਸੰਬੰਧ ਜੋੜੋ ਜਦ ਤੁਸੀਂ ਕੋਈ ਨਵੀਂ ਗੱਲ ਸਿੱਖਦੇ ਹੋ, ਤਾਂ ਉਸ ਦਾ ਸੰਬੰਧ ਅਜਿਹੀ ਗੱਲ ਨਾਲ ਜੋੜੋ ਜੋ ਤੁਸੀਂ ਪਹਿਲਾਂ ਹੀ ਜਾਣਦੇ ਹੋ। ਜਦ ਤੁਸੀਂ ਪੁਰਾਣੀਆਂ ਯਾਦਾਂ ਨਾਲ ਨਵੀਆਂ ਗੱਲਾਂ ਜੋੜਦੇ ਹੋ, ਤਾਂ ਤੁਹਾਡੇ ਲਈ ਇਨ੍ਹਾਂ ਨੂੰ ਯਾਦ ਰੱਖਣਾ ਸੌਖਾ ਹੋ ਜਾਂਦਾ ਹੈ। ਮਿਸਾਲ ਲਈ, ਫ਼ਰਜ਼ ਕਰੋ ਕਿ ਤੁਸੀਂ ਕਿਸੇ ਦਾ ਨਾਂ ਯਾਦ ਰੱਖਣਾ ਚਾਹੁੰਦੇ ਹੋ ਜਿਸ ਨੂੰ ਤੁਸੀਂ ਪਹਿਲੀ ਵਾਰ ਮਿਲੇ ਹੋ। ਜੇ ਤੁਸੀਂ ਉਸ ਦੇ ਨਾਂ ਨੂੰ ਉਸ ਦੇ ਕਿਸੇ ਨੈਣ-ਨਕਸ਼ ਨਾਲ ਜੋੜੋਗੇ, ਤਾਂ ਉਸ ਦਾ ਨਾਂ ਯਾਦ ਰੱਖਣ ਵਿਚ ਤੁਹਾਨੂੰ ਮਦਦ ਮਿਲੇਗੀ। ਗੱਲ ਜਿੰਨੀ ਹਾਸੇ ਵਾਲੀ ਜਾਂ ਅਜੀਬ ਹੋਵੇਗੀ ਉਸ ਨੂੰ ਯਾਦ ਰੱਖਣਾ ਉੱਨਾ ਹੀ ਸੌਖਾ ਹੋਵੇਗਾ। ਸੋ ਸਾਨੂੰ ਉਨ੍ਹਾਂ ਲੋਕਾਂ ਅਤੇ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ ਜਿਨ੍ਹਾਂ ਨੂੰ ਅਸੀਂ ਯਾਦ ਰੱਖਣਾ ਚਾਹੁੰਦੇ ਹਾਂ।
ਯਾਦਾਸ਼ਤ ਬਾਰੇ ਇਕ ਕਿਤਾਬ ਵਿਚ ਲਿਖਿਆ ਹੈ: “ਜੇ ਅਸੀਂ ਧਿਆਨ ਨਾ ਦੇਈਏ ਕਿ ਸਾਡੇ ਆਲੇ-ਦੁਆਲੇ ਕੀ ਹੁੰਦਾ ਹੈ ਅਤੇ ਆਪਣੇ ਤਜਰਬਿਆਂ ਬਾਰੇ ਨਾ ਸੋਚੀਏ, ਤਾਂ ਸਾਨੂੰ ਪੂਰੀ ਤਰ੍ਹਾਂ ਯਾਦ ਨਹੀਂ ਰਹੇਗਾ ਕਿ ਅਸੀਂ ਕਿੱਥੇ-ਕਿੱਥੇ ਗਏ ਸਨ ਅਤੇ ਕੀ-ਕੀ ਕੀਤਾ ਸੀ। ਇਸ ਕਰਕੇ ਸਾਡੀਆਂ ਯਾਦਾਂ ਅਧੂਰੀਆਂ ਹੀ ਰਹਿ ਜਾਣਗੀਆਂ।”
▪ ਜਾਣਕਾਰੀ ਦਿਮਾਗ਼ ਵਿਚ ਬਿਠਾਓ ਤੁਸੀਂ ਜਾਣਕਾਰੀ ਆਪਣੇ ਦਿਮਾਗ਼ ਵਿਚ ਕਿਸ ਤਰ੍ਹਾਂ ਬਿਠਾ ਸਕਦੇ ਹੋ? ਇਕ ਤਰੀਕਾ ਹੈ ਕਿ ਤੁਸੀਂ ਜੋ ਸਿੱਖਿਆ ਹੈ ਉਸ ਨੂੰ ਰਿਵਿਊ ਕਰੋ। ਸ਼ਾਇਦ ਤੁਸੀਂ ਸਿੱਖੀ ਗੱਲ ਕਿਸੇ ਨਾਲ ਸਾਂਝੀ ਕਰ ਸਕਦੇ ਹੋ। ਜੇ ਤੁਸੀਂ ਬਾਈਬਲ ਜਾਂ ਕਿਸੇ ਹੋਰ ਕਿਤਾਬ ਵਿੱਚੋਂ ਕੋਈ ਸੋਹਣੀ ਗੱਲ ਪੜ੍ਹੀ ਹੋਵੇ, ਤਾਂ ਕਿਉਂ ਨਾ ਕਿਸੇ ਨੂੰ ਇਸ ਬਾਰੇ ਦੱਸੋ? ਇਸ ਤਰ੍ਹਾਂ ਤੁਹਾਡਾ ਦੋਹਾਂ ਦਾ ਫ਼ਾਇਦਾ ਹੋਵੇਗਾ, ਤੁਸੀਂ ਉਸ ਗੱਲ ਨੂੰ ਆਪਣੇ ਦਿਮਾਗ਼ ਵਿਚ ਬਿਠਾ ਸਕੋਗੇ ਤੇ ਤੁਹਾਡੇ ਦੋਸਤ ਨੂੰ ਹੌਸਲਾ ਮਿਲੇਗਾ। ਇਹ ਸੱਚ ਹੈ ਕਿ ਜਦ ਅਸੀਂ ਕੋਈ ਗੱਲ ਦੁਹਰਾਉਂਦੇ ਹਾਂ, ਤਾਂ ਸਾਨੂੰ ਉਸ ਨੂੰ ਯਾਦ ਰੱਖਣ ਵਿਚ ਮਦਦ ਮਿਲਦੀ ਹੈ।
ਯਾਦ-ਸ਼ਕਤੀ ਵਧਾਉਣ ਦੀ ਤਕਨੀਕ
ਪ੍ਰਾਚੀਨ ਯੂਨਾਨ ਅਤੇ ਰੋਮ ਵਿਚ ਭਾਸ਼ਣਕਾਰ ਮੂੰਹ-ਜ਼ਬਾਨੀ ਯਾਦ ਕੀਤੇ ਲੰਬੇ-ਲੰਬੇ ਭਾਸ਼ਣ ਦੇ ਸਕਦੇ ਸਨ। ਉਹ ਇਸ ਤਰ੍ਹਾਂ ਕਿਵੇਂ ਕਰ ਸਕਦੇ ਸਨ? ਉਨ੍ਹਾਂ ਨੇ ਯਾਦ-ਸ਼ਕਤੀ ਵਧਾਉਣ ਦੀ ਅਜਿਹੀ ਤਕਨੀਕ ਵਰਤੀ ਜਿਸ ਨਾਲ ਉਹ ਗੱਲਾਂ ਦਿਮਾਗ਼ ਵਿਚ ਬਿਠਾ ਸਕਦੇ ਸਨ ਅਤੇ ਜ਼ਰੂਰਤ ਪੈਣ ਤੇ ਉਨ੍ਹਾਂ ਨੂੰ ਯਾਦ ਕਰ ਸਕਦੇ ਸਨ।
ਹਰ ਸਾਲ ਕੀਤੀ ਜਾਂਦੀ ਵਰਲਡ ਮੈਮਰੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੇ ਕੁਝ ਲੋਕਾਂ ਉੱਤੇ ਕੀਤੀ ਗਈ ਰੀਸਰਚ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਦੀ ਵਧੀਆ ਯਾਦ-ਸ਼ਕਤੀ ਜ਼ਿਆਦਾ ਹੁਸ਼ਿਆਰ ਹੋਣ ਕਰਕੇ ਨਹੀਂ ਸੀ। ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੇ ਲੋਕਾਂ ਦੀ ਜ਼ਿਆਦਾਤਰ ਉਮਰ 40 ਤੋਂ 50 ਸਾਲਾਂ ਦੀ ਸੀ। ਉਨ੍ਹਾਂ ਦੀ ਯਾਦ-ਸ਼ਕਤੀ ਦਾ ਕੀ ਰਾਜ਼ ਸੀ? ਕਈਆਂ ਦਾ ਕਹਿਣਾ ਸੀ ਕਿ ਉਹ ਯਾਦ-ਸ਼ਕਤੀ ਵਧਾਉਣ ਲਈ ਇਹੀ ਤਕਨੀਕ ਵਰਤਦੇ ਹਨ।
ਜੀ ਹਾਂ, ਤੁਸੀਂ ਆਪਣੀ ਯਾਦ ਸ਼ਕਤੀ ਨੂੰ ਵਧਾ ਸਕਦੇ ਹੋ! ਰਿਸਰਚ ਤੋਂ ਪਤਾ ਚੱਲਦਾ ਹੈ ਕਿ ਸਾਡੀ ਯਾਦ-ਸ਼ਕਤੀ ਮਾਸ-ਪੇਸ਼ੀ ਵਾਂਗ ਹੈ। ਅਸੀਂ ਜਿੰਨਾ ਜ਼ਿਆਦਾ ਇਸ ਨੂੰ ਵਰਤਾਂਗੇ ਉੱਨਾ ਹੀ ਇਹ ਮਜ਼ਬੂਤ ਹੋਵੇਗੀ, ਬੁਢਾਪੇ ਵਿਚ ਵੀ।
ਆਪਣੇ ਮਨ ਵਿਚ ਤਸਵੀਰ ਬਣਾਓ
ਫ਼ਰਜ਼ ਕਰੋ ਕਿ ਤੁਸੀਂ ਡਬਲਰੋਟੀ, ਆਂਡੇ, ਦੁੱਧ ਅਤੇ ਮੱਖਣ ਵਰਗੀਆਂ ਚੀਜ਼ਾਂ ਖ਼ਰੀਦਣਾ ਚਾਹੁੰਦੇ ਹੋ। ਇਹ ਸਭ ਯਾਦ ਰੱਖਣ ਲਈ ਆਪਣੇ ਮਨ ਵਿਚ ਆਪਣੇ ਕਮਰੇ ਦੀ ਤਸਵੀਰ ਬਣਾਓ। ਕਲਪਨਾ ਕਰੋ ਕਿ ਤੁਹਾਡੀ ਕੁਰਸੀ ਦੀ ਗੱਦੀ ਡਬਲਰੋਟੀ ਨਾਲ ਬਣੀ ਹੋਈ ਹੈ, ਲੈਂਪ ਥੱਲੇ ਆਂਡੇ ਪਏ ਹਨ, ਮੱਛੀ ਦੁੱਧ ਵਿਚ ਤਰ ਰਹੀ ਹੈ, ਟੈਲੀਵਿਯਨ ਦੀ ਸਕ੍ਰੀਨ ਮੱਖਣ ਨਾਲ ਚੋਪੜੀ ਹੋਈ ਹੈ। ਤੁਹਾਡੇ ਮਨ ਦੀ ਤਸਵੀਰ ਜਿੰਨੀ ਜ਼ਿਆਦਾ ਹਸਾਉਣੀ ਜਾਂ ਅਜੀਬ ਹੋਵੇਗੀ ਉਸ ਨੂੰ ਯਾਦ ਕਰਨਾ ਉੱਨਾ ਹੀ ਸੌਖਾ ਹੋਵੇਗਾ। ਦੁਕਾਨ ਪਹੁੰਚ ਕੇ ਆਪਣੇ ਮਨ ਵਿਚ ਉਤਾਰੀ ਹੋਈ ਤਸਵੀਰ ਚੇਤੇ ਕਰੋ।
ਸ਼ੁਕਰ ਕਰੋ ਕਿ ਤੁਸੀਂ ਭੁੱਲ ਸਕਦੇ ਹੋ
ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਜੇ ਤੁਸੀਂ ਹਰ ਚੀਜ਼ ਨੂੰ ਯਾਦ ਰੱਖ ਸਕਦੇ? ਕੀ ਇਹ ਸੱਚ ਨਹੀਂ ਕਿ ਤੁਹਾਡਾ ਦਿਮਾਗ਼ ਫਾਲਤੂ ਗੱਲਾਂ ਨਾਲ ਭਰ ਜਾਂਦਾ? ਨਿਊ ਸਾਇੰਟਿਸਟ ਰਸਾਲੇ ਅਨੁਸਾਰ ਇਕ ਔਰਤ ਸੀ ਜੋ ਆਪਣੀ ਜ਼ਿੰਦਗੀ ਵਿਚ ਬੀਤੀ ਤਕਰੀਬਨ ਹਰ ਗੱਲ ਯਾਦ ਕਰ ਸਕਦੀ ਸੀ। “ਉਹ ਦੱਸਦੀ ਹੈ ਕਿ ਉਹ ‘ਬੇਚੈਨ ਰਹਿੰਦੀ ਹੈ’ ਅਤੇ ਇਹ ਉਹ ਦੇ ਲਈ ਇਕ ‘ਬੋਝ’ ਦੀ ਤਰ੍ਹਾਂ ਹੈ।” ਚੰਗੀ ਗੱਲ ਹੈ ਕਿ ਆਮ ਲੋਕਾਂ ਨੂੰ ਇਹ ਮੁਸ਼ਕਲ ਨਹੀਂ ਆਉਂਦੀ ਕਿਉਂਕਿ ਖੋਜਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਿਮਾਗ਼ ਫਜ਼ੂਲ ਗੱਲਾਂ ਨੂੰ ਭੁੱਲ ਜਾਂਦੇ ਹਨ। ਰਸਾਲੇ ਦਾ ਕਹਿਣਾ ਹੈ ਕਿ ‘ਯਾਦ-ਸ਼ਕਤੀ ਨੂੰ ਤੇਜ਼ ਰੱਖਣ ਲਈ ਫਾਲਤੂ ਗੱਲਾਂ ਨੂੰ ਦਿਮਾਗ਼ ਵਿੱਚੋਂ ਕੱਢ ਦੇਣਾ ਜ਼ਰੂਰੀ ਹੈ। ਜਦੋਂ ਅਸੀਂ ਜ਼ਰੂਰੀ ਗੱਲਾਂ ਨੂੰ ਭੁਲਾ ਦਿੰਦੇ ਹਾਂ, ਤਾਂ ਇਸ ਦਾ ਇਹ ਮਤਲਬ ਹੈ ਕਿ ਦਿਮਾਗ਼ ਦੀ ਭੁਲਾਉਣ ਸ਼ਕਤੀ ਓਵਰਟਾਈਮ ਕੰਮ ਕਰ ਰਹੀ ਹੈ।’

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin