Articles

ਅੰਮ੍ਰਿਤ ਵੇਲੇ ਦਾ ਜਾਗਣਾ

ਲੇਖਕ: ਗੁਰਜੀਤ ਕੌਰ “ਮੋਗਾ”

ਸੂਰਜ ਚੜਨ ਤੋਂ ਪਹਿਲਾਂ ਦੇ ਸਮੇਂ ਨੂੰ ਅੰਮ੍ਰਿਤ ਵੇਲਾ ਮੰਨਿਆ ਜਾਂਦਾ ਹੈ । ਅੰਮ੍ਰਿਤ ਵੇਲੇ ਦਾ ਜਾਗਣਾ ਤਨ ਤੇ ਮਨ ਦੌਹਾਂ ਤੇ ਪ੍ਰਭਾਵ ਪਾਉਂਦਾ ਹੈ । ਸਵੇਰੇ ਸਵਖਤੇ ਉਠੱਣ ਲਈ ਛੇ ਤੋਂ ਅੱਠ ਘੰਟੇ ਦੀ ਨੀਂਦ ਜਰੂਰੀ ਹੈ । ਰਾਤ ਨੂੰ ਸਮੇਂ ਸਿਰ ਸੌਣਾ ਤੇ ਸਵੇਰੇ ਸਮੇਂ ਸਿਰ ਉਠਣਾ ਸਿਹਤ ਲਈ ਕਾਫੀ ਅਹਿਮ ਹੈ।ਸਵਖਤੇ ਉਠੱਣਾ ਹਰ ਕਿਸੇ ਦੇ ਵੱਸ ਦੀ ਗਲ ਨਹੀਂ ਹੁੰਦੀ ਕਿਉਂਕਿ ਆਲਸ ਤੇ ਦਲਿਦਰਪੁਣਾ ਤਿਆਗ ਕੇ ਹੀ ਸਵੇਰੇ  ਸਵਖਤੇ ਉਠਿਆ ਜਾ ਸਕਦਾ ਹੈ । ਪਹਿਲੇ ਸਮਿਆਂ ਵਿੱਚ ਘਰਾਂ ਵਿੱਚ ਸੁਆਣੀਆਂ  ਅੰਮ੍ਰਿਤ ਵੇਲੇ ਉੱਠ ਕੇ ਦੁੱਧ ਰਿੜਕਦੀਆਂ, ਬਾਹਰ ਕੁਕੱੜ ਬਾਂਗਾਂ ਦਿੰਦੇ, ਖੇਤਾਂ ਨੂੰ ਜਾਂਦੇ ਬਲਦਾਂ ਦੀਆਂ ਟੱਲੀਆਂ ਦੀ ਆਵਾਜ ਅੰਮ੍ਰਿਤ ਵੇਲੇ ਵਿੱਚ ਸੰਗੀਤ ਦਾ ਰਸ ਘੋਲ ਦਿੰਦੀਆਂ ਭਾਵ ਸਵੇਰੇ ਜਲਦੀ ਉੱਠ ਕੇ ਰੌਜਮਰਾਂ ਦੇ ਕੰਮਾਂ ਨੂੰ ਤਰਜ਼ੀਹ ਦਿੱਤੀ ਜਾਂਦੀ । ਅੰਮ੍ਰਿਤ ਵੇਲੇ ਜਦੋਂ ਸਾਰੀ ਕਾਇਨਾਤ ਸੋਂ ਰਹੀ ਹੁੰਦੀ ਹੈ । ਚੁਫੇਰੇ ਚੁੱਪ ਦਾ ਪਸਾਰਾ, ਸ਼ੁੱਧ ਤੇ ਤਾਜ਼ੀ ਹਵਾ ਦੀ ਦਸਤਕ, ਉਸ ਵੇਲੇ ਦਿਮਾਗ ਵੀ ਸੋਂ ਕੇ ਤਰੋ-ਤਾਜ਼ਾ ਹੁੰਦਾ ਹੈ ਤੇ ਉਦੋਂ ਮਨ ਦੇ ਵਿਚਾਰਾਂ ਦਾ ਵੇਗ ਵੀ ਸਥਿਰ ਹੁੰਦਾ ਹੈ। ਉਸ ਵੇਲੇ ਦਾ ਜਾਗਣਾ, ਸਾਨੂੰ ਸਰੀਰਕ ਤੇ ਮਾਨਸਿਕ ਪੱਖੋ ਵੀ ਮਜ਼ਬੂਤ ਬਣਾਉਂਦਾ ਹੈ । ਸੁਭਾ ਦੀ ਸੈਰ, ਯੋਗਾ ਜਾਂ ਕਸਰਤ ਸਰੀਰ ਲਈ ਭਰਪੂਰ ਫਾਇਦੇਮੰਦ ਹੁੰਦੀ ਹੈ ਇਸ ਨਾਲ ਸਰੀਰ ਦਿਨ ਭਰ ਲਈ ਚੁੱਸਤ ਤੇ ਦਰੁੱਸਤ ਰਹਿੰਦਾ ਹੈ। ਘਰ ਦੇ ਕੰਮ-ਕਾਰ ਵੀ ਸਮੇਂ ਸਿਰ ਸਿਮਟ ਜਾਂਦੇ ਹਨ।ਸਮੇਂ ਦੀ ਬਚੱਤ ਦੇ ਨਾਲ ਛੋਟੇ ਮੋਟੇ ਰੋਗਾਂ ਤੋਂ ਵੀ ਮੁਕਤੀ ਮਿਲਦੀ ਹੈ । ਸਵੇਰੇ ਦੀ ਕੀਤੀ ਸੈਰ ਜਾਂ ਕਸਰਤ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਤਣਾਅ ਤੋਂ ਵੀ ਬਚਾਉਂਦੀ ਹੈ।ਤਣਾਅ ਮੁਕਤੀ ਨਾਲ ਸੁੰਦਰਤਾ ‘ਚ ਵੀ ਵਾਧਾ ਹੁੰਦੀ ਹੈ ।

ਗੁਰੂ ਨਾਨਕ ਦੇਵ ਜੀ ਅੰਮ੍ਰਿਤ ਵੇਲੇ ਦੀ ਮਹੱਤਤਾਂ ਨੂੰ ਦਰਸਾਉਂਦੇ ਹੋਏ  ਗੁਰਬਾਣੀ ਵਿੱਚ ਫਰਮਾਨ ਕਰਦੇ ਹਨ ‘’ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ‘’ ਗੁਰੂ ਸਾਹਿਬ ਨੇ ਆਪਣੇ ਇਸ਼ਟ ਨੂੰ ਧਿਆਉਣ ਲਈ ਵੀ ਇਸਨੂੰ ਉਤੱਮ ਸਮਾਂ ਮੰਨਿਆ ਹੈ । ਸਿਆਣੇ ਕਹਿੰਦੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ , ਜੇ ਕੋਈ ਜਾਗੇ ਨਿੱਤ…। ਥੋੜੀ ਜਿਹੀ ਜੀਵਨ ਸ਼ੈਲੀ ਬਦਲਣ ਨਾਲ ਅਸੀਂ ਅਨੇਕਾਂ ਰੋਗਾਂ ਤੇ ਦਵਾਈਆਂ ਤੋਂ ਛੁਟਕਾਰਾ ਪਾ ਸਕਦੇ ਹਾਂ । ਤੁਸੀਂ ਖੁੱਦ ਦੇ ਡਾਕਟਰ ਬਣ ਸਕਦੇ ਹੋ। ਸਵੇਰੇ ਜਲਦੀ ਉਠੱਣ ਦੇ ਅਨੇਕਾਂ ਫਾਇਦੇ ਹਨ। ਘਰ ਬੈਠੇ ਹੀ ਹਲਕੀ-ਫੁਲਕੀ ਕਸਰਤ ਨਾਲ ਸਰੀਰ ਨੂੰ ਨਵੀਂ ਊਰਜਾ ਮਿਲਦੀ ਹੈ। ਮਨ ਸ਼ਾਂਤ ਰਹਿੰਦਾ ਹੈ, ਸਰੀਰ ਦੀ ਫਿਟਨਸ ਵਿੱਚ ਵੀ ਵਾਧਾ ਹੁੰਦਾ ਹੈ। ਬੁੱਧੀ ਦਾ ਵਿਕਾਸ ਵੀ ਹੁੰਦਾ ਹੈ  ਤੇ ਖਾਲੀ ਪੇਟ ਪਾਣੀ ਪੀਣ ਨਾਲ ਪੇਟ ਸਮੇਂ ਸਿਰ ਸਾਫ ਹੁੰਦਾ ਹੈ।
ਕੁਦਰਤ ਦੇ ਬਣਾਏ ਪਸ਼ੂ ਪੰਛੀ ਵੀ ਅੰਮ੍ਰਿਤ ਵੇਲੇ ਬਾਗਾਂ, ਪਾਰਕਾਂ ਦੇ ਵਿੱਚ ਚਹਿਕਦੇ ਆਪਣਾ ਰਾਗ ਅਲਾਪਦੇ ਵਾਤਾਵਰਣ ਨੂੰ ਹੋਰ ਵੀ ਸੁਹਾਵਣਾ ਬਣਾ ਦਿੰਦੇ ਹਨ । ਸਵੇਰ ਦੀ ਸੈਰ, ਪਾਰਕਾਂ ਦੀ ਸ਼ੁੱਧ ਹਵਾ ਸਰੀਰ ਵਿੱਚ ਨਵੀਂ ਤਾਜਗੀ ਭਰ ਦਿੰਦੀ ਹੈ । ਬਾਗਾਂ, ਪਾਰਕਾਂ ਵਿੱਚ ਸਵੇਰੇ ਵੇਲੇ ਪੰਛੀਆਂ ਦੀ ਚਹਿਕਦੀ ਅਵਾਜ਼ ਕੰਨਾਂ ਵਿੱਚ ਸੰਗੀਤਨੁਮਾ ਰਸ ਭਰ ਦਿੰਦੀ ਹੈ । ਅੰਮ੍ਰਿਤ ਵੇਲੇ ਉੱਠ ਕੇ ਆਪਣੇ ਆਪ ਲਈ ਕੁੱਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ । ਸੈਰ ਜਾਂ ਕਸਰਤ ਦਿਨ ਭਰ ਲਈ ਮਨ ਤੇ ਤਨ ਦੌਹਾਂ ਨੂੰ ਹਲਕਾ-ਫੁਲਕਾ ਰੱਖਣ ਵਿੱਚ ਬੇਹੱਦ ਸਹਾਈ ਹੁੰਦੀ ਹੈ । ਜੀਵਨ ਵਿੱਚ ਸਮੇਂ ਦਾ ਅਨੁਸਾਸ਼ਨ ਵੀ ਬਹੁਤ ਜਰੂਰੀ ਹੈ । ਸਵੇਰ ਦਾ ਜਾਗਣਾ ਜਿੱਥੇ ਚੰਗੀ ਸਿਹਤ ਲਈ ਜਰੂਰੀ ਹੈ ਉਥੇ ਸਰੀਰ ਦਿਨ ਭਰ ਲਈ ਫੁਰਤੀਲਾ ਵੀ ਬਣਿਆ ਰਹਿੰਦਾ ਹੈ ।
ਵਿਦਿਆਰਥੀਆਂ ਦੇ ਪੜ੍ਹਨ ਦੇ ਲਈ ਇਹ ਸਮਾਂ ਬੇਹੱਦ ਫਾਇਦੇਮੰਦ ਹੁੰਦਾ ਹੈ।ਤਰੋਂ-ਤਾਜ਼ਾ ਦਿਮਾਗ ਨਾਲ ਸਵੇਰ ਦਾ ਪੜ੍ਹਿਆ ਅਸਾਨੀ ਨਾਲ ਯਾਦ ਰਹਿੰਦਾ ਹੈ । ਬਸ ਆਲਸ ਤੇ ਢੀਠਪੁਣੇ ਨੂੰ ਤਿਆਗ ਕੇ ਹੀ ਇਹ ਵੇਲਾ ਸੰਭਾਲਿਆ ਜਾ ਸਕਦਾ ਹੈ । ਵਖਤ ਬਦਲਣ ਨਾਲ ਸਭ ਕੰਮ ਮਸ਼ੀਨੀ ਹੋ ਗਏ ਹਨ ਇਸ ਨਾਲ ਸਾਡੀ ਜੀਵਨ ਸ਼ੈਲੀ ਵਿੱਚ ਬਦਲਾਅ ਸੁਭਾਵਿਕ ਸੀ । ਘਰਾਂ ਵਿੱਚ ਟੀ.ਵੀ ਤੇ ਮੋਬਾਇਲ ਫੋਨਾਂ ਨੇ ਦਸਤਕ ਦਿੱਤੀ ਸਾਡਾ ਸੌਣਾ ਉਠੱਣਾ ਇਸ ਤਕਨੀਕੀ ਯੁੱਗ ਦੀ ਭੇਂਟ ਚੜ੍ਹ ਗਿਆ।ਦੇਰ ਰਾਤ ਤੱਕ ਟੀ.ਵੀ ਦੇਖਣਾ ਜਾਂ ਮੋਬਾਇਲ ਚਲਾਉਣਾ ਸਾਡੀ ਆਦਤ ਬਣ ਚੁੱਕੀ ਹੈ । ਦਿਨ-ਬ-ਦਿਨ ਅਸੀਂ ਅੰਮ੍ਰਿਤ ਵੇਲਾ ਸਾਂਭਣਾ ਭੁਲਦੇ ਜਾ ਰਹੇ ਹਾਂ । ਅਜੌਕੇ ਬਦਲਾਅ ਨਾਲ ਅਨੇਕਾਂ ਬਿਮਾਰੀਆਂ ਨੇ ਜਨਮ ਲਿਆ ਹੈ । ਅੱਜ ਵੀ ਅਸੀਂ ਨਿਯਮ-ਬੱਧ ਤਰੀਕੇ ਨਾਲ ਅੰਮ੍ਰਿਤ ਵੇਲੇ ਉੱਠ ਕੇ ਸੈਰ, ਕਸਰਤ, ਧਿਆਨ ਆਦਿ ਲਗਾ ਕੇ ਅਨੇਕਾਂ ਬਿਮਾਰਿਆਂ ਤੇ ਦਵਾਈਆਂ ਤੋਂ ਨਿਜ਼ਾਤ ਪਾ ਸਕਦੇ ਹਾਂ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin