Articles

ਕਲੇ ਕਲੰਦਰ ਵਸੇ ਤੇ ਘੜਿਓ ਪਾਣੀ ਨੱਸੇ 

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਸਿਆਣੇ ਕਹਿੰਦੇ ਹਨ ਕਿ ਕਲੇ ( ਕਲੇਸ਼) ਦਾ ਮੂੰਹ ਕਾਲਾ ਹੁੰਦਾ । ਸਿਆਣਿਆਂ ਦਾ ਇਹ ਕਹਿਣਾ ਬਿਲਕੁਲ ਦਰੁਸਤ ਹੈ ਕਿਉਂਕਿ ਕਹਿੰਦੇ ਨੇ ਸਿਆਣਿਆਂ ਨੂੰ ਧੁੱਪੇ ਧੌਲੇ ਨਹੀਂ ਆਏ ਹੁੰਦੇ, ਜਿੰਦਗੀ ਦਾ ਇੱਕ ਬਹੁਤ ਵੱਡਾ ਤਜੁਰਬਾ ਸਿਆਣੇ ਆਪਣੇ ਵਿੱਚ ਸਮਾਈ ਬੈਠੇ ਹੁੰਦੇ ਹਨ। ਅਸੀਂ ਸਾਰੇ  ਉਹਨਾਂ ਘਰਾਂ  ਜਾਂ ਲੋਕਾਂ ਨੂੰ ਬਹੁਤ ਸੁਖੀ ਮੰਨਦੇ ਹਾਂ ਜਿੰਨਾ ਕੋਲ ਦੁਨਿਆਵੀ ਤੇ ਭੌਤਿਕਵਾਦੀ ਚੀਜ਼ਾਂ ਜਾਂ ਸੁਖ ਹਨ, ਐਸ਼ੋ ਅਰਾਮ ਦੀ ਹਰ ਸਹੂਲਤ ਘਰ ਵਿੱਚ ਹੈ, ਇੱਕ ਆਲੀਸ਼ਾਨ ਜ਼ਿੰਦਗੀ ਜੀਅ ਰਹੇ ਹੋਣ। ਪਰ ਸੱਚ ਜਾਣਨਾ ਅਜਿਹੀਆਂ ਸੁਖ ਸਹੂਲਤਾਂ ਨਾਲ ਲੇਸ ਜਿੰਦਗੀ ਜਿਊਣ ਵਾਲੇ ਘਰ ਦੇ ਕਲੇਸ਼ ਤੋਂ ਦੁਖੀ ਹੋਏ ਹੁੰਦੇ ਹਨ । ਇਸ ਜਹਾਨ ਵਿੱਚ ਜੇਕਰ ਕੋਈ ਸੁਖੀ ਹੈ ਤਾਂ ਉਹ ਜਿਸ ਘਰ ਵਿੱਚ ਅਮਨ ਸ਼ਾਂਤੀ ਹੈ, ਕਲੇਸ਼ ਨਹੀਂ ਹੈ। ਸਾਰੇ ਪਰਿਵਾਰ ਦੇ ਸੁਰ ਇੱਕ ਹਨ। ਜਿਸ ਪਰਿਵਾਰ ਵਿੱਚ ਹਰ ਜੀਅ ਦੇ ਰਾਹ ਵੱਖਰੇ ਅਤੇ ਮਨ ਮਰਜ਼ੀਆਂ  ਵਾਲੇ ਹੋਣਗੇੇ ਉਸ ਘਰ ਵਿੱਚ ਕਲੇਸ਼ ਹੋਣਾ ਸੁਭਾਵਿਕ ਹੈ।

ਮੇਰੇ ਦਾਦੀ ਜੀ ਅਕਸਰ ਕਿਹਾ ਕਰਦੇ ਸਨ ਕਿ ਜਿਸ ਘਰ ਵਿੱਚ ਕਲੇਸ਼ ਹੁੰਦਾ ਉਹਨਾਂ ਘਰਾਂ ਵਿੱਚ ਬਰਕਤਾਂ ਕਿਤੇ ਖੰਭ ਲਾ ਉੱਡ ਪੁੱਡ ਜਾਂਦੀਆਂ ਹੁੰਦੀਆਂ। ਜਿਸ ਘਰ  ਹਰ ਜੀਅ ਦਾ ਚਿਹਰਾ ਹੱਸੋਂ  ਹੱਸੋਂ ਕਰਦਾ ਹੋਵੇ, ਪਿਆਰ ਹੋਵੇ, ਇਤਫ਼ਾਕ ਹੋਵੇ ਉਸ ਘਰ ਰੱਬ ਵੀ ਦਿਆਲ ਹੋ ਨੋ ਨਿਧੀਆਂ ਅਠਾਰਾਂ ਸਿਧੀਆਂ ਕਰਦਾ।
ਕਹਿਣ ਤੋਂ ਭਾਵ ਕਿ ਪਰਿਵਾਰ ਵਿੱਚ ਇਤਫ਼ਾਕ ਬਹੁਤ ਜਰੂਰੀ ਹੈ।  ਪਰਿਵਾਰ ਦੇ ਹਰ ਮੈਂਬਰ ਨੂੰ ਇੱਕ ਦੂਸਰੇ ਦੀ ਇੱਜ਼ਤ ਕਰਨੀ ਪਵੇਗੀ। ਛੋਟੀਆਂ ਮੋਟੀਆਂ ਗੱਲਾਂ ਹਰ ਘਰ ਪਰਿਵਾਰ ਵਿੱਚ ਹੁੰਦੀਆਂ ਹਨ, ਪਰ ਮੁੱਦਾ ਇਹ ਹੈ ਕਿ ਅਸੀਂ ਉਹਨਾਂ ਮਸਲਿਆਂ ਨਾਲ ਕਿਵੇਂ ਨਜਿੱਠਦੇ ਹਾਂ, ਜੇਕਰ ਕਿਸੇ ਬੱਚੇ ਕੋਲੋਂ ਗਲਤੀ ਹੋਈ ਹੋਵੇ ਤਾਂ ਪਰਿਵਾਰ ਦੇ ਵੱਡਿਆਂ ਵੱਲੋਂ ਉਸਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ, ਜੇਕਰ ਬੱਚੇ ਕਦੇ ਮਾਪਿਆਂ ਨਾਲ ਕਿਸੇ ਗੱਲੋਂ ਖਫ਼ਾ ਹਨ ਤਾਂ ਬੱਚਿਆਂ ਨੂੰ ਬੇਝਿਜਕ ਹੋਕੇ ਮਾਪਿਆਂ ਨਾਲ ਆਪਣੀ ਗੱਲ ਕਰ ਲੈਣੀ ਚਾਹੀਦੀ ਹੈ। ਪਰਿਵਾਰ ਵਿੱਚ ਇਕੱਠਿਆ ਬੈਠ ਇੱਕ ਦੂਸਰੇ ਨੂੰ ਜਾਣਨ ਦਾ ਯਤਨ ਕਰਨਾ ਚਾਹੀਦਾ ਹੈ।
ਘਰ, ਪਰਿਵਾਰ ਦਾ ਮਾਹੌਲ ਜਿਆਦਾ ਸਖਤ ਵੀ ਨਾ ਹੋਵੇ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਘੁੱਟਣ ਮਹਿਸੂਸ ਕਰੇ, ਪਿਆਰ ਅਤੇ ਸਤਿਕਾਰ ਨਾਲ ਹਰ ਜੀਅ ਦੀ ਇੱਛਾ ਦਾ ਧਿਆਨ ਰੱਖਿਆ ਜਾਵੇ। ਨੂੰਹ ਲਈ ਆਪਣੇ ਪਤੀ ਤੋਂ ਵੀ ਪਹਿਲਾਂ ਸੱਸ ਸਹੁਰਾ ਹੋਵੇ ਅਤੇ ਸੱਸ ਸਹੁਰੇ ਲਈ ਧੀ ਤੋਂ ਪਹਿਲਾਂ ਨੂੰਹ। ਅਜਿਹੇ ਪਰਿਵਾਰਾਂ ਵਿੱਚ ਬਰਕਤਾਂ ਆਪ ਆਉਂਦੀਆਂ ਹਨ।
ਪਰ ਜਿੰਨਾ ਘਰਾਂ ਵਿੱਚ ਕਲੇਸ਼ ਹੋਣ, ਹਰ ਜੀਅ ਦੇ ਰਾਹ ਵੱਖਰੇ ਵੱਖਰੇ ਹੋਣ ਉਹਨਾਂ ਘਰਾਂ ਵਿੱਚ ਅਵਾਜ਼ਾਰੀਆਂ ਜਨਮ ਲੈਂਦੀਆ ਹਨ ਅਤੇ ਸੁਖ ਸ਼ਾਂਤੀ ਕਿਧਰੇ ਖੰਭ ਲਗਾ ਉੱਡ ਪੁੱਡ ਜਾਂਦੀ ਹੈ । ਕਈ ਵਾਰ ਅਜਿਹੇ ਮਾਹੌਲ ਵਿੱਚ ਰਹਿਣ ਕਰਕੇ ਕਈ ਪਰਿਵਾਰਿਕ ਜੀਅ ਮਾਨਸਿਕ ਤੌਰ ਉੱਪਰ ਪਰੇਸ਼ਾਨ ਹੋ ਜਾਂਦੇ ਹਨ ਅਤੇ ਹਸਪਤਾਲਾਂ ਵਿੱਚ ਧੱਕੇ ਖਾਂਦੇ ਰਹਿੰਦੇ ਹਨ।
ਜਿਹੜੀਆਂ ਭੌਤਿਕਵਾਦੀ ਚੀਜ਼ਾਂ ਪਿੱਛੇ ਖੱਜਲ ਖੁਆਰ ਹੋ ਲੋਕ ਆਪਣਿਆਂ ਨਾਲ ਲੜਦੇ ਹਨ, ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਸ ਦੁਨੀਆਂ ਵਿੱਚ ਪੈਸੇ ਨਾਲ ਹਰ ਚੀਜ਼ ਖਰੀਦੀ ਜਾ ਸਕਦੀ ਹੈ ਪਰ ਪਰਿਵਾਰ, ਪਿਆਰ, ਆਪਣੇ ਇਹ ਸਭ ਨਹੀਂ ਖਰੀਦਿਆ ਜਾ ਸਕਦਾ।
ਸੋ ਸਿੱਟਾ ਇਹੀ ਨਿਕਲਦਾ ਹੈ ਕਿ ਕਲੇਸ਼ ਦਾ ਮੂੰਹ ਸੱਚਮੁੱਚ ਕਾਲਾ ਹੁੰਦਾ ਹੈ। ਯਤਨ ਰਹੇ ਕਿ ਪਰਿਵਾਰਾਂ ਵਿੱਚ ਸ਼ਾਂਤੀ ਬਣੀ ਰਹੇ, ਕੋਈ ਵੀ ਲੜਾਈ ਝਗੜਾ ਏਨਾ ਵੱਡਾ ਨਾ ਹੋਵੇ ਕਿ ਈਰਖਾ, ਦਵੇਸ਼  ਅਤੇ ਹੰਕਾਰ ਜਿੱਤ ਜਾਣ ਅਤੇ ਰਿਸ਼ਤੇ ਹਾਰ ਜਾਣ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin