International

ਭਾਰਤੀ- ਅਮਰੀਕੀਆਂ ਨੇ ਅੰਮ੍ਰਿਤਸਰ ਦੇ ਵਿਕਾਸ ਲਈ 10 ਕਰੋੜ ਡਾਲਰ ਦੇਣ ਦਾ ਕੀਤਾ ਵਾਅਦਾ

ਵਾਸਿੰਗਟਨ – ਮਸ਼ਹੂਰ ਭਾਰਤੀ -ਅਮਰੀਕੀਆਂ ਦੇ ਇੱਕ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ ਨੂੰ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਵਲੋਂ ਇੱਕ ਭਾਰਤੀ ਸ਼ਹਿਰ ਲਈ ਅਜਿਹਾ ਐਲਾਨ ਆਪਣੇ ਆਪ ਵਿੱਚ ਇੱਕ ਨਵੀਂ ਪਹਿਲ ਹੈ। ਅਮਰੀਕਾ ਵਿੱਚ ਰਹਿਣ ਵਾਲੇ ਉੱਘੇ ਭਾਰਤੀ-ਅਮਰੀਕੀਆਂ ਅਤੇ ਭਾਰਤੀਆਂ ਦੇ ਸਮੂਹ ‘ਯੂ.ਐੱਸ-ਇੰਡੀਆ ਰਣਨੀਤਕ ਭਾਈਵਾਲੀ ਫ਼ੋਰਮ’ (ਯੂ.ਐੱਸ.ਆਈ.ਐੱਸ.ਪੀ.ਐੱਫ਼) ਨੇ ਮੈਰੀਲੈਂਡ, ਵਾਸ਼ਿੰਗਟਨ ਵਿੱਚ ‘ਫ਼ੈਡਰੇਸ਼ਨ ਔਫ਼ ਇੰਡੀਅਨ ਚੈਂਬਰਜ਼ ਔਫ਼ ਕਾਮਰਸ ਐਂਡ ਇੰਡਸਟਰੀ’ (ਫ਼ਿੱਕੀ) ਨਾਲ ਆਪਣੀ ਮੀਟਿੰਗ ਕੀਤੀ, ਜਿੱਥੇ ਵਿਕਸਿਤ ਅੰਮ੍ਰਿਤਸਰ ਪਹਿਲਕਦਮੀ ਦਾ ਐਲਾਨ ਕੀਤਾ ਗਿਆ ਸੀ।
ਇਸ ਪਹਿਲਕਦਮੀ ਦੇ ਮੋਢੀ ਮੈਂਬਰਾਂ ਨੇ ਦੱਸਿਆ ਕਿ ਇਸ ਮਹਾਨ ਯੋਜਨਾ ਦੇ ਪ੍ਰੇਰਨਾ ਸ੍ਰੋਤ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਹਨ, ਜੋ ਮਿਸ਼ਨ ਵਲੋਂ ਮਦਦ ਦੇ ਵਾਅਦੇ ਨਾਲ ਵਾਸ਼ਿੰਗਟਨ ਵਿੱਚ 4 ਸਾਲ ਦੀ ਕੂਟਨੀਤਕ ਸੇਵਾ ਕਰਨ ਤੋਂ ਬਾਅਦ ਆਪਣੇ ਵਤਨ ਪਰਤੇ ਹਨ। ਇਸ ਪਹਿਲਕਦਮੀ ਦਾ ਉਦੇਸ਼ ਨਾ ਸਿਰਫ਼ ਅੰਮ੍ਰਿਤਸਰ ਨੂੰ ਆਰਥਿਕ ਅਤੇ ਉਦਯੋਗਿਕ ਵਿਕਾਸ ਦੇ ਲਿਹਾਜ਼ ਨਾਲ ਦੁਨੀਆਂ ਦੇ ਸਭ ਤੋਂ ਵਧੀਆ ਸ਼ਹਿਰਾਂ ਵਿੱਚੋਂ ਇੱਕ ਵਜੋਂ ਵਿਕਸਿਤ ਕਰਨਾ ਹੈ ਬਲਕਿ ਸ਼ਹਿਰ ਨੂੰ ਵਿਸ਼ਵ ਵਿੱਚ ਇੱਕ ਆਕਰਸ਼ਕ ਸੈਰ-ਸਪਾਟਾ ਸਥਾਨ ਵਜੋਂ ਵਿਕਸਿਤ ਕਰਨਾ ਹੈ। ਸੇਵਾ-ਮੁਕਤੀ ਤੋਂ ਬਾਅਦ ਭਾਰਤ ਪਰਤਨ ਤੋਂ ਤੁਰੰਤ ਬਾਅਦ, ਸੰਧੂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ। ਸੰਧੂ ਨੇ ਸ਼ਹਿਰ ਵਿੱਚ ਭਾਰਤੀ ਡਾਇਸਪੋਰਾ ਦੇ ਉੱਘੇ ਮੈਂਬਰਾਂ ਦੀ ਇੱਕ ਕਾਨਫ਼ਰੰਸ ਦਾ ਆਯੋਜਨ ਵੀ ਕੀਤਾ ਸੀ, ਜਿਸ ਵਿੱਚ ਅਮਰੀਕਾ ਵਿਚ ਪ੍ਰਮੁੱਖ ਭਾਰਤੀ- ਅਮਰੀਕੀਆਂ ਨੇ ਸ਼ਿਰਕਤ ਕੀਤੀ ਸੀ।
ਇਸ ਕਾਨਫ਼ਰੰਸ ਲਈ ਦੇ ਪ੍ਰਧਾਨ ਮੁਕੇਸ਼ ਆਘੀ ਵਿਸੇਸ ਤੌਰ ’ਤੇ ਅਮਰੀਕਾ ਤੋਂ ਅੰਮ੍ਰਿਤਸਰ ਪੁੱਜੇ। ਕਾਨਫ਼ਰੰਸ ਦੀ ਸਹਿ-ਮੇਜ਼ਬਾਨੀ ਫ਼ਿੱਕੀ ਦੁਆਰਾ ਕੀਤੀ ਗਈ ਸੀ। ਕੱੁਝ ਹਫ਼ਤਿਆਂ ਬਾਅਦ ਗਰੁੱਪ ਨੇ ਵਾਸ਼ਿੰਗਟਨ, ਡੀ.ਸੀ. ਵਿੱਚ ਰਸਮੀ ਤੌਰ ’ਤੇ ਵਿਕਸਿਤ ਅੰਮ੍ਰਿਤਸਰ ਪਹਿਲਕਦਮੀ ਦੀ ਘੋਸ਼ਣਾ ਕੀਤੀ। ਇੱਕ ਬਿਆਨ ਵਿੱਚ ਕਿਹਾ ਗਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਅੰਮ੍ਰਿਤਸਰ ਵਿੱਚ ਉੱਦਮੀਆਂ ਨੂੰ 10 ਕਰੋੜ ਡਾਲਰ ਪ੍ਰਦਾਨ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਸਲਾਹ ਦਿੱਤੀ ਜਾ ਸਕੇ ਅਤੇ ਉਨ੍ਹਾਂ ਦੇ ਸਟਾਰਟਅੱਪ ਨੂੰ ਸਫ਼ਲ ਬਣਾਇਆ ਜਾ ਸਕੇ। ਆਘੀ ਨੇ ਦੱਸਿਆ,“ਅਸੀਂ ਅੰਮ੍ਰਿਤਸਰ ਦੇ ‘ਸਟਾਰਟਅੱਪਸ’ ਵਿੱਚ ਨਿਵੇਸ਼ ਲਈ ਲੱਗਭਗ 10 ਕਰੋੜ ਡਾਲਰ ਦੀ ਰਕਮ ਦਾ ਪ੍ਰਬੰਧ ਕੀਤਾ ਹੈ। ਸਾਨੂੰ 250 ਤੋਂ ਵੱਧ ਅਰਜ਼ੀਆਂ ਮਿਲੀਆਂ ਸਨ। ਅਸੀਂ ਉਨ੍ਹਾਂ ਸਾਰਿਆਂ ਦੀ ਸਮੀਖਿਆ ਕਰ ਰਹੇ ਹਾਂ। ਅਸੀਂ ਹੋਰ ਅਰਜ਼ੀਆਂ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਰੋਜ਼ਗਾਰ ਪੈਦਾ ਕਰਨ, ਨਵੀਂ ਤਕਨੀਕ ਵਿਕਸਿਤ ਕਰਨ ਅਤੇ ਪੂਰੀ ਤਰ੍ਹਾਂ ਨਵਾਂ ਈਕੋਸਿਸਟਮ ਬਣਾਉਣ ਲਈ ਹੋਰ ‘ਸਟਾਰਟਅੱਪਸ’ ਅੰਮ੍ਰਿਤਸਰ ਆਉਣ।’’

Related posts

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

editor

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

editor

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor