International

ਜੇਲ੍ਹ ਜਾਣ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਟਰੰਪ ਨੇ ਜੱਜ ਨੂੰ ‘ਧੋਖੇਬਾਜ਼’ ਕਿਹਾ

ਵਾਕੇਸਾ – ਅਦਾਲਤ ਦੀ ਬੇਇੱਜ਼ਤੀ ਦਾ ਦੋਸ਼ੀ ਪਾਏ ਜਾਣ ਅਤੇ ਇਸ ਬਾਰੇ ਚੁੱਪ ਰਹਿਣ ਲਈ ‘ਗੈਗ ਔਰਡਰ’ ਦੀ ਉਲੰਘਣਾ ਕਰਨ ’ਤੇ ਜੇਲ੍ਹ ਜਾਣ ਦੀ ਚਿਤਾਵਨੀ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ, ਡੋਨਾਲਡ ਟਰੰਪ ਨੇ ਆਪਣੇ ਖ਼ਿਲਾਫ਼ ਰਿਸ਼ਵਤ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੂੰ ‘ਧੋਖੇਬਾਜ਼’ ਕਿਹਾ ਹੈ। 2024 ਦੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ’ਤੇ ਬਾਲਗ ਫ਼ਿਲਮ ਅਭਿਨੇਤਰੀ ਸਟੋਰਮੀ ਡੇਨੀਅਲਸ ਨੂੰ ਉਨ੍ਹਾਂ ਦੇ ਕਥਿਤ ਨਾਜਾਇਜ਼ ਸਬੰਧਾਂ ਬਾਰੇ ਚੁੱਪ ਰਹਿਣ ਦੇ ਬਦਲੇ 130,000 ਡਾਲਰ ਦੀ ਰਿਸ਼ਵਤ ਦੇਣ ਅਤੇ ਭੁਗਤਾਨ ਨੂੰ ਛੁਪਾਉਣ ਲਈ ਕਾਰੋਬਾਰੀ ਰਿਕਾਰਡਾਂ ਨੂੰ ਝੂਠਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।ਇਸ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਗੈਗ ਆਦੇਸ਼ (ਵਿੱਚਾਰ ਅਧੀਨ ਮਾਮਲੇ ਵਿੱਚ ਬਿਆਨ ਦੇਣ ’ਤੇ ਰੋਕ) ਦੀ ਉਲੰਘਣਾ ਕਰਨ ਦਾ ਦੋਸ਼ੀ ਮੰਨਦੇ 9 ਹਜ਼ਾਰ ਡਾਲਰ ਦਾ ਜੁਰਮਾਨਾ ਲਾਇਆ। ਇਹ ਜੁਰਮਾਨਾ ਚੁੱਪ ਰਹਿਣ ਲਈ ਧਨ ਦੇਣ ਦੇ ਮਾਮਲੇ ਵਿੱਚ ਗਵਾਹਾਂ, ਜੱਜਾਂ ਅਤੇ ਹੋਰਾਂ ਦੇ ਸਬੰਧ ਵਿੱਚ ਜਨਤਕ ਬਿਆਨ ਦੇਣ ਤੋਂ ਰੋਕਣ ਵਾਲੇ ਗੈਗ ਆਦੇਸ਼ ਦੀ ਵਾਰ-ਵਾਰ ਉਲੰਘਣਾ ਕਰਨ ’ਤੇ ਲਗਾਇਆ ਗਿਆ।
ਟਰੰਪ ਦੇ ‘ਸੱਚ’ ਸੋਸ਼ਲ ਮੀਡੀਆ ਅਕਾਊਂਟ ਅਤੇ ਮੁਹਿੰਮ ਦੀ ਵੈੱਬਸਾਈਟ ’ਤੇ ਪੋਸਟਾਂ ਲਈ ਜੁਰਮਾਨਾ ਲਗਾਉਂਦੇ ਹੋਏ ਜੱਜ ਜੁਆਨ ਐਮ. ਮਾਰਚਨ ਨੇ ਕਿਹਾ ਕਿ ਜੇਕਰ ਟਰੰਪ ਨੇ ਆਪਣੇ ਹੁਕਮਾਂ ਦੀ ਉਲੰਘਣਾ ਕਰਨੀ ਜਾਰੀ ਰੱਖੀ ਤਾਂ ਉਹ ਜੇਲ੍ਹ ਜਾਣਗੇ। ਸਾਬਕਾ ਰਾਸ਼ਟਰਪਤੀ ਨੇ ਵਿਸਕੌਨਸਿਨ ਦੇ ਵਾਉਕੇਸਾ ਵਿੱਚ ਇੱਕ ਸਮਾਗਮ ਵਿੱਚ ਸਮਰਥੱਕਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਕੋਈ ਅਪਰਾਧ ਨਹੀਂ। ਇੱਕ ਟੇਢੇ ਜੱਜ ਹਨ। ਉਹ ਪੂਰੀ ਤਰ੍ਹਾਂ ਨਾਲ ਵਿਰੋਧੀ ਜੱਜ ਹਨ।’’ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਮਾਮਲਾ ਅਤੇ ਉਹਨਾਂ ਦੇ ਖ਼ਿਲਾਫ਼ ਚੱਲ ਰਹੇ ਹੋਰ ਮਾਮਲੇ ਵ੍ਹਾਈਟ ਹਾਊਸ ਵਲੋਂ ਉਸ ਦੀ ਚੋਣ ਮੁਹਿੰਮ ਨੂੰ ਕਮਜ਼ੋਰ ਕਰਨ ਲਈ ਚਲਾਏ ਗਏ ਸਨ। ‘ਗੈਗ ਔਰਡਰ’ ਜੱਜ ਦੁਆਰਾ ਵਕੀਲਾਂ, ਗਵਾਹਾਂ ਅਤੇ ਅਦਾਲਤ ਦੇ ਸਾਹਮਣੇ ਧਿਰਾਂ ਨੂੰ ਕਿਸੇ ਕੇਸ ਦੇ ਤੱਥਾਂ ਬਾਰੇ ਜਨਤਕ ਤੌਰ ’ਤੇ ਚਰਚਾ ਨਾ ਕਰਨ ਲਈ ਦਿੱਤਾ ਜਾਂਦਾ ਹੈ। ਇਹ ਆਮ ਤੌਰ ’ਤੇ ਵਿਸ਼ੇਸ਼ ਅਪਰਾਧਿਕ ਮਾਮਲਿਆਂ ਵਿੱਚ ਮੁਦਾਲੇ ਨੂੰ ਨਿਰਪੱਖ ਮੁਕੱਦਮੇ ਦਾ ਭਰੋਸਾ ਦੇਣ ਲਈ ਦਿੱਤੀ ਜਾਂਦੀ ਹੈ।

 

Related posts

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

editor

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

editor

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor