Articles

ਆਪ ਦਾ ਉਭਾਰ, ਕਾਂਗਰਸ ਲਈ ਖਤਰੇ ਦੀ ਘੰਟੀ !

ਲੇਖਕ: ਅਸ਼ੋਕ ਸੋਨੀ, ਹਿੰਦੀ ਟੀਚਰ
ਖੂਈ ਖੇੜਾ, ਫਾਜ਼ਿਲਕਾ

ਦੇਸ਼ ਦੇ ਪੰਜ ਸੂਬਿਆਂ ਵਿੱਚ ਹੋਈਆਂ ਵਿਧਾਨਸਭਾ ਚੋਣਾਂ ਵਿੱਚ ਚਾਰ ਰਾਜਾਂ ‘ਚ ਬੀਜੇਪੀ ਨੇ ਸ਼ਾਨਦਾਰ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਦੁਬਾਰਾ ਬਣਾ ਲਈ ਏ, ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਰਿਕਾਰਡਤੋੜ ਜਿੱਤ ਨੇ ਸਭ ਨੂੰ ਜਿਆਦਾ ਹੈਰਾਨ ਕੀਤਾ ਏ। ਉਹ ਵੀ ਉਦੋਂ, ਜਦੋਂ ਕੇਜਰੀਵਾਲ ਤੋਂ ਬਾਅਦ ਖੇਤਰੀ ਪੱਧਰ ਤੇ ਵੱਡੇ ਚਿਹਰੇ ਦੇ ਰੂਪ ਵਿੱਚ ਸਿਰਫ ਭਗਵੰਤ ਮਾਨ ਹੀ ਦਿਖਾਈ ਦੇ ਰਹੇ ਸਨ। ਪੰਜਾਬ ਬਹੁਤ ਉਪਜਾਊ ਸੂਬਾ ਏ, ਦੇਸ਼ ‘ਚ ਜਦੋਂ ਵੀ ਬਦਲਾਅ ਆਏ ਨੇ ਉਹਨਾਂ ਦੀ ਸ਼ੁਰੂਆਤ ਪੰਜਾਬ ਨੇ ਹੀ ਕੀਤੀ ਏ। ਅੰਦੋਲਨ ਚੋਂ ਨਿਕਲ ਕੇ ਰਾਜਨੀਤੀ ਦੇ ਵਿੱਚ ਦਾਖਲ ਹੋ ਕੇ ਭ੍ਰਿਸ਼ਟਾਚਾਰ ਦਾ ਗੰਧ ਹੂੰਝਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਪ੍ਰਭਾਵ ਹੁਣ ਤੱਕ ਸਿਰਫ ਦਿੱਲੀ ਤੱਕ ਹੀ ਸੀਮਤ ਮੰਨਿਆ ਜਾ ਰਿਹਾ ਸੀ ਪਰ ਪੰਜਾਬ ‘ਚ ਬਦਲਾਅ ਦੀ ਹਨੇਰੀ ਨੇ ਆਪ ਨੂੰ ਇੰਨਾ ਵੱਡਾ ਫ਼ਤਵਾ ਦਿੱਤਾ ਹੈ, ਜਿਸ ਦੀ ਕਲਪਨਾ ਸ਼ਾਇਦ ਕੇਜਰੀਵਾਲ ਜਾਂ ਭਗਵੰਤ ਮਾਨ ਤੱਕ ਨੂੰ ਨਹੀਂ ਸੀ। ਇਸ ਦੇ ਨਾਲ ਹੀ ਪੂਰੇ ਦੇਸ਼ ਵਿੱਚ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਸਿਰਫ ਤਿੰਨ ਰਾਜਾਂ ਤੱਕ ਸੀਮਿਤ ਹੋ ਗਈ ਏ ਤੇ ਇਹਨਾਂ ਤਿੰਨਾਂ ਰਾਜਾਂ ਵਿੱਚ ਵੀ ਕਾਂਗਰਸ ਦੀ ਸਰਕਾਰ ਦੀ ਅਗਲੀਆਂ ਵਿਧਾਨਸਭਾ ਚੌਣਾਂ ਵਿੱਚ ਵਾਪਸੀ ਦੀ ਸੰਭਾਵਨਾ ਬਹੁਤ ਘੱਟ ਹੈ, ਇਸਦਾ ਮਤਲਬ ਬੀਜੇਪੀ ਦਾ ਨਾਅਰਾ ਕਾਂਗਰਸ ਮੁਕਤ ਭਾਰਤ ਸੱਚ ਹੋਣ ਜਾ ਰਿਹਾ ਏ ?

ਦਰਅਸਲ ਦੇਸ਼ ਵਿੱਚ ਕਾਂਗਰਸ ਵਿਰੋਧੀ ਧਿਰ ਦੇ ਰੂਪ ਵਿੱਚ ਬਹੁਤ ਬੁਰੀ ਤਰਾਂ ਨਾਲ ਫੇਲ ਸਿੱਧ ਹੋਈ ਏ। ਬੀਜੇਪੀ ਦੇ ਵਿਕਾਸ ਦੇ ਦਾਅਵਿਆਂ ਤੇ ਸੰਪਰਦਾਇਕ ਹਥਿਆਰਾਂ ਦਾ ਕਾਂਗਰਸ ਕੋਲ ਕੋਈ ਠੋਸ ਜਵਾਬ ਨਹੀਂ ਹੈ। ਗਾਂਧੀ ਪਰਿਵਾਰ ਦੀ ਪਾਰਟ ਟਾਈਮ ਰਾਜਨੀਤੀ ਕਰਨ ਦੀ ਆਦਤ, ਪਾਰਟੀ ਦੇ ਉੱਚ ਅਹੁਦਿਆਂ ਤੇ ਅਯੋਗ ਤੇ ਖੁਸ਼ਾਮਦੀ ਪ੍ਰਵਿਰਤੀ ਦੇ ਨਾਸਮਝ ਲੋਕਾਂ ਦੀ ਲਗਾਤਾਰ ਨਿਯੁਕਤੀ, ਕਾਂਗਰਸ ਵਿੱਚ ਸਿਖਰ ਤੋਂ ਲੈ ਕੇ ਜਮੀਨ ਤੱਕ ਸ਼ਰੇਆਮ ਆਪਸੀ ਖਿਚੋਤਾਣ ਤੇ ਕਾਂਗਰਸ ਹਾਈਕਮਾਨ ਦੇ ਕਮਜ਼ੋਰ ਹੋਣ   ਨੇ ਕਾਂਗਰਸ ਨੂੰ ਹਾਸ਼ਿਏ ਤੇ ਧਕੇਲ ਕੇ ਰੱਖ ਦਿੱਤਾ ਏ। ਪੱਛਮੀ ਬੰਗਾਲ ਤੇ ਹੁਣ ਉੱਤਰ ਪ੍ਰਦੇਸ਼ ਵਰਗੇ ਵੱਡੇ ਰਾਜਾਂ ਵਿੱਚ ਕਾਂਗਰਸ ਦਾ ਬਿਲਕੁੱਲ ਖਤਮ ਹੋਣਾ, ਦੇਸ਼ ਵਿੱਚ ਕਾਂਗਰਸ ਦੇ ਵੱਡੇ ਨਿਘਾਰ ਵੱਲ ਜਾਣ ਦਾ ਸਿੱਧਾ ਇਸ਼ਾਰਾ ਏ ਪਰ ਇਸ ਸਭ ਦੇ ਦੌਰਾਨ ਕੀ ਪੰਜਾਬ ‘ਚ ਕਾਂਗਰਸ ਸਰਕਾਰ ਦੇ ਬਦਲ ਦੇ ਰੂਪ ਵਿੱਚ ਆਪ ਨੂੰ ਚੁਣਿਆ ਜਾਣਾ ਬਹੁਤ ਬਹੁਤ ਵੱਡਾ ਸੰਕੇਤ ਹੈ ?

ਪੰਜਾਬ ਵਿੱਚ ਆਪ ਦੀ ਜਿੱਤ ਬਹੁਤ ਮਾਇਨੇ ਰੱਖਦੀ ਏ ਕਿਉਂਕਿ ਹੁਣ ਆਪ ਨੂੰ ਦੇਸ਼ ਵਿੱਚ ਆਪਣੀ ਕਾਬਲੀਅਤ ਦਿਖਾਉਣ ਲਈ ਪੂਰਾ ਸੂਬਾ, ਪੂਰੇ ਬਹੁਮਤ ਨਾਲ ਹਾਸਲ ਹੋਇਆ ਏ। ਇਕ ਗੱਲ ਮੰਨਣੀ ਪਵੇਗੀ ਕਿ ਜਿਵੇਂ-ਜਿਵੇਂ ਸਮਾਂ ਬੀਤਿਆ ਹੈ, ਉਵੇਂ-ਉਵੇਂ ਹੀ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਨੇ ਵੀ ਉਸੇ ਤਰਾਂ ਲੋਕਾਂ ਦੀ ਨਬਜ਼ ਪਛਾਣਨ ‘ਚ ਮੁਹਾਰਤ ਹਾਸਲ ਕਰ ਲਈ ਹੈ, ਜੋ ਪਹਿਲਾਂ ਸਿਰਫ ਬੀਜੇਪੀ ਕੋਲ ਹੁੰਦੀ ਸੀ। ਆਮ ਆਦਮੀ ਪਾਰਟੀ ਨੇ ਇਸ ਵਾਰ ਪੰਜਾਬ ਚੋਣਾਂ ‘ਚ ਜਿਸ ਤਰਾਂ ਨਾਲ ਵਿਰੋਧੀ ਪਾਰਟੀਆਂ ਦੇ ਕੀਤੇ ਹਮਲਿਆਂ ਨੂੰ ਵੀ ਜਿਸ ਸਿਆਣਪ ਨਾਲ ਆਪਣੇ ਲਈ ਹਾਂਪੱਖੀ ਤੌਰ ਤੇ ਵਰਤਿਆ ਏ, ਉਹ ਵੱਡੇ-ਵੱਡੇ ਘਾਗ ਸਿਆਸਤਦਾਨਾਂ ਦੀ ਵੀ ਸਮਝ ਤੋਂ ਪਰੇ ਹੈ। ਪੰਜਾਬ ਤੋਂ ਬਾਅਦ ਹੁਣ ਆਪ ਦੇ ਨਿਸ਼ਾਨੇ ਤੇ ਗੁਜਰਾਤ, ਹਰਿਆਣਾ ਤੇ ਰਾਜਸਥਾਨ ਵਰਗੇ ਰਾਜ ਹੋਣਗੇ। ਦਰਅਸਲ ਲੋਕਾਂ ਵਿੱਚ ਭ੍ਰਿਸ਼ਟ ਹੋ ਚੁੱਕੇ ਸਿਸਟਮ ਪ੍ਰਤਿ ਜਬਰਦਸਤ ਗੁੱਸਾ ਹੈ। ਆਮ ਆਦਮੀ ਪਾਰਟੀ ਪੰਜਾਬ ਵਿੱਚ ਜਿੱਥੇ ਆਪਣੇ ਪ੍ਰਮੁੱਖ ਹਥਿਆਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਵਿੱਚ ਰਵਾਇਤੀ ਪਾਰਟੀਆਂ ਨੂੰ ਭ੍ਰਿਸ਼ਟ ਸਿਸਟਮ ਲਈ ਜਿੰਮੇਵਾਰ ਸਿੱਧ ਕਰਨ ਵਿੱਚ ਕਾਮਯਾਬੀ ਹਾਸਲ ਕਰ ਚੁੱਕੀ ਏ, ਉੱਥੇ ਈ ਲੋਕਾਂ ਨੂੰ ਸਿਹਤ, ਸਿੱਖਿਆ ਤੇ ਰੁਜ਼ਗਾਰ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਸਹੂਲਤਾਂ ਦੇਣ ਦੇ ਵੱਡੇ-ਵੱਡੇ ਵਾਅਦੇ ਤੇ ਦਾਅਵੇ ਵੀ ਕੀਤੇ ਗਏ ਹਨ, ਹੁਣ ਜੇਕਰ ਆਪ ਪੰਜਾਬ ਵਿੱਚ ਦਿੱਲੀ ਵਾਂਗ ਆਪਣੇ ਕੀਤੇ ਵਾਅਦਿਆਂ ਤੋਂ ਅੱਧ-ਪਚੱਧੇ ਵੀ ਪੂਰੇ ਕਰ ਜਾਂਦੀ ਏ ਤਾਂ ਵੀ ਦੇਸ਼ ਪੱਧਰ ਤੇ ਆਪ ਨੂੰ ਵੱਡੀ ਕਾਮਯਾਬੀ ਹਾਸਲ ਹੋ ਸਕਦੀ ਏ।

ਕਾਂਗਰਸ ਲਗਾਤਾਰ ਦੇਸ਼ ਦੀ ਖੇਤਰੀ ਪਾਰਟੀਆਂ ਦੇ ਮੋਢਿਆਂ ਤੇ ਚੜ੍ਹ ਕੇ, ਪ੍ਰਧਾਨਮੰਤਰੀ ਨਰਿੰਦਰ ਮੋਦੀ ਵਰਗੇ ਕਰਿਸ਼ਮਾਈ ਕੱਦ ਦੇ ਮਜਬੂਤ ਤੇ ਪ੍ਰਪੱਕ ਨੇਤਾ ਦਾ ਮੁਕਾਬਲਾ ਰਾਹੁਲ ਗਾਂਧੀ ਦੇ ਚਿਹਰੇ ਰਾਹੀਂ ਕਰਨ ਦੀ ਕੋਸ਼ਿਸ਼ ‘ਚ ਲਗਾਤਾਰ ਹਾਰਦੀ ਹੀ ਜਾ ਰਹੀ ਹੈ। ਉਂਝ ਤਾਂ ਹਾਰ ਨੂੰ ਹੀ ਜਿੱਤ ਦੀ ਮਾਂ ਆਖਿਆ ਜਾਂਦਾ ਏ ਪਰ ਕਾਂਗਰਸ, ਜਿਸ ਵੀ ਸੂਬੇ ‘ਚ ਹਾਰਦੀ ਏ, ਮੁੜਕੇ ਵਾਪਸ ਨਹੀਂ ਆਉਂਦੀ। ਕਾਂਗਰਸ ਹਾਈਕਮਾਨ ਦੀ ਅਯੋਗਤਾ, ਢਿਲੇਪਨ, ਤੇ ਸਮਝ-ਬੂਝ ਦੀ ਘਾਟ ਕਾਰਨ ਕਾਂਗਰਸ ਦੇ ਵੱਡੇ ਚਿਹਰੇ ਹੁਣ ਵਿਰੋਧੀ ਪਾਰਟੀਆਂ ਦਾ ਸ਼ਿੰਗਾਰ ਬਣ ਚੁੱਕੇ ਹਨ। ਉੱਧਰ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਕੇਜਰੀਵਾਲ ਦੀ ਇਮਾਨਦਾਰ ਤੇ ਸਾਫ-ਸੁਥਰੀ ਛਵੀ ਨੂੰ ਵਿਰੋਧੀ ਪਾਰਟੀਆਂ ਨੁਕਸਾਨ ਨਹੀਂ ਪਹੁੰਚਾ ਸਕੀਆਂ ਹਨ। ਬੀਜੇਪੀ ਨੇ ਆਪਣੇ ਕਾਰਜਕਾਲ ਦੌਰਾਨ ਬਹੁਤ ਵੱਡੀਆਂ-ਵੱਡੀਆਂ ਗਲਤੀਆਂ ਕੀਤੀਆਂ ਪਰ ਕਾਂਗਰਸ ਦੇਸ਼ ਵਿੱਚ ਉਹਨਾਂ ਗਲਤੀਆਂ ਨੂੰ ਆਪਣੇ ਹੱਕ ਵਿੱਚ ਵਰਤਣ ਵਿੱਚ ਬੁਰੀ ਤਰਾਂ ਨਾਕਾਮ ਸਾਬਿਤ ਹੋਈ ਏ, ਜੇਕਰ ਕਾਂਗਰਸ ਤੁਰੰਤ ਹੀ ਆਪਣਾ ਸਾਰਾ ਢਾਂਚਾ ਬਦਲ ਕੇ, ਆਪਣੀਆਂ ਗਲਤੀਆਂ ‘ਚ ਸੁਧਾਰ ਨਹੀਂ ਕਰੇਗੀ ਤਾਂ ਨਿਸ਼ਚਿਤ ਰੂਪ ਨਾਲ ਦੇਸ਼ ਵਿੱਚ ਕਾਂਗਰਸ ਦਾ ਖਾਤਮਾ ਹੋ ਜਾਵੇਗਾ।

ਹੁਣ ਪੰਜਾਬ ਦੇ ਇਹਨਾਂ ਨਤੀਜਿਆਂ ਨਾਲ ਪੂਰੇ ਦੇਸ਼ ‘ਚ ਨਵੀਂ ਆਸ ਪੈਦਾ ਹੋਈ ਏ ਕਿਉੰਕਿ ਇਹ ਆਪ ਦੀ ਹੀ ਵਿਲੱਖਣਤਾ ਸਿੱਧ ਹੋਈ ਹੈ ਕਿ ਇਸ ਪਾਰਟੀ ਦਾ ਇਕ ਆਮ ਮੋਬਾਈਲ ਮਕੈਨਿਕ ਮੁੱਖ ਮੰਤਰੀ ਨੂੰ ਹਰਾ ਦਿੰਦਾ ਹੈ, ਉੱਥੇ ਹੀ ਇਸੇ ਪਾਰਟੀ ਵੱਲੋਂ ਗੈਰ ਰਾਜਨੀਤਕ ਵੱਡੇ-ਵੱਡੇ ਡਾਕਟਰ, ਰਿਟਾਇਰਡ ਅਫਸਰ, ਬੁੱਧੀਜੀਵੀ ਐਮ ਐਲ ਏ ਚੁਣੇ ਗਏ ਹਨ, ਜਿਨਾਂ ਅੱਗੇ ਵੱਡੇ-ਵੱਡੇ ਰਾਜਨੀਤਕ ਧੁਰੰਧਰ ਆਪਣੀ ਜਮਾਨਤ ਤੱਕ ਨਹੀਂ ਬਚਾ ਸਕੇ । ਜੇਕਰ ਇਸੇ ਤਰਾਂ ਆਮ ਆਦਮੀ ਪਾਰਟੀ ਲੋਕਾਂ ਦੀ ਨਬਜ ਫੜਨ ‘ਚ ਕਾਮਯਾਬ ਹੁੰਦੀ ਰਹੀ, ਬੂਥ ਪੱਧਰ ਤੱਕ ਮਿਹਨਤ ਕਰਦੀ ਰਹੀ, ਯੋਗ ਮੋਕੇ ਤੇ ਯੋਗ ਫੈਸਲੇ ਲੈਂਦੀ ਰਹੀ ਤਾਂ ਜਲਦੀ ਹੀ ਰਾਸ਼ਟਰੀ ਪੱਧਰ ਤੇ ਅਰਵਿੰਦ ਕੇਜਰੀਵਾਲ ਬੀਜੇਪੀ ਨੂੰ ਮੁਕਾਬਲਾ ਦਿੰਦੇ ਨਜ਼ਰ ਆਉਣਗੇ  ਹਾਲਾਂਕਿ ਰਾਜਨੀਤੀ ਵਿੱਚ ਕੋਈ ਵੀ ਭਵਿੱਖਬਾਣੀ ਕਰਨਾ ਠੀਕ ਨਹੀਂ ਹੁੰਦਾ, ਪ੍ਰੰਤੂ 2024 ਦੀਆਂ ਵਿੱਚ ਲੋਕਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਕੋਈ ਵੱਡਾ ਕਰਿਸ਼ਮਾ ਭਾਵੇਂ ਨਾ ਕਰ ਸਕੇ ਪਰ ਇਸ ਪਾਰਟੀ ਦੀ ਵੱਡੀ ਹਾਜ਼ਰੀ ਸਾਫ ਨਜ਼ਰ ਆਵੇਗੀ, ਜੋ ਫੇਰ ਕਾਂਗਰਸ ਦੇ ਨਾਲ-ਨਾਲ ਬੀਜੇਪੀ ਨੂੰ ਵੀ ਪ੍ਰੇਸ਼ਾਨ ਕਰ ਸਕਦੀ ਏ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin